ਸਿਹਤ ਵਿਭਾਗ ਨੇ ਖਾਣ ਪੀਣ ਦੀਆਂ ਵਸਤੂਆਂ ਦੇ ਸੈਂਪਲ ਭਰੇ
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 30 ਜੂਨ
ਜ਼ਿਲ੍ਹੇ ਵਿੱਚ ਲੋਕਾਂ ਨੂੰ ਸਾਫ਼ ਸੁਥਰੇ ਖਾਧ ਪਦਾਰਥ ਮੁਹੱਈਆ ਕਰਵਾਉਣ ਅਤੇ ਖਾਧ ਪਦਾਰਥਾਂ ਵਿੱਚ ਹੁੰਦੀ ਮਿਲਾਵਟਖੋਰੀ ਨੂੰ ਰੋਕਣ ਤਹਿਤ ਸਿਹਤ ਵਿਭਾਗ ਨੇ ਸਿੰਕਜ਼ਾ ਕੱਸ ਦਿੱਤਾ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ’ਤੇ ਡਾ. ਜਸਪ੍ਰੀਤ ਸਿੰਘ ਜ਼ਿਲ੍ਹਾ ਸਿਹਤ ਅਫ਼ਸਰ ਦੀ ਅਗਵਾਈ ਵਿੱਚ ਫੂਡ ਸੇਫਟੀ ਟੀਮ ਵੱਲੋਂ ਸ਼ਹਿਰ ਵਿੱਚ ਵਿਕ ਰਹੀਆਂ ਖਾਣ ਪੀਣ ਦੀਆ ਵਸਤਾਂ ਦੇ ਸੈਂਪਲ ਭਰੇ ਗਏ।
ਡਾ. ਜਸਪ੍ਰੀਤ ਸਿੰਘ ਗਿੱਲ ਜ਼ਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ (ਫੂਡ ਸੇਫਟੀ ਅਫਸਰ ਸੀਮਾ ਰਾਣੀ ਅਤੇ ਹਰਿੰਦਰਜੀਤ ਸਿੰਘ) ਵੱਲੋਂ ਗਰਮੀ ਦੇ ਮੌਸਮ ਨੂੰ ਮੁੱਖ ਰੱਖਦੇ ਵਿਸ਼ੇਸ਼ ਪੜਤਾਲ ਤਹਿਤ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਸੈਂਪਲ ਲਏ ਗਏ। ਪੜਤਾਲੀਆਂ ਟੀਮ ਵੱਲੋਂ 8 ਕੁਲਫੀ, ਆਈਸ ਕਰੀਮ ਅਤੇ 3 ਦੇਸੀ ਘਿਓ ਦੇ ਸੈਂਪਲ ਲਏ ਗਏ। ਫੂਡ ਸੇਫਟੀ ਅਫਸਰ ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਭਰੇ ਗਏ ਨਮੂਨੇ ਲੈਬਾਰਟਰੀ ਵਿੱਚ ਭੇਜੇ ਜਾਣਗੇ ਅਤੇ ਲੈਬਾਰਟਰੀ ਜਾਂਚ ਤੋਂ ਬਾਅਦ ਜੇ ਨਮੂਨੇ ਫੇਲ੍ਹ ਪਾਏ ਗਏ ਤਾਂ ਸਬੰਧਤ ਧਿਰਾਂ ਖ਼ਿਲਾਫ਼ ਫੂਡ ਸੇਫ਼ਟੀ ਐਕਟ 2006 ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਖੇਤੀਬਾੜੀ ਵਿਭਾਗ ਵੱਲੋਂ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ’ਤੇ ਛਾਪੇ
ਫ਼ਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ): ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਉਪਰੋਂ ਆਏ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹੇ ਅੰਦਰ ਕਈ ਥਾੲੀਂ ਕੀਟਨਾਸ਼ਕ ਦਵਾਈਆਂ ਅਤੇ ਖਾਦ ਵਿਕਰੇਤਾਵਾਂ ਦੀਆਂ ਦੁਕਾਨਾਂ ਤੇ ਅਚਨਚੇਤ ਛਾਪੇ ਮਾਰੇ। ਇਸ ਦੌਰਾਨ ਕੀੜੇਮਾਰ ਦਵਾਈਆਂ ਦੇ 24 ਅਤੇ ਖਾਦ ਦੇ 21 ਸੈਂਪਲ ਲਏ ਗਏ ਹਨ। ਛਾਪੇ ਦੀ ਸੂਚਨਾ ਮਿਲਦਿਆਂ ਹੀ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਰਫ਼ੂਚੱਕਰ ਹੋ ਗਏ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਤੇਜਪਾਲ ਸਿੰਘ ਨੇ ਦੱਸਿਆ ਕਿ ਖਾਦ ਅਤੇ ਕੀਟਨਾਸ਼ਕ ਦਵਾਈਆਂ ਦੇ ਸੈਂਪਲ ਭਰਨ ਤੋਂ ਇਲਾਵਾ ਦੁਕਾਨਦਾਰਾਂ ਦੇ ਬਿੱਲਾਂ ਦੀ ਚੈਕਿੰਗ ਵੀ ਕੀਤੀ ਗਈ ਹੈ। ਖੇਤੀਬਾੜੀ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫ਼ਾਰਸ਼ ਕੀਤੀਆਂ ਦਵਾਈਆਂ ਅਤੇ ਖਾਦਾਂ ਦੀ ਹੀ ਵਰਤੋਂ ਕਰਨ ਅਤੇ ਖਰੀਦ ਸਮੇਂ ਪੱਕਾ ਬਿੱਲ ਜ਼ਰੂਰ ਲੈਣ। ਜੇ ਕੋਈ ਦੁਕਾਨਦਾਰ ਬਿੱਲ ਦੇਣ ਤੋਂ ਮਨ੍ਹਾਂ ਕਰਦਾ ਹੈ ਤਾਂ ਅਧਿਕਾਰੀਆਂ ਕੋਲ ਉਸ ਦੁਕਾਨਦਾਰ ਦੀ ਸ਼ਿਕਾਇਤ ਕਰਨ। ਉਨ੍ਹਾਂ ਕਿਹਾ ਕਿ ਨਕਲੀ ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।