ਪੇਂਡੂ ਧਰਾਤਲ ਤੇ ਕਿਰਤੀਆਂ ਦੀਆਂ ਦੁਸ਼ਵਾਰੀਆਂ ਮੇਰੀਆਂ ਕਹਾਣੀਆਂ ਦਾ ਵਿਸ਼ਾ
ਸੁਖ਼ਨ ਭੋਇੰ 23
ਮੁਖ਼ਤਾਰ ਗਿੱਲ
ਪਿਛਲੇ ਸਾਢੇ ਕੁ ਪੰਜ ਦਹਾਕਿਆਂ ਤੋਂ ਪੰਜਾਬੀ ਵਾਰਤਕ ਦੇ ਸ਼ਾਹਸਵਾਰ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸੁਪਨ ਨਗਰੀ ਪ੍ਰੀਤ ਨਗਰ ਦੇ ਪੁਰਸਕੂਨ, ਸਾਫ਼ ਤੇ ਸ਼ੁੱਧ ਵਾਤਾਵਰਨ ਵਿਚ ਸ਼ਬਦ ਸਾਧਨਾ ’ਚ ਲੀਨ ਹਾਂ। ਮੇਰੀ ਸਾਹਿਤਕ ਸਿਰਜਣਾ ਤੇ ਜੀਵਨ ਸ਼ੈਲੀ ’ਤੇ ਪ੍ਰੀਤ ਲੜੀ ਦਾ ਬਹੁਤ ਪ੍ਰਭਾਵ ਰਿਹਾ। ਮੇਰੀ ਪਹਿਲੀ ਕਹਾਣੀ ਅੰਮ੍ਰਿਤਾ ਪ੍ਰੀਤਮ ਨੇ ਬੜੀ ਰੀਝ ਨਾਲ ਨਾਗਮਣੀ ਵਿਚ ਛਾਪੀ। ਮੇਰੀ ਦੂਸਰੀ ਕਹਾਣੀ ਬਾਸਮਤੀ ਦੀ ਮਹਿਕ, ਬਸ਼ੀਰਾ ਤੇ ਦੇਸ਼ ਵਾਪਸੀ ਵਰਗੀਆਂ ਸ਼ਾਹਕਾਰ ਕਹਾਣੀਆਂ ਲਿਖਣ ਵਾਲੇ ਨਵਤੇਜ ਨੇ ‘ਬੀਤੇ ਦੇ ਨਕਸ਼’ ਦੇ ਨਾਂ ਹੇਠ ਪ੍ਰੀਤ ਲੜੀ ਵਿਚ ਛਾਪ ਦਿੱਤੀ। ਉਨ੍ਹਾਂ ਦਿਨਾਂ ਵਿਚ ਸਾਹਿਤਕ ਹਲਕਿਆਂ ਵਿਚ ਆਮ ਚਰਚਾ ਸੀ ਕਿ ਜਿਹੜਾ ਨਵਾਂ ਲੇਖਕ ਪ੍ਰੀਤ ਲੜੀ ਵਿਚ ਛਪ ਗਿਆ ਉਹ ਸਮਝੋ ਸਥਾਪਿਤ ਹੋ ਗਿਆ।
ਮੇਰਾ ਬਚਪਨ ਬੜਾ ਸੁਖਾਵਾਂ ਸੀ। ਬਾਪੂ (ਪਿਤਾ ਜੀ) ਸੇਵਾਮੁਕਤ ਪੁਲੀਸ ਮੁਲਾਜ਼ਮ ਸਨ। ਪਿੰਡ ਵਾਲਿਆਂ ਨੇ ਬਾਪੂ ਦੀ ਅੱਲ ‘ਨੌਕਰ’ ਪਾਈ ਹੋਈ ਸੀ। ਪਹਿਲੀ ਜਮਾਤ ਵਿਚ ਤਾਇਆ ਚਾਂਦੀ ਦਾ ਰੁਪਈਆ ਤੇ ਗੁੜ ਦੀ ਰੋੜੀ ਮਾਸਟਰ ਜੀ ਨੂੰ ਦੇ ਸਾਂਈ ਦੀ ਕੁੱਲੀ ਵਾਲੇ ਸਕੂਲ ਦਾਖਲ ਕਰਵਾ ਆਇਆ। ਦੂਸਰੀ ’ਚ ਮੈਂ ਨਹਿਰ ਲਾਹੌਰ ਬ੍ਰਾਂਚ ਨੇੜੇ ਨਵੇਂ ਬਣੇ ਬਾਹਰਲੇ ਸਕੂਲ ਪਹੁੰਚ ਗਿਆ। ਬਾਹਰਲੇ ਸਕੂਲ ਦੇ ਤੀਸਰੀ ਚੌਥੀ ਦੇ ਬੱਚਿਆਂ ਦੀ ਡਿਊਟੀ ਸਵੇਰੇ ਸੁਵਖਤੇ ਸਕੂਲ ਪਹੁੰਚ ਕੇ ਦੋਵਾਂ ਕਮਰਿਆਂ ਤੇ ਵਰਾਂਡੇ ਵਿਚ ਪਾਣੀ ਦਾ ਤਰੌਂਕਾ ਦੇ ਸਫ਼ਾਈ ਕਰਨੀ, ਮੇਜ਼ ਕੁਰਸੀ ਝਾੜਨੀ, ਤੱਪੜ ਵਿਛਾਉਣੇ ਅਤੇ ਹਲਟੀ ਗੇੜ ਕੇ ਫੁੱਲਾਂ ਦੀਆਂ ਕਿਆਰੀਆਂ ਨੂੰ ਭਰਨ ਦੀ ਹੁੰਦੀ ਸੀ। ਵੱਡੇ ਦੋ ਚਾਰ ਬੱਚੇ ਮਾਸਟਰ ਜੀ ਦਾ ਅੱਗੋਂ ਸਾਈਕਲ ਫੜਨ ਤੇ ਨਹਿਰ ਦੇ ਨਾਲ ਨਾਲ ਲੰਘਦਾ ਸੂਆ ਪਾਰ ਕਰਵਾਉਣ ਲਈ ਜਾਂਦੇ ਸਨ।
ਮੈਂ ਪੜ੍ਹਾਈ ਵਿਚ ਲਾਇਕ ਵਿਦਿਆਰਥੀ ਨਹੀਂ ਸੀ, ਫਿਰ ਵੀ ਤੀਸਰੀ ’ਚ ਪੜ੍ਹਦਾ ਚੌਥੀ ਦੀ ਪੰਜਾਬੀ ਪੁਸਤਕ ਪੜ੍ਹ ਲੈਂਦਾ ਸੀ। ਮਾਸਟਰ ਜੀ ਦੇ ਪੜ੍ਹਾਏ ਸਬਕ ਦੁਹਰਾਈ ਲਈ ਮੈਂ ਉੱਚੀ ਉੱਚੀ ਪੜ੍ਹਦਾ ਤੇ ਪਿੱਛੇ ਪਿੱਛੇ ਮੇਰੇ ਸਹਿਪਾਠੀ ਬੋਲਦੇ। ਚੌਥੀ ਪਾਸ ਕਰਨ ਉਪਰੰਤ ਮੈਂ ਆਪਣੇ ਪਿੰਡ ਦੇ ਡੀ ਬੀ ਮਿਡਲ ਦੀ ਪੰਜਵੀਂ ਕਲਾਸ ਵਿਚ ਦਾਖ਼ਲ ਹੋ ਗਿਆ। ਪੰਜਵੀਂ ਛੇਵੀਂ ’ਚ ਪੜ੍ਹਦਿਆਂ ਸਵੇਰ ਦੀ ਬਾਲ ਸਭਾ ਵਿਚ ਮੈਂ ਤੇ ਸਤਨਾਮ ਹੇਕਾਂ ਲਾ ਕੇ ‘ਐ ਪਿਆਰੀ ਭਾਰਤ ਮਾਂ’ ਗੀਤ ਬੋਲਿਆ ਕਰਦੇ ਸੀ। ਫਿਰ ਇਕ ਦਿਨ ਸਾਡੇ ਪੰਜਾਬੀ ਵਾਲੇ ਅਧਿਆਪਕ ਗਿਆਨੀ ਮੱਖਣ ਸਿੰਘ ਛੀਨਾ ਸਾਨੂੰ ‘ਸਬਕ ਯਾਦ ਕਰੋ’ ਆਖ ਕੇ ਆਪ ਪ੍ਰੀਤ ਲੜੀ ਪੜ੍ਹਦੇ ਮੇਜ਼ ’ਤੇ ਛੱਡ ਗਏ ਜੋ ਅੱਧੀ ਛੁੱਟੀ ਵੇਲੇ ਮੇਰੇ ਹੱਥ ਲੱਗ ਗਈ। ਮੈਂ ਆਪਣੀ ਸੱਤਵੀਂ ਕਲਾਸ ਦੇ ਕਮਰੇ ਵਿਚ ਬੈਠਿਆਂ ਪ੍ਰੀਤ ਲੜੀ ਵਿਚੋਂ ਕਈ ਰਚਨਾਵਾਂ ਪੜ੍ਹ ਗਿਆ। ਅਗਲੇ ਦਿਨ ਮੈਂ ਮਾਸਟਰ ਜੀ ਨੂੰ ਪ੍ਰੀਤ ਲੜੀ ਬਾਰੇ ਪੁੱਛਿਆ। ਉਨ੍ਹਾਂ ਨੇ ਮੇਰੀ ਮਾਂ ਨੂੰ ਸਕੂਲ ਸੱਦ ਕੇ ਉਸ ਤੋਂ ਪ੍ਰੀਤ ਲੜੀ ਦਾ ਚੰਦਾ ਲੈ, ਡਾਕ ਰਾਹੀਂ ਮੇਰੇ ਨਾਂ ਲਗਵਾ ਦਿੱਤੀ। ਫਿਰ ਮਾਸਟਰ ਜੀ ਨੇ ਮੇਰੀ ਪੜ੍ਹਨ ਦੀ ਰੁਚੀ ਵੇਖ ਕੇ ਸਕੂਲ ਲਾਇਬ੍ਰੇਰੀ ਵਿਚੋਂ ਮੈਨੂੰ ਪੁਸਤਕਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਮੈਂ ਉਸ ਵੇਲੇ ਦੇ ਵੱਡੇ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਪੜ੍ਹੀਆਂ ਜਿਨ੍ਹਾਂ ਨੇ ਮੇਰੇ ਅੰਦਰਲੀ ਸਾਹਿਤਕ ਰੁਚੀ ਨੂੰ ਹੋਰ ਪ੍ਰਫੁੱਲਤ ਕੀਤਾ।
ਦਸਾਂ ਕੁ ਸਾਲ ਦੀ ਉਮਰ ਵਿਚ ਮੈਂ ਆਪਣੇ ਪਿੰਡ ਦੇ ਕਾਮਰੇਡ ਪੂਰਨ ਸਿੰਘ ਤੇ ਚਾਚਾ ਸਰਦਾਰਾ ਸਿੰਘ ਹੋਰਾਂ ਨਾਲ ਜ਼ਿੱਦ ਕਰ ਕੇ ਆਸ-ਪਾਸ ਦੇ ਪਿੰਡਾਂ ਵਿਚ ਕਮਿਊਨਿਸਟਾਂ ਦੇ ਜਲਸੇ ਡਰਾਮੇ ਵੇਖਣ ਜਾਇਆ ਕਰਦਾ ਸੀ ਜਿਹੜੇ ਮੇਰੇ ਬਾਲ ਮਨ ਨੂੰ ਝੰਜੋੜ ਕੇ ਰੱਖ ਜਾਂਦੇ ਸਨ। ਮੈਂ ਡਰਾਮੇ ਵਿਚਲੇ ਕਿਸਾਨ/ਮਜ਼ਦੂਰ ਪਾਤਰ ਵੱਲੋਂ ਗਾਇਆ ਗੀਤ ਕਈ ਕਈ ਦਿਨ ਗੁਣਗੁਣਾਉਂਦਾ ਰਹਿੰਦਾ ਸੀ। ਇਨ੍ਹਾਂ ਜਲਸਿਆਂ/ਡਰਾਮਿਆਂ ਨੇ ਮੇਰੇ ਅੰਦਰ ਇਕ ਪੁਖ਼ਤਾ ਜੀਵਨ ਚੰਗਿਆੜੀ ਮਘਾ ਦਿੱਤੀ ਜੋ ਸ਼ਾਇਦ ਮੇਰੀ ਲੋਕ-ਪੱਖੀ ਸਾਹਿਤਕ ਪ੍ਰਤੀਬੱਧਤਾ ਦੀ ਬੁਨਿਆਦ ਬਣੀ।
ਮੇਰਾ ਜਨਮ ਨਹਿਰ ਲਾਹੌਰ ਬ੍ਰਾਂਚ ਦੇ ਲਹਿੰਦੇ ਵੱਲ ਘੁੱਗ ਵਸਦੇ ਪਿੰਡ ਜਗਦੇਵ ਕਲਾਂ (ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਕਵੀ, ਕਿੱਸਾ ਕਾਵਿ ਦੇ ਸਿਖਰਲੇ ਸ਼ਾਇਰ ‘ਸੱਸੀ’ ਦੇ ਰਚਨਾਕਾਰ ਹਾਸ਼ਮ ਸ਼ਾਹ ਦੇ ਪਿੰਡ) ਦੇ ਕਿਸਾਨ ਪਰਿਵਾਰ ਵਿਚ ਹੋਇਆ। ਸਕੂਲ ਜਾਣ ਅਤੇ ਪੜ੍ਹਾਈ ਕਰਨ ਦੀ ਥਾਂ ਮੈਨੂੰ ਡੰਗਰ ਚਾਰਨਾ, ਨਹਿਰ ਵਿਚ ਨਹਾਉਣਾ, ਵਾਗੀਆਂ ਵੱਲੋਂ ਚੋਰੀ ਲਿਆਂਦੇ ਖਰਬੂਜ਼ੇ ਤੇ ਬੇਰ ਆਦਿ ਖਾਣੇ ਅਤੇ ਉਨ੍ਹਾਂ ਨਾਲ ਖੇਡਣਾ ਵਧੇਰੇ ਚੰਗਾ ਲੱਗਦਾ ਸੀ। ਮੇਰੇ ਬਾਪੂ ਵੱਲੋਂ ਛਿੱਤਰ ਪੌਲਾ ਕਰਨ ’ਤੇ ਸਕੂਲ ਤਾਂ ਜਾ ਪੁੱਜਾ, ਪਰ ਹਰ ਕਲਾਸ ਵਿਚ ਪਿਛਲੇ ਬੈਂਚਾਂ ਦਾ ਵਿਦਿਆਰਥੀ ਹੀ ਰਿਹਾ। ਮਸਾਂ ਕਿਤੇ ਜਾ ਕੇ ਥਰਡ ਡਵੀਜ਼ਨ ’ਚ ਮੈਟ੍ਰਿਕ ਪਾਸ ਕੀਤੀ। ਵੇਰਕਾ ਦੇ ਇਕ ਨਿੱਜੀ ਸਕੂਲ ਵਿਚ ਜੇ ਬੀ ਟੀ ’ਚ ਦਾਖਲਾ ਮਿਲ ਗਿਆ। ਮੇਰੇ ਅਧਿਆਪਕ ਹਰਪਾਲ ਸਿੰਘ ਹੁੰਦਲ ਹੋਰਾਂ ਨੇ ਮੇਰੀ ਸਾਹਿਤ ਪੜ੍ਹਨ ਦੀ ਰੁਚੀ ਅਤੇ ਲਿਖਣ ਨੂੰ ਪ੍ਰਫੁਲਿਤ ਕੀਤਾ। ਇਸੇ ਤਰ੍ਹਾਂ ਮਾਸਟਰ ਸ਼ਿਵਦੇਵ ਸਿੰਘ ਨੇ ਮੇਰੀ ਕਮਿਊਨਿਸਟ ਪਾਰਟੀ ਦੇ ਜਲਸਿਆਂ ਅਤੇ ਡਰਾਮਿਆਂ ਰਾਹੀਂ ਮਾੜੇ ਧਾੜੇ ਦੀ ਧਿਰ ਬਣਨ ਦੀ ਸੋਚ ਨੂੰ ਪੁਖ਼ਤਾ ਕੀਤਾ। ਅਧਿਆਪਕ ਸਾਹਿਬਾਨ ਅਤੇ ਸਹਿਪਾਠੀਆਂ ਵਿਚ ਮੈਂ ‘ਕਾਮਰੇਡ’ ਦੇ ਤਖੱਲਸ ਨਾਲ ਜਾਣਿਆ ਜਾਣ ਲੱਗਾ। ਆਪਣੀ ਭਲੇ ਜਿਹੇ ਨਾਂ ਵਾਲੀ ਸਹਿਪਾਠਣ ਨੇ ਮੈਨੂੰ ਹੱਥੀਂ ਉਣ ਕੇ ਕੋਕਾ ਕੋਲਾ ਰੰਗਾ ਸਵੈਟਰ ਭੇਂਟ ਕੀਤਾ ਜਿਸ ਨੂੰ ਲੈ ਕੇ ਮੈਂ ਕਹਾਣੀ ‘ਕੋਕਾ ਕੋਲਾ ਰੰਗਾ ਸਵੈਟਰ’ ਲਿਖੀ ਜੋ ਕਸੁੰਭੜਾ ਨਾਂ ਦੇ ਰਸਾਲੇ ਵਿਚ ਛਪੀ।
1967 ਵਿਚ ਬਤੌਰ ਅਧਿਆਪਕ ਮੇਰੀ ਨਿਯੁਕਤੀ ਸੁਪਨ ਨਗਰੀ, ਲੇਖਕਾਂ ਦੀ ਧਰਤੀ ਪ੍ਰੀਤ ਨਗਰ ਨੇੜੇ ਇਕ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਹੋ ਗਈ। ਮੈਨੂੰ ਇਸ ਲੇਖਕਾਂ ਦੇ ਮੱਕੇ ਰਿਹਾਇਸ਼ ਮਿਲ ਗਈ। ਉੱਥੇ ਮੈਨੂੰ ਪੰਜਾਬੀ ਗਲਪ ਦੇ ਸ਼ਾਹਸਵਾਰ ਗੁਰਬਖਸ਼ ਸਿੰਘ ਪ੍ਰੀਤ ਲੜੀ, ਨਾਵਲ ਦੇ ਪਿਤਾਮਾ ਨਾਨਕ ਸਿੰਘ, ਨਵਤੇਜ ਸਿੰਘ, ਬਲਰਾਜ ਸਾਹਨੀ, ਦਰਸ਼ਨ ਸਿੰਘ ਗਿੱਲ ਆਦਿ ਸੰਘਣੇ ਬਿਰਖਾਂ ਦੀ ਸਾਹਿਤਕ ਛਾਂ ਮਿਲ ਗਈ।
ਪ੍ਰੀਤ ਨਗਰ ਰਹਿੰਦਿਆਂ ਲਿਖੀ ਕਹਾਣੀ ‘ਅਤੀਤ ਦੇ ਨਕਸ਼’ ਜੋ ਪ੍ਰੀਤ ਲੜੀ ਵਿਚ ‘ਬੀਤੇ ਦੇ ਨਕਸ਼’ ਦੇ ਨਾਂ ਹੇਠ ਛਪੀ। ਕਹਾਣੀ ‘ਆਖਰੀ ਚੂੜੀਆਂ’ ਨਾਗਮਣੀ ਵਿਚ ਛਪੀ। ਇਨ੍ਹਾਂ ਦੋਵਾਂ ਕਹਾਣੀਆਂ ਨੇ ਮੇਰੀ ਅਦਬੀ ਸ਼ਨਾਖਤ ਬਣਾਈ। ਬੜੀ ਸਰਲ ਭਾਸ਼ਾ ਵਿਚ ਲਿਖੀ ਇਸ ਸਾਦ-ਮੁਰਾਦੀ ਕਹਾਣੀ ’ਤੇ ਹਰਜੀਤ ਨੇ ਦੂਰਦਰਸ਼ਨ ਲਈ ‘ਆਖਰੀ ਚੂੜੀਆਂ’ ਟੈਲੀਫਿਲਮ ਬਣਾਈ। ਇਸ ਕਹਾਣੀ ਵਿਚ ਗ਼ਰੀਬੀ ਤੇ ਲਾਚਾਰੀ ਕਰਕੇ ਮਜਬੂਰ ਕਿਰਤੀ ਬਾਪ ਵੱਲੋਂ ਆਪਣੀ ਲਾਡਲੀ ਧੀ ਦੇ ਹੱਥ ਪੀਲੇ ਨਾ ਕਰ ਸਕਣ ਦੀ ਤ੍ਰਾਸਦੀ ਨੂੰ ਬੜੀ ਸੰਵੇਦਨਾ ਨਾਲ ਪੇਸ਼ ਕੀਤਾ ਗਿਆ ਸੀ। ਤਸਕਰਾਂ ਬਾਰੇ ਕਹਾਣੀ ‘ਆਲ੍ਹਣਾ’ ’ਤੇ ਫੀਚਰ ਫਿਲਮ ਵਿਸਾਖੀ ਬਣੀ। ਕਈ ਵਾਰ ਕਹਾਣੀ ਮੇਰੀ ਪਕੜ ਵਿਚ ਹੁੰਦੀ ਹੈ, ਪਰ ਮੈਨੂੰ ਉਸ ਦਾ ਆਰੰਭ ਤੇ ਅੰਤ ਨਹੀਂ ਸੁੱਝ ਰਿਹਾ ਹੁੰਦਾ ਕਿ ਕਿਵੇਂ ਕਰਾਂ? ਆਖਰੀ ਚੂੜੀਆਂ ਮੈਂ ਤਿੰਨ ਸਾਲ ਅਤੇ ਆਲ੍ਹਣਾ ਪੰਜ ਸਾਲ ਬਾਅਦ ਹੀ ਲਿਖ ਸਕਿਆ ਸੀ। ਕਹਾਣੀ ‘ਸੰਦਲੀ ਸੁਪਨਿਆਂ ਦਾ ਮਾਤਮ’ ਦੀ ਪਾਤਰ ਮੇਰੇ ਸਕੂਲ ਤੋਂ ਪੰਜਵੀਂ ਪਾਸ ਕਰ ਕੇ ਗਈ ਬੱਚੀ ਦੀ ਮਾਸੂਮੀਅਤ ਦੀ ਦਾਸਤਾਨ ਹੈ ਜੋ ਪਿਛਲੇ ਚਾਰ ਸਾਲਾਂਂ ਤੋਂ ਆਪਣੀ ਮਾਂ ਤੇ ਸਖੀ ਸਹੇਲੀਆਂ ਨਾਲ ਆਪਣੇ ਦਾਜ ਲਈ ਦਰੀਆਂ, ਧਾਗਿਆਂ ਨਾਲ ਕੱਢੀਆਂ ਚਾਦਰਾਂ, ਸਿਰਹਾਣੇ; ਕਰੋਸ਼ੀਏ ਨਾਲ ਉਣੇ ਮੇਜ਼ਪੋਸ਼ ਅਤੇ ਬੂਟੀਆਂ ਵਾਲੇ ਝੋਲੇ ਰੁਮਾਲ ਆਦਿ ਬਣਾ ਬਣਾ ਪੇਟੀ ਵਿਚ ਸਾਂਭੀ ਜਾਂਦੀ ਸੀ। ਅਚਾਨਕ ਆਏ ਹੜ੍ਹ ਵਿਚ ਉਨ੍ਹਾਂ ਦੇ ਕੱਚੇ ਕੋਠੇ ਦੇ ਨਾਲ ਹੀ ਦਾਜ ਵਾਲੀ ਪੇਟੀ ਵੀ ਰੁੜ੍ਹ ਜਾਂਦੀ ਹੈ।
ਮੇਰਾ ਪਹਿਲਾ ਕਹਾਣੀ ਸੰਗ੍ਰਹਿ ‘ਆਖਰੀ ਚੂੜੀਆਂ’ ਨਾਨਕ ਸਿੰਘ ਪੁਸਤਕ ਮਾਲਾ ਦੀ ਪਹਿਲੀ ਪ੍ਰਕਾਸ਼ਨਾ ਸੀ। ਇਸ ਤੋਂ ਬਾਅਦ ਮੇਰੇ ਦੋ ਨਾਵਲੈੱਟ ‘ਮਿੱਟੀ ਦੀ ਚਿੜੀ’ ਅਤੇ ‘ਕਾਲੇ ਪਹਿਰ’ ਪ੍ਰਕਾਸ਼ਿਤ ਹੋਏ। ਫਿਰ ਕਾਫ਼ੀ ਵਕਫ਼ੇ ਪਿੱਛੋਂ ਕਹਾਣੀ ਸੰਗ੍ਰਹਿ ‘ਤ੍ਰਕਾਲਾਂ ਦੇ ਪਰਛਾਵੇਂ’ (1984), ‘ਆਲ੍ਹਣਾ’ (1993) ਵਿਚ ਛਪਿਆ। ਫਿਰ ਨੌਂ ਕੁ ਸਾਲਾਂ ਬਾਅਦ ਮੇਰਾ ਕਹਾਣੀ ਸੰਗ੍ਰਹਿ ‘ਸੰਦਲੀ ਸੁਪਨਿਆਂ ਦਾ ਮਾਤਮ’ ਆਇਆ। ਇਸ ਦੇ ਪਿਛਲੇ ਸਰਵਰਕ ’ਤੇ ਅੰਮ੍ਰਿਤਾ ਪ੍ਰੀਤਮ ਦੀ ਅਸੀਸ ਸੀ ‘ਮੁਖਤਾਰ ਬੜਾ ਮੋਹ ਭੇਜਦੀ ਹਾਂ। ਇਸ ਵਾਰ ਬਹੁਤ ਚੰਗੀ ਕਹਾਣੀ ਲਿਖੀ ਜੇ।’ ਇਸ ਤੋਂ ਬਾਅਦ ‘ਆਪਣੀ ਜੂਹ’ (2012) ਕਹਾਣੀ ਸੰਗ੍ਰਹਿ ਆਇਆ ਜਿਸ ਦੀ ਭੂਮਿਕਾ ਵਜੋਂ ਦੋ ਸ਼ਬਦ ਮਰਹੂਮ ਸ਼ਾਇਰ ਪ੍ਰਮਿੰਦਰਜੀਤ ਨੇ ਲਿਖੇ। ਅਸਲ ਵਿਚ ਲੇਖਕ ਆਪਣੀ ਸਮਰੱਥਾ ਤੇ ਸੰਤੁਸ਼ਟੀ ਅਨੁਸਾਰ ਰਚਨਾ ਕਰ ਕੇ ਪਾਠਕ ਤੱਕ ਪਹੁੰਚਾ ਦੇਵੇ, ਜੇ ਰਚਨਾ ਚੰਗੀ ਹੋਵੇਗੀ ਤਾਂ ਆਪਣਾ ਸਥਾਨ ਬਣਾ ਲਵੇਗੀ।
ਲਿਖਣਾ ਮੇਰੇ ਲਈ ਜਿਉਂਦੇ ਰਹਿਣ ਦਾ ਅਹਿਸਾਸ ਹੈ। ਇਹ ਅਹਿਸਾਸ ਮੈਨੂੰ ਹੋਰ ਵੀ ਸ਼ਿੱਦਤ ਨਾਲ ਉਸ ਪ੍ਰਤੀਬੱਧਤਾ ਦੇ ਰੂਬਰੂ ਕਰਵਾਉਂਦਾ ਹੈ ਜਿਸ ਦੀ ਬਦੌਲਤ ਮੇਰਾ ਸਮੁੱਚਾ ਸਾਹਿਤ ਆਮ ਲੋਕਾਂ ਦੇ ਲੇਖੇ ਲੱਗ ਸਕਿਆ ਹੈ। ਮੇਰੀਆਂ ਰਚਨਾਵਾਂ ਇਨਸਾਨੀਅਤ ਅਤੇ ਮਾਨਵੀ ਸੰਵੇਦਨਾਵਾਂ ਦੀਆਂ ਬਾਤਾਂ ਪਾਉਂਦੀਆਂ ਹਨ। ਜ਼ਿੰਦਗੀ ਦੀ ਲਿਖੀ ਜਾਣ ਵਾਲੀ ਖ਼ੂਬਸੂਰਤ ਇਬਾਰਤ ਵਿਚ ਕੁਝ ਮੇਰੇ ਵੀ ਸ਼ਬਦ ਹੋਣਗੇ। ਕਹਾਣੀ ਮੈਂ ਟੋਟਿਆਂ ਵਿਚ ਲਿਖਦਾ ਹਾਂ। ਮੈਨੂੰ ਕਿਸੇ ਖ਼ਾਸ ਮਾਹੌਲ ਤੇ ਲਿਖਣ ਸਮੱਗਰੀ ਦੀ ਲੋੜ ਵੀ ਨਹੀਂ ਹੁੰਦੀ। ਬੈੱਡ ਜਾਂ ਕੁਰਸੀ ਉੱਤੇ ਬੈਠ, ਗੋਡੇ ਉਪਰ ਗੱਤਾ ਕਾਗਜ਼ ਰੱਖ ਕੇ ਲਿਖਣਾ ਸ਼ੁਰੂ। ਲਿਖਣ ’ਚ ਕੋਈ ਰੁਕਾਵਟ ਨਹੀਂ ਬਣਦੀ ਕਿਉਂਕਿ ਕਹਾਣੀ ਮੈਂ ਉਸ ਵਕਤ ਲਿਖ ਨਹੀਂ ਰਿਹਾ ਹੁੰਦਾ, ਇਹ ਤਾਂ ਮੇਰਾ ਅਚੇਤ ਮਨ ਸਿਰਜਦਾ ਹੈ। ਮੇਰੀਆਂ ਖ਼ੂਬਸੂਰਤ ਸਵੇਰਾਂ ਤੇ ਸ਼ਾਮਾਂ ਪਾਤਰਾਂ ਦੀਆਂ ਪਰਿਕਰਮਾ ’ਚ ਜ਼ਰੂਰ ਲੰਘਦੀਆਂ ਹਨ। ਪਿੰਡ ਦੀ ਰਹਿਤਲ ਦਾ ਮੇਰੀ ਸੋਚ ’ਤੇ ਬੜਾ ਡੂੰਘਾ ਅਸਰ ਹੈ। ਮੇਰੀਆਂ ਕਹਾਣੀਆਂ ਪੇਂਡੂ ਜੀਵਨ ਦੀ ਠੋਸ ਧਰਾਤਲ ਉੱਤੇ ਟਿਕੀਆਂ ਹਨ ਜਿਨ੍ਹਾਂ ਵਿਚ ਜੀਵਨ ਹੈ, ਜੀਵਨ ਦੇ ਦੁੱਖ ਸੁੱਖ ਹਨ, ਇੱਛਾਵਾਂ ਹਨ, ਰਿਸ਼ਤਿਆਂ ਦੀ ਮਹਿਕ ਹੈ।
ਮੈਨੂੰ ਹਲਕੀ ਜਿਹੀ ਤਸੱਲੀ ਇਸ ਗੱਲ ਦੀ ਜ਼ਰੂਰ ਹੋਈ ਕਿ ਮੇਰੇ ਰਚੇ ਸਾਹਿਤ ਨੂੰ ਪੜ੍ਹਿਆ ਗਿਆ। ਪ੍ਰੀਤ ਨਗਰ ਦੇ ਅਦਬੀ ਮਾਹੌਲ ਵਿਚ ਵਿਚਰਦਿਆਂ ਵੀ ਮੈਂ ਦਰਿਆ ਰਾਵੀ ਅਤੇ ਸੱਕੀ ਨਦੀ ਵਿਚਕਾਰਲੇ ਸਰਹੱਦੀ ਪਿੰਡਾਂ ਨੂੰ ਆਪਣੀ ਕਰਮਭੂਮੀ ਬਣਾਇਆ। ਇਨ੍ਹਾਂ ਸਰਹੱਦੀ ਖਿੱਤੇ ਦੇ ਰਾਏ ਸਿੱਖ ਭਾਈਚਾਰੇ ਦੇ ਬੇਜ਼ਮੀਨੇ ਖੇਤ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਕਿਰਤੀ ਔਰਤਾਂ ਦੀ ਸੱਚੀ-ਸੁੱਚੀ ਮਿਹਨਤ ਮੁਸ਼ੱਕਤ ਨੂੰ ਸਲਾਮ ਕਰਦਾ ਮੈਂ ਉਨ੍ਹਾਂ ਦੀਆਂ ਲੋੜਾਂ ਥੁੜਾਂ, ਦੁਸ਼ਵਾਰੀਆਂ, ਵਿਗੋਚਿਆਂ, ਆਲੇ-ਭੋਲੇ ਸਰੋਕਾਰਾਂ, ਮੋਹਵੰਤੇ ਰਿਸ਼ਤਿਆਂ ਨਾਲ ਇਸ ਕਦਰ ਜੁੜ ਗਿਆ ਜਿਵੇਂ ਇਨ੍ਹਾਂ ਦਾ ਅੰਗ ਹੋਵਾਂ। ਮੈਂ ਉਨ੍ਹਾਂ ਲੋਕਾਂ ਵਰਗਾ ਹੋ ਕੇ ਜਿਉਂਦਾ ਹਾਂ। ਉਨ੍ਹਾਂ ਦੀਆਂ ਖ਼ੁਸ਼ੀਆਂ ਗ਼ਮੀਆਂ ਵਿਚ ਸ਼ਰੀਕ ਹੋ ਉਨ੍ਹਾਂ ਬਾਰੇ ਲਿਖਦਾ ਹਾਂ। ਆਰਥਿਕ ਪੱਖੋਂ ਥੁੜੇ ਤੇ ਅਣਗੌਲੇ ਲੋਕਾਂ ਦੀਆਂ ਪੀੜਾਂ, ਮੁਸੀਬਤਾਂ ਨੂੰ ਆਪਣੀ ਰੂਹ ’ਤੇ ਹੰਢਾਇਆ। ਇਹੋ ਮੇਰਾ ਅਕੀਦਾ ਤੇ ਇਹੋ ਮੇਰਾ ਸਾਹਿਤਕ ਸਰਮਾਇਆ ਹੈ।
ਸੰਪਰਕ: 98140-82217