ਸਿਆਸੀ ਕਨਵੈਨਸ਼ਨ ਵਿੱਚ ਆਤਮਘਾਤੀ ਧਮਾਕੇ ਪਿੱਛੇ ਆਈਐੱਸਆਈਐੱਸ ਦਾ ਹੱਥ
ਪੇਸ਼ਾਵਰ, 31 ਜੁਲਾਈ
ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ਵਿਚਲੀ ਪੁਲੀਸ ਨੇ ਅੱਜ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਕੱਟੜਪੰਥੀ ਇਸਲਾਮੀ ਸਿਆਸੀ ਪਾਰਟੀ ਦੀ ਕਨਵੈਨਸ਼ਨ ਵਿੱਚ ਹੋਏ ਆਤਮਘਾਤੀ ਧਮਾਕੇ ਪਿੱਛੇ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਆਈਐਸਆਈਐਸ ਦਾ ਹੱਥ ਹੈ। ਜ਼ਿਕਰਯੋਗ ਹੈ ਕਿ ਧਮਾਕੇ ਵਿੱਚ ਘੱਟੋ ਘੱਟ 44 ਵਿਅਕਤੀ ਹਲਾਕ ਅਤੇ ਸੌ ਤੋਂ ਉੱਪਰ ਵਿਅਕਤੀ ਫੱਟੜ ਹੋ ਗਏ ਸਨ। ਸੋਮਵਾਰ ਨੂੰ ਮਿਲੇ ਵੇਰਵਿਆਂ ਮੁਤਾਬਿਕ ਮ੍ਰਿਤਕਾਂ ਦੀ ਗਿਣਤੀ ਸੋਮਵਾਰ ਨੂੰ ਵਧ ਕੇ 54 ਹੋ ਗਈ। ਅਫਗਾਨਿਸਤਾਨ ਦੀ ਹੱਦ ਨਾਲ ਲੱਗਦੇ ਖਾਰ ਸ਼ਹਿਰ ਵਿੱਚ ਐਤਵਾਰ ਨੂੰ ਹੋਈ ਕੱਟੜਪੰਥੀ ਇਸਲਾਮੀ ਸਿਆਸੀ ਪਾਰਟੀ ਦੀ ਮੀਟਿੰਗ ਵਿੱਚ 400 ਤੋਂ ਵੱਧ ਮੈਂਬਰ ਸ਼ਾਮਲ ਹੋਏ ਸਨ। ਪੁਲੀਸ ਅਧਿਕਾਰੀਆਂ ਦੇ ਹਵਾਲੇ ਨਾਲ ਜੀਓ ਨਿਊਜ਼ ਨੇ ਦੱਸਿਆ,‘ਅਸੀਂ ਬਜੌਰ ਧਮਾਕੇ ਦੀ ਅਜੇ ਜਾਂਚ ਕਰ ਰਹੇ ਹਨ। ਮੁੱਢਲੀ ਜਾਂਚ ਤੋਂ ਪਾਬੰਦੀਸ਼ੁਦਾ ਸੰਗਠਨ ਦਾਏਸ਼ ਦੀ ਸ਼ਮੂਲੀਅਤ ਧਮਾਕੇ ਵਿੱਚ ਸਾਹਮਣੇ ਆਈ ਹੈ। ਪੁਲੀਸ ਅਨੁਸਾਰ ਉਹ ਆਤਮਘਾਤੀ ਬੰਬਾਰ ਦੇ ਵੇਰਵੇ ਇਕੱਠੇ ਕਰ ਰਹੇ ਹਨ ਜਦੋਂ ਬੰਬ ਨਕਾਰਾ ਕਰਨ ਵਾਲੀ ਟੀਮ ਵੱਲੋਂ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਜ਼ਿਲ੍ਹਾ ਪੁਲੀਸ ਅਧਿਕਾਰੀ ਨਜ਼ੀਰ ਖ਼ਾਨ ਨੇ ਦੱਸਿਆ ਕਿ ਤਿੰਨ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਮੁਖੀ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਵੱਲੋਂ ਧਮਾਕੇ ਵਿੱਚ 10 ਕਿਲੋ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ। -ਪੀਟੀਆਈ