ਗੈਸਟ ਫੈਕਲਟੀ ਪ੍ਰੋਫੈਸਰਾਂ ਨੇ ਵੀਸੀ ਦਫ਼ਤਰ ਅੱਗੇ ਡਿਗਰੀਆਂ ਫੂਕੀਆਂ
ਪੱਤਰ ਪ੍ਰੇਰਕ
ਪਟਿਆਲਾ, 30 ਜੁਲਾਈ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੇਬਰਹੁੱਡ ਕੈਂਪਸ ਅਤੇ ਕਾਂਸਟੀਚੂਐਂਟ ਕਾਲਜਾਂ ਵਿੱਚ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ (ਗੈਸਟ ਫੈਕਲਟੀ) ਵੱਲੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਡੀਨ ਦਫ਼ਤਰ ਅੱਗੇ ਲਾਇਆ ਪੱਕਾ ਧਰਨਾ ਅੱਜ ਨੌਵੇਂ ਦਿਨ ਵੀ ਜਾਰੀ ਰਿਹਾ। ਅੱਜ ਸਹਾਇਕ ਪ੍ਰੋਫੈਸਰਾਂ ਵੱਲੋਂ ਯੂਨੀਵਰਸਿਟੀ ਵਿੱਚ ਆਪਣੀਆਂ ਡਿਗਰੀਆਂ ਫੂਕੀਆਂ ਗਈਆਂ ਅਤੇ ਯੂਨੀਵਰਸਿਟੀ ਅਥਾਰਿਟੀ ਵਿਰੁੱਧ ਰੋਸ ਮਾਰਚ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਵੱਖ-ਵੱਖ ਥਾਵਾਂ ’ਤੇ ਲੋਕਾਂ ਨੂੰ ਦੱਸਿਆ ਕਿ ਉਹ ਕਿਉਂ ਆਪਣੀਆਂ ਡਿਗਰੀਆਂ ਸਾੜ ਰਹੇ ਹਨ। ਪ੍ਰੋਫੈਸਰਾਂ ਨੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਉੱਚ ਡਿਗਰੀਆਂ ਹੁੰਦੇ ਹੋਏ ਵੀ ਉਹ ਧੱਕੇ ਖਾਣ ਲਈ ਮਜਬੂਰ ਹਨ। ਇਨ੍ਹਾਂ ਪ੍ਰੋਫੈਸਰਾਂ ਨੇ ਆਪਣੀਆਂ ਨੈੱਟ, ਐਮਫਿੱਲ ਅਤੇ ਪੀ.ਐੱਚਡੀ ਦੀਆਂ ਡਿਗਰੀਆਂ ਨੂੰ ਵੀਸੀ ਦਫ਼ਤਰ ਸਾਹਮਣੇ ਅੱਗ ਹਵਾਲੇ ਕੀਤਾ। ਇਸ ਮੌਕੇ ਪ੍ਰੋਫੈਸਰ ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਉੱਚ ਸਿੱਖਿਆ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰੋਫੈਸਰ ਅਮਨ ਨੇ ਕਿਹਾ ਕਿ ਯੂਨੀਵਰਸਿਟੀ ਦੇ ਵੀਸੀ ਅਤੇ ਡੀਨ ਆਪਣੀ ਮਨਮਾਨੀ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਵੀਸੀ ਸਰਕਾਰ ਵੱਲੋਂ ਉੱਚ ਸਕੱਤਰ ਲਾਏ ਗਏ ਹਨ, ਜਿਸ ਦਾ ਕੰਮ ਉਚੇਰੀ ਸਿੱਖਿਆ ਨੂੰ ਪ੍ਰਫੁੱਲਤ ਕਰਨਾ ਹੁੰਦਾ ਹੈ ਜਦੋਂ ਕਿ ਕੇਕੇ ਯਾਦਵ ਪ੍ਰੋਫੈਸਰਾਂ ਨੂੰ ਸੜਕਾਂ ’ਤੇ ਰੋਲ ਕੇ ਉੱਚ ਸਿੱਖਿਆ ਨੂੰ ਨਿਘਾਰ ਵੱਲ ਲਿਜਾ ਰਹੇ ਹਨ ਅਤੇ ਇੰਟਰਵਿਊ ਦੇ ਚੁੱਕੇ ਪ੍ਰੋਫੈਸਰਾਂ ਨੂੰ ਮੁੜ ਤੋਂ ਇੰਟਰਵਿਊ ਦੇਣ ਲਈ ਮਜਬੂਰ ਕਰ ਰਹੇ ਹਨ। ਇਸ ਰੋਸ ਮਾਰਚ ਵਿੱਚ ਯਾਦਵਿੰਦਰ ਸਿੰਘ, ਜਗਸੀਰ ਸਿੰਘ, ਗੁਰਵਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਪ੍ਰੋ. ਜਗਤਾਰ ਸਿੰਘ ਬੇਨੜਾ, ਡਾ. ਰਮਨਦੀਪ ਕੌਰ, ਮਨਪ੍ਰੀਤ ਸਿੰਘ ਅਤੇ ਡਾ. ਕਰਮਜੀਤ ਕੌਰ ਸਮੇਤ ਸੈਂਕੜੇ ਹੋਰ ਪ੍ਰੋਫੈਸਰ ਸ਼ਾਮਲ ਸਨ।