For the best experience, open
https://m.punjabitribuneonline.com
on your mobile browser.
Advertisement

ਨਿੱਕੀ ਕਹਾਣੀ ਦੇ ਬਾਦਸ਼ਾਹ ਦੀ ਵੱਡੀ ਸਲਤਨਤ

11:42 AM May 26, 2024 IST
ਨਿੱਕੀ ਕਹਾਣੀ ਦੇ ਬਾਦਸ਼ਾਹ ਦੀ ਵੱਡੀ ਸਲਤਨਤ
Advertisement

ਗੁਲਜ਼ਾਰ ਸਿੰਘ ਸੰਧੂ

ਪੰਜਾਬੀ ਲੇਖਕ ਕੁਲਵੰਤ ਸਿੰਘ ਵਿਰਕ ਨੂੰ ਨਿੱਕੀ ਕਹਾਣੀ ਦੇ ਬਾਦਸ਼ਾਹ ਵਜੋਂ ਜਾਣਿਆ ਜਾਂਦਾ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਅੰਗਰੇਜ਼ੀ ਦੀਆਂ ਅਖ਼ਬਾਰਾਂ ਵਿਚ ਛਪੇ ਉਸਦੇ ਲੇਖ ਤੇ ਮਿਡਲ ਏਨੇ ਗੁਣਵਾਨ ਹੁੰਦੇ ਸਨ ਕਿ ਪਾਠਕਾਂ ਤੇ ਸੰਪਾਦਕਾਂ ਨੂੰ ਆਹਰੇ ਲਾਈ ਰੱਖਦੇ ਸਨ। ਦੇਸ਼ ਵੰਡ ਸਮੇਂ ਉਧਰਲੇ ਪੰਜਾਬ ਤੋਂ ਉੱਜੜ ਕੇ ਆਏ ਲੇਖਕ ਅੰਮ੍ਰਿਤਾ ਪ੍ਰੀਤਮ ਤੇ ਕਰਤਾਰ ਸਿੰਘ ਦੁੱਗਲ ਵੀ ਸਨ ਪਰ ਉਹ ਦਿੱਲੀ ਦੇ ਵਸਨੀਕ ਹੋ ਜਾਣ ਕਾਰਨ ਪੰਜਾਬ ਦੇ ਪਿੰਡਾਂ ਤੋਂ ਟੁੱਟ ਗਏ। ਉਂਝ ਵੀ ਉਨ੍ਹਾਂ ਵਿੱਚੋਂ ਅੰਗਰੇਜ਼ੀ ਭਾਸ਼ਾ ਵਿੱਚ ਲਿਖਣ ਵਾਲਾ ਕੇਵਲ ਦੁੱਗਲ ਹੀ ਸੀ। ਕਦੇ ਕਦਾਈਂ ਅੰਗਰੇਜ਼ੀ ਸਮਾਚਾਰ ਪੱਤਰਾਂ ਵਿੱਚ ਠੂੰਗਗਾਂ ਤਾਂ ਮਾਰਦਾ ਰਿਹਾ ਪਰ ਵਿਰਕ ਵਾਲਾ ਨਾਂ ਨਹੀਂ ਕਮਾ ਸਕਿਆ। 2014 ਵਿਚ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਉਸ ਦੀਆਂ ਚੋਣਵੀਆਂ ਕਵਿਤਾਵਾਂ ਦੀ ਪੁਸਤਕ ‘Selected Writings of Kulwant Singh Virk’ ਇਸਦੀ ਪੁਸ਼ਟੀ ਕਰਦੀ ਹੈ। ਇਸ ਵਿੱਚ ਵਿਰਕ ਦੀਆਂ 28 ਕਹਾਣੀਆਂ ਹਨ ਜਿਨ੍ਹਾਂ ਅੰਗਰੇਜ਼ੀ ਦਾ ਅਨੁਵਾਦ ਉਸ ਨੇ ਆਪ ਕੀਤਾ ਹੈ। ਪੁਸਤਕ ਦੇ ਪਹਿਲੇ ਭਾਗ ਵਿੱਚ ਪੰਜਾਬ ਦੇ ਬੀਤੇ ਕੱਲ੍ਹ ਤੇ ਅੱਜ ਬਾਰੇ 11 ਲੇਖ ਹਨ। ਦੂਜੇ ਭਾਗ ਵਿੱਚ ਭਾਸ਼ਾ ਤੇ ਸਾਹਿਤ ਬਾਰੇ 8 ਲੇਖ ਜਿਨ੍ਹਾਂ ਵਿੱਚ ਪ੍ਰਿੰਸੀਪਲ ਤੇਜਾ ਸਿੰਘ, ਕਵੀ ਮੋਹਨ ਸਿੰਘ ਤੇ ਸੰਤ ਸਿੰਘ ਸੇਖੋਂ ਦੇ ਰੇਖਾ ਚਿੱਤਰ ਵੀ ਸ਼ਾਮਿਲ ਹਨ। 19 ਵੱਖੋ ਵੱਖਰੇ ਸਿਰਲੇਖਾਂ ਵਾਲੇ ਅੰਤਲੇ ਭਾਗ ਵਿੱਚ ਰੋਜ਼ਾਨਾ ਜੀਵਨ ਬਾਰੇ ਸੂਝਵਾਨ ਟਿੱਪਣੀਆਂ ਹਨ ਜਿਹੜੀਆਂ ਅੰਗਰੇਜ਼ੀ ਦੇ ਪੱਤਰਾਂ ਵਿੱਚ ਮਿਡਲ ਵਜੋਂ ਛਪੀਆਂ ਸਨ। ਇਨ੍ਹਾਂ ਸਭਨਾਂ ਦੀ ਬਾਤ ਪਾਉਣਾ ਆਲੋਚਕਾਂ ਦਾ ਕੰਮ ਸੀ ਜਿਹੜਾ ਮੈਂ ਕਰ ਰਿਹਾ ਹਾਂ। ਕਹਾਣੀਆਂ ਦੀ ਗੱਲ ਤਾਂ ਹੁੰਦੀ ਰਹਿੰਦੀ ਹੈ। ਮੈਂ ਵੀ ਕਰਾਂਗਾ। ਪਰ ਅੰਤ ਵਿੱਚ।
ਗੋਰਿਆਂ ਦੇ ਰਾਜ ਸਮੇਂ ਦਿੱਲੀ ਤੋਂ ਪਿਸ਼ਾਵਰ ਤੱਕ ਪੰਜਾਬ ਵਜੋਂ ਜਾਣੇ ਜਾਂਦੇ ਇਸ ਇਲਾਕੇ ਦੇ ਵਿਕਾਸ ਬਾਰੇ ਵਿਰਕ ਨੇ ਕਈ ਲੇਖ ਲਿਖੇ ਹਨ। ਇਨ੍ਹਾਂ ਵਿੱਚ ਜਰਨੈਲੀ ਸੜਕ ਵਜੋਂ ਜਾਂਦੀ ਜੀਟੀ ਰੋਡ ਦੀ ਹੀ ਕਹਾਣੀ ਨਹੀਂ, ਏਥੋਂ ਦੀਆਂ ਨਹਿਰਾਂ ਵੱਲੋਂ ਪਾਇਆ ਯੋਗਦਾਨ ਵੀ ਸ਼ਾਮਿਲ ਹੈ। ਮਹਾਰਾਜਾ ਰਣਜੀਤ ਸਿੰਘ ਦਾ ਦਾਹ ਸਸਕਾਰ ਤੇ ਯੂਕੇ ਵਿੱਚ ਪਏ ਸਿੱਖ ਸਿਮ੍ਰਤੀ ਚਿੰਨ੍ਹ ਤੇ ਪੰਜਾਬ ਦੀਆਂ ਮੱਝਾਂ ਤੇ ਪੰਜਾਬੀ ਬੋਤਲ ਵੀ। ਏਥੋਂ ਤੱਕ ਕਿ ਮਹਾਰਾਜਾ ਦਲੀਪ ਸਿੰਘ ਤੇ ਕੋਹਿਨੂਰ ਹੀਰੇ ਦਾ ਜ਼ਿਕਰ ਵੀ ਨਨਕਾਣਾ ਸਾਹਿਬ ਵਾਂਗ ਅਪਣੱਤ ਦੀ ਭਾਵਨਾ ਨਾਲ ਕੀਤਾ ਗਿਆ ਹੈ।

Advertisement

ਤਤਕਾਲੀ ਰਾਸ਼ਟਰਪਤੀ ਜ਼ਾਕਿਰ ਹੁਸੈਨ ਹੱਥੋਂ ਪੁਰਸਕਾਰ ਲੈਂਦਿਆਂ ਕੁਲਵੰਤ ਸਿੰਘ ਵਿਰਕ।

ਭਾਸ਼ਾ ਤੇ ਸਾਹਿਤ ਦੀ ਗੱਲ ਕਰਦਿਆਂ ਉਸ ਨੇ ਭਾਰਤੀ ਸਾਹਿਤ ਵਿੱਚ ਭਾਰਤ ਦੇ ਅਨੇਕਤਾ ਵਿੱਚ ਏਕਤਾ ਵਾਲੇ ਸਿਧਾਂਤ ਨੂੰ ਧੁਰ ਦੱਖਣ ਦੇ ਲੇਖਕਾਂ ਦਾ ਹਵਾਲਾ ਦੇ ਕੇ ਉਭਾਰਿਆ ਹੈ। ਵਾਰਿਸ ਸ਼ਾਹ ਵੱਲੋਂ ਹੀਰ ਦੇ ਕਿੱਸੇ ਵਿੱਚ ਵਰਤੀ ਗਈ ਭਾਸ਼ਾ ਦੀ ਗੱਲ ਕਰਦਿਆਂ ਵਿਰਕ ਨੇ ਪਾਕਿਸਤਾਨ ਦੇ ਸ਼ੇਖੂਪੁਰਾ ਜ਼ਿਲ੍ਹੇ ਵਿੱਚ ਪੈਂਦੇ ਆਪਣੇ ਪਿੰਡ ਨੇੜਲੇ ਵਾਰਿਸ ਸ਼ਾਹ ਦੇ ਪਿੰਡ ਜੰਡਿਆਲਾ ਸ਼ੇਰ ਖਾਂ ਦੀ ਭਾਸ਼ਾ ਨੂੰ ਵਾਰਿਸ ਸ਼ਾਹ ਦੀ ਹੀਰ ਵਿਚਲੀ ਭਾਸ਼ਾ ਨਾਲੋਂ ਵੱਖਰੀ ਦਰਸਾ ਕੇ ਇਹ ਮੱਤ ਪੇਸ਼ ਕੀਤਾ ਹੈ ਕਿ ਵਾਰਿਸ ਆਪਣੇ ਕਿੱਸੇ ਦੇ ਪਾਠਕਾਂ ਦਾ ਘੇਰਾ ਆਪਣੇ ਪਿੰਡਾਂ ਤੱਕ ਹੀ ਸੀਮਤ ਨਹੀਂ ਸੀ ਰੱਖਣਾ ਚਾਹੁੰਦਾ ਜਿਵੇਂ ਕਿ ਵਿਰਕ ਦੇ ਸਮਕਾਲੀ ਪੰਜਾਬੀਆਂ (ਯਸ਼ਪਾਲ, ਕ੍ਰਿਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ, ਸਆਦਤ ਹਸਨ ਮੰਟੋ, ਮੁਲਕ ਰਾਜ ਆਨੰਦ ਤੇ ਖੁਸ਼ਵੰਤ ਸਿੰਘ) ਨੇ ਹਿੰਦੀ, ਉਰਦੂ ਤੇ ਅੰਗਰੇਜ਼ੀ ਨੂੰ ਆਪਣਾ ਮਾਧਿਅਮ ਬਣਾ ਕੇ ਕੀਤਾ। ਇਸ ਲਈ ਕਿ ਲੇਖਕ ਦੀ ਭਾਵਨਾ ਆਪਣੀ ਗੱਲ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਾਉਣ ਦੀ ਹੁੰਦੀ ਹੈ। ਪੰਜਾਬੀ ਵਿੱਚ ਉੱਚਤਮ ਨਾਮਣਾ ਖੱਟਣ ਵਾਲੇ ਵਿਰਕ ਦਾ ਆਪਣੇ ਲੇਖਾਂ ਤੇ ਮਿਡਲਾਂ ਨੂੰ ਅੰਗਰੇਜ਼ੀ ਪੱਤਰਾਂ ਲਈ ਭੇਜਣਾ ਵੀ ਏਸ ਧਾਰਨਾ ਉੱਤੇ ਮੋਹਰ ਲਾਉਂਦਾ ਹੈ।
ਵਿਰਕ ਦੇ ਅੰਗਰੇਜ਼ੀ ਵਿੱਚ ਲਿਖੇ ਲੇਖਾਂ ਦੀ ਗੱਲ ਕਰ ਕੇ ਮੈਂ ਉਸ ਦੀਆਂ ਕਹਾਣੀਆਂ ਵੱਲ ਪਰਤਦਾ ਹਾਂ। ਉਹ ਕਹਾਣੀਆਂ ਜਿਨ੍ਹਾਂ ਵਿੱਚ ਓਧਰ ਦਾ ਪੰਜਾਬ ਵੀ ਹੈ ਤੇ ਏਧਰ ਦਾ ਵੀ। ਅਖੰਡ ਪੰਜਾਬ ਨੂੰ ਏਧਰ ਓਧਰ ਕਰਨ ਵਾਲੇ ਸਿਆਸਤਦਾਨ ਸਨ ਸਾਹਿਤਕਾਰ ਨਹੀਂ। ਸਾਹਿਤਕਾਰਾਂ ਨੇ ਤਾਂ ਉਸ ਬਖੇੜੇ ਉੱਤੇ ਮਿੱਟੀ ਪਾਉਣ ਦਾ ਕੰਮ ਕੀਤਾ ਹੈ। ਉਦੋਂ ਕੀ ਵਰਤਿਆ ਉਸਦਾ ਚਸ਼ਮਦੀਦ ਗਵਾਹ ਮੈਂ ਖ਼ੁਦ ਵੀ ਹਾਂ। ਆਪਣੇ ਪਿੰਡ ਦੇ ਮੁਸਲਮਾਨਾਂ ਦੇ ਅੰਮ੍ਰਿਤਪਾਨ ਕਰਨ ਉਪਰੰਤ ਪਾਗਲ ਹੋਏ ਹਿੰਦੂਆਂ ਤੇ ਸਿੱਖਾਂ ਹੱਥੋਂ ਮਾਰੇ ਜਾਣ ਦਾ ਵੀ ਤੇ ਫੇਰ ਉਨ੍ਹਾਂ ਵਿੱਚੋਂ ਤਿੰਨ ਸਿੱਖਾਂ ਦੇ ਸਾਡੇ ਪਿੰਡ ਵੜਨ ’ਤੇ ਸਾਡੇ ਪਿੰਡ ਦੇ ਵਸਨੀਕਾਂ ਵੱਲੋਂ ਮਾਰੇ ਜਾਣ ਦਾ ਵੀ। ਏਥੇ ਮੈਂ ਜਗਦੀਸ਼ ਸਿੰਘ ਵਰਿਆਮ ਦੀ ਆਪ ਬੀਤੀ ‘ਖਿੱਲਰੇ ਪੱਤਰੇ’ ਵਿੱਚੋਂ ਉਹ ਪੈਰ੍ਹਾ ਵੀ ਪੇਸ਼ ਕਰਦਾ ਹਾਂ ਜਿਸ ਵਿੱਚ 22 ਅਗਸਤ 1947 ਨੂੰ ਹੋਈ ਮੋਹਲੇਧਾਰ ਵਰਖਾ ਪਿੱਛੋਂ ਓਧਰੋਂ ਏਧਰ ਆ ਰਹੇ ਕਾਫ਼ਲੇ ਦਾ ਜ਼ਿਕਰ ਹੈ:
‘ਬੇਅੰਤ ਮਨੁੱਖਾਂ ਦੀਆਂ ਲੱਤਾਂ ਨੇ ਖੇਤਾਂ ਦੀ ਮਿੱਟੀ ਦੀ ਘਾਣੀ ਬਣਾ ਦਿੱਤੀ ਸੀ। ਅਸੀਂ ਇਸ ਘਾਣੀ ਬਣੀ ਦਲਦਲ ਦੇ ਵਿੱਚ ਧਸੀਂਦੇ ਜਾ ਰਹੇ ਸਾਂ ਤੇ ਅੱਗੇ ਨੂੰ ਵੀ ਸਰਕ ਰਹੇ ਸਾਂ। ...…ਸਿਰਾਂ ਉੱਤੇ ਟਰੰਕ ਤੇ ਬੁਸ਼ਕੀਆਂ ਚੁੱਕੀ ਲੋਕ ਇਸ ਜਿਲ੍ਹਣ ਵਿੱਚੋਂ ਅੱਗੇ ਨੂੰ ਸਰਕ ਰਹੇ ਸਨ। ਇਸ ਸਫ਼ਰ ਵਿੱਚ ਲੋਕ ਮਰ ਵੀ ਰਹੇ ਸਨ ਤੇ ਜੰਮ ਵੀ ਰਹੇ ਸਨ। ਜਦੋਂ ਲੋਕਾਂ ਦੇ ਸਿਰਾਂ ਦਾ ਭਾਰ ਜਾਨ ਦਾ ਖਓ ਬਣਨ ਲੱਗਾ ਤਾਂ ਉਨ੍ਹਾਂ ਸਿਰਾਂ ਉੱਤੋਂ ਸਾਮਾਨ ਲਾਹ ਕੇ ਸੁੱਟਣਾ ਸ਼ੁਰੂ ਕੀਤਾ। ਨਵੇਂ ਨਕੋਰ ਟਰੰਕ, ਸਿਲਾਈ ਮਸ਼ੀਨਾਂ, ਕੱਪੜਿਆਂ ਦੀਆਂ ਗੰਢਾਂ ਥਾਂ-ਥਾਂ ਖਿਲਰੀਆਂ ਪਈਆਂ ਸਨ। ਮਜਬੂਰੀ ਨੇ ਇਨਸਾਨ ਨੂੰ ਬੇਹੱਦ ਇਮਾਨਦਾਰ ਬਣਾ ਦਿੱਤਾ ਸੀ। ਕੋਈ ਕਿਸੇ ਦੀ ਚੀਜ਼ ਨਹੀਂ ਸੀ ਚੁੱਕ ਰਿਹਾ। ਤਿਆਗ ਦੀ ਭਾਵਨਾ ਸਿਖ਼ਰ ’ਤੇ ਸੀ। ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਜੇਹੀ ਹਾਲਤ ਸੀ।’
ਕੁਲਵੰਤ ਸਿੰਘ ਵਿਰਕ ਨੇ ਦੇਸ਼ ਵੰਡ ਬਾਰੇ ਕਈ ਕਹਾਣੀਆਂ ਲਿਖੀਆਂ ਜਿਨ੍ਹਾਂ ਵਿੱਚੋਂ ‘ਮੈਨੂੰ ਜਾਣਨੈ?’, ‘ਓਪਰੀ ਧਰਤੀ’, ‘ਮੁਰਦੇ ਦੀ ਤਾਕਤ’ ਤੇ ‘ਖੱਬਲ’ ਬਹੁਤ ਮਕਬੂਲ ਹੋਈਆਂ। ਇਨ੍ਹਾਂ ਤੋਂ ਬਿਨਾਂ ਵਿਰਕ ਦੀਆਂ ਹੋਰ ਕਹਾਣੀਆਂ ਵੀ ਘੱਟ ਨਹੀਂ। ‘ਤੂੜੀ ਦੀ ਪੰਡ’ ਤੇ ‘ਧਰਤੀ ਹੇਠਲਾ ਬੌਲਦ’। ਉਹ ਸੱਚਮੁੱਚ ਹੀ ਨਿੱਕੀ ਕਹਾਣੀ ਦਾ ਬਾਦਸ਼ਾਹ ਸੀ। ਉਸਦੀ ਹਰ ਰਚਨਾ ਖਾਲਸ ਵੀ ਹੈ ਤੇ ਸਬੂਤੀ ਵੀ। ਖਾਲਸ ਏਸ ਲਈ ਕਿ ਇਹ ਜੀਵਨ ਦੇ ਸੱਚ ਉੱਤੇ ਆਧਾਰਤ ਹੁੰਦੀ ਹੈ। ਸਬੂਤੀ ਏਸ ਲਈ ਕਿ ਇਸ ਨੂੰ ਜਿਵੇਂ ਹੈ ਤਿਵੇਂ ਪ੍ਰਵਾਨ ਕਰਨਾ ਪੈਂਦਾ ਹੈ। ਉਸ ਦੀ ਸਿਰਜਣ ਕਲਾ ਦੀ ਇੱਕ ਵੀ ਇੱਟ ਜਾਂ ਕੜੀ ਏਧਰ ਓਧਰ ਨਹੀਂ ਕੀਤੀ ਜਾ ਸਕਦੀ। ਪੂਰੀ ਇਮਾਰਤ ਖਿਸਕ ਸਕਦੀ ਹੈ ਤੇ ਸਾਰੀ ਦੀ ਸਾਰੀ ਸੰਗਲੀ ਟੁੱਟ ਸਕਦੀ ਹੈ।
ਵਿਰਕ ਨੇ ਜੀਵਨ ਦੇ ਸੱਚ ਨੂੰ ਜਿਊਂਦੀ ਜਾਗਦੀ ਸਥਿਤੀ ਵਿੱਚ ਫੜਿਆ ਹੈ। ਦੇਸ਼ ਵੰਡ ਤੋਂ ਪਹਿਲਾਂ ਦੀਆਂ ਕਹਾਣੀਆਂ ਵਿੱਚ ਵੀ ਜਾਤ, ਗੋਤ ਦਾ ਮਾਣ, ਰਾਸ਼ਟਰੀ ਮਰਯਾਦਾ ਤੇ ਬਰਾਦਰੀ ਦੀ ਸਾਂਭ ਸੰਭਾਲ ਉਸ ਦੀਆਂ ਰਚਨਾਵਾਂ ਦੇ ਮੁੱਖ ਲੱਛਣ ਹਨ। ‘ਉਜਾੜ’, ‘ਸ਼ੇਰਨੀਆਂ’ ਤੇ ‘ਪੰਜਾਹ ਰੁਪਏ’ ਇਸ ਦੌਰ ਦੀਆਂ ਕਹਾਣੀਆਂ ਹਨ। ਉਸ ਨੇ ਸੁਤੰਤਰਤਾ ਪ੍ਰਾਪਤੀ ਪਿੱਛੋਂ ਦੇਸ਼ ਵਿੱਚ ਆਈ ਸਮਾਜਿਕ ਤੇ ਆਰਥਿਕ ਤਬਦੀਲੀ ਨੂੰ ਵੀ ਖ਼ੂਬ ਪਛਾਣਿਆ ਹੈ। ਪਿੰਡਾਂ ਦੇ ਔਝੜ ਪੈਂਡਿਆਂ ਰਾਹੀਂ ਪੜ੍ਹਾਉਣ ਜਾਂਦੀਆਂ ਉਸਤਾਨੀਆਂ ਉਹਦੇ ਲਈ ਸ਼ੇਰਨੀਆਂ ਸਨ ਅਤੇ ਆਪਣੇ ਇਲਾਕੇ ਦੀ ਸਿਹਤ ਤੇ ਸਮਾਜਿਕ ਭਲਾਈ ਉੱਤੇ ਪਹਿਰਾ ਦੇਣ ਵਾਲੀ ਡਾਕਟਰ ਉਸਦੇ ਸਤਿਕਾਰ ਦੀ ਪਾਤਰ। ਰੋਜ਼ਾਨਾ ਜੀਵਨ ਦਾ ਇਹ ਸੱਚ ਉਸ ਦੀਆਂ ਦੇਸ਼ ਵੰਡ ਪਿੱਛੋਂ ਵਾਲੀਆਂ ਕਹਾਣੀਆਂ ਵਿਚ ਹੋਰ ਵੀ ਪ੍ਰਪੱਕ ਹੈ। ਉਸ ਦੇ ਕਹਾਣੀ ਸੰਗ੍ਰਹਿ ‘ਨਵੇਂ ਲੋਕ’ ਵਿਚ ਖ਼ਾਸ ਕਰਕੇ ਜਿਸ ਨੇ ਉਸ ਨੂੰ 1968 ਵਿਚ ਭਾਰਤੀ ਸਾਹਿਤ ਅਕਾਡਮੀ ਵੱਲੋਂ ਰਾਸ਼ਟਰੀ ਪੁਰਸਕਾਰ ਦਿਵਾਇਆ।
ਉਹ ਆਪਣੇ ਬੱਚਿਆਂ ਨੂੰ ਵੀ ਸ਼ਕਤੀਸ਼ਾਲੀ ਵੇਖਣਾ ਚਾਹੁੰਦਾ ਸੀ। ਇੱਕ ਵਾਰੀ ਉਸ ਦੀਆਂ ਬੇਟੀਆਂ, ਸਵੀਰਾ ਤੇ ਸੁਦੀਪ, ਇੰਡੀਆ ਗੇਟ ਘੁੰਮਣ ਗਈਆਂ ਤਾਂ ਉਨ੍ਹਾਂ ਕੋਲ ਜਿੰਨੇ ਵੀ ਪੈਸੇ ਸਨ ਉਨ੍ਹਾਂ ਨੇ ਖਾਣ ਪੀਣ ’ਤੇ ਖਰਚ ਕਰ ਲਏ; ਇਹ ਸੋਚ ਕੇ ਕਿ ਪੈਦਲ ਤੁਰ ਕੇ ਰਾਜਿੰਦਰ ਨਗਰ ਪਹੁੰਚ ਜਾਣਗੀਆਂ। ਉਹ ਇਹ ਵੀ ਜਾਣਦੀਆਂ ਸਨ ਇਹ ਰਾਹ ਸੁੰਨਾ ਹੀ ਨਹੀਂ ਉਜਾੜ ਵੀ ਹੈ। ਇਸ ਵਿੱਚੋਂ ਕਿਵੇਂ ਲੰਘਣਾ ਹੈ, ਉਨ੍ਹਾਂ ਦੇ ਚਿੱਤ ਚੇਤੇ ਨਹੀਂ ਸੀ। ਉਹ ਰਾਜਿੰਦਰ ਨਗਰ ਜਾਣ ਵਾਲੀਆਂ ਬੱਸਾਂ ਦੇ ਨੰਬਰ ਜਾਣਦੀਆਂ ਸਨ। ਉਨ੍ਹਾਂ ਨੇ ਬੱਸਾਂ ਵਾਲਾ ਰੂਟ ਫੜ ਲਿਆ। ਭਾਵੇਂ ਸਿੱਧਾ ਰਸਤਾ ਥੋੜ੍ਹਾ ਛੋਟਾ ਸੀ। ਉਹ ਪਹਿਲੀ ਬੱਸ ਨੂੰ ਵੇਖ ਰਹੀਆਂ ਹੁੰਦੀਆਂ ਤਾਂ ਦੂਜੀ ਆ ਜਾਂਦੀ। ਉਹ ਲੰਬਾ ਪੈਂਡਾ ਤੈਅ ਕਰਕੇ ਆਰਾਮ ਨਾਲ ਘਰ ਪਹੁੰਚ ਗਈਆਂ।

ਫੁਰਸਤ ਦੇ ਪਲਾਂ ਵਿਚ ਕੁਲਵੰਤ ਸਿੰਘ ਵਿਰਕ।

ਘਰ ਜਾ ਕੇ ਜਦੋਂ ਉਨ੍ਹਾਂ ਨੇ ਇਹ ਗੱਲ ਮਾਪਿਆਂ ਨੂੰ ਵਿਸਤਾਰ ਨਾਲ ਦੱਸੀ ਤਾਂ ਉਨ੍ਹਾਂ ਨੂੰ ਮਾਂ ਕੋਲੋਂ ਤਾਂ ਝਿੜਕਾਂ ਪਈਆਂ ਪਰ ਬਾਪ ਕੋਲੋਂ ਸ਼ਾਬਾਸ਼ ਮਿਲੀ।
ਮੇਰੇ ਕੋਲ ਵਿਰਕ ਦੇ ਵਰਤ ਵਰਤਾਰੇ ਬਾਰੇ ਹੋਰ ਵੀ ਟੋਟਕੇ ਹਨ। ਕੇਵਲ ਦੋ ਹੀ ਦੱਸਦਾ ਹਾਂ।
ਉਸ ਨੇ ਵਿਜੇ ਨਗਰ ਕਾਲੋਨੀ ਵਿੱਚ ਪੈਂਦਾ ਆਪਣਾ ਪਲਾਟ ਵੇਚਿਆ ਤਾਂ ਮੈਨੂੰ ਨਾਲ ਲੈ ਕੇ ਪੈਸੇ ਲੈਣ ਗਿਆ। ਸ਼ਾਇਦ ਇੱਕ ਲੱਖ ਰੁਪਿਆ ਸੀ। ਮੈਂ ਖਰੀਦਣ ਵਾਲੇ ਦੇ ਘਰ ਦੇ ਬਾਹਰ ਆਪਣੀ ਕਾਰ ਵਿੱਚ ਬੈਠਾ ਰਿਹਾ ਤੇ ਉਹ ਅੰਦਰ ਜਾ ਕੇ ਪੈਸੇ ਲੈ ਆਇਆ।
ਵਾਪਸੀ ਉੱਤੇ ਉਹ ਸਿੱਧਾ ਰਾਹ ਲੈਣ ਦੀ ਥਾਂ ਮੈਨੂੰ ਏਧਰ ਓਧਰ ਘੁਮਾਉਂਦਾ ਰਿਹਾ, ਜਿਵੇਂ ਕਿਸੇ ਨੂੰ ਮਿਲਣਾ ਹੋਵੇ। ਅੰਤ ਮਜਨੂੰ ਟਿੱਲੇ ਦੇ ਗੁਰਦੁਆਰੇ ਕੋਲ ਪਹੁੰਚ ਕੇ ਮੈਨੂੰ ਕਹਿਣ ਲੱਗਿਆ ਕਿ ਮੈਂ ਗੱਡੀ ਓਧਰ ਵੱਲ ਨੂੰ ਮੋੜ ਲਵਾਂ। ਮੈਂ ਸੋਚਿਆ ਗੁਰਦੁਆਰੇ ਮੱਥਾ ਟੇਕੇਗਾ। ਪਰ ਉਸ ਨੇ 15-20 ਮਿੰਟ ਰੁਕ ਕੇ ਮੈਨੂੰ ਘਰ ਦੇ ਰਾਹ ਤੋਰ ਲਿਆ।
ਅਜਿਹਾ ਕਿਉਂ ਕੀਤਾ? ਉਸ ਨੇ ਦੱਸਿਆ ਕਿ ਜੇਕਰ ਪੈਸੇ ਦੇਣ ਵਾਲੇ ਨੇ ਕੋਈ ਆਪਣਾ ਬੰਦਾ ਮੋਟਰ ਸਾਈਕਲ ਦੇ ਕੇ ਸਾਡੇ ਪਿੱਛੇ ਲਾਇਆ ਹੋਵੇ ਤਾਂ ਹੁਣ ਤਕ ਉਹ ਆਪਣੇ ਘਰ ਪਰਤ ਚੁੱਕਾ ਹੋਵੇਗਾ। ਹੁਣ ਮੈਨੂੰ ਵੀ ਇਹ ਸਮਝ ਆਈ ਕਿ ਉਹ ਮਜਨੂੰ ਟਿੱਲੇ ਤੱਕ ਵੀ ਘੁੰਮ ਘੁਮਾ ਕੇ ਕਿਉਂ ਆਇਆ ਸੀ। ਇਸ ਦੇ ਨਾਲ ਹੀ ਮੈਨੂੰ ਉਹਦੇ ਵੱਲੋਂ ਸੁਣਾਈ ਇੱਕ ਪੁਰਾਣੀ ਗੱਲ ਵੀ ਚੇਤੇ ਆ ਗਈ।
ਇੱਕ ਗ਼ੈਰ ਵਿਰਕ ਕੁੜੀ ਵਿਰਕਾਂ ਦੇ ਘਰ ਵਿਆਹੀ ਗਈ। ਇੱਕ ਦਿਨ ਚਾਹ ਦਾ ਸਮਾਂ ਹੋਇਆ ਤਾਂ ਘਰ ਵਿੱਚ ਚੀਨੀ ਨਹੀਂ ਸੀ। ਉਸ ਨੇ ਚੀਨੀ ਦੀ ਅਣਹੋਂਦ ਬਾਰੇ ਆਪਣੇ ਪਤੀ ਨੂੰ ਦੱਸਿਆ ਪਰ ਦੋ ਚਾਰ ਵਾਰੀ ਦੱਸਣ ’ਤੇ ਵੀ ਉਹ ਬਾਹਰ ਨੂੰ ਨਹੀਂ ਤੁਰਿਆ। ਅੰਤ ਖਿਝ ਕੇ ਬੋਲਿਆ, ‘ਮੈਂ ਕੋਈ ਬੋਲਾ ਤਾਂ ਨਹੀਂ ਜੋ ਤੇਰੀ ਗੱਲ ਨਹੀਂ ਸੁਣੀ। ਦੁਕਾਨਾਂ ਤਾਂ ਬੰਦ ਹੋ ਲੈਣ ਦੇ, ਚੀਨੀ ਦੀ ਬੋਰੀ ਲਿਆ ਦਿਆਂਗਾ ਤੈਨੂੰ।’
ਲਤੀਫ਼ੇ ਤਾਂ ਇੱਕ ਪਾਸੇ ਰਹੇ; ਉਸ ਦੀ ਕਹਾਣੀ ‘ਓਪਰੀ ਧਰਤੀ’ ਦੇ ਨਾਇਕ ਹਜ਼ਾਰਾ ਸਿੰਘ ਵਾਲੀ ਗੱਲ ਤਾਂ ਸੋਲਾਂ ਆਨੇ ਸੱਚ ਹੈ; ਨਾਂ ਤੇ ਥਾਂ ਬਦਲਣ ਤੋਂ ਬਿਨਾਂ।
ਦੇਸ਼ ਵੰਡ ਦੇ ਉਜਾੜੇ ਕੁਝ ਵਿਅਕਤੀ ਨਵੀਂ ਥਾਂ ਆ ਕੇ ਆਪਣੀ ਰੋਜ਼ੀ ਰੋਟੀ ਲਈ ਅਪਣਾਏ ਘਟੀਆ ਤੌਰ ਤਰੀਕਿਆਂ ਦੀਆਂ ਗੱਲਾਂ ਕਰ ਰਹੇ ਸਨ ਤਾਂ ਓਥੇ ਹਜ਼ਾਰਾ ਸਿ­ੰਘ ਵੀ ਪਹੁੰਚ ਗਿਆ ਜਿਹੜਾ ਓਧਰ ਛੱਡੇ ਪਿੰਡਾਂ ਵਿੱਚ ਡੰਗਰ ਚੋਰੀ ਕਰਕੇ ਵੇਚਣ ਦਾ ਆਦੀ ਸੀ। ਉਸ ਨੂੰ ਪੁੱਛਿਆ ਗਿਆ ਕਿ ਉਸ ਦਾ ਧੰਦਾ ਤਾਂ ਪਹਿਲਾਂ ਵਾਂਗ ਹੀ ਚਲਦਾ ਹੋਵੇਗਾ। ਕੋਈ ਦਿੱਕਤ ਆਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਹਜ਼ਾਰਾ ਸਿੰਘ ਦਾ ਇਹ ਉੱਤਰ ‘ਉਹ ਤਾਂ ਉੱਕਾ ਹੀ ਉੱਜੜ ਗਿਆ ਹੈ; ਇਹ ਵਾਲੀ ਧਰਤੀ ਉਸ ਦੇ ਪੈਰੀਂ ਨਹੀਂ ਲੱਗ ਰਹੀ: ਚੋਰੀ ਦਾ ਡੰਗਰ ਲੈ ਕੇ ਤੁਰਨਾ ਤਾਂ ਬਹੁਤ ਦੂਰ ਦੀ ਗੱਲ ਹੈ’ ਸਾਰਿਆਂ ਨੂੰ ਸੋਚਣ ਲਾ ਦਿੰਦਾ ਹੈ।
‘ਓਪਰੀ ਧਰਤੀ’ ਨਾਂ ਦੀ ਇਸ ਕਹਾਣੀ ਵਿੱਚ ਵਿਅੰਗ ਹੀ ਨਹੀਂ ਵਿਰਕ ਟੱਪੇ ਦੇ ਲੋਕਾਂ ਦੇ ਸੁਭਾਅ ਅਤੇ ਕਰਤੱਵ ਦਾ ਵੀ ਪੂਰਾ ਨਕਸ਼ਾ ਹੈ।
ਇਹ ਵੀ ਸਬੱਬ ਹੀ ਹੈ ਕਿ ਵਿਰਕ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਜਨਮ ਦਿਨ 20 ਮਈ ਹੈ। ਕੁਲਵੰਤ ਸਿੰਘ ਵਿਰਕ ਤਾਂ ਹੈ ਹੀ; ਬੇਟੀ ਸਵੀਰਾ ਸਿੱਧੂ ਤੇ ਬੇਟਾ ਸੰਦੀਪ ਵਿਰਕ ਵੀ ਆਪਣੇ ਪਾਪਾ ਵਾਂਗ ਏਸ ਦਿਨ ਹੀ ਪੈਦਾ ਹੋਏ ਸਨ। ਇਹ ਵਾਲਾ ਲੇਖ ਲਿਖਣ ਵਿੱਚ ਦੇਰੀ ਹੋਣ ਦਾ ਕਾਰਨ ਇੱਕ ਹੋਰ ਮਿੱਤਰ ਸੁਰਜੀਤ ਪਾਤਰ ਦਾ ਅਚਾਨਕ ਤੁਰ ਜਾਣਾ ਹੈ। ਦੋਵੇਂ ਮਹਾਰਥੀ ਜ਼ਿੰਦਾਬਾਦ!

ਸੰਪਰਕ: 98157-78469

ਪਹਿਲੀ ਮੁਲਾਕਾਤ

ਨਵੀਂ ਦਿੱਲੀ ਦੇ ਯਾਰਕ ਰੈਸਟੋਰੈਂਟ ਵਿਚ ਐੱਮਐੱਸ ਰੰਧਾਵਾ ਦੇ ਸਵਾਗਤ ਵਿਚ ਪਾਰਟੀ ਸੀ। ਰੰਧਾਵਾ ਨੇ ਛੀਂਟਕੇ ਜਿਹੇ ਸਰਦਾਰ ਨੂੰ ਇਸ਼ਾਰਾ ਕਰਕੇ ਆਪਣੇ ਨਾਲ ਦੀ ਸੀਟ `ਤੇ ਬਿਠਾ ਲਿਆ। ਸਾਰਾ ਅਰਸਾ ਹੋਰਨਾਂ ਦੀਆਂ ਸਾਹਬ ਸਲਾਮਾਂ ਦਾ ਉੱਤਰ ਤਾਂ ਦਿੱਤਾ ਪਰ ਗੱਲਾਂ ਛੋਟੀਆਂ ਅੱਖਾਂ ਵਾਲੇ ਉਸ ਬੰਦੇ ਨਾਲ ਹੀ ਕਰਦਾ ਰਿਹਾ। ਪਤਾ ਲੱਗਿਆ, ਇਹ ਕੁਲਵੰਤ ਸਿੰਘ ਵਿਰਕ ਸੀ। ਉਹ ਪੰਜਾਬ ਤੋਂ ਦਿੱਲੀ ਗਿਆ ਹੋਇਆ ਸੀ। ਸੰਨ 1957 ਦੀ ਗੱਲ ਹੋਵੇਗੀ।
“ਮੈਂ ਗੁਲਜ਼ਾਰ ਸਿੰਘ ਸੰਧੂ ਹਾਂ”, ਮੈਂ ਪਾਰਟੀ ਪਿੱਛੋਂ ਵਿਰਕ ਨਾਲ ਆਪਣੀ ਜਾਣ-ਪਛਾਣ ਕਰਵਾਈ। “ਮੈਂ ਜਾਣਨਾਂ”, ਉੱਤਰ ਮਿਲਿਆ। “ਮੈਂ ਰੰਧਾਵਾ ਦੇ ਦਫਤਰ ਭਾਰਤੀ ਖੇਤੀਬਾੜੀ ਖੋਜ ਕਾਉਂਸਲ ਵਿਚ ਸਬ ਐਡੀਟਰ ਹਾਂ”, ਮੇਰੀ ਉਸ ਦੇ ਛੋਟੇ ਉੱਤਰ ਨਾਲ ਤਸੱਲੀ ਨਹੀਂ ਸੀ ਹੋਈ। “ਮੈਨੂੰ ਪਤੈ।” ਫੇਰ ਦੋ ਹੀ ਸ਼ਬਦ।
ਏਨੇ ਨੂੰ ਗੁਰਮੁਖ ਸਿੰਘ ਜੀਤ ਆ ਗਿਆ ਤੇ ਵਿਰਕ ਦੀ ਸੱਜਰੀ ਕਹਾਣੀ ਬਾਰੇ ਕਹਿਣ ਲੱਗਿਆ, “ਤੁਹਾਡੀ ਕਹਾਣੀ ਦਾ ਅੰਤ ਠੀਕ ਸੀ, ਆਰੰਭ ਨਹੀਂ ਜਚਿਆ।” ਉਹ ਪੰਜਾਬੀ ਕਹਾਣੀਆਂ ’ਤੇ ਕਿਤਾਬ ਲਿਖ ਰਿਹਾ ਸੀ। “ਤਾਂ ਮੈਨੂੰ ਚਾਹੀਦਾ ਹੈ ਕਿ ਮੈਂ ਅੰਤ ਕੱਟ ਦਿਆਂ ਤੇ ਆਰੰਭ ਰੱਖ ਛੱਡਾਂ।” ਵਿਰਕ ਦਾ ਉੱਤਰ ਏਨਾ ਤਿੱਖਾ ਸੀ ਕਿ ਸਾਰੇ ਹੱਸ ਪਏ।

Advertisement
Author Image

sukhwinder singh

View all posts

Advertisement
Advertisement
×