ਡਿਪਟੀ ਸਪੀਕਰ ਦੇ ਅਖ਼ਤਿਆਰੀ ਕੋਟੇ ਦੀ ਗਰਾਂਟ ਦੀ ਜਾਂਚ ਹੋਵੇ: ਮਹਿਤਾ
ਹਤਿੰਦਰ ਮਹਿਤਾ
ਜਲੰਧਰ, 7 ਜੂਨ
ਭਾਜਪਾ ਹਲਕਾ ਇੰਚਾਰਜ ਗੜ੍ਹਸ਼ੰਕਰ ਨਿਮਿਸ਼ਾ ਮਹਿਤਾ ਨੇ ਅੱਜ ਇੱਥੇ ਪੰਜਾਬ ਸਰਕਾਰ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ‘ਤੇ ਗੰਭੀਰ ਦੋਸ਼ ਲਗਾਏ ਹਨ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜੈ ਕ੍ਰਿਸ਼ਨ ਰੌੜੀ ਵੱਲੋਂ ਆਪਣੇ ਅਖ਼ਤਿਆਰੀ ਕੋਟੇ ਦੀ ਗਰਾਂਟ ਦੀ ਦੁਰਵਰਤੋਂ ਕਰਦਿਆਂ ਗ਼ਰੀਬਾਂ ਨੂੰ ਅਣਗੌਲਿਆਂ ਕਰ ਕੇ ਆਪਣੇ ਚਹੇਤੇ ਅਤੇ ਰੱਜੇ-ਪੁੱਜੇ ਲੋਕਾਂ ਦੇ ਮਕਾਨਾਂ ਦੀ ਉਸਾਰੀ ਦੇ ਨਾਂ ‘ਤੇ 50-50 ਹਜ਼ਾਰ ਦੀ ਗਰਾਂਟ ਦੇ ਚੈੱਕ ਜਾਰੀ ਕੀਤੇ ਜਾ ਰਹੇ ਹਨ।
ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਆਰਟੀਆਈ ਰਾਹੀਂ ਡਿਪਟੀ ਸਪੀਕਰ ਦੇ ਅਖ਼ਤਿਆਰੀ ਕੋਟੇ ਦੀ ਗਰਾਂਟ ਦੀ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਜਦੋਂ ਮਕਾਨਾਂ ਦੀ ਉਸਾਰੀ ਲਈ 50 ਹਜ਼ਾਰ ਰੁਪਏ ਹਾਸਲ ਕਰਨ ਵਾਲੇ ਕੁਝ ਲਾਭਪਾਤਰੀਆਂ ਦੀ ਘੋਖ ਕਰਵਾਈ ਗਈ। ਇਸ ਦੌਰਾਨ ਸਾਹਮਣੇ ਆਇਆ ਕਿ ਸ੍ਰੀ ਰੌੜੀ ਨੇ 50-50 ਹਜ਼ਾਰ ਰੁਪਏ ਦੇ ਦੋ ਚੈੱਕ ਜਗਤਾਰ ਕਿਤਨਾ ਦੇ ਭਰਾ ਅਤੇ ਪਿਤਾ ਦੇ ਨਾਮ ‘ਤੇ ਜਾਰੀ ਕੀਤੇ ਹਨ। ਭਾਜਪਾ ਆਗੂ ਨੇ ਕਿਹਾ ਕਿ ਪਿੰਡ ਝੂਣੋਵਾਲ ਵਿਚ ‘ਆਪ’ ਦੇ ਸਮਰਥਕ ਗੁਲਜਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਨਾਂ ਦੇ ਜਿਸ ਵਿਅਕਤੀ ਨੂੰ ਇਹ 50 ਹਜ਼ਾਰ ਰੁਪਏ ਮਕਾਨ ਉਸਾਰੀ ਦੇ ਨਾਂ ‘ਤੇ ਜਾਰੀ ਹੋਏ ਹਨ, ਉਸ ਵੱਲੋਂ ਪਹਿਲਾਂ ਹੀ ਪਿੰਡ ਵਿੱਚ ਦੋ ਸ਼ਾਨਦਾਰ ਕੋਠੀਆਂ ਪਾਈਆਂ ਗਈਆਂ ਹਨ। ਇਸੇ ਤਰ੍ਹਾਂ ਹੋਰ ਵੀ ਕਈਆਂ ਨੂੰ ਇਸ ਤਰ੍ਹਾਂ ਦੀਆਂ ਗਰਾਂਟਾਂ ਜਾਰੀ ਕੀਤੀਆਂ ਗਈਆਂ ਹਨ।
ਨਿਮਿਸ਼ਾ ਮਹਿਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਇਸ ਮਸਲੇ ਦੀ ਨਿਰਪੱਖ ਜਾਂਚ ਕਰਵਾਉਣ ਲਈ ਫੌਰੀ ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਨੂੰ ਡਿਪਟੀ ਸਪੀਕਰ ਦੇ ਅਹੁਦੇ ਤੋਂ ਲਾਹ ਕੇ ਪਾਸੇ ਕਰਨ, ਨਹੀਂ ਤਾਂ ਉਹ ਅਫ਼ਸਰਾਂ ‘ਤੇ ਦਬਾਅ ਪਾਉਣਗੇ ਅਤੇ ਸਹੀ ਜਾਂਚ ਨਹੀਂ ਹੋ ਪਾਏਗੀ।