ਜ਼ਿਲ੍ਹਾ ਸਕੱਤਰੇਤ ’ਤੇ 22 ਸਾਲ ਬਾਅਦ ਪਈ ਸਰਕਾਰ ਦੀ ਸਵੱਲੀ ਨਜ਼ਰ
ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਜਨਵਰੀ
ਜ਼ਿਲ੍ਹਾ ਪ੍ਰਬੰਧਕੀ ਸਕੱਤਰੇਤ ਉੱਤੇ ‘ਮਾਨ’ ਸਰਕਾਰ ਦੀ ਸਵੱਲੀ ਨਜ਼ਰ ਪਈ ਹੈ। ਕਹਾਵਤ ਹੈ ਕਿ 12 ਸਾਲ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਸਥਾਨਕ ਜ਼ਿਲ੍ਹਾ ਸਕੱਤਰੇਤ ਦੀ 22 ਸਾਲ ਬਾਅਦ ਸੁਣੀ ਗਈ ਹੈ। ਹੁਣ ਸਕੱਤਰੇਤ ਕੰਪਲੈਕਸ ‘ਬੀ’ ਬਲਾਕ ਦੀਆਂ ਦੋ ਮੰਜ਼ਿਲਾਂ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰੋਗਰਾਮ ਉਲੀਕਿਆ ਹੈ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਸਕੱਤਰੇਤ ਕੰਪਲੈਕਸ ‘ਬੀ ‘ਬਲਾਕ ਦੀ ਦੋ ਮੰਜ਼ਿਲਾ ਇਮਾਰਤ ਵਿਸਤਾਰ ਲਈ ਸੂਬਾ ਸਰਕਾਰ ਵੱਲੋਂ 12 ਕਰੋੜ 11 ਲੱਖ 31 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ ਅਤੇ ਬਾਅਦ ’ਚ ਤਕਰੀਬਨ ਸਾਰੇ ਵਿਭਾਗਾਂ ਦੇ ਦਫਤਰ ਇਥੇ ਤਬਦੀਲ ਹੋ ਜਾਣਗੇ। ਥਾਂ ਦੀ ਕਮੀ ਕਾਰਨ ਹਾਲੇ ਕਈ ਦਫਤਰ ਕੰਪਲੈਕਸ ਤੋਂ ਬਾਹਰ ਹਨ। ਜ਼ਿਲ੍ਹੇ ਦੀ ਅਜੀਤਵਾਲ ਅਤੇ ਸਮਾਲਸਰ ਸਬ ਤਹਿਸੀਲ ਬਣਿਆਂ ਨੂੰ ਕਾਫੀ ਸਮਾਂ ਹੋ ਗਿਆ ਸੀ ਪਰ ਉਥੇ ਹਾਲੇ ਤੱਕ ਕੰਪਲੈਕਸ ਨਹੀਂ ਬਣ ਸਕੇ ਸਨ। ਪੰਜਾਬ ਸਰਕਾਰ ਨੇ ਇਨ੍ਹਾਂ ਦੋਵਾਂ ਸਬ ਤਹਿਸੀਲ ’ਚ ਕੰਪਲੈਕਸਾਂ ਨੂੰ ਉਸਾਰਨ ਲਈ ਹਰੀ ਝੰਡੀ ਦੇ ਦਿੱਤੀ ਹੈ ਅਤੇ ਇਨ੍ਹਾਂ ਦੋਵਾਂ ਇਮਾਰਤਾਂ ਦੀ ਉਸਾਰੀ ਲਈ ਕਰਮਵਾਰ 85.75 ਲੱਖ ਅਤੇ 85.75 ਲੱਖ (ਕੁੱਲ 171. 44 ਲੱਖ) ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ। ਮਰਹੂਮ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਯਤਨ ਸਦਕਾ ਅਕਾਲੀ ਸਰਕਾਰ ਸਮੇਂ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਥੇ ਬਹੁ-ਕਰੋੜੀ 7 ਮੰਜ਼ਿਲੇ ਸਕੱਤਰੇਤ ਦਾ ਨੀਂਹ ਪੱਥਰ 24 ਜੂਨ 2001 ਨੂੰ ਰੱਖਿਆ ਅਤੇ ਜੰਗੀ ਪੱਧਰ ਉੱਤੇ ਉਸਾਰੀ ਆਰੰਭੀ। ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ ’ਚ ਸੱਤਾ ਪਰਿਵਰਤਨ ਹੋਇਆ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਨੇ ਸਕੱਤਰੇਤ ਦੀਆਂ ਦੋ ਮੰਜ਼ਿਲਾਂ ਦੀ ਉਸਾਰੀ ਘਟਾ ਕੇ 5 ਕਰ ਦਿੱਤੀ। ਸਰਕਾਰੀ ਬੇਰੁਖੀ ਕਾਰਨ ਕਰੀਬ ਇੱਕ ਸਾਲ ਰਿਕਾਰਡ ਸਮੇਂ ’ਚ ਤਿਆਰ ਹੋਏ ਇਸ ਜ਼ਿਲ੍ਹਾ ਸਕੱਤਰੇਤ ਦਾ ਉਦਘਾਟਨ ਵੀ ਨਹੀਂ ਕੀਤਾ। ਭਾਵੇਂ ਸਾਲ 2007 ਤੇ 2012 ਵਿਚ ਮੁੜ ਸੂਬੇ ’ਚ ਅਕਾਲੀ ਸਰਕਾਰ ਬਣੀ ਪਰ ਉਨ੍ਹਾਂ ਆਪਣੇ ਇਸ ਪ੍ਰਾਜੈਕਟ ਵੱਲ ਧਿਆਨ ਨਾ ਦਿੱਤਾ। ਸਾਲ 2017 ਵਿਚ ਮੁੜ ਸੂਬੇ ’ਚ ਕਾਂਗਰਸ ਬਣ ਗਈ ਪਰ ਇਸ ਸਕੱਤਰੇਤ ਦੀ ਸਾਰ ਨਹੀਂ ਲਈ। ਹੁਣ ‘ਮਾਨ ’ਸਰਕਾਰ ਦੀ 22 ਸਾਲ ਤੋਂ ਅਧੂਰੇ ਜਿਲ੍ਹਾ ਸਕੱਤਰੇਤ ’ਤੇ ਸਵੱਲੀ ਨਜਰ ਪਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਸਤਾਵਿਤ 18 ਜਨਵਰੀ ਨੂੰ ਇਸ ਸਕੱਤਰੇਤ ਕੰਪਲੈਕਸ ‘ਬੀ ‘ਬਲਾਕ ਦੀਆਂ ਦੋ ਮੰਜ਼ਿਲਾਂ ਦਾ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਹੈ।