ਸੂਬੇ ਵਿੱਚ ਸਵਾ ਕਰੋੜ ਬੂਟੇ ਲਾਵੇਗੀ ਸਰਕਾਰ: ਸਿਹਤ ਮੰਤਰੀ
ਖੇਤਰੀ ਪ੍ਰਤੀਨਿਧ
ਪਟਿਆਲਾ, 8 ਜੁਲਾਈ
ਪ੍ਰਸ਼ਾਸਨ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਸਰਕਾਰੀ ਸਕੂਲਾਂ, ਦਫ਼ਤਰ, ਪੰਚਾਇਤੀ ਜ਼ਮੀਨਾਂ ਸਣੇ ਸੜਕਾਂ ਦੁਆਲੇ ਬੂਟੇ ਲਗਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਿੰਡ ਰੌਂਗਲਾ ਦੇ ਸਰਕਾਰੀ ਸਕੂਲ ਵਿੱਚ ਪਟਿਆਲਾ ਜ਼ਿਲ੍ਹੇ ’ਚ ਤਿੰਨ ਲੱਖ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਸੁਥਰਾ ਵਾਤਾਵਰਣ ਸਿਰਜਣ ਲਈ ਪੰਜਾਬ ਸਰਕਾਰ ਵੱਲੋਂ ਬੂਟੇ ਲਾਉਣ ਦੀ ਮੁਹਿੰਮ ਵਿੱਢੀ ਗਈ ਹੈ। ਇਸ ਤਹਿਤ ਸਾਲ 2023-24 ਦੌਰਾਨ ਸੂਬੇ ’ਚ ਸਵਾ ਕਰੋੜ ਬੂਟੇ ਲਗਾਏ ਜਾਣਗੇ। ਉਨ੍ਹਾ ਨੇ ਰੌਂਗਲਾ ਵਾਸੀਆਂ ਨੂੰ ਆਪਣੇ ਪਿੰਡ ਦੀ ਫਿਰਨੀ ’ਤੇ ਫਲਦਾਰ ਬੂਟੇ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਜਿੱਥੇ ਵਾਤਾਵਰਣ ਸ਼ੁੱਧ ਹੋਵੇਗਾ, ਉੱਥੇ ਹੀ ਪੌਸ਼ਟਿਕ ਫਲ ਵੀ ਪ੍ਰਾਪਤ ਹੋਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲ੍ਹੇ ’ਚ ਤਿੰਨ ਲੱਖ ਬੂਟੇ ਲਗਾਉਣ ਲਈ ਪਲਾਨ ਤਿਆਰ ਕੀਤਾ ਗਿਆ ਹੈ। ਇਸ ਤਹਿਤ ਹਰ ਪਿੰਡ ਵਿੱਚ 80 ਬੂਟੇ ਅਤੇ ਨਗਰ ਕੌਂਸਲ ’ਚ 500 ਬੂਟੇ ਲਗਾਉਣ ਲਈ ਬੀਡੀਪੀਓਜ਼ ਅਤੇ ਕਾਰਜਸਾਧਕ ਅਫ਼ਸਰਾਂ ਨੂੰ ਜਗ੍ਹਾ ਦੀ ਸ਼ਨਾਖਤ ਲਈ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸਨ ਤੇ ਹੁਣ ਬੂਟੇ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਇਸ ਮੌਕੇ ਐਸਐਸਪੀ ਵਰੁਣ ਸ਼ਰਮਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਕਰਨਲ ਜੇਵੀ ਸਿੰਘ, ਬਲਵਿੰਦਰ ਸੈਣੀ, ਐਸਪੀ ਸਿਟੀ ਮੁਹੰਮਦ ਸਰਫ਼ਰਾਜ ਆਲਮ, ਏਡੀਸੀ ਜਗਜੀਤ ਸਿੰਘ, ਏਡੀਸੀ ਅਨੂਪ੍ਰਿਤਾ ਜੌਹਲ, ਸਹਾਇਕ ਕਮਿਸ਼ਨਰ (ਯੂਟੀ) ਡਾ. ਅਕਸ਼ਿਤਾ ਗੁਪਤਾ, ਏ.ਐਸ.ਪੀ. ਵੈਬਵ ਚੌਧਰੀ, ਐਸਡੀਐਮ ਚਰਨਜੀਤ ਸਿੰਘ, ਡੀਐਸਪੀ ਜਸਵਿੰਦਰ ਸਿੰਘ ਟਿਵਾਣਾ, ਬੀਡੀਪੀਓ ਕ੍ਰਿਸ਼ਨ ਸਿੰਘ, ਮਹਿਲਾ ਵਿੰਗ ਪ੍ਰਧਾਨ ਵੀਰਪਾਲ ਕੌਰ ਆਦਿ ਮੌਜੂਦ ਸਨ।