ਚੀਨ ਨਾਲ ਸਮਝੌਤੇ ’ਤੇ ਲੋਕਾਂ ਨੂੰ ਭਰੋਸੇ ’ਚ ਲਵੇ ਸਰਕਾਰ: ਕਾਂਗਰਸ
ਨਵੀਂ ਦਿੱਲੀ, 23 ਅਕਤੂਬਰ
ਕਾਂਗਰਸ ਨੇ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਗਸ਼ਤ ਬਾਰੇ ਚੀਨ ਨਾਲ ਸਮਝੌਤਾ ਹੋਣ ਦੇ ਐਲਾਨ ਦਾ ਹਵਾਲਾ ਦਿੰਦਿਆਂ ਅੱਜ ਕਿਹਾ ਕਿ ਇਸ ਮਾਮਲੇ ’ਤੇ ਸਰਕਾਰ ਦੇਸ਼ ਨੂੰ ਭਰੋਸੇ ’ਚ ਲਏ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਦਾਅਵਾ ਵੀ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਦੀ ਸਰਕਾਰ ਦੇ ਨਜ਼ਰੀਏ ਕਾਰਨ ਇਸ ਮਾਮਲੇ ਦੇ ਹੱਲ ’ਚ ਅੜਿੱਕਾ ਪੈਦਾ ਹੋਇਆ ਹੈ। ਭਾਰਤ ਨੇ ਲੰਘੇ ਸੋਮਵਾਰ ਐਲਾਨ ਕੀਤਾ ਸੀ ਕਿ ਭਾਰਤੀ ਤੇ ਚੀਨੀ ਵਾਰਤਾਕਾਰ ਪੂਰਬੀ ਲੱਦਾਖ ’ਚ ਐੱਲਏਸੀ ’ਤੇ ਗਸ਼ਤ ਲਈ ਸਮਝੌਤੇ ’ਤੇ ਸਹਿਮਤ ਹੋਏ ਹਨ। ਰਮੇਸ਼ ਨੇ ਕਿਹਾ, ‘ਮੋਦੀ ਸਰਕਾਰ ਦੇ ਇਸ ਐਲਾਨ ਨੂੰ ਲੈ ਕੇ ਕਈ ਸਵਾਲ ਹਨ ਕਿ ਐੱਲਏਸੀ ’ਤੇ ਗਸ਼ਤ ਬਾਰੇ ਚੀਨ ਨਾਲ ਸਮਝੌਤਾ ਹੋ ਗਿਆ ਹੈ। ਵਿਦੇਸ਼ ਸਕੱਤਰ ਨੇ ਕਿਹਾ ਹੈ ਕਿ ਇਸ ਸਮਝੌਤੇ ਤਹਿਤ ਸੈਨਿਕਾਂ ਦੀ ਵਾਪਸੀ ਹੋ ਰਹੀ ਹੈ ਅਤੇ ਇਨ੍ਹਾਂ ਖੇਤਰਾਂ ’ਚ 2020 ’ਚ ਪੈਦਾ ਹੋਏ ਵਿਵਾਦ ਦਾ ਅਖੀਰ ਹੱਲ ਹੋ ਰਿਹਾ ਹੈ।’ ਉਨ੍ਹਾਂ ਕਿਹਾ, ‘ਅਸੀਂ ਉਮੀਦ ਕਰਦੇ ਹਾਂ ਕਿ ਦਹਾਕਿਆਂ ’ਚ ਭਾਰਤ ਦੀ ਵਿਦੇਸ਼ ਨੀਤੀ ਨੂੰ ਲੱਗੇ ਇਸ ਝਟਕੇ ਦਾ ਸਨਮਾਨਿਤ ਢੰਗ ਨਾਲ ਹੱਲ ਕੱਢਿਆ ਜਾ ਰਿਹਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸੈਨਿਕਾਂ ਦੀ ਵਾਪਸੀ ਤੋਂ ਪਹਿਲਾਂ ਉੱਥੇ ਉਹੀ ਸਥਿਤੀ ਬਹਾਲ ਹੋਵੇਗੀ ਜਿਵੇਂ ਦੀ ਮਾਰਚ 2020 ’ਚ ਸੀ।’ -ਪੀਟੀਆਈ