For the best experience, open
https://m.punjabitribuneonline.com
on your mobile browser.
Advertisement

ਅਤਿਵਾਦੀਆਂ ਨੂੰ ਉਨ੍ਹਾਂ ਦੀ ਜ਼ਮੀਨ ’ਤੇ ਹੀ ਮਾਰ ਰਹੀ ਹੈ ਸਰਕਾਰ: ਮੋਦੀ

07:29 AM Apr 12, 2024 IST
ਅਤਿਵਾਦੀਆਂ ਨੂੰ ਉਨ੍ਹਾਂ ਦੀ ਜ਼ਮੀਨ ’ਤੇ ਹੀ ਮਾਰ ਰਹੀ ਹੈ ਸਰਕਾਰ  ਮੋਦੀ
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਰਿਸ਼ੀਕੇਸ਼ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਰਿਸ਼ੀਕੇਸ਼, 11 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੇਂਦਰ ’ਚ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਤਹਿਤ ਸੁਰੱਖਿਆ ਬਲਾਂ ਵੱਲੋਂ ਅਤਿਵਾਦੀਆਂ ਨੂੰ ਉਨ੍ਹਾਂ ਦੀ ਜ਼ਮੀਨ ’ਤੇ ਹੀ ਮਾਰ ਰਹੀ ਹੈ।  ਇਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਲੋਕਾਂ ਨੇ ਸਥਿਰ ਸਰਕਾਰ ਦੇ ਫਾਇਦੇ ਦੇਖ ਲਏ ਹਨ ਅਤੇ ‘ਫਿਰ ਏਕ ਬਾਰ ਮੋਦੀ ਸਰਕਾਰ’ ਦਾ ਨਾਅਰਾ ਦੇਸ਼ ਭਰ ’ਚ ਗੂੰਜ ਰਿਹਾ ਹੈ। ‘ਦੁਸ਼ਮਣਾਂ ਨੇ ਕਮਜ਼ੋਰ ਅਤੇ ਅਸਥਿਰ ਸਰਕਾਰਾਂ ਦਾ ਲਾਹਾ ਲਿਆ ਅਤੇ ਅਤਿਵਾਦ ਫੈਲਿਆ। ਪਰ ਮਜ਼ਬੂਤ ਮੋਦੀ ਸਰਕਾਰ ਦੇ ਅਧੀਨ ਸਾਡੇ ਸੁਰੱਖਿਆ ਬਲ ਅਤਿਵਾਦੀਆਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਘੁਸ ਕੇ ਮਾਰ ਰਹੇ ਹਨ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਭ੍ਰਿਸ਼ਟਾਚਾਰੀਆਂ ਨੂੰ ਦੇਸ਼ ਲੁੱਟਣ ਤੋਂ ਰੋਕ ਦਿੱਤਾ ਹੈ ਜਿਸ ਕਾਰਨ ਉਨ੍ਹਾਂ ਦਾ ਗੁੱਸਾ ਮੋਦੀ ਖ਼ਿਲਾਫ਼ ਸਿਖਰ ’ਤੇ ਪਹੁੰਚ ਗਿਆ ਹੈ। ‘ਬੀਤੇ ’ਚ ਕਮਜ਼ੋਰ ਕਾਂਗਰਸ ਸਰਕਾਰਾਂ ਸਰਹੱਦੀ ਬੁਨਿਆਦੀ ਢਾਂਚਾ ਮਜ਼ਬੂਤ ਨਹੀਂ ਕਰ ਸਕੀਆਂ ਸਨ। ਹੁਣ ਸਰਹੱਦਾਂ ’ਤੇ ਸੜਕਾਂ ਅਤੇ ਆਧੁਨਿਕ ਸੁਰੰਗਾਂ ਬਣਾਈਆਂ ਜਾ ਰਹੀਆਂ ਹਨ।’ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਦਾ ਵਿਰੋਧ ਅਤੇ ਭਗਵਾਨ ਰਾਮ ਬਾਰੇ ਸਵਾਲ ਖੜ੍ਹੇ ਕਰਨ ਲਈ ਕਾਂਗਰਸ ਨੂੰ ਘੇਰਦਿਆਂ ਮੋਦੀ ਨੇ ਕਿਹਾ ਕਿ ਪਾਰਟੀ ਨੂੰ ਪ੍ਰਾਣ ਪ੍ਰਤਿਸ਼ਠਾ ਸਮਾਗਮ ਲਈ ਸੱਦਾ ਭੇਜਿਆ ਗਿਆ ਸੀ ਪਰ ਉਨ੍ਹਾਂ ਇਸ ਦਾ ਬਾਈਕਾਟ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਇਕ ਕਦਮ ਹੋਰ ਅਗਾਂਹ ਵਧ ਗਈ ਹੈ ਅਤੇ ਉਸ ਨੇ ਹਿੰਦੂ ਧਰਮ ’ਚ ਸ਼ਕਤੀ ਖ਼ਿਲਾਫ਼ ਵੀ ਜਨਤਕ ਤੌਰ ’ਤੇ ਜੰਗ ਛੇੜ ਦਿੱਤੀ ਹੈ। ਕਾਂਗਰਸ ਨੂੰ ਮੂੰਹ ਤੋੜਵਾਂ ਜਵਾਬ ਦੇਣ ਦਾ ਸੱਦਾ ਦਿੰਦਿਆਂ ਮੋਦੀ ਨੇ ਕਿਹਾ ਕਿ ਉਹ ਉੱਤਰਾਖੰਡ ਦੇ ਸੱਭਿਆਚਾਰ ਨੂੰ ਤਬਾਹ ਕਰਨ ਦੀ ਸਾਜ਼ਿਸ਼ ’ਚ ਅੱਗ ’ਤੇ ਤੇਲ ਪਾ ਰਹੇ ਹਨ। ਉੱਤਰਾਖੰਡ ਨੂੰ ‘ਬ੍ਰਹਮ ਕਮਲ’ ਦੀ ਧਰਤੀ ਕਰਾਰ ਦਿੰਦਿਆਂ ਉਨ੍ਹਾਂ ਲੋਕਾਂ ਨੂੰ ਚੋਣਾਂ ਦੌਰਾਨ ਕਮਲ ਦੇ ਫੁੱਲ ਦਾ ਬਟਨ ਦਬਾਉਣ ਲਈ ਕਿਹਾ ਤਾਂ ਜੋ ਸਾਰੀਆਂ ਪੰਜ ਸੀਟਾਂ ਭਾਜਪਾ ਦੀ ਝੋਲੀ ’ਚ ਪੈਣ। -ਪੀਟੀਆਈ

Advertisement

ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹ ਭੇਜਣਾ ਮੋਦੀ ਦੀ ਗਾਰੰਟੀ: ਪ੍ਰਧਾਨ ਮੰਤਰੀ

ਰਾਜਸਥਾਨ ਦੇ ਕਰੌਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੀਆਂ ਮਹਿਲਾਵਾਂ। -ਫੋਟੋ: ਪੀਟੀਆਈ

ਜੈਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਕਰੌਲੀ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹ ਜਾਣਾ ਪਵੇਗਾ ਅਤੇ ਉਹ ਕਿਸੇ ਵੀ ਧਮਕੀ ਤੋਂ ਡਰਨ ਵਾਲੇ ਨਹੀਂ ਹਨ। ਭਰਤੀ ਪ੍ਰੀਖਿਆ ਪੇਪਰ ਲੀਕ ਮਾਮਲੇ ’ਤੇ ਪਿਛਲੀ ਕਾਂਗਰਸ ਸਰਕਾਰ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਭ੍ਰਿਸ਼ਟਾਚਾਰ ’ਚ ਡੁੱਬੀ ਹੋਈ ਹੈ ਅਤੇ ਉਸ ਨੇ ਨੌਜਵਾਨਾਂ ਦੀਆਂ ਨੌਕਰੀਆਂ ’ਚ ਵੀ ਲੁੱਟ ਦੇ ਮੌਕੇ ਲੱਭ ਲਏ ਸਨ। ਉਨ੍ਹਾਂ ਕੱਚਾਤੀਵੂ ਟਾਪੂ ਦੇ ਮੁੱਦੇ ’ਤੇ ਕਾਂਗਰਸ ਨੂੰ ਮੁੜ ਘੇਰਦਿਆਂ ਕਿਹਾ ਕਿ ਪਾਰਟੀ ਦਾ ਸਿਰਫ਼ ਇਤਿਹਾਸ ਹੀ ਨਹੀਂ ਸਗੋਂ ਉਸ ਦੇ ਇਰਾਦੇ ਵੀ ਖ਼ਤਰਨਾਕ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਸਥਾਨ ਸਮੇਤ ਦੇਸ਼ ਭਰ ’ਚ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸੇ ਕਾਰਨ ਵਿਰੋਧੀ ਧਿਰ ਨੇ ਉਨ੍ਹਾਂ ਖ਼ਿਲਾਫ਼ ‘ਇੰਡੀ ਗੱਠਜੋੜ’ ਬਣਾ ਲਿਆ ਹੈ। ਮੋਦੀ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਦੋਵੇਂ ਆਗੂਆਂ ਨੂੰ ਰਾਜਸਥਾਨ ਦੇ ਬਹਾਦਰ ਸ਼ਹੀਦਾਂ ਦੇ ਘਰਾਂ ’ਚ ਜਾਣਾ ਚਾਹੀਦਾ ਹੈ ਅਤੇ ਧਾਰਾ 370 ਹਟਾਉਣ ਬਾਰੇ ਉਨ੍ਹਾਂ ਨੂੰ ਸਵਾਲ ਪੁੱਛਣੇ ਚਾਹੀਦੇ ਹਨ ਕਿਉਂਕਿ ਕਸ਼ਮੀਰ ’ਚ ਰਾਜਸਥਾਨ ਦੇ ਕਈ ਜਵਾਨ ਸ਼ਹੀਦ ਹੋਏ ਹਨ। ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਦੇਸ਼ ਲਈ ਸਮਰਪਿਤ ਹੈ। -ਪੀਟੀਆਈ
ਰਾਜਸਥਾਨ ਦੇ ਕਰੌਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੀਆਂ ਮਹਿਲਾਵਾਂ। -ਫੋਟੋ: ਪੀਟੀਆਈ

Advertisement
Author Image

sukhwinder singh

View all posts

Advertisement
Advertisement
×