ਕਿਸਾਨਾਂ ਨੂੰ ਫਸਲਾਂ ਦਾ ਢੁੱਕਵਾਂ ਭਾਅ ਦਿਵਾਉਣ ਲਈ ਬਰਾਮਦ ਵਧਾ ਰਹੀ ਹੈ ਸਰਕਾਰ: ਸ਼ਾਹ
ਨਵੀਂ ਦਿੱਲੀ, 14 ਸਤੰਬਰ
minimum export price (MEP): ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਫਸਲਾਂ ਦਾ ਢੁੱਕਵਾਂ ਭਾਅ ਯਕੀਨੀ ਬਣਾਉਣ ਲਈ ਬਰਾਮਦ ਵਧਾ ਰਹੀ ਹੈ ਤਾਂ ਕਿਸਾਨਾਂ ਨੂੰ ਉਨ੍ਹਾਂ ਦੀ ਫਸਲਾਂ ਦਾ ਵੱਧ ਮੁਲ ਮਿਲ ਸਕੇ। ਸ਼ਾਹ ਨੇ ਐਕਸ ‘ਤੇ ਪੋਸਟ ’ਚ ਇਹ ਵੀ ਆਖਿਆ ਕਿ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਪਿਆਜ਼ ਤੇ ਬਾਸਮਤੀ ਚੌਲਾਂ ਤੋਂ ਘੱਟੋ ਘੱਟ ਬਰਾਮਦ ਮੁੱਲ (ਐੱਮਈਪੀ) ਹਟਾਉਣ ਸਣੇ ਤਿੰਨ ਅਹਿਮ ਫ਼ੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਿਆਜ਼ ਤੋਂ ਐੱਮਈਪੀ ਹਟਾਉਣ ਅਤੇ ਬਰਾਮਦ ਡਿਊਟੀ 40 ਫ਼ੀਸਦ ਤੋਂ ਘਟਾ ਕੇ 20 ਫ਼ੀਸਦ ਕਰਨ ਨਾਲ ਪਿਆਜ਼ ਦੀ ਬਰਾਮਦ ਵਧੇਗੀ ਅਤੇ ਇਸ ਨਾਲ ਕਾਸ਼ਤਕਾਰ ਕਿਸਾਨਾਂ ਦੀ ਆਮਦਨ ’ਚ ਵਾਧਾ ਹੋਵੇਗਾ। ਗ੍ਰਹਿ ਮੰਤਰੀ ਮੁਤਾਬਕ ਬਾਸਮਤੀ ਚੌਲਾਂ ਤੋਂ ਐੱਮਈਪੀ ਹਟਾਉਣ ਨਾਲ ਵੀ ਇਸ ਦੇ ਕਾਸ਼ਤਕਾਰ ਕਿਸਾਨਾਂ ਨੂੰ ਲਾਭ ਹੋਵੇਗਾ। ਇਸੇ ਦੌਰਾਨ ਖੇਤੀਬਾੜੀ ਤੇ ਕਿਸਾਨ ਭਲਾਈ ਸਬੰਧੀ ਰਾਜ ਮੰਤਰੀ ਰਾਮਨਾਥ ਠਾਕੁਰ ਨੇ ਕਿਹਾ ਕਿ ਭਾਰਤ ਆਲਮੀ ਪੱਧਰ ’ਤੇ ਖੁਰਾਕ ਸੁਰੱਖਿਆ ਯਕੀਨੀ ਬਣਾਉਣ ਲਈ ਲਚਕਦਾਰ ਖੇਤੀ ਪ੍ਰਣਾਲੀ ਵਿਕਸਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਇਹ ਟਿੱਪਣੀ ਬਰਾਜ਼ੀਲ ’ਚ 12 ਤੋਂ 14 ਸਤੰਬਰ ਤੱਕ ਜੀ-20 ਖੇਤੀਬਾੜੀ ਮੰਤਰੀਆਂ ਦੀ ਮੀਟਿੰਗ ਦੌਰਾਨ ਭਾਰਤ ਦੀ ਨੁਮਾਇੰਦਗੀ ਕਰਦਿਆਂ ਕੀਤੀ। ਮੀਟਿੰਗ ਦੌਰਾਨ ਭਾਰਤ ਨੇ ਖੁਰਾਕ ਸੁਰੱਖਿਆ ਲਈ ਕੌਮਾਂਤਰੀ ਵਪਾਰ ਦੇ ਯੋਗਦਾਨ ਵਧਾਉਣ ’ਤੇ ਵੀ ਜ਼ੋਰ ਦਿੱਤਾ। -ਪੀਟੀਆਈ