ਕਿਸਾਨੀ ਮਸਲਿਆਂ ਨੂੰ ਹੱਲ ਕਰਨ ’ਚ ਫੇਲ੍ਹ ਹੋਈ ਸਰਕਾਰ: ਬੁਰਜਗਿੱਲ
ਖੇਤਰੀ ਪ੍ਰਤੀਨਿਧ
ਪਟਿਆਲਾ, 3 ਨਵੰਬਰ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਹੋਈ ਸੂਬਾ ਪੱਧਰੀ ਮੀਟਿੰਗ ਵਿੱਚ ਝੋਨੇ ਦੀ ਢਿੱਲੀ ਖਰੀਦ, ਲਿਫਟਿੰਗ ਅਤੇ ਕਣਕ ਦੀ ਬਿਜਾਈ ਲਈ ਡੀਏਪੀ ਦੀ ਆ ਰਹੀ ਤੋਟ ਸਮੇਤ ਹੋਰ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਗਈ। ਮਸਲਿਆਂ ਦਾ ਹੱਲ ਨਾ ਹੋਣ ’ਤੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਯੂਨੀਅਨ ਦੇ ਸੂਬਾਈ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਸੂਬਾਈ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਪੰਜਾਬ ਸਰਕਾਰ ਨੂੰ ਖੇਤੀ ਮਸਲਿਆਂ ’ਤੇ ਫੇਲ੍ਹ ਕਰਾਰ ਦਿੱਤਾ। ਤਰਕ ਸੀ ਕਿ ਝੋਨੇ ਦੀ ਖਰੀਦ ਅਤੇ ਲਿਫਟਿੰਗ ਦੇ ਮਾਮਲੇ ’ਚ ਕਿਸਾਨਾਂ ਨੂੰ ਕਈ ਕਈ ਦਿਨਾਂ ਤੱਕ ਮੰਡੀਆਂ ’ਚ ਰੁਲ਼ਣਾ ਪਿਆ ਹੈ। ਹਾੜ੍ਹੀ ਦੀ ਫਸਲ ਕਣਕ ਦੀ ਬਿਜਾਈ ਲਈ ਤਾਂ ਅਗਾਊਂ ਹੀ ਮੁਸ਼ਕਲਾਂ ਨਾਲ ਜੂਝਣਾ ਪੈ ਗਿਆ ਹੈ ਕਿਉਂਕਿ ਇਸ ਸਬੰਧੀ ਲੋੜੀਂਦੀ ਡੀਏਪੀ ਨਹੀਂ ਮਿਲ ਰਹੀ। ਜੇਕਰ ਮਿਲ ਰਹੀ ਹੈ ਤਾਂ ਖਾਦ ਡੀਲਰ ਰੇਟ ਵੱਧ ਲਾਉਂਦੇ ਹਨ ਜਾਂ ਫੇਰ ਕਿਸਾਨਾਂ ਨੂੰ ਕੋਈ ਨਾ ਕੋਈ ਹੋਰ ਵਾਧੂ ਵਸਤ ਖਰੀਦਣ ਲਈ ਵੀ ਮਜਬੂਰ ਕੀਤਾ ਜਾਂਦਾ ਹੈ।
ਮੀਟਿੰਗ ਦੌਰਾਨ ਸਰਬਸੰਮਤੀ ਨਾਲ ਜਥੇਬੰਦੀ ਦੇ ਵਾਧੇ ਲਈ ਜ਼ਿਲ੍ਹਾ ਪ੍ਰਧਾਨ ਬਠਿੰਡਾ ਬਲਦੇਵ ਸਿੰਘ ਭਾਈ ਰੂਪਾ ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਉਹ ਮਾਲਵਿੰਦਰ ਸਿੰਘ ਮਾਲੀ ਨੂੰ ਹਾਈ ਕੋਰਟ ਵੱਲੋਂ ਦਿੱਤੀ ਗਈ ਅੰਤ੍ਰਿਮ ਜ਼ਮਾਨਤ ਦਾ ਸਵਾਗਤ ਕਰਦੇ ਹਨ ਪਰ ਨਾਲ ਹੀ ਸਰਕਾਰੀ ਧੱਕੇਸ਼ਾਹੀ ਦੀ ਗਵਾਹੀ ਭਰਦੀ ਐੱਫਆਈਆਰ ਰੱਦ ਹੋਣੀ ਚਾਹੀਦੀ ਹੈ। ਇਸ ਮੌਕੇ ਸੂਬਾ ਖਜ਼ਾਨਚੀ ਰਾਮ ਸਿੰਘ ਮਟੋਰੜਾ, ਪ੍ਰੈਸ ਸਕੱਤਰ ਇੰਦਰਪਾਲ ਸਿੰਘ, ਸਹਾਇਕ ਖਜ਼ਾਨਚੀ ਦਲਜਿੰਦਰ ਸਿੰਘ ਆਲੋਵਾਲ, ਗੁਰਮੇਲ ਸਿੰਘ ਢਕੜੱਬਾ, ਲੱਛਮਣ ਚੱਕ ਅਲੀਸ਼ੇਰ, ਜਗਮੇਲ ਸੁੱਧੇਵਾਲ, ਗੁਰਬਚਨ ਕਨਸੂਆ ਤੇ ਗੁਰਵਿੰਦਰ ਸਿੰਘ ਜੀਵਨਚੱਕ ਆਦਿ ਆਗੂ ਵੀ ਹਾਜ਼ਰ ਸਨ।