ਸਰਕਾਰ ਨੇ ਵਿਸਾਰਿਆ ਦੇਸ਼ ਭਗਤ ਰਣਧੀਰ ਸਿੰਘ ਨਾਰੰਗਵਾਲ ਦਾ ਸਮਾਰਕ
ਸੰਤੋਖ ਗਿੱਲ
ਗੁਰੂਸਰ ਸੁਧਾਰ, 7 ਜੁਲਾਈ
ਦੇਸ਼ ਭਗਤ ਭਾਈ ਰਣਧੀਰ ਸਿੰਘ ਦੇ ਜੱਦੀ ਪਿੰਡ ਨਾਰੰਗਵਾਲ ’ਚ ਭਾਈ ਰਣਧੀਰ ਸਿੰਘ ਯਾਦਗਾਰੀ ਸਮਾਰਕ ਬਣਾਉਣ ਦਾ ਸਰਕਾਰੀ ਵਾਅਦਾ ਦਹਾਕੇ ਤੋਂ ਵੱਧ ਸਮਾਂ ਪੂਰਾ ਹੋਣ ਦੇ ਬਾਵਜੂਦ ਸਿਰੇ ਨਹੀਂ ਚੜ੍ਹਿਆ। ਇਸਦਾ ਨੀਂਹ ਪੱਥਰ 15 ਅਕਤੂਬਰ 2011 ਨੂੰ ਤਤਕਾਲੀ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਰੱਖਿਆ ਸੀ, ਇਸਦੀ ਉਸਾਰੀ ਦਾ ਕੰਮ 12 ਸਾਲ ਬਾਅਦ ਵੀ ਮੁਕੰਮਲ ਨਹੀਂ ਹੋ ਸਕਿਆ। ਅੱਜ ਭਾਈ ਰਣਧੀਰ ਸਿੰਘ ਦਾ 145ਵਾਂ ਜਨਮ ਦਿਨ ਹੈ ਪਰ ਸਰਕਾਰ ਦਾ ਕੋਈ ਨੁਮਾਇੰਦਾ ਉਨ੍ਹਾਂ ਦੇ ਜੱਦੀ ਪਿੰਡ ਨਾ ਪੁੱਜਾ ਅਤੇ ਨਾ ਹੀ ਕਿਸੇ ਨੇ ਖੰਡਰ ਦਾ ਰੂਪ ਧਾਰ ਚੁੱਕੀ ਇਸ ਨਿਰਮਾਣ ਅਧੀਨ ਸਮਾਰਕ ਦੀ ਸਾਰ ਲਈ ਹੈ। ਪਿੰਡ ਨਾਰੰਗਵਾਲ ਦੇ ਸਰਪੰਚ ਹਰਿੰਦਰ ਸਿੰਘ ਗਰੇਵਾਲ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਬਾਬਾ ਹਰਨਾਮ ਸਿੰਘ ਕਾਮਾਗਾਟਾਮਾਰੂ ਯਾਦਗਾਰੀ ਕਮੇਟੀ ਗੁੱਜਰਵਾਲ ਦੇ ਪ੍ਰਧਾਨ ਗੁਰਿੰਦਰ ਸਿੰਘ ਗਰੇਵਾਲ ਨੇ ਆਖਿਆ ਕਿ ਭਾਈ ਸਾਹਿਬ ਨੇ ਉਸ ਸਮੇਂ ਵੱਡੀ ਨੌਕਰੀ ਛੱਡ ਕੇ ਦੇਸ਼ ਦੀ ਅਜ਼ਾਦੀ ਲਈ ਅਨੇਕਾਂ ਤਸੀਹੇ ਝੱਲੇ ਪਰ ਅਜ਼ਾਦੀ ਦੀ ਲੜਾਈ ਤੋਂ ਮੂੰਹ ਨਹੀਂ ਮੋੜਿਆ। ਉਨ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਸਮੇਂ ਜੇਲ੍ਹਾਂ ਕੱਟੀਆਂ ਅਤੇ ਉਹ ਇਲਾਕੇ ਵਿੱਚ ਲੋਕਾਂ ਨੂੰ ਅੰਗਰੇਜ਼ਾਂ ਵਿਰੁੱਧ ਲਾਮਬੰਦ ਕਰਦੇ ਰਹੇ। ਇਨ੍ਹਾਂ ਆਗੂਆਂ, ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਨੇ ਮੰਗ ਕੀਤੀ ਕਿ ਭਾਈ ਸਾਹਿਬ ਦੀ ਅਧੂਰੀ ਪਈ ਯਾਦਗਾਰ ਦੀ ਸਾਰ ਲਈ ਜਾਵੇ। ਭਾਈ ਸਾਹਿਬ ਭਾਈ ਰਣਧੀਰ ਸਿੰਘ ਟਰੱਸਟ ਦੇ ਟਰੱਸਟੀ ਕਰਮਜੀਤ ਸਿੰਘ ਅਤੇ ਉਨ੍ਹਾਂ ਦੇ ਪੋਤੇ ਕੁਲਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਮਾਮਲਾ ਪੰਜਾਬ ਸਰਕਾਰ ਦੇ ਧਿਆਨ ’ਚ ਲਿਆ ਕੇ ਅਧੂਰੇ ਸਮਾਰਕ ਨੂੰ ਮੁਕੰਮਲ ਕਰਨ ਦੀ ਮੰਗ ਕੀਤੀ ਸੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੇਜੇ ਪ੍ਰਸਤਾਵ ਦੀ ਫਾਈਲ ਇਸ ਸਮੇਂ ਟੂਰਿਜ਼ਮ ਤੇ ਸਭਿਆਚਾਰਕ ਮਾਮਲਿਆਂ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਕੋਲ ਪ੍ਰਵਾਨਗੀ ਲਈ ਭੇਜੀ ਹੈ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਤੇ ਹੋਰ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ।