ਸੁਨਿਆਰੇ ਨੇ ਨਕਲੀ ਗਹਿਣੇ ਵੇਚਣ ਆਏ ਦੋ ਨੌਜਵਾਨ ਪੁਲੀਸ ਹਵਾਲੇ ਕੀਤੇ
ਪੱਤਰ ਪ੍ਰੇਰਕ
ਰਤੀਆ, 30 ਸਤੰਬਰ
ਸ਼ਹਿਰ ਦੀ ਅਗਰਵਾਲ ਧਰਮਸ਼ਾਲਾ ਨੇੜੇ ਇਕ ਸੁਨਿਆਰੇ ਦੀ ਦੁਕਾਨ ’ਤੇ ਨਕਲੀ ਸੋਨਾ ਵੇਚਣ ਆਏ 2 ਨੌਜਵਾਨਾਂ ਨੂੰ ਕਾਬੂ ਕਰਕੇ ਦੁਕਾਨ ਮਾਲਕ ਨੇ ਪੁਲੀਸ ਹਵਾਲੇ ਕਰ ਦਿੱਤਾ। ਐੱਸਆਈ ਸੂਬਾ ਸਿੰਘ ਦੀ ਅਗਵਾਈ ਹੇਠ ਪਹੁੰਚੀ ਪੁਲੀਸ ਟੀਮ ਨੇ ਨੌਜਵਾਨਾਂ ਤੋਂ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ।
ਜੈਨ ਜਵੈਲਰਜ਼ ਦੇ ਮਾਲਕ ਸਾਮੇਸ਼ ਜੈਨ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 7 ਵਜੇ ਜਦੋਂ ਉਹ ਅਤੇ ਉਸ ਦਾ ਬੇਟਾ ਦੁਕਾਨ ’ਤੇ ਸੀ ਤਾਂ ਦੋ ਨੌਜਵਾਨ ਆਏ ਅਤੇ ਉਨ੍ਹਾਂ ਸੋਨੇ ਦੇ ਮੰਗਲਸੂਤਰ ਦੀ ਮੰਗ ਕੀਤੀ ਅਤੇ ਆਪਣੇ ਵੱਲੋਂ ਕੁੱਝ ਗਹਿਣੇ ਦਿੱਤੇ। ਉਹ ਉਪਰੋਕਤ ਗਹਿਣੇ ਦੇ ਕੇ ਮੰਗਲਸੂਤਰ ਤੋਂ ਇਲਾਵਾ ਹੋਰ ਸਾਮਾਨ ਲੈਣ ਦੀ ਗੱਲ ਕਰਨ ਲੱਗੇ। ਉਨ੍ਹਾਂ ਨੂੰ ਨੌਜਵਾਨਾਂ ’ਤੇ ਕੁੱਝ ਸ਼ੱਕ ਹੋਇਆ ਅਤੇ ਸੋਨੇ ਦਾ ਮੰਗਲਸੂਤਰ ਦਿਖਾਉਣ ਤੋਂ ਪਹਿਲਾਂ ਹੀ ਉਨ੍ਹਾਂ ਵੱਲੋਂ ਦਿੱਤੇ ਗਏ ਗਹਿਣਿਆਂ ਦੀ ਜਾਂਚ ਕੀਤੀ ਤਾਂ ਉਹ ਨਕਲੀ ਮਿਲੇ। ਇਸ ਦੌਰਾਨ ਦੁਕਾਨਦਾਰ ਨੇ ਰੌਲਾ ਪਾ ਦਿੱਤਾ ਅਤੇ ਆਸ ਪਾਸ ਦੇ ਲੋਕਾਂ ਨੂੰ ਇਕੱਠਾ ਕਰ ਲਿਆ। ਦੁਕਾਨਦਾਰ ਨੇ ਦੱਸਿਆ ਕਿ ਕਰੀਬ 5 ਮਹੀਨੇ ਪਹਿਲਾਂ ਵੀ ਉਸ ਦੀ ਦੁਕਾਨ ’ਤੇ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਸੀ ਅਤੇ ਅਣਪਛਾਤੇ ਨੌਜਵਾਨਾਂ ਨੇ ਕਰੀਬ 70 ਹਜ਼ਾਰ ਰੁਪਏ ਦੇ ਸੋਨੇ ਦੇ ਗਹਿਣਿਆਂ ਦਾ ਚੂਨਾ ਲਾਇਆ ਸੀ। ਉਨ੍ਹਾਂ ਦੱਸਿਆ ਕਿ ਇਕੱਠੇ ਹੋਏ ਲੋਕਾਂ ਨੇ ਨੌਜਵਾਨਾਂ ਦੀ ਕੁੱਟਮਾਰ ਕੀਤੀ ਅਤੇ ਮਗਰੋਂ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਅਨੁਸਾਰ ਇਨ੍ਹਾਂ ’ਚੋਂ ਇੱਕ ਨੌਜਵਾਨ ਹਾਂਸੀ ਇਲਾਕੇ ਦਾ ਜਦਕਿ ਦੂਸਰਾ ਫਤਿਆਬਾਦ ਦੇ ਨਜ਼ਦੀਕ ਦੇ ਪਿੰਡ ਦਾ ਦੱਸਿਆ ਜਾ ਰਿਹਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਅਗਲੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।