ਖੇਤਾਂ ਦਾ ਸੋਨਾ
ਅਤੈ ਸਿੰਘ
ਅਸੀਂ ਕਾਨੂੰਨ ਨਹੀਂ ਜਾਣਦੇ
ਕਾਇਦੇ ਜਾਣਦੇ ਹਾਂ
ਅਸੀਂ ਅੰਕੜੇ ਨਹੀਂ ਅੰਕਦੇ
ਸਿੱਧੇ ਸਿਆੜ ਕੱਢਦੇ ਹਾਂ
ਅਸੀਂ ਤੱਥ ’ਕੱਠੇ ਨਹੀਂ ਕਰਦੇ
ਸੱਚ ਦੀ ਵੱਥ ਕੱਥਦੇ ਹਾਂ!
ਅਸੀਂ ਕਮਾਉਂਦੇ ਨਹੀਂ
ਕਮਾਈਆਂ ਕਰਦੇ ਹਾਂ!
ਕਮਾਈਆਂ ਕਰਦੇ ਮਰਦੇ ਤਾਂ ਹਾਂ
ਪਰ ਸਾਥੋਂ ‘ਲੱਛੀ ਦੇ ਬੰਦ’ ਨਹੀਂ ਬਣਦੇ!
‘ਕੱਤੇ ਦੀ ਕਪਾਹ’ ਵੇਚ ਕੇ ਵੀ
ਸਾਡਾ ਮਾਮਲਾ ਪੂਰਾ ਨਹੀਂ ਹੁੰਦਾ!
‘ਤਾਂਦਲਾ ਸਲਾਰਾ’ ਵੀ ਕਿਤੇ ਕਿਸੇ ਭਾਅ ਵਿਕਿਆ ਏ?
ਸਾਨੂੰ ਕੁਝ ਵੀ ਵੇਚਣਾ ਨਹੀਂ ਆਉਂਦਾ
ਵਪਾਰੀ ਨਹੀਂ ਅਸੀਂ-
ਹਾਲੀ ਪਾਲੀ ਭਿਆਲੀ ਹਾਂ!
ਸਾਨੂੰ ਕਿਹੜਾ “ਮੀਂਹ ਜਾਵੋ ਨ੍ਹੇਰੀ ਜਾਵੋ” ਕਹਾਣੀ ਵਾਂਗ
ਚੜ੍ਹੇ ਮਹੀਨੇ ਤਲਬ ਮਿਲ ਜਾਣੀ ਏ?
ਅਸੀਂ ਤਾਂ “ਖੇਤੀ ਕਰਮਾਂ ਸੇਤੀ” ਵਾਲੀ ਕਹਾਵਤ ਥੀਂਦੇ
“ਝੱਖੜ ਝਾਂਬੇ ਆਹਣੋਂ/ ਘਰ ਆਵੇ ਤਾਂ ਜਾਣ” ਦੀ ਹੋਣੀ ਭੋਗਦੇ
ਮਿੱਟੀ ਨਾਲ ਮਿੱਟੀ ਹੁੰਦੇ
ਖੇਤਾਂ ਦੇ ਰਾਖੇ ਹਾਂ!
ਅਸੀਂ ਕੰਪਨੀ ਦੇ ਭਾਅ ’ਤੇ ਟਰੈਕਟਰ ਖਰੀਦਦੇ ਹਾਂ
ਪੰਪ ਦੇ ਭਾਅ ’ਤੇ ਡੀਜ਼ਲ ਖਰੀਦਦੇ ਹਾਂ
ਬਾਜ਼ਾਰ ਦੇ ਭਾਅ ’ਤੇ ਮੱਛੀ ਮੋਟਰ ਖਰੀਦਦੇ ਹਾਂ
ਦੁਕਾਨਦਾਰ ਦੇ ਭਾਅ ’ਤੇ ਬੀਅ ਖਰੀਦਦੇ ਹਾਂ
ਡੇਅਰੀ/ ਦੋਧੀ/ ਮਿਲਕ ਪਲਾਂਟ ਦੇ ਭਾਅ ’ਤੇ ਦੁੱਧ ਖਰੀਦਦੇ ਹਾਂ
ਫਲੋਰ ਮਿੱਲ ਦੇ ਭਾਅ ’ਤੇ ਆਟਾ
ਤੇ ਪੈਕੇਟ ’ਤੇ ਛਪੇ ਭਾਅ ’ਤੇ ਲੂਣ ਤੱਕ ਖਰੀਦਦੇ ਹਾਂ!
ਅਸੀਂ ਆਪਣੇ ਭਾਅ ’ਤੇ ਆਪਣਾ ਕੀ ਵੇਚਦੇ ਹਾਂ?
ਆਪਣੀ ਫ਼ਸਲ ਤਾਂ ਕੀ-
ਆਪਣੇ ਭਾਅ ’ਤੇ ਤਾਂ ਅਸੀਂ
ਆਪਣਾ ਮੁੜ੍ਹਕਾ ਵੀ ਨਹੀਂ ਵੇਚਦੇ
ਮੁਸ਼ੱਕਤ ਵੀ ਨਹੀਂ ਵੇਚਦੇ!...
ਚਲੋ, ਅਸੀਂ ਆਪਣੀਆਂ ਫ਼ਸਲਾਂ ਦਾ ਫ਼ੈਸਲਾ ਕਰੀਏ; ਨਾ ਕਰੀਏ-
ਫ਼ਸਲਾਂ ਦਾ ਮੁੱਲ ਪਾਈਏ; ਨਾ ਪਾਈਏ-
ਸਾਡੀ ਫ਼ਸਲ ਸਾਡੇ ਭਾਅ ’ਤੇ ਵਿਕੇ; ਨਾ ਵਿਕੇ-
ਸਾਨੂੰ ਸਾਡਾ ਮੁੜ੍ਹਕਾ ਤਾਂ
ਆਪਣੇ ਭਾਅ ’ਤੇ ਵੇਚਣ ਦਿਓ-
ਸਾਡਿਆਂ ਖੇਤਾਂ ਦਾ ਸੋਨਾ ਏ ਇਹ!
ਸੰਪਰਕ: 98151-77577