ਸਿਫ਼ਤ ਦੀ ਮਹਿਮਾ
ਪ੍ਰੋ. ਜਸਵੰਤ ਸਿੰਘ ਗੰਡਮ
ਸਿਫ਼ਤ ਸੁਣਨਾ ਇੱਕ ਸੁਭਾਵਿਕ ਸ਼ਖ਼ਸੀ ਚਲਨ ਹੈ। ਇਹ ਸਭ ਨੂੰ ਚੰਗੀ ਲੱਗਦੀ ਹੈ। ਤੁਹਾਡੀ ਸ਼ਖ਼ਸੀਅਤ ਵਿੱਚ ਕੁਝ ਸਲਾਹੁਣਯੋਗ ਹੋਏਗਾ ਤਾਂ ਹੀ ਕੋਈ ਤੁਹਾਡੀ ਸਿਫ਼ਤ ਕਰੇਗਾ ਜਾਂ ਫਿਰ ਤੁਸੀਂ ਕੁਝ ਸ਼ਲਾਘਾਯੋਗ ਕੀਤਾ ਹੋਵੇਗਾ ਤਾਂ ਕੋਈ ਤੁਹਾਡੀ ਸਿਫ਼ਤ ਕਰੇਗਾ।
ਬਿਨਾਂ ਕੁਝ ਸਿਫ਼ਤਯੋਗ ਕੀਤਿਆਂ ਕੀਤੀ ਜਾਣ ਵਾਲੀ ਸਿਫ਼ਤ ਗ਼ੈਰ-ਜ਼ਰੂਰੀ ਵਰਤਾਰਾ ਹੈ। ਇਸ ਦੀ ਇੱਛਾ ਵੀ ਨਹੀਂ ਕਰਨੀ ਚਾਹੀਦੀ। ਅਜਿਹਾ ਕਰਨਾ ਮੂਰਖਤਾਈ ਹੈ। ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਬਿਨਾਂ ਕਿਸੇ ਗੁਣ ਦੇ ਮਾਣ ਕਰਨਾ ਸਿਰੇ ਦੀ ਮੂਰਖਤਾ ਹੈ।
ਇਹ ਮਹਿਜ਼ ਚਮਚਾਗਿਰੀ ਹੁੰਦੀ ਹੈ। ਇਸ ਪਿੱਛੇ ਚਮਚੇ/ਚਮਚਿਆਂ ਦਾ ਮੁਫ਼ਾਦ ਹੁੰਦਾ ਹੈ। ਆਮ ਤੌਰ ’ਤੇ ‘ਚਮਚਾ ਪ੍ਰਜਾਤੀ’ ਸਿਆਸੀ ਲੋਕਾਂ ਦੇ ਇਰਦ-ਗਿਰਦ ਮੱਖੀਆਂ ਵਾਂਗ ਭਿਣਭਿਣਾਉਂਦੀ ਰਹਿੰਦੀ ਹੈ। ਸੱਤਾਧਾਰੀਆਂ ਦੀ ਤਾਂ ਇਹ ਪਰਿਕਰਮਾ ਹੀ ਕਰਦੀ ਰਹਿੰਦੀ ਹੈ। ਇਸ ਦਾ ਸੁਨਹਿਰੀ ਸਿਧਾਂਤ ਹੁੰਦਾ ਹੈ: ਜਿੱਥੇ ਦੇਖਾਂ ਤਵਾ ਪਰਾਤ, ਉੱਥੇ ਕੱਟਾਂ ਦਿਨ ਤੇ ਰਾਤ। ਆਖ਼ਰ ਜਿੱਥੋਂ ਬੁਰਕੀ/ਬੋਟੀ ਮਿਲੂ, ਪੂਛਲ ਵੀ ਤਾਂ ਉੱਥੇ ਹੀ ਹਿੱਲੂ। ਖਰ ਵੀ ਬਹੁਤ ਹਨ ਅਤੇ ਉੱਲੂ ਵੀ ਸਗੋਂ ਹਰ ਸ਼ਾਖ ਪੇ ਉੱਲੂ ਬੈਠਾ ਹੈ, ਅੰਜਾਮ-ਏ-ਗੁਲਿਸਤਾਂ ਕਯਾ ਹੋਗਾ।
ਸਿਫ਼ਤ ਤਾਂ ਜਾਨਵਰਾਂ, ਖ਼ਾਸ ਕਰਕੇ ਪਾਲਤੂਆਂ, ਨੂੰ ਵੀ ਚੰਗੀ ਲੱਗਦੀ ਹੈ। ਫਿਰ ਬੰਦਾ ਭਲਾ ਕਿਸ ਖੇਤ ਦੀ ਮੂਲੀ ਹੈ। ਤੁਸੀਂ ਆਪਣੇ ਪਾਲਤੂ ਕੁੱਤੇ ਨੂੰ ਘੂਰੋ ਜਾਂ ਪੁਚਕਾਰੋ ਤਾਂ ਉਹ ਝਟ ਸਮਝ ਜਾਂਦਾ ਹੈ। ਤੁਸੀਂ ਕਹੋਗੇ ਕਿ ਇਹ ਦੋਵੇਂ ਕਾਰਜ ਤਾਂ ਬੜੇ ਦ੍ਰਿਸ਼ਟਮਾਨ ਹਨ ਜੋ ਸਮਝਣ ਵਿੱਚ ਆਸਾਨ ਹੁੰਦੇ ਹਨ ਪਰ ਤੁਸੀਂ ਸਹਿਜ ਜਿਹੇ ਢੰਗ ਦੀ ਸਿਫ਼ਤ ਕਰੋ ਤਾਂ ਵੀ ਤੁਹਾਡਾ ਪਾਲਤੂ ਸਮਝ ਜਾਵੇਗਾ। ਮੈਂ ਇਹ ਦੇਖਿਆ ਹੈ ਕਿ ਪਾਲਤੂ ਜੀਵ, ਖ਼ਾਸ ਕਰਕੇ ਕੁੱਤੇ, ਮਾਲਕ ਦਾ ਮੂਡ ਭਾਂਪ ਲੈਂਦੇ ਹਨ। ਸਾਡਾ ਬਰਿੰਡਲ ਬਾਕਸਰ, ਜੋ ਉਂਜ ਬੜਾ ਹਮਲਾਵਰ ਨਸਲ ਦਾ ਕੁੱਤਾ ਹੈ, ਓਨੀ ਦੇਰ ਆਪਣੀ ਫੀਡ ਨਹੀਂ ਖਾਂਦਾ ਜਿੰਨੀ ਦੇਰ ਮਾਲਕਣ ਉਸ ਨੂੰ ‘ਗੁੱਡ ਬੌਇ’ (ਚੰਗਾ ਮੁੰਡਾ/ਪੁੱਤਰ) ਨਹੀਂ ਕਹਿੰਦੀ। ਅਸੀਂ ਇਹ ਸੋਚ ਸੋਚ ਝੂਰਦੇ ਰਹਿੰਦੇ ਹਾਂ ਕਿ ਸਾਡੇ ਨਾਲੋਂ ਤਾਂ ਸਾਡਾ ‘ਸੁਲਤਾਨ ਸਰ’ ਹੀ ਚੰਗਾ ਹੈ ਜਿਸ ਨੂੰ ਸਨਮਾਨਜਨਕ ਵਿਸ਼ੇਸ਼ਣ ਤੋਂ ਇਲਾਵਾ ਬਿਨ ਮੰਗੇ ਐਨਾਂ ਪਿਆਰ-ਦੁਲਾਰ ਮਿਲਦਾ ਹੈ। ਵਾਕਈ ਬਿਨ ਮਾਂਗੇ ਮੋਤੀ ਮਿਲੇ ਮਾਂਗੇ ਮਿਲੇ ਨਾ ਭੀਖ।
ਸਿਫ਼ਤ ਕਰਨ ਜਾਂ ਕਰਵਾਉਣ ਦੇ ਤਰੀਕੇ ਹੁੰਦੇ ਹਨ। ਪਹਿਲਾ, ਕੋਈ ਦੂਸਰਾ ਤੁਹਾਡੀ ਸਿਫ਼ਤ ਕਰੇ। ਇਹ ਸਭ ਤੋਂ ਉੱਤਮ ਕਿਸਮ ਦੀ ਸਿਫ਼ਤ ਹੁੰਦੀ ਹੈ। ਸਿਫ਼ਤਯਾਫ਼ਤਾ ਸੱਜਣ ਸਨਿਮਰ ਹੋ ਇਸ ਦਾ ਪਾਤਰ ਹੁੰਦਿਆਂ-ਸੁੰਦਿਆਂ ਵੀ ਇਸ ਨੂੰ ਸੁਣਨ-ਮੰਨਣ ਤੋਂ ਗੁਰੇਜ਼ ਕਰਦਾ ਹੈ ਕਿਉਂਕਿ ‘ਸਿਫ਼ਤ ਉਸ ਖ਼ੁਦਾ ਕੀ ਜਿਸ ਨੇ ਜਹਾਂ ਬਨਾਇਆ। ਨਾਸ਼ਵਾਨ ਬੰਦੇ ਦੀ ਭਲਾ ਕਾਹਦੀ ਸਿਫ਼ਤ?
ਦੂਸਰਾ ਤਰੀਕਾ ਹੈ ਕਿ ਕੋਈ ਦੂਸਰਾ ਤੁਹਾਡੀ ਸਿਫ਼ਤ ਨਾ ਕਰੇ ਜਾਂ ਤੁਹਾਡੀਆਂ ਸਿਰ ਉੱਪਰ ਲੱਦੀਆਂ ਸਿਫ਼ਤਯੋਗ ਪੰਡਾਂ ਉਸ ਨੂੰ ਨਾ ਦਿਸਣ ਤਾਂ ਫਿਰ ਆਪਣੀ ਸਿਫ਼ਤ ਦੀਆਂ ਆਪ ਹੀ ਪੰਡਾਂ ਬੰਨੋ। ਆਪਣੇ ਮੂੰਹੋਂ ਆਪ ਮੀਆਂ ਮਿੱਠੂ ਬਣੋ। ਗੁਣਾਂ ਦੀ ਗੁਥਲੀ ਵਜੋਂ ਪੇਸ਼ ਆਉ। ਬੇਸ਼ਕ ਇੱਲ੍ਹ ਦਾ ਨਾਂ ਕੋਕੋ ਨਾ ਆਉਂਦਾ ਹੋਵੇ ਪਰ ਤੁਸੀਂ ਸੁਕਰਾਤ, ਅਰਸਤੂ, ਅਫਲਾਤੂਨ, ਸ਼ੇਕਸਪੀਅਰ ਦੇ ਵੀ ਬਾਪ ਵਜੋਂ ਪੇਸ਼ ਆਉ। ਬੱਸ ਜਾਂ ਰੱਬ ਤੇ ਜਾਂ ਤੁਸੀਂ। ਲਉ ਤੁਹਾਡੇ ਸਾਹਮਣੇ ਰੱਬ ਵੀ ਕੀ ਸ਼ੈਅ ਹੈ? ਰੱਬ ਦਾ ਕੀ ਬਣੂੰ ਜੇ ਮੰਨਣ ਵਾਲੇ ਹੀ ਨਾ ਹੋਏ? ਮੇਰਾ ਸ਼ੁਕਰ ਕਰ ਖੁਦਾਇਆ, ਤੁਝੇ ਮੈਨੇ ਖ਼ੁਦਾ ਬਨਾਇਆ/ ਤੁਝੇ ਕੌਨ ਪੂਜਤਾ ਥਾ ਮੇਰੀ ਬੰਦਗੀ ਸੇ ਪਹਿਲੇ।
ਹਾਂ, ਕਿਧਰੇ ਤੁਹਾਡੀ ਗੱਪ ਜਾਂ ਗਪੌੜ ਦਾ ਭਾਂਡਾ ਭਰੇ ਚੌਰਾਹੇ ਵਿੱਚ ਨਾ ਭੱਜ ਜਾਵੇ। ਇਸ ਲਈ ਇਹ ਜ਼ਰੂਰ ਯਾਦ ਰੱਖਣਾ ਕਿ ਇਹ ਸਾਰੇ ਸਦੀਆਂ ਪਹਿਲਾਂ ਹੋ ਗੁਜ਼ਰੇ ਹਨ। ਐਵੇਂ ਨਾਂ ਕਹਿ ਬੈਠਿਉ ਕਿ ‘ਚੌਭਾਸ਼ੀ ਕਵੀ ਦਰਬਾਰ’ ਵਿੱਚ ਸ਼ੇਕਸਪੀਅਰ ਵੀ ਹਾਜ਼ਰੀ ਭਰਨਗੇ। ਤੀਸਰਾ ਤਰੀਕਾ ਹੈ ਕਿ ਦੂਸਰੇ ਸਾਹਮਣੇ ਆਪਣੀ ਰੱਜ ਕੇ ਨਿੰਦਿਆ/ਬਦਖੋਈ ਕਰਨ ਲੱਗ ਪਉ। ਅਗਲਾ ਹਮਦਰਦੀ ਵੱਸ ਹੀ ਤੁਹਾਡੀ ਸਿਫ਼ਤ ਕਰਨ ਲੱਗ ਪਵੇਗਾ। ਇਹ ਫਾਰਮੂਲਾ ਉੱਥੇ ਬਹੁਤ ਸਫਲ ਹੁੰਦਾ ਹੈ ਜਿੱਥੇ ਕਿਸੇ ਕਿਸਮ ਦੇ ਹੁਨਰ ਹੋਣ ਦੀ ਗੱਲ ਹੋਵੇ। ਤੁਸੀਂ ਉਸ ਹੁਨਰ ਨੂੰ ਥੋੜ੍ਹਾ ਬਹੁਤ ਜਾਣਦੇ ਹੋ ਪਰ ਫਿਰ ਵੀ ਦੂਸਰੇ ਅੱਗੇ ਕਹੋ ਕਿ ਤੁਸੀਂ ਕੱਖ ਨਹੀਂ ਜਾਣਦੇ। ਮੇਰੀ ਇਹ ਗਰੰਟੀ ਸਮਝੋ ਕਿ ਅਗਲਾ ਤੁਹਾਡੀ ਪ੍ਰਸ਼ੰਸਾ ਦੇ ਪੁਲ ਬੰਨ੍ਹਣ ਲਗ ਪਵੇਗਾ। ਮੇਰੀ ਇਹ ਗਰੰਟੀ ਸਿਆਸੀ ਘਾਗਾਂ ਵਾਲੀ ਗਰੰਟੀ ਬਿਲਕੁਲ ਨਹੀਂ ਜਿਹੜੀ ਸਿਰਫ਼ ਚੋਣਾਂ ਵੇਲੇ ਵੋਟਾਂ ਬਟੋਰਨ ਲਈ ਦਿੱਤੀ ਜਾਂਦੀ ਹੈ। ਇਹ ਗਰੰਟੀ ਤਾਂ ਬਸ ਉਸ ਇੱਕੋ ਇੱਕ ਗਰੰਟੀ ਵਰਗੀ ਹੈ ਜਿਸ ਦਾ ਜਨਮ ਹੁਣੇ ਜਿਹੇ ਹੀ ਹੋਇਆ ਹੈ।
ਮਹਾਨਕੋਸ਼ ਅਨੁਸਾਰ ਸਿਫ਼ਤ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਅਰਥ ਹਨ: ਗੁਣ, ਲੱਛਣ, ਤਅਰੀਫ਼।
ਪੰਜਾਬੀ ਦੇ ਮਹਾਨ ਕਵੀ ਧਨੀ ਰਾਮ ਚਾਤ੍ਰਿਕ ਨੇ ਪੰਜਾਬ ਦੀ ਸਿਫ਼ਤ ਕਰਦਿਆਂ ਲਿਖਿਆ ਹੈ: ਐ ਪੰਜਾਬ ਕਰਾਂ ਕੀ ਸਿਫਤ ਤੇਰੀ/ ਸ਼ਾਨਾਂ ਦੇ ਸਭ ਸਾਮਾਨ ਤੇਰੇ/ ਜਲ ਪੌਣ ਤੇਰਾ ਹਰਿਔਲ ਤੇਰੀ/ ਦਰਿਆ, ਪਰਬਤ, ਮੈਦਾਨ ਤੇਰੇ...।’
1964 ਦੀ ਹਿੰਦੀ ਫਿਲਮ ‘ਕਸ਼ਮੀਰ ਕੀ ਕਲੀ’ ਵਿੱਚ ਵੀ ਗੀਤ ਦੀ ਇਸ ਲਾਈਨ ਨੂੰ ਬੜਾ ਘਰੋੜ ਕੇ ਉੱਚੀ ਸੁਰ ਵਿੱਚ ਗਾਇਆ ਗਿਆ: ਤਾਰੀਫ਼ ਕਰੂੰ ਕਯਾ ਉਸ ਕੀ ਜਿਸ ਨੇ ਤੁਮਹੇੇ ਬਨਾਇਆ।
ਚਲੋ ਆਪਾਂ ਕਿਸੇ ਦੀ ਤਾਰੀਫ਼/ਸਿਫ਼ਤ ’ਚੋਂ ਕੀ ਲੈਣੈ, ਸਮਝੋ ਤਾਂ ਸਭ ਸਿਫ਼ਤਯੋਗ ਹੈ, ਨਾ ਸਮਝੋ ਤਾਂ ਕੁਝ ਵੀ ਸਿਫ਼ਤਯੋਗ ਨਹੀਂ। ਜ਼ਿੰਦਗੀ ਵਿੱਚ ਰੰਗ-ਰਸ ਵੀ ਹਨ, ਝਗੜੇ-ਝੇੜੇ ਵੀ ਹਨ। ਇਨ੍ਹਾਂ ਖੱਟੇ-ਮਿੱਠੇ ਤਜਰਬਿਆਂ ਦਾ ਨਾਮ ਹੀ ਜ਼ਿੰਦਗੀ ਹੈ।
ਸੰਪਰਕ: 98766-55055