For the best experience, open
https://m.punjabitribuneonline.com
on your mobile browser.
Advertisement

ਕੁੜੀਆਂ

06:11 AM Apr 18, 2024 IST
ਕੁੜੀਆਂ
Advertisement

ਗੁਰਪ੍ਰੀਤ ਕੌਰ

Advertisement

ਤਿੰਨ ਵੱਜ ਗਏ। ਸਕੂਲ ਦੀ ਘੰਟੀ ਵੱਜੀ ਤੇ ਮੈਂ ਜਲਦੀ ਨਾਲ ਹਾਜ਼ਰੀ ਪਾ ਕੇ ਬਿਨਾਂ ਕਿਸੇ ਨਾਲ ਗੱਲ ਕੀਤੇ ਸਕੂਟਰੀ ਸਟਾਰਟ ਕੀਤੀ ਤੇ ਚਲੀ ਗਈ। ਅੱਜ ਦਾ ਦਿਨ ਕੁਝ ਖਾਸ ਚੰਗਾ ਨਹੀਂ ਸੀ, ਇਹੀ ਸੋਚਦੀ ਸਕੂਟਰੀ ਚਲਾ ਰਹੀ ਸੀ। ਦਿਮਾਗ ਵਿਚ ਹੋਰ ਵੀ ਬੜੇ ਉਲਝੇਵੇਂ ਚੱਲ ਰਹੇ ਸਨ। ਜਿ਼ੰਦਗੀ ਬੜੀ ਭਾਰੀ ਜਾਪ ਰਹੀ ਸੀ।
ਇੱਦਾਂ ਲੱਗ ਰਿਹਾ ਸੀ ਜਿਵੇਂ ਜਿ਼ੰਦਗੀ ਦਾ ਇੱਕ ਪੱਲਾ ਫੜਦੀ ਤਾਂ ਦੂਜਾ ਹੱਥੋਂ ਛੁੱਟਦਾ ਜਾਪਦਾ ਸੀ। ਸੋਚਦੀ-ਸੋਚਦੀ ਕਦੋਂ 10 ਕਿਲੋਮੀਟਰ ਤੈਅ ਕਰ ਗਈ, ਪਤਾ ਹੀ ਨਾ ਲੱਗਾ। ਫਿਰ ਅਚਾਨਕ ਪਿੱਛੋਂ ਆਵਾਜ਼ ਆਈ, “ਭੈਣੇ ਲੈ ਚੱਲ ਸਕੂਲ ਤੱਕ।” ਇਕਦਮ ਸਕੂਟਰੀ ਰੋਕੀ, ਪਿੱਛੇ ਦੇਖਿਆ ਤਾਂ ਉਨਾਭੀ ਰੰਗ ਦੇ ਸੂਟ ਉੱਪਰ ਹਰੇ ਸ਼ਾਲ ਦੀ ਬੁੱਕਲ ਮਾਰੀ ਕੁੜੀ ਭੱਜਦੀ ਹੋਈ ਮੇਰੇ ਵੱਲ ਆਈ। ਸਕੂਟਰੀ ’ਤੇ ਬੈਠਦੀ ਨੇ ਧੰਨਵਾਦ ਕੀਤਾ, ਫਿਰ ਕਹਿੰਦੀ, “ਅੱਗੇ ਜਾਣਾ ਤੁਸੀ?”
“ਹਾਂ। ਤੁਸੀਂ ਕਿਥੇ ਜਾਣਾ?”
“ਬੋਤਲਾਂ ਵਾਲੀ ਫੈਕਟਰੀ ਜਾਣਾ। ਸਵੇਰੇ ਅੱਜ ਆਇਆ ਨ੍ਹੀਂ ਗਿਆ। ਮੈਂ ਸੋਚਿਆ, ਹੁਣ ਦੋ ਘੰਟੇ ਲਾ ਆਵਾਂ। ਜਿਹੜੀ ਕਮਾਈ ਹੋਊ, ਓਹੀ ਚੰਗੀ।” ਮੈਂ ਮੋੜ ਕੇ ਪੁੱਛਿਆ, “ਕਿੰਨਾ ਦੇ ਦਿੰਦੇ?” ਕਹਿਣ ਲੱਗੀ, “ਦੇਣਾ ਕੀ ਐ, ਕਮਿਸ਼ਨ ’ਤੇ ਐ ਕੰਮ। ਬਣ ਜਾਂਦਾ ਡੇਢ ਜਾਂ ਦੋ ਸੌ ਦਿਨ ਦਾ। ਜਿਹੜੇ ਪਹਿਲਾਂ ਦੇ ਕੰਮ ਕਰਦੇ, ਉਨ੍ਹਾਂ ਦੀ ਪੈਕਿੰਗ ਸਪੀਡ ਵੱਧ ਆ, ਓਹ ਢਾਈ ਸੌ ਤਕ ਕਮਾ ਲੈਂਦੇ ਆ।”
ਮੈਂ ਕਿਹਾ, “ਚਲ ਚੰਗਾ, ਘਰੇ ਵਿਹਲੇ ਰਹਿਣ ਨਾਲੋਂ ਚੰਗਾ।” ਮੇਰੀ ਇਹ ਗੱਲ ਸੁਣ ਕੇ ਜਿਵੇਂ ਉਹਦਾ ਅੰਦਰਲਾ ਫੁੱਟ ਪਿਆ ਤੇ ਉਹ ਇੱਕੋ ਸਾਹੇ ਆਪਣੀ ਵਾਰਤਾ ਸੁਣਾਉਣ ਲੱਗ ਪਈ, “ਕੀ ਚੰਗਾ ਭੈਣੇ, ਪੇਕਿਆਂ ਦੇ ਬਾਰ ਬੈਠੀ ਆ। ਦਾਰੂ ਪੀਂਦਾ, ਨਿੱਤ ਦਾ ਕਲੇਸ਼। ਕੁੱਟਮਾਰ। ਦਸਾਂ ਸਾਲਾਂ ਦੇ ਜਵਾਕ ਨੂੰ ਲੈ ਕੇ ਪੇਕੇ ਆ ਗਈ। ਪਹਿਲਾਂ ਵੀ 2-3 ਵਾਰ ਆਈ ਸੀ। ਫੇਰ ਕਹਿ ਦਿੰਦਾ- ਹੁਣ ਨਹੀਂ ਪੀਂਦਾ ਪਰ ਕੁੱਤੇ ਦੀ ਪੂਛ ਕਦ ਸਿੱਧੀ ਹੁੰਦੀ! ਫੇਰ ਓਹੀ ਕੁਝ ਕਰਨ ਲੱਗ ਪੈਂਦਾ। ਸੱਸ ਵੀ ਬਹੁਤ ਭੈੜੀ ਆ, ਪੈਰ ਨ੍ਹੀਂ ਲੱਗਣ ਦਿੰਦੀ। ਮੈਂ ਬਥੇਰਾ ਸਮਝਾਉਨੀ ਆਂ ਉਹਨੂੰ ਕਿ ਜੇ ਤੈਨੂੰ ਕੁਛ ਹੋ ਗਿਆ, ਅਸੀਂ ਕਿੱਧਰ ਜਾਵਾਂਗੇ, ਸਾਡੀ ਜਿ਼ੰਦਗੀ ਰੋਲੇਂਗਾ। ਉਹਨੂੰ ਲਗਦਾ ਮੈਂ ਪੈਸਿਆਂ ਕਰ ਕੇ ਕਹਿੰਦੀ ਆਂ ਪਰ ਮੈਂ ਉਹਦੀ ਜਿ਼ੰਦਗੀ ਨੂੰ ਰੋਨੀ ਆਂ।”
ਮੈਂ ਉਹਨੂੰ ਦਿਲਾਸਾ ਦੇਣ ਲਈ ਕਿਹਾ, “ਚਲ ਥੋੜ੍ਹੇ ਦਿਨ ਪੇਕੇ ਰਹਿ, ਕੀ ਪਤਾ ਸੁਧਰ ਜਾਵੇ।”
ਮੈਂ ਤਾਂ ਜਿਵੇਂ ਕੋਈ ਹੋਰ ਚੰਗਿਆੜੀ ਛੇੜ ਲਈ ਸੀ, ਕਹਿਣ ਲੱਗੀ, “ਪੇਕੇ? ਭਰਜਾਈਆਂ ਵੀ ਕਿਹੜਾ ਝੱਲਦੀਆਂ ਰੋਜ਼-ਰੋਜ਼। ਕਿੰਨਾ ਕੁ ਟੈਮ ਝੱਲਣਗੀਆਂ? ਪਿਛਲੀ ਵਾਰ ਜਦੋਂ ਆਈ ਸੀ ਤਾਂ ਮੇਰੀ ਫੋਨ ’ਤੇ ਇਨ੍ਹਾਂ ਨਾਲ ਸੁਲ੍ਹਾ ਹੋ ਗਈ ਤਾਂ ਉਹ ਮੈਨੂੰ ਆ ਕੇ ਲੈ ਗਏ। ਹੁਣ ਭਰਜਾਈਆਂ ਕਹਿੰਦੀਆਂ- ਇਹ ਤਾਂ ਆਵਦੀ ਮਰਜ਼ੀ ਕਰਦੀ ਆ, ਉੱਤੋਂ ਦੀ ਹੋ ਕੇ ਚਲੀ ਜਾਂਦੀ ਆ, ਫੇਰ ਆ ਜਾਂਦੀ ਆ, ਆਪਣੀ ਤਾਂ ਮੰਨਦੀ ਨ੍ਹੀਂ।... ਹੁਣ ਵੀ ਚੋਰੀ-ਚੋਰੀ ਗੱਲ ਕਰਦੀ ਆਂ ਕਦੇ-ਕਦੇ। ਫੇਰ ਨੰਬਰ ਬਲੌਕ ਕਰ ਦਿੰਦੀ ਆਂ, ਭਰਾਵਾਂ ਦੇ ਡਰ ਤੋਂ। ਕੀ ਕਰਾਂ? ਫਿ਼ਕਰ ਤਾਂ ਹੁੰਦੀ ਈ ਆ। ਮੇਰਾ ਵੀ ਜੀਅ ਕਰਦਾ ਆਵਦੇ ਘਰੇ ਸੌਖੀ ਰਹਾਂ, ਕਿਸੇ ’ਤੇ ਬੋਝ ਨਾ ਬਣਾਂ ਪਰ ਕਿਸਮਤ ਦੀ ਲਿਖੀ ਕੌਣ ਟਾਲ ਸਕਦਾ?”
ਸਕੂਟਰੀ ਦੇ ਪਿੱਛੇ ਬੈਠੀ ਉਹ ਬੋਲੀ ਗਈ, “ਇੱਕ ਦਿਨ ਸੁਫ਼ਨਾ ਆਇਆ, ਸੁਫ਼ਨੇ ’ਚ ਚੰਦਰਾ ਹੱਸ ਰਿਹਾ ਸੀ। ਮਾਂ ਮੇਰੀ ਸਹੇਲੀਆਂ ਵਰਗੀ, ਕਹਿੰਦੀ- ਮਾੜਾ ਹੁੰਦਾ ਹੱਸਦੇ ਦਾ ਸੁਫ਼ਨਾ, ਫੋਨ ਕਰ ਕੇ ਪੁੱਛ ਲਾ, ਕੁਝ ਨ੍ਹੀਂ ਹੁੰਦਾ। ਮੈਂ ਹਾਲ ਚਾਲ ਪੁੱਛਣ ਲਈ ਫੋਨ ਲਗਾਇਆ, ਕਹਿੰਦਾ- ਰਾਤ ਐਕਸੀਡੈਂਟ ਹੋ ਗਿਆ ਸੀ, ਹੁਣ ਠੀਕ ਆਂ, ਬੱਚਤ ਰਹਿ ਗਈ। ਮੈਂ ਸੋਚਣ ਲੱਗੀ- ‘ਦਿਲਾਂ ਦੇ ਤਾਰ ਤਾਂ ਜੁੜੇ ਹੀ ਹੁੰਦੇ ਆ’।”
ਇੰਨੇ ਨੂੰ ਉਹਦੀ ਫੈਕਟਰੀ ਆ ਗਈ, ਮੈਂ ਕਿਹਾ, “ਚਲ ਕੋਈ ਨਾ, ਰੱਬ ਮਿਹਰ ਕਰੂ।” ਉਹ ਕਹਿੰਦੀ, “ਹਾਂ। ਸਭ ਦਾ ਰੱਬ ਈ ਆ”, ਤੇ ਧੰਨਵਾਦ ਕਰਦੀ ਸਕੂਟਰੀ ਤੋਂ ਉਤਰ ਕੇ ਫੈਕਟਰੀ ਅੰਦਰ ਚਲੀ ਗਈ। ਮੈਂ ਵੀ ਤੁਰ ਪਈ ਸਾਂ ਤੇ ਸੋਚਣ ਲੱਗੀ ਕਿ ਕਿਵੇਂ ਚਾਰੇ ਪਾਸਿਓਂ ਦੁੱਖਾਂ ਨਾਲ ਘਿਰੀ, ਹਿੰਮਤ ਦਾ ਪਹਾੜ ਵੀ ਚੁੱਕੀ ਫਿਰਦੀ ਹੈ ਤੇ ਅਜੇ ਲੋਕ ਕਹਿੰਦੇ- ‘ਕੁੜੀਆਂ ਕਮਜ਼ੋਰ ਹੁੰਦੀਆਂ’।
ਸੰਪਰਕ: guripumar1208@gmail.com

Advertisement
Author Image

joginder kumar

View all posts

Advertisement
Advertisement
×