ਲੁਧਿਆਣਾ ਦੀਆਂ ਕੁੜੀਆਂ ਨੇ ਬਾਜ਼ੀ ਮਾਰੀ
ਆਦਿਤੀ ਨੇ ਪੰਜਾਬ ’ਚ ਪਹਿਲਾ ਅਤੇ ਅਲੀਸ਼ਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ
ਸਤਵਿੰਦਰ ਬਸਰਾ
ਲੁਧਿਆਣਾ, 18 ਅਪਰੈਲ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 10ਵੀਂ ਜਮਾਤ ਦੇ ਐਲਾਨੇ ਨਤੀਜੇ ਵਿੱਚ ਲੁਧਿਆਣਾ ਦੇ ਵਿਦਿਆਰਥੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਲੁਧਿਆਣਾ ਦੇ ਵੱਖ-ਵੱਖ ਸਕੂਲਾਂ ਦੇ 10 ਵਿਦਿਆਰਥੀਆਂ ਨੇ ਮੈਰਿਟ ਸੂਚੀ ਦੇ ਪਹਿਲੇ 10 ਰੈਂਕਾਂ ਵਿੱਚ ਆਪਣੀ ਥਾਂ ਬਣਾਈ ਹੈ। ਇੱਥੋਂ ਦੇ ਤੇਜਾ ਸਿੰਘ ਸੁਤੰਤਰ ਸਕੂਲ ਦੀ ਆਦਿਤੀ ਨੇ 100 ਫੀਸਦੀ ਅੰਕਾਂ ਨਾਲ ਪੰਜਾਬ ਵਿੱਚ ਪਹਿਲਾ ਜਦਕਿ ਇਸੇ ਸਕੂਲ ਦੀ ਅਲੀਸ਼ਾ ਸ਼ਰਮਾ ਨੇ 99.23 ਫੀਸਦੀ ਅੰਕਾਂ ਨਾਲ ਪੰਜਾਬ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਨਤੀਜੇ ਨੂੰ ਲੈ ਕੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿੱਚ ਅੱਜ ਸਾਰਾ ਦਿਨ ਰੌਣਕਾਂ ਲੱਗੀਆਂ ਰਹੀਆਂ। ਸਕੂਲਾਂ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ, ਸਟਾਫ ਮੈਂਬਰਾਂ ਅਤੇ ਸਕੂਲ ਪ੍ਰਬੰਧਕਾਂ ਨੇ ਭੰਗੜੇ ਪਾਏ ਅਤੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ।
ਬੋਰਡ ਵੱਲੋਂ ਅੱਜ ਦਸਵੀਂ ਜਮਾਤ ਦੇ ਨਤੀਜੇ ਦੀ ਜਾਰੀ ਕੀਤੀ 316 ਵਿਦਿਆਰਥੀਆਂ ਦੀ ਮੈਰਿਟ ਸੂਚੀ ਵਿੱਚ ਲੁਧਿਆਣਾ ਦੇ ਵੱਖ-ਵੱਖ ਸਕੂਲਾਂ ਦੇ 56 ਵਿਦਿਆਰਥੀ ਮੈਰਿਟ ਵਿੱਚ ਆਏ ਹਨ। ਇਨ੍ਹਾਂ ’ਚੋਂ ਸਭ ਤੋਂ ਵੱਧ 8 ਵਿਦਿਆਰਥੀ ਤੇਜਾ ਸਿੰਘ ਸੁਤੰਤਰ ਸਕੂਲ ਦੇ ਆਏ ਹਨ। ਇਨ੍ਹਾਂ ਤੋਂ ਇਲਾਵਾ 4 ਵਿਦਿਆਰਥੀ ਬੀਸੀਐੱਮ ਸਕੂਲ, 5 ਵਿਦਿਆਰਥੀ ਆਰਐੱਸ ਮਾਡਲ ਸਕੂਲ, 2 ਵਿਦਿਆਰਥੀ ਦਸਮੇਸ਼ ਬਲਿਕ ਸਕੂਲ ਦਸਮੇਸ਼ ਨਗਰ, 4 ਵਿਦਿਆਰਥੀ ਦਸਮੇਸ਼ ਮਾਡਲ ਸਕੂਲ ਦੋਰਾਹਾ ਦੇ ਸ਼ਾਮਲ ਹਨ। ਸੂਬੇ ਵਿੱਚੋਂ ਪਹਿਲੇ ਸਥਾਨ ’ਤੇ ਰਹੀ ਤੇਜਾ ਸਿੰਘ ਸੁਤੰਤਰ ਸਕੂਲ ਦੀ ਅਦਿਤੀ ਵੱਡੀ ਹੋ ਕੇ ਡਾਕਟਰ ਬਣਨਾ ਚਾਹੁੰਦੀ ਹੈ। ਉਸ ਨੂੰ ਮੈਰਿਟ ਵਿੱਚ ਆਉਣ ਦੀ ਤਾਂ ਉਮੀਦ ਸੀ ਪਰ ਉਹ ਸੂਬੇ ਵਿੱਚ ਪਹਿਲੇ ਸਥਾਨ ’ਤੇ ਰਹੇਗੀ, ਇਹ ਉਸ ਨੇ ਕਦੇ ਸੋਚਿਆ ਨਹੀਂ ਸੀ। ਅਜੇ ਕੁਮਾਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਧੀ ਨੂੰ ਡਾਕਟਰ ਬਣਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ। ਸੂਬੇ ਵਿੱਚ ਦੂਜੇ ਸਥਾਨ ’ਤੇ ਰਹੀ ਅਲੀਸ਼ਾ ਸ਼ਰਮਾ ਨੇ ਕਿਹਾ ਕਿ ਦਾ ਟੀਚਾ ਡਾਕਟਰ ਬਣਨਾ ਹੈ। ਉਸ ਦੇ ਪਿਤਾ ਮਹਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਮਮਤਾ ਰਾਣੀ ਨੂੰ ਆਪਣੀ ਧੀ ’ਤੇ ਬਹੁਤ ਮਾਣ ਹੈ।
ਪੰਜ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਵੀ ਮੈਰਿਟ ’ਚ ਥਾਂ ਬਣਾਈ
ਨਤੀਜੇ ਵਿੱਚ ਸ਼ਹਿਰ ਦੇ ਪੰਜ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਮੈਰਿਟ ਵਿੱਚ ਥਾਂ ਬਣਾਉਣ ’ਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ’ਚ ਗੌਰਮਿੰਟ ਕੰਨਿਆ ਸਕੂਲ ਸਾਹਨੇਵਾਲ ਦੀ ਰਾਜਵਿੰਦਰ ਕੌਰ ਨੇ 97.85 ਫੀਸਦੀ, ਸਰਕਾਰੀ ਗਰਲਜ਼ ਸਕੂਲ ਸਮਰਾਲਾ ਦੀ ਸਿਮਰਨਪ੍ਰੀਤ ਕੌਰ ਨੇ 97.38 ਫੀਸਦੀ ਅਤੇ ਮਹਿਕਪ੍ਰੀਤ ਨੇ 97.8 ਫੀਸਦੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਿਆਲੀ ਦੀ ਹੰਸਿਕਾ ਸਕਸੈਨਾ ਨੇ 97.23 ਫੀਸਦੀ, ਸਰਕਾਰੀ ਸਕੂਲ ਬਸਤੀ ਜੋਧੇਵਾਲ ਦੀ ਅਮਨਦੀਪ ਕੌਰ ਨੇ 96.62 ਫੀਸਦੀ ਅੰਕ ਪ੍ਰਾਪਤ ਕਰਕੇ ਸਰਕਾਰੀ ਸਕੂਲਾਂ ਦਾ ਨਾਂ ਹੋਰ ਉੱਚਾ ਕੀਤਾ ਹੈ।
ਪਾਇਲ ਦੇ ਆਕਾਸ਼ਦੀਪ ਵੱਲੋਂ ਮੈਰਿਟ ਸੂਚੀ ਵਿੱਚ ਨਾਮ ਦਰਜ
ਪਾਇਲ (ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੀ ਮੈਰਿਟ ਸੂਚੀ ਦਾ ਨਤੀਜਾ ਐਲਾਨੇ ਜਾਣ ਉਪਰੰਤ ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਮੋਂ (ਲੁਧਿਆਣਾ) ਦਾ ਵਿਦਿਆਰਥੀ ਆਕਾਸ਼ਦੀਪ ਸਿੰਘ ਰੋੜੀਆਂ ਪੁੱਤਰ ਡਾਕਟਰ ਕੇਵਲ ਸਿੰਘ ਨੇ 650 ’ਚੋਂ 630 ਅੰਕ ਪ੍ਰਾਪਤ ਕਰਕੇ ਆਪਣਾ ਨਾਮ ਮੈਰਿਟ ਸੂਚੀ ਵਿੱਚ ਦਰਜ ਕਰ ਦਿੱਤਾ ਹੈ। ਇਸ ਖ਼ੁਸ਼ੀ ਨੂੰ ਸਾਂਝੀ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਮੋਦਗਿੱਲ ਨੇ ਵਿਦਿਆਰਥੀ ਦਾ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ ਤੇ ਮਾਪਿਆਂ ਨੂੰ ਵਧਾਈ ਦਿੱਤੀ।