ਦਵਾਤ ਵਿਚਲਾ ਭੂਤ
ਬੂਟਾ ਸਿੰਘ ਵਾਕਫ਼
ਗੱਲ ਚਾਰ ਕੁ ਦਹਾਕੇ ਪੁਰਾਣੀ ਹੈ। ਉਨ੍ਹੀਂ ਦਿਨੀਂ ਦਸਵੀਂ ਜਮਾਤ ਦਾ ਵਿਦਿਆਰਥੀ ਸੀ। ਕੱਤਕ ਮਹੀਨੇ ਦੀ ਨਿੱਘੀ ਜਿਹੀ ਸ਼ਾਮ ਢਲ ਰਹੀ ਸੀ। ਘਰਦੇ ਰੋਜ਼ਾਨਾ ਵਾਂਗ ਨਰਮੇ ਦੀ ਚੁਗਾਈ ਲਈ ਖੇਤੀਂ ਗਏ ਹੋਏ ਸਨ। ਮੈਂ ਸ਼ਾਮ ਢਲੇ ਖੇਤ ਪਹੁੰਚ ਕੇ ਨਰਮੇ ਦੀ ਤੁਲਾਈ ਕਰਨੀ ਹੁੰਦੀ ਸੀ। ਫਿਰ ਨਰਮੇ ਦੀਆਂ ਪੰਡਾਂ ਬੈਲ-ਗੱਡੀ ’ਤੇ ਲੱਦ ਕੇ ਘਰ ਲਿਆਉਣੀਆਂ ਹੁੰਦੀਆਂ ਸਨ। ਹਰ ਰੋਜ਼ ਮੈਂ ਇੰਨੀ ਕੁ ਡਿਊਟੀ ਹੀ ਨਿਭਾਉਣੀ ਹੁੰਦੀ ਸੀ। ਉਸ ਦਿਨ ਮੈਂ ਹੋਰ ਘੰਟੇ ਕੁ ਤੱਕ ਆਪਣੀ ਇਹ ਡਿਊਟੀ ਨਿਭਾਉਣ ਲਈ ਖੇਤਾਂ ਨੂੰ ਰਵਾਨਾ ਹੋਣਾ ਸੀ। ਅਜੇ ਵਿਹੜੇ ਵਿਚ ਬੈਠਾ ਆਪਣੇ ਸਿਲੇਬਸ ਦੀ ਕਿਤਾਬ ਪੜ੍ਹਨ ਵਿਚ ਮਗਨ ਸੀ, ਅਚਾਨਕ ਹੋ ਰਹੀ ਟੱਕ ਟੱਕ, ਠੁੱਕ ਠੁੱਕ ਦੀ ਆਵਾਜ਼ ਨੇ ਧਿਆਨ ਭੰਗ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਪਹਿਲੀ ਵਾਰ ਇਸ ਆਵਾਜ਼ ਨੂੰ ਅਣਗੌਲਿਆਂ ਕਰ ਛੱਡਿਆ ਤੇ ਪੜ੍ਹਦਾ ਰਿਹਾ। ਥੋੜ੍ਹੀ ਦੇਰ ਬਾਅਦ ਫਿਰ ਉਹੀ ਟੱਕ ਟੱਕ, ਠੁੱਕ ਠੁੱਕ ਦੀ ਆਵਾਜ਼ ਆਈ। ਮੈਂ ਗਹੁ ਨਾਲ ਪੜਤਾਲ ਕੀਤੀ ਤਾਂ ਸਮਝ ਆਈ ਕਿ ਇਹ ਆਵਾਜ਼ ਪੇਟੀਆਂ-ਸੰਦੂਕਾਂ ਵਾਲੇ ਕਮਰੇ ਵਿਚੋਂ ਆ ਰਹੀ ਸੀ। ਹੁਣ ਇਹ ਆਵਾਜ਼ ਲਗਾਤਾਰ ਹੀ ਆ ਰਹੀ ਸੀ।
ਅਛੋਪਲੇ ਜਿਹੇ ਉੱਠ ਕੇ ਕਮਰੇ ਦੇ ਬੂਹੇ ਤੱਕ ਪਹੁੰਚ ਗਿਆ। ਕਮਰੇ ਦੇ ਅੱਧ ਖੁੱਲ੍ਹੇ ਬੂਹੇ ਨੂੰ ਮੈਂ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਪਰ ਹੁਣ ਕਿਸੇ ਵੀ ਕਿਸਮ ਦੀ ਆਵਾਜ਼ ਮੇਰੇ ਕੰਨੀਂ ਨਹੀਂ ਪੈ ਰਹੀ ਸੀ। ਮੈਂ ਕੁਝ ਦੇਰ ਲਈ ਆਵਾਜ਼ ਦੁਬਾਰਾ ਸੁਣਨ ਦੀ ਉਡੀਕ ਵਿਚ ਉੱਥੇ ਖੜ੍ਹਾ ਰਿਹਾ। ਕੁਝ ਪਲ ਬੀਤਣ ਦੇ ਬਾਵਜੂਦ ਆਵਾਜ਼ ਨਹੀਂ ਆਈ। ਮੈਂ ਵਾਪਸ ਮੁੜਿਆ, ਆ ਕੇ ਮੰਜੇ ’ਤੇ ਬੈਠ ਗਿਆ ਅਤੇ ਆਪਣੀ ਕਿਤਾਬ ਦੁਬਾਰਾ ਖੋਲ੍ਹ ਲਈ। ਅਜੇ ਪੜ੍ਹਨਾ ਸ਼ੁਰੂ ਹੀ ਕੀਤਾ ਸੀ ਕਿ ਕਮਰੇ ਵਿਚੋਂ ਉਹੀ ਆਵਾਜ਼ ਇੱਕ ਵਾਰ ਫਿਰ ਮੇਰੇ ਕੰਨਾਂ ਵਿਚ ਆ ਵੱਜੀ। ਹੈਰਾਨੀ ਅਤੇ ਘਬਰਾਹਟ ਦੇ ਕੁਝ ਰਲੇ-ਮਿਲੇ ਪ੍ਰਭਾਵ ਚਿਹਰੇ ’ਤੇ ਉੱਕਰੇ ਗਏ। ਮੈਂ ਦੁਬਾਰਾ ਕਾਹਲੀ ਨਾਲ ਉੱਠ ਕੇ ਕਮਰੇ ਦੇ ਦਰਵਾਜ਼ੇ ਤੱਕ ਪਹੁੰਚਿਆ। ਦਰਵਾਜ਼ੇ ਤੱਕ ਪਹੁੰਚਦਿਆਂ ਹੀ ਆਵਾਜ਼ ਫਿਰ ਬੰਦ ਹੋ ਗਈ। ਮੈਂ ਦੁਬਿਧਾ ਵਿਚ ਪੈ ਗਿਆ ਕਿ ਆਖ਼ਿਰ ਮਸਲਾ ਹੈ ਕੀ...? ਆਖਿ਼ਰਕਾਰ ਕਮਰੇ ਵਿਚ ਪਈਆਂ ਪੇਟੀਆਂ ਅਤੇ ਸੰਦੂਕ ਦੇ ਚੁਫ਼ੇਰੇ ਤੇ ਹੇਠਾਂ ਸਾਰੇ ਪਾਸੀਂ ਗਹੁ ਨਾਲ ਛਾਣਬੀਣ ਕੀਤੀ। ਸੋਚਿਆ ਸ਼ਾਇਦ ਕੋਈ ਚਿੜੀ-ਜਨੌਰ ਹੀ ਨਾ ਬੈਠਾ ਹੋਵੇ ਜਿਹੜਾ ਇੱਦਾਂ ਦੀ ਆਵਾਜ਼ ਕਰਦਾ ਹੋਵੇ। ਕਾਫੀ ਦੇਰ ਜਾਂਚ-ਪੜਤਾਲ ਤੋਂ ਬਾਅਦ ਵੀ ਉੱਥੇ ਕੁਝ ਵੀ ਅਜਿਹਾ ਦਿਖਾਈ ਨਹੀਂ ਦਿੱਤਾ ਜਿਸ ਨਾਲ ਇਹ ਆਵਾਜ਼ ਪੈਦਾ ਹੁੰਦੀ ਹੋਵੇ।
ਪੂਰਨ ਤਸੱਲੀ ਮਗਰੋਂ ਮੈਂ ਫਿਰ ਵਾਪਸ ਆ ਕੇ ਮੰਜੇ ’ਤੇ ਬੈਠ ਗਿਆ। ਉਂਝ, ਮੇਰੀਆਂ ਅੱਖਾਂ ਤੇ ਕੰਨ ਅਜੇ ਵੀ ਕਮਰੇ ਵੱਲ ਹੀ ਸਨ ਕਿ ਸ਼ਾਇਦ ਆਵਾਜ਼ ਫਿਰ ਸੁਣਾਈ ਦੇਵੇ ਪਰ ਹੁਣ ਕਾਫ਼ੀ ਦੇਰ ਤੱਕ ਕਿਸੇ ਕਿਸਮ ਦੀ ਕੋਈ ਆਵਾਜ਼ ਸੁਣਾਈ ਨਹੀਂ ਦਿੱਤੀ। ਮੈਂ ਦੁਬਾਰਾ ਪੜ੍ਹਨਾ ਸ਼ੁਰੂ ਕਰ ਦਿੱਤਾ। ਕੁਝ ਹੀ ਦੇਰ ਬਾਅਦ ਟਿਕ ਟਿਕ ਦੀ ਆਵਾਜ਼ ਫਿਰ ਆਉਣੀ ਸ਼ੁਰੂ ਹੋ ਗਈ। ਹੁਣ ਇਹ ਪਹਿਲਾਂ ਨਾਲੋਂ ਕੁਝ ਤੇਜ਼ ਲੱਗ ਰਹੀ ਸੀ। ਮੈਂ ਡਰ ਅਤੇ ਪ੍ਰੇਸ਼ਾਨੀ ਦੇ ਰਲਵੇਂ-ਮਿਲਵੇਂ ਪ੍ਰਭਾਵ ਵਿਚ ਗੜੁੱਚ ਸਾਂ। ਮਨ ਅੰਦਰ ਕਈ ਤਰ੍ਹਾਂ ਦੇ ਚੰਗੇ-ਮਾੜੇ ਖਿਆਲ ਉਡਾਰੀ ਭਰਨ ਲੱਗੇ। ਡਰ ਭਾਰੂ ਹੋ ਰਿਹਾ ਸੀ। ਅਚਾਨਕ ਵਿਗਿਆਨ ਵਾਲੇ ਅਧਿਆਪਕ ਦੀ ਗੱਲ ਮਨ ਮਸਤਕ ਵਿਚ ਉੱਤਰ ਗਈ- ‘ਦੁਨੀਆ ਅੰਦਰ ਕੋਈ ਭੂਤ-ਪ੍ਰੇਤ ਨਹੀਂ ਹੁੰਦਾ। ਸਭ ਮਨ ਦੇ ਵਹਿਮ ਹੁੰਦੇ ਨੇ।’ ਉਹ ਸਾਨੂੰ ਅਕਸਰ ਵਹਿਮਾਂ-ਭਰਮਾਂ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਸਨ। ਕਈ ਮਹੀਨੇ ਪਹਿਲਾਂ ਪਿੰਡ ਵਿਚ ਲੱਗੇ ਤਰਕਸ਼ੀਲ ਮੇਲੇ ਵਿਚ ਵੀ ਤਰਕਸ਼ੀਲਾਂ ਨੇ ਵਹਿਮਾਂ-ਭਰਮਾਂ, ਭੂਤਾਂ-ਪ੍ਰੇਤਾਂ ਤੇ ਅਖੌਤੀ ਸਾਧੂ-ਬੂਬਨਿਆਂ ਦੇ ਪਰਦੇ ਫਾਸ਼ ਕੀਤੇ ਸਨ। ਇਹ ਸਭ ਗੱਲਾਂ ਚੇਤੇ ਕਰ ਕੇ ਮੈਂ ਇੱਕ ਵਾਰ ਫਿਰ ਹੌਸਲੇ ਵਿਚ ਹੋ ਗਿਆ। ਮੈਂ ਉੱਠਿਆ ਤੇ ਕੰਧੋਲੀ ਕੋਲ ਪਈ ਬਲਦਾਂ ਨੂੰ ਹੱਕਣ ਵਾਲੀ ਪ੍ਰਾਣੀ (ਸੋਟੀ) ਚੁੱਕ ਪੋਲੇ ਪੱਬ ਧਰਦਿਆਂ ਦਰਵਾਜ਼ੇ ਤੱਕ ਜਾ ਪਹੁੰਚਿਆ। ਆਵਾਜ਼ ਫਿਰ ਬੰਦ ਸੀ। ਮੈਂ ਦਰਵਾਜ਼ੇ ਦੇ ਉਹਲੇ ਛੁਪ ਕੇ ਖਲੋ ਗਿਆ। ਦੁਬਾਰਾ ਆਵਾਜ਼ ਦੀ ਉਡੀਕ ਕਰਨ ਲੱਗਾ। ਕਾਫੀ ਦੇਰ ਬਾਅਦ ਆਵਾਜ਼ ਫਿਰ ਆਉਣ ਲੱਗ ਪਈ। ਮੇਰਾ ਅੰਦਾਜ਼ਾ ਸਹੀ ਸੀ। ਇਹ ਆਵਾਜ਼ ਸੰਦੂਕ ਦੇ ਉਪਰੋਂ ਆ ਰਹੀ ਸੀ। ਮੈਂ ਪੱਬਾਂ ਭਾਰ ਹੋ ਸੰਦੂਕ ਦੀ ਛੱਤ ਵੱਲ ਨਿਗ੍ਹਾ ਮਾਰੀ। ਕਮਰੇ ਅੰਦਰ ਪੈ ਰਹੀ ਮੱਧਮ ਰੌਸ਼ਨੀ ਵਿਚ ਮੈਂ ਦੇਖਿਆ ਕਿ ਸੰਦੂਕ ’ਤੇ ਟੇਢੀ ਪਈ ਸਿਆਹੀ ਵਾਲੀ ਕੱਚ ਦੀ ਦਵਾਤ ਹਿੱਲ ਰਹੀ ਸੀ। ਇਹ ਸੰਦੂਕ ਦੀ ਛੱਤ ਨਾਲ ਵਾਰ ਵਾਰ ਵੱਜ ਕੇ ਆਵਾਜ਼ ਪੈਦਾ ਕਰ ਰਹੀ ਸੀ। ਮੈਂ ਹੌਸਲਾ ਜਿਹਾ ਕਰ ਕੇ ਸੰਦੂਕ ਦੇ ਹੋਰ ਨੇੜੇ ਹੋ ਗਿਆ। ਸੋਟੀ ਆਸਰੇ ਦਵਾਤ ਨੂੰ ਹੇਠਾਂ ਕੱਚੀ ਥਾਂ ’ਤੇ ਸੁੱਟ ਲਿਆ। ਮੇਰੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਮੈਂ ਦਵਾਤ ਵਿਚਲਾ ਭੂਤ ਫੜ ਲਿਆ ਸੀ।
ਅਸਲ ਵਿਚ ਇਹ ਸਿਆਹੀ ਵਾਲੀ ਖਾਲੀ ਦਵਾਤ ਸੀ ਜਿਸ ਦਾ ਢੱਕਣ ਕਿਧਰੇ ਗੁਆਚ ਗਿਆ ਸੀ। ਕਈ ਦਿਨ ਪਹਿਲਾਂ ਟੁੱਟ ਜਾਣ ਦੇ ਡਰੋਂ ਮੈਂ ਇਸ ਨੂੰ ਸੰਦੂਕ ਉੱਪਰ ਰੱਖ ਦਿੱਤਾ ਸੀ, ਤੇ ਹੁਣ ਚੂਹੇ ਦਾ ਸਿਰ ਇਸ ਵਿਚ ਫਸਿਆ ਹੋਇਆ ਸੀ। ਜਦੋਂ ਵੀ ਚੂਹਾ ਆਪਣਾ ਸਿਰ ਦਵਾਤ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਤਾਂ ਦਵਾਤ ਸੰਦੂਕ ਦੀ ਛੱਤ ਨਾਲ ਟਕਰਾ ਕੇ ਆਵਾਜ਼ ਪੈਦਾ ਕਰਦੀ। ਦਵਾਤ ਦੇ ਹੇਠਾਂ ਡਿੱਗਣ ਨਾਲ ਵੀ ਚੂਹੇ ਦਾ ਸਿਰ ਇਸ ਵਿਚੋਂ ਬਾਹਰ ਨਹੀਂ ਨਿਕਲ ਸਕਿਆ ਸੀ। ਉਸ ਨੂੰ ਦਵਾਤ ਦੀ ਕੈਦ ਚੋਂ ਛੁਡਾਉਣ ਦਾ ਮੈਨੂੰ ਕੋਈ ਤਰੀਕਾ ਵੀ ਨਹੀਂ ਸੁੱਝ ਰਿਹਾ ਸੀ। ਮੈਂ ਦਵਾਤ ਚੂਹੇ ਸਮੇਤ ਚੁੱਕ ਲਈ ਅਤੇ ਲਮਕ ਰਹੇ ਚੂਹੇ ਵਾਲੀ ਦਵਾਤ ਪਸ਼ੂਆਂ ਵਾਲੇ ਵਾੜੇ ਵਿਚ ਲਿਜਾ ਰੂੜੀ ਉੱਪਰ ਵਗਾਹ ਮਾਰੀ। ਕੱਚ ਦੀ ਦਵਾਤ ਰੂੜੀ ਨੇੜੇ ਪਈ ਇੱਟ ਨਾਲ ਟਕਰਾ ਕੇ ਚਕਨਾਚੂਰ ਹੋ ਗਈ ਪਰ ਚੂਹਾ ਬਚ ਗਿਆ। ਉਹ ਦੌੜ ਕੇ ਪਾਥੀਆਂ ਵਾਲੇ ਗਹੀਰੇ ਵਿਚ ਜਾ ਲੁਕਿਆ।
ਸੰਪਰਕ: 98762-24461