ਮਿਠਾਸ ਵੰਡਣ ਵਾਲੀ ਧਰਤੀ ਦਾ ਬੂਹਾ ਵੁਲਗੂਲਗਾ
ਲਖਵਿੰਦਰ ਸਿੰਘ ਰਈਆ
ਵੁਲਗੂਲਗਾ ਸਿਡਨੀ ਤੋਂ ਉੱਤਰ ਵਾਲੇ ਪਾਸੇ ਤਕਰੀਬਨ ਸਾਢੇ ਪੰਜ ਸੌ ਕਿਲੋਮੀਟਰ ਦੂਰ ਬ੍ਰਿਸਬੇਨ ਨੂੰ ਜਾਂਦੇ ਪੈਸੀਫਿਕ ਹਾਈਵੇਅ ਦੇ ਆਲੇ-ਦੁਆਲੇ ਵਸਿਆ ਨੀਮ ਪਹਾੜੀ ਇਲਾਕਾ ਹੈ। ਸਿਡਨੀ ਵਾਲੇ ਪਾਸਿਓਂ ਵੁਲਗੂਲਗਾ ਤੋਂ ਅਗਲਾ ਕੁਈਨਜ਼ਲੈਂਡ ਦਾ ਵੱਡਾ ਇਲਾਕਾ ਹੈ ਜੋ ਮਿਠਾਸ ਵੰਡਣ ਵਾਲੀਆਂ ਫ਼ਸਲਾਂ ਦਾ ਇੱਕ ਵਿਸ਼ਾਲ ਖੇਤਰ ਹੈ। ਇਸ ਲਈ ਵੁਲਗੂਲਗਾ ਨੂੰ ਮਿਠਾਸ ਵੰਡਣ ਵਾਲੀ ਧਰਤੀ ਦਾ ਬੂਹਾ ਕਹਿਣਾ ਕੋਈ ਅਤਿਕਥਨੀ ਵਾਲੀ ਗੱਲ ਨਹੀਂ ਹੋਵੇਗੀ।
ਸਮੁੰਦਰ ਦੇ ਨਾਲ ਨਾਲ ਫੈਲੇ ਇਸ ਇਲਾਕੇ ਦੀ ਜਰਖੇਜ਼ ਧਰਤੀ ਨੂੰ ਜਿੱਥੇ ਕੁਦਰਤ ਨੇ ਹਰੀ ਭਰੀ ਸੁਹਜ ਨਾਲ ਨਿਵਾਜਿਆ ਹੋਇਆ ਹੈ, ਉੱਥੇ ਮਨੁੱਖ ਨੇ ਆਪਣੇ ਉੱਦਮ, ਸਖ਼ਤ ਘਾਲਣਾ ਤੇ ਅਕਲ ਸਦਕਾ ਇੱਥੋਂ ਦੇ ਪੌਣਪਾਣੀ ਤੇ ਉਪਜਾਊ ਮਿੱਟੀ ਵਾਲੀ ਧਰਤੀ ਉੱਤੇ ਵੱਡੀ ਮਿਕਦਾਰ ਵਿੱਚ ਕੇਲਾ, ਬਲਿਊ ਬੇਰੀ ਤੇ ਗੰਨੇ ਆਦਿ ਦੀਆਂ ਫ਼ਸਲਾਂ ਉਗਾ ਕੇ ਮਿਠਾਸ ਵੰਡਣ ਦੇ ਯੋਗ ਬਣਾ ਲਿਆ ਹੈ।
ਮੋਟੇ ਅੰਦਾਜ਼ੇ ਮੁਤਾਬਕ ਮਿਠਾਸ ਭਰੀਆਂ ਇਨ੍ਹਾਂ ਫ਼ਸਲਾਂ ਦੀ 94-95 ਪ੍ਰਤੀਸ਼ਤ ਉਪਜ ਆਸਟਰੇਲੀਆ ਦੇ ਇੱਧਰਲੇ ਇਲਾਕਿਆਂ (ਕੁਈਨਜ਼ਲੈਂਡ) ਵਿੱਚ ਹੀ ਹੁੰਦੀ ਹੈ।
ਆਸਟਰੇਲੀਆ ਵਿੱਚ ਵਿਦੇਸ਼ੀਆਂਂ ਖ਼ਾਸ ਕਰਕੇ ਪੰਜਾਬੀਆਂ ਦੇ ਪਰਵਾਸ ਦੇ ਇਤਿਹਾਸ ’ਤੇ ਸਰਸਰੀ ਝਾਤ ਮਾਰਨ ’ਤੇ ਇਹ ਗੱਲ ਸਾਹਮਣੇ ਆ ਜਾਂਦੀ ਹੈ ਕਿ 19ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿੱਚ ਜਦੋਂ ਅਜੇ ਖੇਤੀ ਖੇਤਰ ਲਈ ਕੋਈ ਖ਼ਾਸ ਮਸ਼ੀਨੀ ਯੁੱਗ ਸ਼ੁਰੂ ਨਹੀਂ ਹੋਇਆ ਸੀ ਤਾਂ ਇੱਥੇ ਖੇਤੀਬਾੜੀ ਵਾਸਤੇ ਸਖ਼ਤ ਘਾਲਣਾ ਵਾਲੇ ਕਿਰਤੀ ਲੋਕਾਂ ਦੀ ਬਹੁਤ ਜ਼ਰੂਰਤ ਸੀ। ਸੰਨ 1830-40 ਦੇ ਆਸ ਪਾਸ ਪੰਜਾਬੀ ਖ਼ਾਸ ਕਰਕੇ ਸਿੱਖ ਸੁਮਦਾਇ ਦੇ ਕੁਝ ਕੁ ਲੋਕਾਂ ਨੇ ਚਾਰੇ ਪਾਸੇ ਤੋਂ ਸਮੁੰਦਰ ਨਾਲ ਘਿਰੇ ਵਿਸ਼ਾਲ ਤੇ ਅਨੋਖੇ ਸਮੁੰਦਰੀ ਕਿਨਾਰੇ ਵਾਲੇ ਵੁਲਗੂਲਗਾ ਦੇ ਇਸ ਇਲਾਕੇ ’ਤੇ ਪੈਰ ਪਾਇਆ। ਫਿਰ ਸਹਿਜੇ ਸਹਿਜੇ ਇੱਥੇ ਪਹੁੰਚਣ ਵਾਲੇ ਪੰਜਾਬੀਆਂ ਦੀ ਗਿਣਤੀ ਵਧਣ ਲੱਗੀ ਤੇ ਉਹ ਆਲੇ ਦੁਆਲੇ ਦੇ ਹੋਰ ਖੇਤਰਾਂ ਵਿੱਚ ਵਸਣ-ਰਸਣ ਲੱਗ ਪਏ। ਵਧੇਰੇ ਕਰਕੇ ਇਨ੍ਹਾਂ ਪੰਜਾਬੀਆਂ ਨੇ ਕਿਸਾਨੀ ਕਾਰੋਬਾਰ ਅਪਣਾਉਣ ਨੂੰ ਤਰਜੀਹ ਦਿੱਤੀ।
ਭਾਵੇਂ ਕਿ ਪਹਿਲਾਂ ਪੰਜਾਬੀਆਂ ਨੇ ਇੱਕ ਕਿਰਤੀ ਦੇ ਰੂਪ ਵਿੱਚ ਇੱਥੇ ਆ ਕੇ ਬਹੁਤ ਸਾਰੇ ਔਖੇ ਹਾਲਤਾਂ ਵਿੱਚ ਵੀ ਇਮਾਨਦਾਰੀ ਤੇ ਵਫ਼ਾਦਾਰੀ ਨਾਲ ਸਖ਼ਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਸਮਾਂ ਪਾ ਕੇ ਉਨ੍ਹਾਂ ਦੀ ਮਿਹਨਤ ਨੂੰ ਐਸੇ ਰੰਗ ਲੱਗਣੇ ਸ਼ੁਰੂ ਹੋਏ ਕਿ ਜਿੱਥੇ ਉਹ ਖ਼ੁਦ ਖੇਤੀ ਦੇ ਮਾਲਕ ਬਣਨ ਲੱਗੇ, ਉੱਥੇ ਹੁਣ ਉਨ੍ਹਾਂ ਦੀਆਂ ਅਗਲੇਰੀਆਂ ਪੀੜ੍ਹੀਆਂ ਨੇ ਖੇਤੀ ਦੀ ਨਵੀਂ ਤਕਨੀਕ/ ਮਸ਼ੀਨਰੀ ਦੇ ਸਹਾਰੇ ‘ਅਕਲ ਨਾਲ ਵਾਹ ਤੇ ਰੱਜ ਕੇ ਖਾਹ’ ਦਾ ਪੈਂਤੜਾ ਅਪਣਾਉਂਦਿਆਂ ਸੈਂਕੜੇ/ ਹਜ਼ਾਰਾਂ ਏਕੜਾਂ ਦੇ ਮਾਲਕ ਬਣਨਾ ਸ਼ੁਰੂ ਕਰ ਦਿੱਤਾ ਹੈ। ਹੁਣ ਉਹ ਕੇਲਿਆਂ, ਬਲਿਊ ਬੇਰੀ ਤੇ ਗੰਨੇ ਆਦਿ ਮਿਠਾਸ ਭਰਪੂਰ ਫ਼ਸਲਾਂ ਦੀ ਵੱਡੀ ਮਾਤਰਾ ਵਿੱਚ ਉਪਜ ਪੈਦਾ ਕਰਕੇ ਨਾਮਣਾ ਖੱਟ ਰਹੇ ਹਨ। ਇੱਥੇ ਹੀ ਬੱਸ ਨਹੀਂ, ਅੱਗੇ ਹੋਰ ਇਨ੍ਹਾਂ ਪੰਜਾਬੀਆਂ ਨੇ ਉੱਨਤੀ ਕਰਦਿਆਂ ਸਹਿਕਾਰੀ ਸੁਸਾਇਟੀਆਂ ਬਣਾ ਕੇ ਇਨ੍ਹਾਂ ਫ਼ਸਲਾਂ ਦੀ ਮਿਠਾਸ ਤੋਂ ਹੋਰ ਅਗਲੇਰੇ ਖਾਧ ਪਦਾਰਥ (ਜੂਸ ਅਤੇ ਖੰਡ ਆਦਿ) ਦੇ ਉਤਪਾਦਨ ਵਿੱਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ। ਪੰਜਾਬੀਆਂ ਦੀ ਅਜਿਹੀ ਮਾਣਮੱਤੀ ਕਿਸਾਨੀ ਕਾਰਜਸ਼ੈਲੀ ਉਨ੍ਹਾਂ ਦੇ ਮਾਣ ਵਿੱਚ ਚੋਖਾ ਵਾਧਾ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਸੱਭਿਆਚਾਰਕ, ਖੇਡਾਂ ਤੇ ਵਿਰਾਸਤੀ ਗਤੀਵਿਧੀਆਂ ਵਿੱਚ ਵੀ ਸ਼ਾਨਾਂਮੱਤੀਆਂ ਉਪਲੱਬਧੀਆਂ ਹਾਸਲ ਕਰ ਰਹੇ ਹਨ।
ਧਾਰਮਿਕ ਆਸਥਾ ਨੂੰ ਮੁੱਖ ਰੱਖਦਿਆਂ ਵੁਲਗੂਲਗਾ ਦੀ ਸਿੱਖ ਸੰਗਤ ਵੱਲੋਂ ਸੰਨ 1968-70 ਵਿੱਚ ‘ਗੁਰੂ ਨਾਨਕ ਫਸਟ ਸਿੱਖ ਟੈਂਪਲ’ ਨਾਂ ਦਾ ਗੁਰਦੁਆਰਾ ਅਜਿਹੇ ਉੱਚੇ ਸਥਾਨ ਉੱਪਰ ਸਥਾਪਿਤ ਕੀਤਾ ਗਿਆ ਹੈ, ਜਿੱਥੋਂ ਦੂਰ ਦੂਰ ਤੱਕ ਗੁਰੂ ਘਰ ਦੀ ਝਲਕ ਪੈਂਦੀ ਰਹੇ। ਸਮਾਂ ਪਾ ਕੇ ਹੁਣ ਇਹ ਗੁਰੂ ਘਰ ਆਧੁਨਿਕ ਸੁੰਦਰ ਇਮਾਰਤ ਦੇ ਰੂਪ ਵਿੱਚ ਸੁਸ਼ੋਭਿਤ ਹੈ। ਇਸ ਗੁਰੂ ਘਰ ਦੇ ਬਿਲਕੁਲ ਨੇੜਿਉਂ ਦੀ ਸਿਡਨੀ ਪੈਸੀਫਿਕ ਹਾਈਵੇਅ ਗੁਜ਼ਰਦਾ ਹੈ। ਇੱਥੋਂ ਲੰਘਣ ਵਾਲੇ ਯਾਤਰੀ ਵੀ ਬਗੈਰ ਕਿਸੇ ਭੇਦਭਾਵ ਦੇ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਲੋੜ ਅਨੁਸਾਰ ਚੱਲਦੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਪਾਣੀ ਛਕ ਸਕਦੇ ਹਨ।
ਇਸ ਗੁਰਦੁਆਰੇ ਦੇ ਸਾਹਮਣੇ ਸਿੱਖ ਮਿਊਜ਼ੀਅਮ ਵੀ ਬਣਾਇਆ ਹੋਇਆ ਹੈ ਜਿਸ ਵਿੱਚ ਜਿੱਥੇ ਸਿੱਖ ਇਤਿਹਾਸ ਨੂੰ ਲਿਖਤਾਂ /ਤਸਵੀਰਾਂ, ਵਿਰਾਸਤੀ ਵਸਤੂਆਂ ਤੇ ਸਿੱਖ ਸ਼ਸਤਰ ਪ੍ਰਦਰਸ਼ਤ ਕੀਤੇ ਹੋਏ ਹਨ, ਉੱਥੇ ਇਸ ਇਲਾਕੇ ਵਿੱਚ ਵਸਦੇ ਪੰਜਾਬੀਆਂ ਦੇ ਵੱਡ ਵਡੇਰਿਆਂ ਦਾ ਇੱਧਰ ਆਉਣ, ਇੱਥੇ ਵਸਣ ਰਸਣ ਤੇ ਕਿਰਤ ਕਮਾਈ ਨਾਲ ਨਾਤਾ ਜੋੜਨ ਦੇ ਮਾਣਮੱਤੇ ਇਤਿਹਾਸ ਨੂੰ ਵੀ ਤਸਵੀਰਾਂ ਤੇ ਲਿਖਤੀ ਰੂਪ ਵਿੱਚ ਸੰਭਾਲਿਆ ਹੋਇਆ ਹੈ। ਇਸ ਤੋਂ ਇਲਾਵਾ ਵਰਤਮਾਨ ਪੰਜਾਬੀਆਂ ਦੀ ਮਾਣਯੋਗ ਕਾਰਜਸ਼ੈਲੀ ਨੂੰ ਉਜਾਗਰ ਕਰਨ ਦੀਆਂ ਤਸਵੀਰਾਂ/ ਲਿਖਤਾਂ ਵੀ ਹਨ। ਇਸ ਬਾਰੇ ਇੱਥੋਂ ਦੇ ਲੋਕ ਆਪਣੇ ਪੁਰਖਿਆਂ ਦੀ ਨੇਕ ਕਮਾਈ ਅਤੇ ਉਨ੍ਹਾਂ ਦੀਆਂ ਬਰਕਤਾਂ ਦੀਆਂ ਬਾਤਾਂ ਨੂੰ ਵੀ ਬੜੇ ਮਾਣ ਨਾਲ ਯਾਤਰੀਆਂ ਨਾਲ ਸਾਂਝੀਆਂ ਕਰਦੇ ਹਨ।
ਇੱਥੋਂ ਦੇ ਪੰਜਾਬੀਆਂ ਨੇ ਆਪਣੀ ਨਵੀਂ ਪੀੜ੍ਹੀ ਦੇ ਬੱਚਿਆਂ ਦੀ ਮਾਂ ਬੋਲੀ ਪੰਜਾਬੀ ਤੇ ਪੰਜਾਬੀ ਵਿਰਾਸਤ ਨਾਲ ਸਾਂਝ ਬਣਾਈ ਰੱਖਣ ਲਈ ਪੰਜਾਬੀ ਸਕੂਲ ਵੀ ਸਥਾਪਿਤ ਕੀਤਾ ਹੋਇਆ ਹੈ ਜਿਸ ਵਿੱਚ ਹਫ਼ਤਾਵਾਰੀ ਛੁੱਟੀਆਂ ਯਾਨੀ ਸ਼ਨਿਚਰਵਾਰ- ਐਤਵਾਰ ਦੌਰਾਨ ਪੰਜਾਬੀ ਦੀ ਪੜ੍ਹਾਈ ਲਿਖਾਈ ਵੀ ਕਰਵਾਈ ਜਾਂਦੀ ਹੈ ਤੇ ਆਨਲਾਈਨ ਪੰਜਾਬੀ ਕਲਾਸਾਂ ਲਾਉਣ ਦੇ ਪੁਖ਼ਤਾ ਪ੍ਰਬੰਧ ਵੀ ਹਨ। ਅਜਿਹੇ ਸਾਰਥਿਕ ਉਚੇਚੇ ਉੱਦਮਾਂ ਸਦਕਾ ਹੀ ਪੰਜਾਬ ਤੋਂ ਦੂਰ ਸੱਤ ਸਮੁੰਦਰੋਂ ਪਾਰ ਆਸਟਰੇਲੀਆ ਵਿੱਚ ਵੱਸਦੇ ਪੰਜਾਬੀਆਂ ਦੀ ਨਵੀਂ ਪੀੜ੍ਹੀ ਵੀ ਕਾਫ਼ੀ ਹੱਦ ਤੱਕ ‘ਊੜੇ ਤੇ ਜੂੜੇ’ ਨਾਲ ਜੁੜੀ ਹੋਈ ਹੈ।
ਮਨੋਰੰਜਨ ਭਰਪੂਰ ਵੱਖ ਵੱਖ ਗਤੀਵਿਧੀਆਂ ਵਾਲੀ ‘ਬਿਗ ਬੈਨਾਨਾ’ ਵਾਟਰ ਪਾਰਕ ਅਤੇ ਸਮੁੰਦਰੀ ਬੀਚਾਂ ਦੀ ਕੁਦਰਤੀ ਖ਼ੂਬਸੂਰਤੀ ਦੇ ਅਲੌਕਿਕ ਨਜ਼ਾਰੇ ਆਪਣੀ ਮਿਸਾਲ ਆਪ ਹਨ। ਇਨ੍ਹਾਂ ਸਮੁੰਦਰੀ ਕੰਢਿਆਂ ਦੇ ਆਲੇ ਦੁਆਲੇ ਆਸਟਰੇਲੀਆ ਦੇ ਰਾਸ਼ਟਰੀ ਜਾਨਵਰ ਕੰਗਾਰੂਆਂ ਦੀਆਂ ਮਸਤੀਆਂ, ਪਿਛਲੇ ਪੈਰਾਂ ’ਤੇ ਖੜ੍ਹੇ ਹੋਣਾ, ਛੜੱਪੇ ਮਾਰ ਕੇ ਇੱਧਰ ਉੱਧਰ ਤੁਰਨ ਫਿਰਨ, ਦੌੜਨ ਵਾਲੀਆਂ ਗਤੀਵਿਧੀਆਂ ਕੁਦਰਤ ਦੇ ਰੰਗਾਂ ਨੂੰ ਹੋਰ ਵੀ ਮਨਮੋਹਕ ਬਣਾ ਦਿੰਦੀਆਂ ਹਨ। ਕਈ ਵਾਰ ਕੰਗਾਰੂ ਬੜੇ ਸ਼ਾਂਤ ਚਿੱਤ ਹੋ ਕੇ ਨਿੱਕੀਆਂ ਲੱਤਾਂ ਵਾਲੇ ਅਗਲੇ ਪੈਰਾਂ ਨੂੰ ਹੇਠਾਂ ਵੱਲ ਟੇਢਾ ਕਰਦਿਆਂ ਆਪਣੀ ਛਾਤੀ ਨਾਲ ਲਾ ਕੇ ਪਿਛਲੀਆਂ ਲੰਮੀਆਂ ਲੱਤਾਂ ਦੇ ਪੈਰਾਂ ’ਤੇ ਅਜਿਹੀ ਮੁਦਰਾ ਵਿੱਚ ਖੜ੍ਹੇ ਹੋ ਜਾਂਦੇ ਹਨ ਜਿਵੇਂ ਇਹ ਜਾਨਵਰ ਵੀ ਆਪਣੀਆਂ ਫੋਟੋਆਂ ਖਿਚਵਾਉਣ ਦੇ ਬੜੇ ਸ਼ੌਕੀਨ ਹੁੰਦੇ ਹੋਣ। ਕੁੱਲ ਮਿਲਾ ਕੇ ਇਹ ਖੇਤਰ ਸਵਰਗ ਦਾ ਨਜ਼ਾਰਾ ਪੇਸ਼ ਕਰਦਾ ਹੈ। ਜਿਸ ਨੂੰ ਵੀ ਮੌਕਾ ਮਿਲੇ, ਉਸ ਨੂੰ ਇਸ ਦੀ ਖ਼ੂਬਸੂਰਤੀ ਨੂੰ ਜ਼ਰੂਰ ਨਿਹਾਰਨਾ ਚਾਹੀਦਾ ਹੈ।
ਸੰਪਰਕ: 98764-74858 (ਵਟਸਐਪ)