For the best experience, open
https://m.punjabitribuneonline.com
on your mobile browser.
Advertisement

ਹੱਸਦਿਆਂ ਦੇ ਘਰ ਵੱਸਦੇ

05:24 AM Jan 04, 2025 IST
ਹੱਸਦਿਆਂ ਦੇ ਘਰ ਵੱਸਦੇ
Advertisement

ਪਿਆਰਾ ਸਿੰਘ ਗੁਰਨੇ ਕਲਾਂ
ਖ਼ੁਸ਼ੀਆਂ ਵਿੱਚ ਨਿਵੇਸ਼ ਕਰੋਗੇ ਤਾਂ ਹਾਸੇ ਫੁੱਟਣਗੇ। ਉੱਗਣਾ ਉਹੀ ਹੁੰਦਾ ਹੈ ਜੋ ਬੀਜੋਗੇ। ਦੁੱਖਾਂ ਵਿੱਚ ਨਿਵੇਸ਼ ਕਰਨ ’ਤੇ ਉੱਗਣਾ ਰੋਣੇ ਨੇ ਹੀ ਹੁੰਦਾ ਹੈ। ਖ਼ੁਸ਼ੀ ਦਾ ਸਬੰਧ ਜਿਊਣ ਨਾਲ ਹੁੰਦਾ ਹੈ ਤੇ ਰੋਣ ਦਾ ਸਬੰਧ ਮੌਤ ਨਾਲ। ਖ਼ੁਸ਼ ਰਹਿਣ ਨਾਲ ਜਿਊਣ ਦੇ ਸਾਲ ਵਧਦੇ ਹਨ। ਜਿੰਦਾਦਿਲੀ ਜਿਊਣ ਦੀ ਉਮਰ ਵਿੱਚ ਵਾਧਾ ਕਰਦੀ ਹੈ। ਜਿਹੋ ਜਿਹਾ ਔਰਾ ਆਪਣੇ ਆਲੇ ਦੁਆਲੇ ਸਿਰਜੋਗੇ ਉਹੀ ਔਰਾ ਆਲੇ ਦੁਆਲੇ ਬਣ ਜਾਣਾ ਹੈ। ਹਾਸਿਆਂ ਦਾ ਚੌਗਿਰਦਾ ਜ਼ਿੰਦਗੀ ਜਿੰਦਾਬਾਦ ਬਣਾ ਦਿੰਦਾ ਹੈ।
ਲਾਲਚ ਦੀ ਕੋਈ ਜੂਹ ਨਹੀਂ ਹੁੰਦੀ ਤੇ ਸਬਰ ਦਾ ਕੋਈ ਠਿਕਾਣਾ ਨਹੀਂ ਹੁੰਦਾ। ਸਬਰ ਪਾਣੀ ਦੇ ਤੁਪਕੇ ’ਤੇ ਵੀ ਆ ਸਕਦਾ ਹੈ ਤੇ ਲਾਲਚ ਦਾ ਰੱਜ ਸਮੁੰਦਰ ਡੀਕ ਲੈਣ ’ਤੇ ਵੀ ਨਹੀਂ ਆਉਂਦਾ। ਲਾਲਚ ਰੋਣ ਦੀ ਯਾਤਰਾ ਹੈ ਤੇ ਸਬਰ ਹਾਸਿਆਂ ਦਾ ਲੰਮੇਰਾ ਰਾਹ। ਚਮਕਦੀ ਦੁਨੀਆ ਲਾਲਚ ਦੀ ਅਣਬੁਝੀ ਤੇ ਧੁਖਦੀ ਅੱਗ ਹੈ। ਨਾ ਅੱਗ ਨੇ ਬੁਝਣਾ ਹੈ ਤੇ ਨਾ ਲਾਲਚ ਨੇ ਮੁੱਕਣਾ ਹੈ। ਸਬਰ- ਸੰਤੋਖ ਸੁੱਖ ਦਾ ਸਿੰਘਾਸਨ ਹੈ ਜਿਸ ’ਤੇ ਬੈਠਾ ਹਰ ਬੰਦਾ ਮਹਾਰਾਜਾ ਹੁੰਦਾ ਹੈ।
ਜ਼ਿੰਦਗੀ ਨਾਨ ਸਟਾਪ ਬਣੀ ਪਈ ਹੈ। ਧੀਰਜ, ਠਰ੍ਹੰਮਾ ਤੇ ਠਹਿਰਾਅ ਇਹਦੀਆਂ ਰੁਕਣਗਾਹਾਂ ਨਹੀਂ ਰਹੀਆਂ। ਇੱਕ ਖ਼ੁਸ਼ੀ ਇਹਦੀ ਸੰਤੁਸ਼ਟੀ ਨਹੀਂ ਬਣਦੀ। ਮਨੁੱਖ ਖ਼ੁਸ਼ੀਆਂ ਦੀ ਪ੍ਰਾਪਤੀ ਦੇ ਰਾਹ ਦਾ ਲੰਮੇਰਾ ਪਾਂਧੀ ਬਣ ਗਿਆ ਹੈ। ਨਤੀਜਾ ਜ਼ਿੰਦਗੀ ਆਰਾਮ ਤੇ ਸੁੱਖ ਦੀ ਕਤਲਗਾਹ ਬਣਦੀ ਜਾ ਰਹੀ ਹੈ। ਖ਼ੁਸ਼ੀ ਇੱਕ ਹੋਣ ਵਿੱਚ ਹੈ ਨਾ ਕਿ ਖਿੰਡਾਅ ਵਿੱਚ। ਖਿੰਡੇ ਪੰਧ ਤੇ ਖਿੰਡੇ ਮਨ ਨਾਲ ਕਦੇ ਨਿਸ਼ਾਨਾ ਨਹੀਂ ਲਗਾਇਆ ਜਾ ਸਕਦਾ। ਇਕਾਗਰਤਾ ਦੁੱਖਾਂ ਦਾ ਅੰਤ ਬਿੰਦੂ ਹੁੰਦੀ ਹੈ।
ਜ਼ਿੰਦਗੀ ਛੋਟੇ ਛੋਟੇ ਅਹਿਸਾਸਾਂ ਦਾ ਜੋੜ ਹੁੰਦੀ ਹੈ। ਇਹੀ ਅਹਿਸਾਸ ਜ਼ਿੰਦਗੀ ਦੀ ਲੋਅ ਨੂੰ ਮੱਠਾ ਮੱਠਾ ਮਘਦਾ ਰੱਖਦੇ ਹਨ। ਅਹਿਸਾਸ ਕਦੇ ਤੋੜਦੇ ਨੇ ਕਦੇ ਜੋੜਦੇ ਨੇ, ਕਦੇ ਖਿਲਾਰਦੇ ਨੇ, ਕਦੇ ਸਮੇਟਦੇ ਨੇ, ਕਦੇ ਗੁਣਾ ਹੁੰਦੇ ਹਨ ਤੇ ਕਦੇ ਵੰਡੇ ਜਾਂਦੇ ਹਨ। ਇਨ੍ਹਾਂ ਵਿੱਚ ਵਹਿੰਦੀ ਜ਼ਿੰਦਗੀ ਸ਼ਾਨਦਾਰ ਰੂਪ ਧਾਰਨ ਕਰ ਲੈਂਦੀ ਹੈ। ਬਚਪਨ ਵਿੱਚ ਤਿਤਲੀਆਂ ਫੜਨਾ ਬਹੁਤ ਵੱਡਾ ਅਹਿਸਾਸ ਹੈ। ਵੱਡੇ ਹੋ ਕੇ ਵੀ ਖ਼ਿਆਲੀ ਤਿਤਲੀਆਂ ਫੜਨਾ ਖ਼ੁਸ਼ੀ ਦਾ ਵੱਡਾ ਸੋਮਾ ਬਣ ਸਕਦਾ ਹੈ। ਅਹਿਸਾਸਾਂ ਨੂੰ ਜਿਊਂਦੇ ਰੱਖੋਗੇ ਤਾਂ ਤੁਸੀਂ ਫੁੱਲਾਂ ਵਾਂਗ ਖਿੜੇ ਰਹੋਗੇ।
ਨਿੱਕੇ-ਨਿੱਕੇ ਰੋਸੇ ਜ਼ਿੰਦਗੀ ਨੂੰ ਮੱਠਾ ਮੱਠਾ ਮਘਾਈ ਰੱਖਦੇ ਹਨ। ਰੁੱਸਣ ਦਾ ਹੱਕ ਉਹਨੂੰ ਹੈ ਜਿਹਨੂੰ ਮੰਨ ਜਾਣ ਦਾ ਹੁਨਰ ਆਉਂਦਾ ਹੈ। ਰਿਸ਼ਤਿਆਂ ਵਿਚਲੇ ਵੱਡੇ- ਵੱਡੇ ਰੋਸੇ ਜ਼ਿੰਦਗੀ ਨੂੰ ਦੋਜਖ਼ ਬਣਾ ਦਿੰਦੇ ਹਨ। ਜ਼ਿੰਦਗੀ ਰੇਗਣ ਲੱਗਦੀ ਹੈ। ਘਰ ਹਾਸਿਆਂ ਤੋਂ ਵਿਰਵੇ ਹੋ ਜਾਂਦੇ ਹਨ। ਘਰ ਹੱਸਣਾ ਭੁੱਲ ਜਾਂਦੇ ਹਨ। ਹਰ ਬੰਦੇ ਦੀ ਇੱਕ ਸਲਤਨਤ ਹੁੰਦੀ ਹੈ ਤੇ ਉਹ ਉਸ ਸਲਤਨਤ ਦਾ ਮਹਾਰਾਜਾ। ਇਸ ਸਲਤਨਤ ’ਤੇ ਮਾਣ ਕਰਨਾ ਖ਼ੁਸ਼ੀਆਂ ਦਾ ਸਿੱਧਾ ਰਾਹ ਹੈ। ਕਿਸੇ ਦੀ ਵੱਡੀ ਸਲਤਨਤ ਵੱਲ ਝਾਕ ਕੇ ਆਪਣੇ ਰਾਜ ਨੂੰ ਛੋਟਾ ਨਾ ਕਰੋ। ਤੁਹਾਡਾ ਆਪਣਾ ਦਾਇਰਾ ਤੇ ਆਪਣੀ ਸਮਰੱਥਾ ਹੈ। ਦੂਜਿਆਂ ਦੀ ਸਲਤਨਤ ਵਿੱਚ ਬੇਵਜਾ ਵੱਜਣ ਦੀ ਲੋੜ ਨਹੀਂ ਤੇ ਆਪਣੀ ਸਲਤਨਤ ਵਿੱਚ ਬਿਨਾਂ ਵਜ੍ਹਾ ਪ੍ਰਵੇਸ਼ ’ਤੇ ਪਾਬੰਦੀ ਲਾ ਦਿਓ। ਖ਼ੁਦ ਦੀ ਸਲਤਨਤ ’ਤੇ ਮਾਣ ਕਰਨਾ ਤੁਹਾਡੇ ਲਈ ਸਿੱਧਾ ਹਾਸਿਆਂ ਦੀ ਖੇਤੀ ਹੈ।
ਹਵਾ ਨਾਲ ਰੁੱਸਣਾ ਬੰਦ ਕਰੋ। ਪੱਤਿਆਂ ਨੇ ਕੁਦਰਤ ਦੇ ਨਿਯਮਾਂ ਮੁਤਾਬਿਕ ਹਿੱਲਣਾ ਹੈ, ਤੁਹਾਨੂੰ ਕੀ ਇਤਰਾਜ਼ ਹੈ? ਲਹਿਰਾਂ ਨੇ ਸਮੁੰਦਰ ਦੀ ਹਿੱਕ ’ਤੇ ਨੱਚ ਕੇ ਸ਼ੋਰ ਮਚਾਉਣਾ ਹੈ, ਤੁਹਾਨੂੰ ਕੀ ਈਰਖਾ ਹੈ? ਹਰ ਸ਼ਹਿ ਦੀ ਆਪਣੀ ਆਜ਼ਾਦੀ ਹੈ ਤੇ ਆਪਣੀ ਚਾਲ। ਤੁਹਾਡੀ ਆਪਣੀ ਮਸਤੀ ਤੇ ਮੌਜ ਹੈ। ਆਪਣੀ ਮੌਜ ਨੂੰ ਬਿਨਾਂ ਵਜ੍ਹਾ ਦੂਜਿਆਂ ਦੀ ਮਸਤੀ ਨਾਲ ਨਾ ਟਕਰਾਉਣ ਦਿਓ। ਦੁੱਖਾਂ ਦਾ ਮਾਈਨਸ ਹੋਣਾ ਹਾਸਿਆਂ ਦਾ ਜੋੜ ਹੁੰਦਾ ਹੈ। ਹੋਸ਼ ਨਾਲੋਂ ਮਸਤੀ ਹਮੇਸ਼ਾ ਚੰਗੀ ਹੁੰਦੀ ਹੈ। ਬਹੁਤੀ ਸਿਆਣਪ ਬੰਦੇ ਨੂੰ ਉਂਗਲਾਂ ਤੋੜਨ ਲਗਾ ਦਿੰਦੀ ਹੈ। ਮਸਤ ਰਹਿ ਕੇ ਜਿਊਣਾ ਲੰਬੀ ਜ਼ਿੰਦਗੀ ਜਿਊਣ ਦਾ ਹੁਨਰ ਹੈ।
ਰਿਸ਼ਤੇ ਜ਼ਿੰਦਗੀ ਦੇ ਦੁੱਖ ਸੁੱਖ ਦਾ ਸੰਤੁਲਨ ਕਰਦੇ ਹਨ। ਰਿਸ਼ਤੇ ਨਿੱਘੇ ਹਨ ਤਾਂ ਘਰ ਹੱਸਦਾ ਹੈ। ਰਿਸ਼ਤੇ ਕੁੜੱਤਣ ਭਰੇ ਹੋਣ ਤਾਂ ਘਰ ਰੋਂਦਾ ਹੈ। ਹਰ ਰਿਸ਼ਤੇ ਦਾ ਇੱਕ ਵਿਲੱਖਣ ਰੋਲ ਹੁੰਦਾ ਹੈ। ਮੂੰਹ ਜਿਹਾ ਬਣਾ ਕੇ ਰਿਸ਼ਤੇ ਦਾ ਸਵਾਦ ਖ਼ਰਾਬ ਨਾ ਕਰਿਆ ਕਰੋ। ਹਰ ਇੱਕ ਨੂੰ ਮਿਲਦੇ ਸਮੇਂ ਚਿਹਰੇ ’ਤੇ ਮੁਸਕਰਾਹਟ ਪਹਿਨ ਲਿਆ ਕਰੋ। ਰਿਸ਼ਤਾ ਘਰ ਸਿਰਜਦਾ ਹੈ। ਜਿਹੜੇ ਘਰ ਕਲੇਸ਼ ਦੀ ਫੈਕਟਰੀ ਬਣ ਜਾਣ, ਉਸ ਘਰ ਦੇ ਹਾਸੇ, ਸੁੱਖ ਤੇ ਚੈਨ ਖੰਭ ਲਾ ਕੇ ਉੱਡ ਜਾਂਦੇ ਹਨ। ਬਰਕਤਾਂ ਉਸ ਘਰ ਤੋਂ ਮੁੱਖ ਮੋੜ ਲੈਂਦੀਆਂ ਹਨ। ਛੋਟੀਆਂ ਛੋਟੀਆਂ ਗੱਲਾਂ ਨੂੰ ਦਿਲ ਵਿੱਚ ਰਿੜਕੀ ਜਾਣਾ ਦਿਮਾਗ਼ ਦੀ ਬਿਮਾਰੀ ਹੈ। ਮਨ ਦੇ ਪਾਏ ਖਿਲਾਰੇ ਇਕੱਠੇ ਕਰਦਾ ਮਨੁੱਖ ਜ਼ਿੰਦਗੀ ਦਾ ਚੈਨ ਤੇ ਸੁੱਖ ਖੋ ਬੈਠਦਾ ਹੈ। ਸਮਝ ਇਹ ਹੋਵੇ ਕਿ ਕਿਹੜਾ ਖਿਲਾਰਾ ਹੂੰਝਿਆ ਜਾ ਸਕਦਾ ਹੈ। ਸੁੱਖ ਦੀਆਂ ਬਾਗਾਂ ਮਨੁੱਖ ਦੇ ਆਪਣੇ ਹੱਥ ਹੋਣੀਆਂ ਚਾਹੀਦੀਆਂ ਹਨ। ਮਨ ਤੇ ਦਿਮਾਗ਼ ਗੰਦ ਮੁਕਤ ਬਣਾ ਲਵੋ। ਦੁਨੀਆ ਦਾ ਸਭ ਤੋਂ ਵੱਡਾ ਗੰਦ ਇਨ੍ਹਾਂ ਦੋਵਾਂ ਅੰਦਰ ਇਕੱਠਾ ਹੁੰਦਾ ਹੈ। ਇਹ ਗੰਦ ਹਾਸਿਆਂ ’ਤੇ ਬੈਰੀਅਰ ਲਗਾ ਦਿੰਦਾ ਹੈ ਤੇ ਰੋਣ ਦੇ ਰਾਹ ਬਣਾ ਦਿੰਦਾ ਹੈ। ਮਨ ਦੇ ਹੱਸਣ ਨਾਲ ਸਾਰਾ ਜੱਗ ਠਹਾਕਾ ਮਾਰ ਕੇ ਹੱਸਦਾ ਹੈ। ਰੋਂਦੇ ਮਨ ਕਿਸੇ ਧਰਵਾਸ ਦੇ ਯੋਗ ਨਹੀਂ ਰਹਿੰਦੇ। ਹੱਸਦੇ ਮਨ ਦੀਆਂ ਉਡਾਰੀਆਂ ਦੀ ਦੂਰੀ ਅਸੀਮ ਹੁੰਦੀ ਹੈ। ਗੰਦ ਨਾਲ ਭਰੇ ਦਿਮਾਗ਼ ਤੇ ਮਨ ਵਿੱਚ ਹਾਸੇ ਲਈ ਥਾਂ ਨਹੀਂ ਬਚਦੀ।
ਦੁਨੀਆ ਦਾ ਸਭ ਤੋਂ ਵੱਡਾ ਆਨੰਦ ਕਿਰਤ ਦੇ ਨਿਭਾਅ ਵਿੱਚ ਹੈ। ਕਿਰਤ ਵਿਚਲੀ ਬੇਈਮਾਨੀ ਬੰਦੇ ਨੂੰ ਦੁਖੀ ਕਰਦੀ ਹੈ। ਜਿਹੜੀਆਂ ਕੌਮਾਂ ਕਿਰਤੀ ਹਨ ਉਨ੍ਹਾਂ ਦੇ ਹਾਸੇ ਦੇ ਸੂਚਕ ਦੀ ਉਚਾਈ ਬਹੁਤ ਜ਼ਿਆਦਾ ਹੁੰਦੀ ਹੈ। ਕਿਰਤੀ ਨਾ ਹੋਣਾ ਵਿਹਲਾ ਹੋਣਾ ਹੁੰਦਾ ਹੈ। ਵਿਹਲੜ ਮਨ ਨੇ ਸ਼ਰਾਰਤ ਕਰਕੇ ਦੁੱਖ ਸਿਰਜ ਹੀ ਲੈਣਾ ਹੈ। ਸਕੂਨ ਦਾ ਖੁਰਨਾ ਕਿਰਤ ਤੋਂ ਮੁਨਕਰ ਹੋਣ ਕਰਕੇ ਹੈ। ਤੁਹਾਡੀ ਸਮੱਸਿਆ ਤੁਹਾਡੀ ਸੋਚ ਦੇ ਹਾਣ ਦੀ ਹੁੰਦੀ ਹੈ। ਹੱਲ ਵੀ ਸਮੱਸਿਆ ਨੂੰ ਤੁਹਾਡੀ ਸੋਚ ਨੇ ਹੀ ਕਰਨਾ ਹੈ। ਦੂਸਰੇ ਦੀ ਸੋਚ ਸਲਾਹ ਹੁੰਦੀ ਹੈ, ਹੱਲ ਨਹੀਂ। ਸੋਚ ਦਾ ਬੰਦ ਹੋਣਾ ਦੁੱਖ ਦਾ ਪੈਦਾ ਹੋਣਾ ਹੁੰਦਾ ਹੈ। ਸੋਚ ਦੀ ਰੇਸ ’ਤੇ ਪੈਰ ਰੱਖ ਕੇ ਹਾਸਿਆਂ ਦੀ ਸਪੀਡ ਵਧਾਈ ਜਾ ਸਕਦੀ ਹੈ ਤੇ ਰੋਣ ’ਤੇ ਬਰੇਕਾਂ ਲਗਾਈਆਂ ਜਾ ਸਕਦੀਆਂ ਹਨ।
ਮਨੁੱਖ ਦੀ ਦੁਬਿਧਾ ਇਹ ਹੈ ਕਿ ਜੋ ਚੀਜ਼ ਅੰਦਰ ਹੈ ਉਹ ਉਹਨੂੰ ਬਾਹਰ ਲੱਭਦਾ ਹੈ। ਸਵਰਗ ਮਨੁੱਖ ਦੇ ਅੰਦਰ ਹੈ ਪਰ ਲੱਭ ਉਹ ਸਵਰਗ ਨੂੰ ਬਾਹਰ ਰਿਹਾ ਹੈ। ਨਤੀਜਾ ਜ਼ਿੰਦਗੀ ਦੁੱਖਾਂ ਦੀ ਸਲਤਨਤ ਬਣਦੀ ਜਾ ਰਹੀ ਹੈ। ਇਸੇ ਦੁਬਿਧਾ ਕਰਕੇ ਧਾਰਮਿਕ ਦੁਨੀਆ ਨੇ ਮਨੁੱਖ ਲਈ ਐਸੀ ਦੁਨੀਆ ਸਿਰਜ ਦਿੱਤੀ ਹੈ ਕਿ ਸੁੱਖ ਦੁੱਖ ਕਾਂਡਾਂ ਵਿੱਚ ਵੰਡੇ ਹੋਏ ਹਨ। ਅਗਲੇ ਜਨਮ ਦੇ ਸੁੱਖ ਵਿੱਚ ਮਨੁੱਖ ਦਾ ਇਹ ਜਨਮ ਦੁੱਖ ਕੁੰਡ ਬਣਦਾ ਜਾ ਰਿਹਾ ਹੈ। ਇਸੀ ਜਨਮ ਵਿੱਚ ਢੰਗ ਨਾਲ ਜੀ ਲਵੋ, ਅਗਲੇ ਜਨਮ ਤੋਂ ਟਿੰਡੀਆਂ ਲੈਣੀਆਂ ਹਨ। ਭਵਿੱਖ ਦੇ ਸੁੰਦਰ ਜੀਵਨ ਦੀ ਕਾਮਨਾ ਕਰਕੇ ਮਨੁੱਖ ਆਧੁਨਿਕ ਜੀਵਨ ਨੂੰ ਨਰਕ ਬਣਾ ਰਿਹਾ ਹੈ। ਜ਼ਿੰਦਗੀ ਨਰਕ ਸਵਰਗ ਦਾ ਨਹੀਂ, ਸੁੱਖ ਦੁੱਖ ਦਾ ਜੋੜ ਹੈ। ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਣ ਲਈ ਹਾਸਿਆਂ ਦੇ ਫਾਰਮੂਲੇ ਲਗਾਓ। ਰੋਣ ਦੇ ਫਾਰਮੂਲੇ ਜ਼ਿੰਦਗੀ ਲਈ ਨਰਕ ਹਨ। ਸੋ, ਆਓ ਹਾਸਿਆਂ ’ਤੇ ਜੋੜ ਤੇ ਗੁਣਾ ਦਾ ਫਾਰਮੂਲਾ ਲਗਾ ਕੇ ਜ਼ਿੰਦਗੀ ਨੂੰ ਸਕੂਨ ਨਾਲ ਭਰਪੂਰ ਬਣਾਈਏ ਅਤੇ ਰੋਣ ’ਤੇ ਘਟਾ ਤੇ ਵੰਡ ਦਾ ਫਾਰਮੂਲਾ ਲਗਾ ਕੇ ਜ਼ਿੰਦਗੀ ’ਚੋਂ ਰੋਣੇ ਨੂੰ ਮਨਫੀ ਕਰੀਏ|
ਸੰਪਰਕ: 9956-21188

Advertisement

Advertisement
Advertisement
Author Image

Balwinder Kaur

View all posts

Advertisement