ਜੇਬੀਟੀ ਵਿਦਿਆਰਥੀਆਂ ਦਾ ਭਵਿੱਖ ਹਨੇਰੇ ’ਚ
ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਜੁਲਾਈ
ਸੂਬੇ ’ਚ ਲੈਕਚਰਾਰਾਂ ਤੋਂ ਸੱਖਣੀਆਂ ਹੋਈਆਂ ਜ਼ਿਲ੍ਹਾ ਸਿਖਿਆ ਤੇ ਸਿਖਲਾਈ ਸੰਸਥਾਵਾ (ਡਾਇਟਸ) ਵਿੱਚ ਜੇਬੀਟੀ ਦੀ ਸਿੱਖਿਆ ਲੈ ਰਹੇ ਵਿਦਿਆਰਥੀਆਂ ਦਾ ਭਵਿੱਖ ਹਨੇਰੇ ਵਿੱਚ ਹੈ। ਸੰਸਥਾਵਾਂ ਨੂੰ ਲੈਕਚਰਾਰ ਤੇ ਸਿੱਖਿਆ ਵਿਹੂਣਾ ਕਰਨ ਦੀ ਨੀਤੀ ਦਾ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਇਥੇ ਜਥੇਬੰਦੀ ਦੇ ਸੂਬਾਈ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾਂ ਨੇ ਕਿਹਾ ਕਿ ਡਾਇਟਾਂ ਵਿਚ 50 ਫ਼ੀਸਦੀ ਅਸਾਮੀਆਂ ਪਹਿਲਾ ਹੀ ਲੰਬੇ ਸਮੇਂ ਤੋਂ ਖਾਲੀ ਹਨ। ਸਿਖਿਆਰਥੀ ਵਿਗਿਆਨ, ਗਣਿਤ ਤੇ ਹੋਰ ਅਹਿਮ ਵਿਸ਼ਿਆਂ ਨੂੰ ਪੜ੍ਹਾਉਣ ਵਾਲੇ ਲੈਕਚਰਾਰਾਂ ਤੋਂ ਸੱਖਣੇ ਹਨ। ਹੁਣ ਪੰਜਾਬ ਵਿਚਲੀਆਂ ਇਹ ਸਾਰੀਆਂ ਸਰਕਾਰੀ ਸਿਖਿਲਾਈ ਸੰਸਥਵਾਂ ਕੇਵਲ 2 ਜਾਂ 3 ਲੈਕਚਰਾਰ ਸਹਾਰੇ ਹੀ ਚੱਲ ਰਹੀਆਂ ਹਨ। ਇਸ ਮੌਕੇ ਆਗੂ ਅਮਨਦੀਪ ਮਟਵਾਣੀ ਤੇ ਜਗਵੀਰਨ ਕੌਰ ਨੇ ਇਸ ਅਧਿਆਪਕ ਤੇ ਸਿਖਿਆਰਥੀ ਵਿਰੋਧੀ ਨੀਤੀ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਇਸ ਫੈਸਲੇ ਰਾਹੀਂ ਨਿੱਜੀਕਰਨ ਦੀ ਨੀਤੀ ਲਾਗੂ ਕਰ ਰਹੀ ਹੈ। ਸਿੱਖਿਆ ਵਿਰੋਧੀ ਨੀਤੀਆਂ ਨਾਲ ਲੈਕਚਰਰਾਂ ਦੀ ਭਰਤੀ/ਪਦ ਉਨਤੀ ਰੋਕ ਕੇ ਡਾਇਟਾਂ ਵਿੱਚ ਸਿਖਿਆ ਦਾ ਮਿਆਰ ਡੇਗ ਕੇ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਦੇ ਖ਼ਜ਼ਾਨੇ ਭਰਪੂਰ ਕਰਨਾ ਲੋਚਦਾ ਹੈ।