ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ/ਕੀਰਤਪੁਰ ਸਾਹਿਬ, 4 ਸਤੰਬਰ
ਸ੍ਰੀ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਗੁਰਦੁਆਰਾ ਗੁਰੂ ਕੇ ਮਹਿਲ (ਭੋਰਾ ਸਾਹਿਬ) ਸ੍ਰੀ ਆਨੰਦਪੁਰ ਸਾਹਿਬ ਵਿੱਚ ਤੇ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਸ਼ੀਸ਼ ਮਹੱਲ ਸਾਹਿਬ ਵਿੱਚ ਅਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਮੈਨੇਜਰ ਮਲਕੀਤ ਸਿੰਘ ਸਣੇ ਆਗੂ ਅਤੇ ਸੰਗਤ ਹਾਜ਼ਰ ਸਨ।
ਐਸਏਐਸ ਨਗਰ (ਮੁਹਾਲੀ) (ਪੱਤਰ ਪ੍ਰੇਰਕ): ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਸਵੇਰੇ ਸਹਿਜ ਪਾਠ ਦੇ ਭੋਗ ਪਾਏ ਗਏ। ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਜਾਰੀ ਰਿਹਾ। ਭਾਈ ਪ੍ਰੇਮ ਸਿੰਘ ਦੇ ਇੰਟਰਨੈਸ਼ਨਲ ਢਾਡੀ ਜਥੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਛੇ ਗੁਰੂ ਸਾਹਿਬਾਨਾਂ ਅਤੇ ਭਗਤਾਂ ਦੀ ਬਾਣੀ ਬਾਰੇ ਜਾਣੂ ਕਰਵਾਇਆ।
ਸ਼੍ਰੋਮਣੀ ਪ੍ਰਚਾਰਕ ਭਾਈ ਜਰਨੈਲ ਸਿੰਘ ਲੁਧਿਆਣਾ ਵਾਲੇ ਨੇ ਗੁਰੂ ਅਰਜਨ ਦੇਵ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਕਰਵਾਉਣ ਤੇ ਬਾਬਾ ਬੁੱਢਾ ਵੱਲੋਂ ਉਸ ਮੌਕੇ ਲਏ ਪਹਿਲੇ ਹੁਕਮਨਾਮੇ ਬਾਰੇ ਦੱਸਿਆ। ਭਾਈ ਮਨਦੀਪ ਸਿੰਘ ਪਿਹੋਵਾ ਦੇ ਰਾਗੀ ਜਥੇ ਨੇ ਕੀਰਤਨ ਕੀਤਾ।
ਇਸ ਮੌਕੇ ਭਾਈ ਬਲਜੋਤ ਸਿੰਘ, ਭਾਈ ਗੁਰਚਰਨ ਸਿੰਘ ਦਮਦਮੀ ਟਕਸਾਲ, ਬੀਬੀ ਜਤਿੰਦਰ ਕੌਰ, ਭਾਈ ਮਹਿੰਦਰ ਸਿੰਘ ਜਵੱਦੀ ਟਕਸਾਲ, ਕਵੀਸ਼ਰ ਭਾਈ ਸੁਰਜੀਤ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਬਹਾਦਰ ਸਿੰਘ, ਭਾਈ ਜਸਵੰਤ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਗੁਰਮੀਤ ਸਿੰਘ ਅਤੇ ਭਾਈ ਹਰਬਖ਼ਸ਼ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਕੀਤੀਆਂ।
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਵਿੱਚ ਮਨਾਇਆ ਗਿਆ। ਸਮਾਗਮ ਦੌਰਾਨ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਗਿਆਨੀ ਸੁਲਤਾਨ ਸਿੰਘ, ਹੈੱਡ ਗ੍ਰੰਥੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਸ੍ਰੀ ਫ਼ਤਹਿਗੜ੍ਹ ਸਾਹਿਬ ਗਿਆਨੀ ਅਤਰ ਸਿੰਘ, ਭਾਈ ਜੋਗਿੰਦਰ ਸਿੰਘ ਰਿਆੜ ਲੁਧਿਆਣਾ ਵਾਲੇ, ਭਾਈ ਗੁਰਵਿੰਦਰ ਸਿੰਘ ਥਿੰਜਲ ਆਦਿ ਨੇ ਸੰਗਤ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲੀ, ਮੈਨੇਜਰ ਭਾਈ ਗੁਰਮੁੱਖ ਸਿੰਘ ਢੋਲੇਵਾਲ, ਨਰਿੰਦਰ ਸਿੰਘ ਸੋਲਖੀਆਂ ਆਦਿ ਹਾਜ਼ਰ ਸਨ।
ਵਿਦਿਆਰਥੀਆਂ ਨੇ ਕੀਰਤਨ ਕੀਤਾ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਸਿੱਖ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਛਾਉਣੀ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਮੌਕੇ ਨੌਵੀਂ ਜਮਾਤ ਦੇ ਵਿਦਿਆਰਥੀ ਸੁਖਪ੍ਰੀਤ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀ ਜਗਨੂਰ ਨੇ ਸ਼ਬਦ ਕੀਰਤਨ ਕੀਤਾ। ਉਪਰੰਤ ਵਿਦਿਆਰਥੀਆਂ ਅਤੇ ਸਟਾਫ਼ ਨੇ ਜਪੁਜੀ ਸਾਹਿਬ, ਚੌਪਈ ਸਾਹਿਬ, ਅਨੰਦ ਸਾਹਿਬ ਦੇ ਪਾਠ ਕੀਤੇ ਅਤੇ ਅਰਦਾਸ ਉਪਰੰਤ ਪ੍ਰਸ਼ਾਦ ਵੰਡਿਆ ਗਿਆ। ਸਕੂਲ ਦੀ ਪ੍ਰਿੰਸੀਪਲ ਸੁਖਜਿੰਦਰ ਕੌਰ ਕੀਥ ਨੇ ਵਿਦਿਆਰਥੀਆਂ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮੈਨੇਜਮੈਂਟ, ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।