For the best experience, open
https://m.punjabitribuneonline.com
on your mobile browser.
Advertisement

ਪਿੰਡਾਂ ਦੀਆਂ ਖਸਤਾ ਹਾਲ ਸੜਕਾਂ ਕਾਰਨ ਰਾਹਗੀਰ ਪ੍ਰੇਸ਼ਾਨ

07:39 AM Sep 05, 2024 IST
ਪਿੰਡਾਂ ਦੀਆਂ ਖਸਤਾ ਹਾਲ ਸੜਕਾਂ ਕਾਰਨ ਰਾਹਗੀਰ ਪ੍ਰੇਸ਼ਾਨ
ਦੈੜੀ ਚੌਕ ਤੋਂ ਏਅਰਪੋਰਟ ਵੱਲ ਜਾਂਦੀ ਸੜਕ ਦੀ ਖਸਤਾ ਹਾਲਤ ਦਿਖਾਉਂਦੇ ਹੋਏ ਮਾਣਕਪੁਰ ਕੱਲਰ ਦੇ ਲੋਕ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 4 ਸਤੰਬਰ
ਬਨੂੜ ਖੇਤਰ ਦੇ ਮੁਹਾਲੀ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਪਿੰਡਾਂ ਦੀਆਂ ਸੰਪਰਕ ਸੜਕਾਂ ਦੀ ਤਰਸਯੋਗ ਹਾਲਤ ਤੋਂ ਰਾਹਗੀਰ ਪ੍ਰੇਸ਼ਾਨ ਹਨ। ਬਰਸਾਤ ਕਾਰਨ ਇਨ੍ਹਾਂ ਸੜਕਾਂ ਦੀ ਹਾਲਤ ਹੋਰ ਵੀ ਮਾੜੀ ਹੋ ਗਈ ਹੈ। ਸੜਕਾਂ ਦੇ ਟੋਇਆਂ ਵਿੱਚ ਪਾਣੀ ਭਰਨ ਨਾਲ ਰਾਤ ਸਮੇਂ ਹਾਦਸੇ ਵਾਪਰ ਰਹੇ ਹਨ। ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਮੌਜੂਦਾ ਸਰਕਾਰ ਦੌਰਾਨ ਇਸ ਖੇਤਰ ਦੀ ਕਿਸੇ ਵੀ ਸੜਕ ਨੂੰ ਪ੍ਰੀਮਿਕਸ ਤਾਂ ਕੀ ਪੈੱਚ ਵਰਕ ਲਈ ਲੁੱਕ ਤੇ ਪੱਥਰ ਨਹੀਂ ਜੁੜੇ।
ਬਨੂੜ-ਲਾਂਡਰਾਂ ਕੌਮੀ ਮਾਰਗ ਦੇ ਦੈੜੀ ਚੌਕ ਤੋਂ ਮੁਹਾਲੀ ਦੇ ਕੌਮਾਂਤਰੀ ਏਅਰਪੋਰਟ ਨੂੰ ਜਾਂਦੀ ਚਹੁੰ-ਮਾਰਗੀ ਸੜਕ ਦੀ ਹਾਲਤ ਬਹੁਤ ਖ਼ਰਾਬ ਹੋ ਗਈ ਹੈ। ਇਹ ਸੜਕ ਉਸਾਰੀ ਦੇ ਕੁਝ ਸਮਾਂ ਬਾਅਦ ਹੀ ਟੁੱਟ ਗਈ ਸੀ। ਕੁੱਝ ਮਹੀਨੇ ਪਹਿਲਾਂ ਇਸ ਸੜਕ ਦੀ ਮੁਰੰਮਤ ਦਾ ਕੰਮ ਵੀ ਆਰੰਭ ਹੋਇਆ ਸੀ ਜੋ ਪੂਰਾ ਨਹੀਂ ਹੋਇਆ। ਕਿਸਾਨ ਆਗੂ ਟਹਿਲ ਸਿੰਘ ਮਾਣਕਪੁਰ ਕੱਲਰ ਅਤੇ ਸ਼ੇਰ ਸਿੰਘ ਦੈੜੀ ਨੇ ਦੱਸਿਆ ਕਿ ਇਸ ਸੜਕ ਥਾਂ-ਥਾਂ ਤੋਂ ਧਸ ਚੁੱਕੀ ਹੈ।
ਇਸੇ ਤਰ੍ਹਾਂ ਪਿੰਡ ਕੁਰੜਾ ਤੋਂ ਕੁਰੜੀ ਅਤੇ ਬੜੀ ਨੂੰ ਹੋ ਕੇ ਏਅਰਪੋਰਟ ਰੋਡ ਨਾਲ ਮਿਲਦੀ ਸੜਕ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੈ। ਇਸ ਤੋਂ ਬਨੂੜ ਖੇਤਰ ਦੇ ਦਰਜਨਾਂ ਪਿੰਡਾਂ ਦੇ ਵਸਨੀਕ ਮੁਹਾਲੀ ਅਤੇ ਚੰਡੀਗੜ੍ਹ ਜਾਂਦੇ ਹਨ। ਦਰਜਨਾਂ ਸਕੂਲ ਦੀਆਂ ਬੱਸਾਂ ਲੰਘਦੀਆਂ ਹਨ। ਕਈ ਥਾਵਾਂ ’ਤੇ ਸੜਕ ਨਜ਼ਰ ਤਕ ਨਹੀਂ ਆਉਂਦੀ। ਕੁਰੜਾ ਦੇ ਵਸਨੀਕ ਭੁਪਿੰਦਰ ਸਿੰਘ, ਕੁਰੜੀ ਦੇ ਜਗਤ ਸਿੰਘ ਢੋਲ ਆਦਿ ਨੇ ਮੰਗ ਕੀਤੀ ਕਿ ਇਸ ਸੜਕ ਦੀ ਹਾਲਤ ਠੀਕ ਕਰਾਈ ਜਾਵੇ। ਕਰਾਲਾ ਤੋਂ ਸੇਖਨਮਾਜਰਾ-ਕੁਰੜੀ ਨੂੰ ਜਾਂਦੀ ਸੜਕ, ਕੁਰੜੇ ਤੋਂ ਸੇਖਨਮਾਜਰਾ ਨੂੰ ਜਾਂਦੀ ਸੜਕ ਦਾ ਵੀ ਇਹੀ ਹਾਲ ਹੈ।
ਇਸੇ ਤਰ੍ਹਾਂ ਪਿੰਡ ਦੁਰਾਲੀ ਤੋਂ ਮੁਹਾਲੀ ਨੂੰ ਜੋੜਨ ਵਾਲੀ ਸੜਕ ਵਿੱਚ ਟੋਏ ਪਏ ਹੋਏ ਹਨ। ਪਿੰਡ ਦੇ ਨੌਜਵਾਨਾਂ ਰਣਵੀਰ ਸਿੰਘ, ਬਲਜਿੰਦਰ ਸਿੰਘ ਆਦਿ ਨੇ ਆਖਿਆ ਕਿ ਇਸ ਰਸਤਿਓਂ ਵੱਡੀ ਗਿਣਤੀ ਲੋਕ ਮੁਹਾਲੀ ਤੇ ਚੰਡੀਗੜ੍ਹ ਲਈ ਜਾਂਦੇ ਹਨ। ਪਿੰਡ ਮਨੌਲੀ ਤੋਂ ਸੈਕਟਰ-82 ਨੂੰ ਆਉਂਦੀ ਸੜਕ ਦੇ ਟੋਟੇ ਦੀ ਹਾਲਤ ਵੀ ਕਾਫ਼ੀ ਖ਼ਰਾਬ ਹੈ। ਰਾਹਗੀਰਾਂ ਨੇ ਮੰਗ ਕੀਤੀ ਕਿ ਬਿਨ੍ਹਾਂ ਕਿਸੇ ਦੇਰੀ ਤੋਂ ਸਾਰੀਆਂ ਸੜਕਾਂ ਦੀ ਹਾਲਤ ਸੰਵਾਰੀ ਜਾਵੇ।

Advertisement
Advertisement
Author Image

Advertisement