ਪ੍ਰਦੂਸ਼ਣ ਨਾਲ ਨਜਿੱਠਣ ਲਈ ਫਾਇਰ ਸਰਵਿਸ ਵਿਭਾਗ ਆਇਆ ਅੱਗੇ
ਨਵੀਂ ਦਿੱਲੀ, 5 ਨਵੰਬਰ
ਕੌਮੀ ਰਾਜਧਾਨੀ ਵਿੱਚ ਵਧਦਾ ਪ੍ਰਦੂਸ਼ਣ ਰੋਕਣ ਲਈ ਦਿੱਲੀ ਫਾਇਰ ਸਰਵਿਸ ਦਿੱਲੀ ਸਰਕਾਰ ਦੀ ਮਦਦ ਕਰ ਰਹੀ ਹੈ ਅਤੇ ਸਭ ਤੋਂ ਵੱਧ ਦੂਸ਼ਤਿ ਥਾਵਾਂ ’ਤੇ ਪਾਣੀ ਛਿੜਕ ਰਹੀ ਹੈ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਕਿਹਾ, “ਅੱਜ ਸਵੇਰ ਤੋਂ ਅਸੀਂ ਪਾਣੀ ਦਾ ਛਿੜਕਾਅ ਸ਼ੁਰੂ ਕਰ ਦਿੱਤਾ ਹੈ। ਅਸੀਂ 13 ਸੰਵੇਦਨਸ਼ੀਲ ਥਾਵਾਂ ਦੀ ਪਛਾਣ ਕੀਤੀ ਹੈ, ਜਿੱਥੇ ਸਾਡਾ ਮੁੱਖ ਫੋਕਸ ਹੋਵੇਗਾ। ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕੁੱਲ 12 ਫਾਇਰ ਟੈਂਡਰ ਤਾਇਨਾਤ ਕੀਤੇ ਗਏ ਹਨ। ਗਰਗ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪਾਣੀ ਦੇ ਛਿੜਕਾਅ ਨਾਲ ਨਾਗਰਿਕਾਂ ਨੂੰ ਕੁਝ ਰਾਹਤ ਮਿਲੇਗੀ।’’
ਇਸ ਦੌਰਾਨ ਦਿੱਲੀ ਅੱਜ ਲਗਾਤਾਰ ਛੇਵੇਂ ਦਿਨ ਜ਼ਹਿਰੀਲੇ ਧੂੰਏਂ ਦੀ ਮਾਰ ਹੇਠ ਰਹੀ ਅਤੇ ਪ੍ਰਦੂਸ਼ਣ ਦਾ ਪੱਧਰ ਇਕ ਵਾਰ ਫਿਰ ‘ਗੰਭੀਰ ਸ਼੍ਰੇਣੀ’ ਵਿਚ ਦਰਜ ਕੀਤਾ ਗਿਆ। ਕੇਂਦਰ ਦੀ ਪ੍ਰਦੂਸ਼ਣ ਕੰਟਰੋਲ ਯੋਜਨਾ ਤਹਤਿ ਕੌਮੀ ਰਾਜਧਾਨੀ ਵਿੱਚ ਏਕਿਊਆਈ 450 ਨੂੰ ਪਾਰ ਕਰਦੇ ਹੀ ਐਮਰਜੈਂਸੀ ਯੋਜਨਾ ਲਾਗੂ ਹੋ ਜਾਂਦੀ ਹੈ, ਜਿਸ ਤਹਤਿ ਪ੍ਰਦੂਸ਼ਣ ਫੈਲਾਉਣ ਵਾਲੇ ਟਰੱਕਾਂ, ਵਪਾਰਕ ਵਾਹਨਾਂ ਅਤੇ ਹਰ ਤਰ੍ਹਾਂ ਦੇ ਨਿਰਮਾਣ ਕਾਰਜਾਂ ’ਤੇ ਪਾਬੰਦੀ ਲਾਈ ਜਾਂਦੀ ਹੈ।
ਜਾਣਕਾਰੀ ਅਨੁਸਾਰ ਕੁਤੁਬ ਮੀਨਾਰ ਖੇਤਰ ’ਚ ਹਵਾ ਵਿੱਚ ਧੁੰਦ ਦੀ ਇੱਕ ਮੋਟੀ ਪਰਤ ਦਿਖਾਈ ਦਿੱਤੀ। ਲੋਧੀ ਗਾਰਡਨ ’ਚ ਸਵੇਰੇ ਸੈਰ ਕਰਨ ਵਾਲਿਆਂ ਨੇ ਪ੍ਰਦੂਸ਼ਣ ਵਧਣ ਕਾਰਨ ਸਾਹ ਲੈਣ ’ਚ ਤਕਲੀਫ ਹੋਣ ਦੀ ਸ਼ਿਕਾਇਤ ਹੈ। ਨੋਇਡਾ ਵਿੱਚ ਵੀ ਅਜਿਹੇ ਹੀ ਹਾਲਾਤ ਸਨ। ਇਸ ਦੌਰਾਨ ਦਿੱਲੀ ਦੇ ਕੌਮੀ ਚਿੜੀਆਘਰ ਵਿੱਚ ਪੰਛੀਆਂ ਤੇ ਪਸ਼ੂਆਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਪਾਣੀ ਦਾ ਛਿੜਕਾਅ ਕਰਨ ਸਮੇਤ ਉਨ੍ਹਾਂ ਨੂੰ ਘੁਰਨਿਆਂ ਵਿੱਚ ਰੱਖਣ ਅਤੇ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਵਿਸ਼ੇਸ਼ ਉਪਾਅ ਕੀਤੇ ਜਾ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਕਈ ਪੰਛੀਆਂ ਨੂੰ ਪ੍ਰਦੂਸ਼ਣ ਤੋਂ ਨੁਕਸਾਨ ਹੁੰਦਾ ਹੈ ਜਿਸ ਕਰਕੇ ਉਨ੍ਹਾਂ ਲਈ ਖਾਸ ਬੰਦੋਬਸਤ ਕੀਤੇ ਗਏ ਹਨ। -ਪੀਟੀਆਈ
ਜੀਆਰਏਪੀ ਦੀ ਉਲੰਘਣਾ ਦੇ ਦੋਸ਼ ਹੇਠ ਵਾਹਨ ਚਾਲਕਾਂ ਨੂੰ ਜੁਰਮਾਨਾ
ਨਵੀਂ ਦਿੱਲੀ: ਦਿੱਲੀ ਟਰਾਂਸਪੋਰਟ ਵਿਭਾਗ ਦੀਆਂ ਇਨਫੋਰਸਮੈਂਟ ਟੀਮਾਂ ਨੇ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਲਗਾਏ ਗਏ ਗਰੇਡਿਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ਦੇ ਤੀਜੇ ਪੜਾਅ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 162 ਚਾਰ ਪਹੀਆ ਵਾਹਨਾਂ ਨੂੰ ਜੁਰਮਾਨਾ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਲੰਘਣਾ ਕਰਨ ’ਤੇ ਇਨ੍ਹਾਂ ਵਾਹਨਾਂ ਦੇ ਮਾਲਕਾਂ ’ਤੇ ਮੋਟਰ ਵਹੀਕਲ ਐਕਟ ਤਹਤਿ 20-20 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਦਿਨੋਂ-ਦਿਨ ਵਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਦਿੱਲੀ ਵਿੱਚ ਅੱਜ ਜੀਆਰਏਪੀ ਦਾ ਚੌਥਾ ਪੜਾਅ ਲਾਗੂ ਕਰ ਦਿੱਤਾ ਗਿਆ ਹੈ। -ਪੀਟੀਆਈ