ਦੀਵਾਲੀ ਮੌਕੇ ਦਿੱਲੀ ’ਚ ਅੱਗ ਲੱਗਣ ਦੀਆਂ ਘਟਨਾਵਾਂ ਵਧੀਆਂ
ਨਵੀਂ ਦਿੱਲੀ, 1 ਨਵੰਬਰ
ਦੀਵਾਲੀ ਮੌਕੇ ਅੱਗ ਲੱਗਣ ਦੀਆਂ ਘਟਨਾਵਾਂ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦਿੱਲੀ ਫਾਇਰ ਸਰਵਿਸਿਜ਼ (ਡੀਐਫਐਸ) ਨੂੰ ਦੀਵਾਲੀ ਮੌਕੇ ਅੱਗ ਨਾਲ ਸਬੰਧਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਫੋਨ ਕਾਲਾਂ ਆਈਆਂ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਦੀਵਾਲੀ ’ਤੇ 300 ਤੋਂ ਵੱਧ ਅੱਗ ਲੱਗਣ ਦੀਆਂ ਵਾਰਦਾਤਾਂ ਵਾਪਰੀਆਂ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ਨੂੰ ਬੁਝਾਉਣ ਲਈ ਪੂਰੀ ਵਾਹ ਲਾਈ। ਇਸ ਸਾਲ ਅੱਗ ਲੱਗਣ ਦੀਆਂ ਘਟਨਾਵਾਂ ਪਿਛਲੇ 13 ਸਾਲਾਂ ਵਿਚ ਸਭ ਤੋਂ ਵੱਧ ਵਾਪਰੀਆਂ। ਇਸ ਦਾ ਮੁੱਖ ਕਾਰਨ ਪਟਾਕਿਆਂ ਦੀ ਜ਼ਿਆਦਾ ਵਰਤੋਂ ਕਰਨਾ ਹੈ। ਡੀਐਫਐਸ ਦੇ ਮੁਖੀ ਅਤੁਲ ਗਰਗ ਨੇ ਕਿਹਾ ਕਿ ਇਹ ਅੰਕੜਾ ਪਿਛਲੇ 13 ਸਾਲਾਂ ਵਿੱਚ ਦੀਵਾਲੀ ਨਾਲ ਸਬੰਧਤ ਅੱਗ ਅਤੇ ਐਮਰਜੈਂਸੀ ਘਟਨਾਵਾਂ ਦੀ ਸਭ ਤੋਂ ਵੱਧ ਗਿਣਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਕਾਲਾਂ 31 ਅਕਤੂਬਰ ਨੂੰ ਸ਼ਾਮ 5 ਵਜੇ ਤੋਂ 1 ਨਵੰਬਰ ਨੂੰ ਸਵੇਰੇ 5 ਵਜੇ ਦਰਮਿਆਨ ਪ੍ਰਾਪਤ ਹੋਈਆਂ।
ਡੀਐਫਐਸ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਉਨ੍ਹਾਂ ਨੂੰ 2011 ਵਿੱਚ 206 ਅੱਗ ਨਾਲ ਸਬੰਧਤ ਕਾਲਾਂ, 2012 ਵਿੱਚ 184, 2013 ਵਿੱਚ 177, 2014 ਵਿੱਚ 211, 2015 ਵਿੱਚ 290, 2016 ਵਿੱਚ 243, 2017 ਵਿੱਚ 204, 2018 ਵਿੱਚ 271, 2019 ਵਿੱਚ 245, 2020 ਵਿੱਚ 205, 2021 ਵਿੱਚ 152, 2022 ਵਿੱਚ 201 ਅਤੇ 2023 ਵਿੱਚ 208 ਫੋਨ ਕਾਲਾਂ ਪ੍ਰਾਪਤ ਹੋਈਆਂ ਪਰ ਇਸ ਸਾਲ ਅੱਗ ਨਾਲ ਸਬੰਧਤ 318 ਕਾਲਾਂ ਆਈਆਂ ਤੇ ਇਹ ਗਿਣਤੀ ਪਿਛਲੇ 13 ਸਾਲਾਂ ਵਿੱਚ ਸਭ ਤੋਂ ਵੱਧ ਹੈ।
ਸ੍ਰੀ ਗਰਗ ਨੇ ਕਿਹਾ ਕਿ ਉਨ੍ਹਾਂ ਨੇ ਦੀਵਾਲੀ ਤੋਂ ਪਹਿਲਾਂ ਹੀ ਇਨ੍ਹਾਂ ਘਟਨਾਵਾਂ ਨਾਲ ਸਿੱਝਣ ਦੀ ਪੂਰੀ ਤਿਆਰੀ ਕੀਤੀ ਹੋਈ ਸੀ। ਉਨ੍ਹਾਂ ਮੁਲਾਜ਼ਮਾਂ ਦੀਆਂ ਸਾਰੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਸ਼ਾਮ 4 ਵਜੇ ਤੋਂ ਰਾਤ 9 ਵਜੇ ਤੱਕ ਅੱਗ ਲੱਗਣ ਦੀਆਂ ਘਟਨਾਵਾਂ ਸਬੰਧੀ ਘੱਟੋ-ਘੱਟ 78 ਕਾਲਾਂ ਆਈਆਂ।
ਇਸ ਦੌਰਾਨ ਕੌਮੀ ਰਾਜਧਾਨੀ ਦਾ ਹਵਾ ਗੁਣਵੱਤਾ ਸੂਚਕਅੰਕ (ਏਕਿਊਆਈ) ਸ਼ੁੱਕਰਵਾਰ ਨੂੰ 362 ਤੱਕ ਡਿੱਗ ਗਿਆ। ਦਿੱਲੀ ਦਾ 24 ਘੰਟੇ ਦਾ ਔਸਤ ਹਵਾ ਗੁਣਵੱਤਾ ਸੂਚਕਅੰਕ (ਏਕਿਊਆਈ) 330 ਦਰਜ ਕੀਤਾ ਗਿਆ, ਜਦੋਂਕਿ ਇਹ 2023 ਵਿੱਚ 218 ਅਤੇ 2022 ਵਿੱਚ 312 ਸੀ। ਕੌਮੀ ਏਕਿਊਆਈ ਬਾਰੇ ਹਰ ਘੰਟੇ ਅਪਡੇਟ ਦੇਣ ਵਾਲੀ ਸੀਪੀਸੀਬੀ ਦੀ ‘ਸਮੀਰ’ ਐਪ ਅਨੁਸਾਰ, ਅਲੀਪੁਰ ਵਿੱਚ ਏਕਿਊਆਈ 355, ਆਨੰਦ ਵਿਹਾਰ ਵਿੱਚ 396, ਅਸ਼ੋਕ ਵਿਹਾਰ ਵਿੱਚ 389, ਅਯਾ ਨਗਰ ਵਿੱਚ 351, ਬਵਾਨਾ ਵਿੱਚ 396, ਬੁਰਾੜੀ 394 ਅਤੇ ਮਥੁਰਾ ਰੋਡ ਵਿੱਚ 371 ਦਰਜ ਕੀਤਾ ਗਿਆ ਹੈ। ਆਈਜੀਆਈ ਹਵਾਈ ਅੱਡੇ ’ਤੇ ਏਕਿਊਆਈ 371, ਦਵਾਰਕਾ ਵਿੱਚ 376, ਜਹਾਂਗੀਰਪੁਰੀ ਵਿੱਚ 390, ਮੁੰਡਕਾ ਵਿੱਚ 375, ਪਤਪੜਗੰਜ ਵਿੱਚ 365, ਰੋਹਿਣੀ ਵਿੱਚ 390, ਸੋਨੀਆ ਵਿਹਾਰ ਵਿੱਚ 396 ਅਤੇ ਵਜ਼ੀਰਪੁਰ ਵਿੱਚ 390 ਰਿਹਾ। ਏਕਿਊਆਈ ਨੂੰ ਸਿਫ਼ਰ ਤੋਂ 50 ਦੇ ਵਿਚਕਾਰ ‘ਚੰਗਾ’, 51 ਤੋਂ 100 ਵਿਚਕਾਰ ‘ਤਸੱਲੀਬਖਸ਼’, 101 ਤੋਂ 200 ‘ਮੱਧਮ’, 201 ਤੋਂ 300 ‘ਖਰਾਬ’, 301 ਤੋਂ 400 ‘ਬਹੁਤ ਖ਼ਰਾਬ’, 401 ਤੋਂ 450 ‘ਗੰਭੀਰ’ ਅਤੇ 450 ਤੋਂ ਉੱਪਰ ‘ਗੰਭੀਰ ਤੋਂ ਵੀ ਗੰਭੀਰ’ ਮੰਨਿਆ ਜਾਂਦਾ ਹੈ।
ਹਰਿਆਣਾ ਦੇ ਹੋਰ ਸਥਾਨਾਂ ਜਿਵੇਂ ਬਹਾਦੁਰਗੜ੍ਹ ਵਿੱਚ ਏਕਿਊਆਈ 289, ਬੱਲਭਗੜ੍ਹ ਵਿੱਚ 224, ਭਿਵਾਨੀ ਵਿੱਚ 288, ਚਰਖੀ ਦਾਦਰੀ ਵਿੱਚ 228, ਫਰੀਦਾਬਾਦ ਵਿੱਚ 236, ਫਤਿਆਬਾਦ ਵਿੱਚ 248, ਹਿਸਾਰ ਵਿੱਚ 252, ਕਰਨਾਲ ਵਿੱਚ 232, ਪੰਚਕੂਲਾ ਵਿੱਚ 251 ਦਰਜ ਕੀਤਾ ਗਿਆ। ਇਹ ਰੋਹਤਕ 272, ਸੋਨੀਪਤ ਵਿੱਚ 259, ਸਿਰਸਾ ਵਿੱਚ 217 ਅਤੇ ਯਮੁਨਾਨਗਰ ਵਿੱਚ 265 ਸੀ। -ਪੀਟੀਆਈ
ਦਿੱਲੀ ਸਰਕਾਰ ਨੇ ਲਾਈ ਸੀ ਪਟਾਕਿਆਂ ’ਤੇ ਪਾਬੰਦੀ
ਦਿੱਲੀ ਸਰਕਾਰ ਨੇ ਦੀਵਾਲੀ ਦੌਰਾਨ ਅਤੇ ਬਾਅਦ ਵਿੱਚ ਪ੍ਰਦੂਸ਼ਣ ਵਿੱਚ ਵਾਧੇ ਨਾਲ ਨਜਿੱਠਣ ਦੀ ਕੋਸ਼ਿਸ਼ ਤਹਿਤ ਲਗਾਤਾਰ ਪੰਜਵੇਂ ਸਾਲ ਪਟਾਕਿਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਸੀ। ਪਾਬੰਦੀ ਤਹਿਤ ਪਟਾਕੇ ਬਣਾਉਣ, ਸਟੋਰ ਕਰਨ, ਵੇਚਨ ਅਤੇ ਵਰਤੋਂ ’ਤੇ ਪਾਬੰਦੀ ਲਗਾਈ ਗਈ ਸੀ। ਦਿੱਲੀ ਸਰਕਾਰ ਨੇ ਪਾਬੰਦੀ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਸਥਾਨਕ ਐਸੋਸੀਏਸ਼ਨਾਂ ਰਾਹੀਂ ਜਾਗਰੂਕਤਾ ਫੈਲਾਉਣ ਲਈ 377 ਐਨਫੋਰਸਮੈਂਟ ਟੀਮਾਂ ਵੀ ਬਣਾਈਆਂ ਸਨ। ਪੁਲੀਸ ਟੀਮਾਂ ਨੂੰ ਨੇੜਲੇ ਖੇਤਰਾਂ ਤੋਂ ਆਵਾਜਾਈ ਦੀ ਨਿਗਰਾਨੀ ਕਰਨ ਲਈ ਤਾਇਨਾਤ ਕੀਤਾ ਗਿਆ ਸੀ।
ਚਿਤਾਵਨੀ ਦੇ ਬਾਵਜੂਦ ਹੋਈ ਨਿਯਮਾਂ ਦੀ ਉਲੰਘਣਾ
ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ ਦਿੱਲੀ ਭਰ ਦੇ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਪਾਬੰਦੀ ਦੀ ਉਲੰਘਣਾ ਹੋਈ। ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਪੂਰਬੀ ਅਤੇ ਪੱਛਮੀ ਦਿੱਲੀ ਵਿੱਚ ਵੱਡੇ ਪੱਧਰ ’ਤੇ ਉਲੰਘਣਾ ਹੋਈ ਹੈ, ਜੌਨਪੁਰ, ਪੰਜਾਬੀ ਬਾਗ਼, ਬੁਰਾੜੀ ਅਤੇ ਈਸਟ ਆਫ ਕੈਲਾਸ਼ ਵਰਗੇ ਖੇਤਰਾਂ ਵਿੱਚ ਪਟਾਕਿਆਂ ਦੀ ਗੂੰਜ ਰਹੀ।