ਹੋਟਲ ਦੀ ਸੱਤਵੀਂ ਮੰਜ਼ਿਲ ’ਤੇ ਲੱਗੀ ਅੱਗ
ਹਰਜੀਤ ਸਿੰਘ
ਜ਼ੀਰਕਪੁਰ, 18 ਸਤੰਬਰ
ਇੱਥੋਂ ਦੀ ਪੁਰਾਣੀ ਕਾਲਕਾ ਸੜਕ ’ਤੇ ਸਥਿਤ ਇਕ ਹੋਟਲ ਦੀ ਸੱਤਵੀਂ ਮੰਜ਼ਿਲ ’ਤੇ ਅੱਗ ਲੱਗ ਗਈ। ਫਾਇਰ ਅਫ਼ਸਰ ਜਸਵੰਤ ਸਿੰਘ ਆਪਣੀ ਨਿੱਜੀ ਗੱਡੀ ਵਿੱਚ ਡੇਰਾਬੱਸੀ ਵੱਲ ਜਾ ਰਹੇ ਸਨ, ਉਨ੍ਹਾਂ ਦੀ ਨਜ਼ਰ ਅੱਗ ’ਤੇ ਪੈਣ ਮਗਰੋਂ ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਦਿੱਤਾ। ਵਿਭਾਗ ਨੇ ਗੱਡੀਆਂ ਮੌਕੇ ’ਤੇ ਭੇਜ ਕੇ ਅੱਗ ’ਤੇ ਸਮਾਂ ਰਹਿੰਦੇ ਕਾਬੂ ਪਾ ਲਿਆ। ਇਸ ਸਦਕਾ ਵੱਡਾ ਹਾਦਸਾ ਟਲ ਗਿਆ।
ਜਾਣਕਾਰੀ ਅਨੁਸਾਰ ਪੁਰਾਣੀ ਕਾਲਕਾ ਸੜਕ ’ਤੇ ਸਥਿਤ ਇੱਕ ਹੋਟਲ ਦੀ ਸੱਤਵੀਂ ਮੰਜ਼ਿਲ ’ਤੇ ਸਥਿਤ ਉਸ ਦੀ ਰਸੋਈ ਵਿੱਚ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ। ਫਾਇਰ ਅਫ਼ਸਰ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਅੱਜ ਦੁਪਹਿਰ ਇਕ ਵਜੇ ਦੇ ਕਰੀਬ ਫਲਾਈਓਵਰ ਤੋਂ ਡੇਰਾਬੱਸੀ ਵੱਲ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਹੋਟਲ ਦੀ ਇਮਾਰਤ ਵਿੱਚੋਂ ਧੂੰਆਂ ਨਿਕਲਦਾ ਦੇਖਿਆ। ਉਨ੍ਹਾਂ ਨੇ ਤੁਰੰਤ ਜ਼ੀਰਕਪੁਰ ਫਾਇਰ ਸਟੇਸ਼ਨ ਵਿੱਚ ਸੂਚਨਾ ਦਿੱਤੀ। ਸੂਚਨਾ ਦੇਣ ਦੇ ਕੁਝ ਮਿੰਟਾਂ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਸਨ ਜਿਨ੍ਹਾਂ ਨੇ ਕਰੀਬ ਅੱਧੇ ਘੰਟੇ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਅੱਗ ਰਸੋਈ ਵਿੱਚ ਲਗਾਈ ਗਈ ਫਾਈਬਰ ਸ਼ੀਟ ਕਾਰਨ ਜ਼ਿਆਦਾ ਭੜਕ ਗਈ ਸੀ। ਮੌਕੇ ’ਤੇ ਇਕ ਸਿਲੰਡਰ ਵੀ ਲੀਕ ਹੋ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਜੇ ਫਾਇਰ ਕਰਮੀ ਸਮਾਂ ਰਹਿੰਦਿਆਂ ਅੱਗ ’ਤੇ ਕਾਬੂ ਨਾ ਪਾਉਂਦੇ ਤਾਂ ਸਿਲੰਡਰ ਫਟ ਵੀ ਸਕਦਾ ਸੀ।