ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਵੱਲੋਂ ਵਿਕਾਸ ਕਾਰਜਾਂ ਨੂੰ ਹਰੀ ਝੰਡੀ
ਮੁਕੇਸ਼ ਕੁਮਾਰ
ਚੰਡੀਗੜ੍ਹ, 20 ਸਤੰਬਰ
ਚੰਡੀਗੜ੍ਹ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ (ਐਫਐਂਡਸੀਸੀ) ਦੀ ਸ਼ੁਕਰਵਾਰ ਨੂੰ ਮੇਅਰ ਕੁਲਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਨਾਲ ਸਬੰਧਤ ਲੱਖਾਂ ਰੁਪਏ ਦੇ ਵੱਖ-ਵੱਖ ਕਾਰਜਾਂ ਲਈ ਅਨੁਮਾਨਤ ਖਰਚ ਸਮੇਤ ਹੋਰ ਅਹਿਮ ਏਜੰਡਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਆਪਣੀ ਪ੍ਰਵਾਨਗੀ ਦਿੱਤੀ। ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਮਲੋਆ ਕਲੋਨੀ ਵਿੱਚ ਭਾਰੀ ਬਰਸਾਤ ਦੌਰਾਨ ਬਰਸਾਤ ਦੇ ਪਾਣੀ ਦੇ ਸੁਚਾਰੂ ਨਿਪਟਾਰੇ ਲਈ ਪਟਿਆਲਾ ਕੀ ਰਾਓ ਵਿੱਚ ਆਰਸੀਸੀ ਪਾਈਪਲਾਈਨ ਵਿਛਾਉਣ ਸਮੇਤ ਇਲਾਕੇ ਦੇ ਹੋਰ ਵੱਖ-ਵੱਖ ਵਿਕਾਸ ਕਾਰਜਾਂ ਲਈ 41.39 ਲੱਖ ਰੁਪਏ ਦੀ ਅਨੁਮਾਨਤ ਲਾਗਤ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਕਮੇਟੀ ਨੇ ਸੈਕਟਰ 38 (ਵੈਸਟ) ਅਤੇ ਰਾਏਪੁਰ ਕਲਾਂ ਵਿੱਚ ਐਨੀਮਲ ਬਰਥ ਕੰਟਰੋਲ (ਏਬੀਸੀ) ਸੈਂਟਰਾਂ ਦੇ ਵਿਸਥਾਰ ਸਬੰਧੀ ਏਜੰਡਾ ਆਈਟਮ ’ਤੇ ਵਿਚਾਰ ਵਟਾਂਦਰਾ ਕੀਤਾ ਅਤੇ ਇਸ ਨੂੰ ਨਗਰ ਨਿਗਮ ਹਾਊਸ ਦੀ ਹੋਣ ਵਾਲੀ ਮੀਟਿੰਗ ਵਿੱਚ ਅੰਤਿਮ ਫ਼ੈਸਲੇ ਲਈ ਭੇਜਣ ਦਾ ਫ਼ੈਸਲਾ ਕੀਤਾ। ਇਸੇ ਤਰ੍ਹਾਂ ਕਮੇਟੀ ਨੇ ਚੰਡੀਗੜ੍ਹ ਵਾਸ਼ਰਮੈਨ ਵਰਕਸ਼ਾਪ ਕੋਆਪ੍ਰੇਟਿਵ ਇੰਡਸਟਰੀਅਲ ਸੁਸਾਇਟੀ ਲਿਮਟਿਡ ਸੈਕਟਰ 15-ਡੀ ਚੰਡੀਗੜ੍ਹ ਦੇ ਲਾਇਸੈਂਸ (ਠੇਕੇ) ਦੇ ਨਵੀਨੀਕਰਨ ਲਈ ਪੇਸ਼ ਕੀਤੇ ਏਜੰਡੇ ’ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਇਸ ਨੂੰ ਨਗਰ ਨਿਗਮ ਹਾਊਸ ਦੀ ਹੋਣ ਵਾਲੀ ਮੀਟਿੰਗ ਵਿੱਚ ਅੰਤਿਮ ਫ਼ੈਸਲੇ ਲਈ ਭੇਜਣ ਦਾ ਫੈਸਲਾ ਕੀਤਾ। ਸ਼ਹਿਰ ਵਿੱਚ ਬਾਂਦਰਾਂ ਦੇ ਖਤਰੇ ਨਾਲ ਨਜਿੱਠਣ ਲਈ ਕਮੇਟੀ ਮੈਂਬਰਾਂ ਨੇ ਚਾਰ ਬਾਂਦਰ ਰੋਕਥਾਮ ਕਰਮਚਾਰੀ ਸਟਾਫ ਰੱਖਣ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਮੀਟਿੰਗ ਵਿੱਚ ਸੈਕਟਰ 17 ਸਥਿਤ ਸਰਕਸ ਗਰਾਊਂਡ ਦਾ ਕਿਰਾਇਆ ਘਟਾਉਣ ਸਬੰਧੀ ਏਜੰਡਾ ਅੰਤਿਮ ਫੈਸਲੇ ਲਈ ਨਿਗਮ ਹਾਊਸ ਦੀ ਹੋਣ ਵਾਲੀ ਮੀਟਿੰਗ ਵਿੱਚ ਭੇਜਣ ਦਾ ਫੈਸਲਾ ਕੀਤਾ ਗਿਆ। ਕਮੇਟੀ ਮੈਂਬਰਾਂ ਅਤੇ ਨਿਗਮ ਅਧਿਕਾਰੀਆਂ ਨੇ ਸੈਕਟਰ 33 ਸਥਿਤ ਟੇਰੇਸਡ ਗਾਰਡਨ ਵਿੱਚ ਕਰਵਾਏ ਜਾਣ ਵਾਲੇ 37ਵੇਂ ਗੁਲਦਾਉਦੀ ਸ਼ੋਅ-2024 ਦੇ ਪ੍ਰਬੰਧਾਂ ਲਈ ਪੇਸ਼ ਕੀਤੇ ਗਏ ਏਜੰਡੇ ’ਤੇ ਚਰਚਾ ਕੀਤੀ ਅਤੇ ਪ੍ਰਵਾਨਗੀ ਦਿੱਤੀ। ਇਸੇ ਤਰ੍ਹਾਂ ਕਮੇਟੀ ਮੈਂਬਰਾਂ ਨੇ ਮੀਟਿੰਗ ਦੌਰਾਨ ਮੌਲੀ ਕੰਪਲੈਕਸ ਦੀ ਬਾਹਰੀ ਸੜਕ ’ਤੇ ਇੰਟਰਲਾਕਿੰਗ ਪੇਵਰ ਬਲਾਕ ਲਗਾਉਣ ਤੋਂ ਪਹਿਲਾਂ ਵੱਖ-ਵੱਖ ਥਾਵਾਂ ’ਤੇ ਸੜਕੀ ਡਰੇਨਾਂ ਦੀ ਮੁਰੰਮਤ/ਨਿਰਮਾਣ ਅਤੇ ਰੁਕੇ ਹੋਏ ਸਟੋਰਮ ਵਾਟਰ ਡਰੇਨੇਜ਼ ਲਾਈਨਾਂ ਨੂੰ ਬਦਲਣ ਲਈ 16.14 ਲੱਖ ਰੁਪਏ ਦੇ ਅਨੁਮਾਨਤ ਖਰਚੇ ਨੂੰ ਪ੍ਰਵਾਨਗੀ ਦਿੱਤੀ। ਇਸੇ ਤਰ੍ਹਾਂ ਸੈਕਟਰ 7 ਦੀ ਅੰਦਰੂਨੀ ਮਾਰਕੀਟ ਦੇ ਵਿਕਾਸ ਕਾਰਜਾਂ ਲਈ ਅਨੁਮਾਨਿਤ ਖਰਚਾ 48.06 ਲੱਖ ਰੁਪਏ, ਮਿਲਕ ਕਲੋਨੀ ਤੇ ਪਿੰਡ ਧਨਾਸ ਦੇ ਕਮਿਊਨਿਟੀ ਸੈਂਟਰ ਆਦਿ ਲਈ 4.66 ਲੱਖ ਰੁਪਏ, ਉਦਯੋਗਿਕ ਖੇਤਰ, ਫੇਜ਼-1 ਦੇ ਪਲਾਟ ਨੰਬਰ 23 ਨੇੜੇ ਸੜਕਾਂ ’ਤੇ ਸਟਰੀਟ ਲਾਈਟਾਂ ਦੇ ਵਿਸਥਾਰ ਲਈ ਅਨੁਮਾਨਿਤ ਖਰਚ 35.83 ਲੱਖ ਰੁਪਏ, ਸੈਕਟਰ 8 ਦੀ ਅੰਦਰੂਨੀ ਮਾਰਕੀਟ ਦੇ ਵਿਕਾਸ ਕਾਰਜਾਂ ਲਈ ਅਨੁਮਾਨਿਤ ਖਰਚ 37.70 ਲੱਖ ਰੁਪਏ ਅਤੇ ਸੈਕਟਰ 21 ਸੀ ਐਂਡ ਡੀ ਦੀ ਗ੍ਰੀਨ ਬੈਲਟ ਅਤੇ ਸੈਕਟਰ 19 ਦੀ ਗ੍ਰੀਨ ਬੈਲਟ ਦੇ ਸਾਹਮਣੇ ਸੀਮਿੰਟ ਕੰਕਰੀਟ ਦੇ ਵਾਕਿੰਗ ਟਰੈਕ ਨੂੰ ਬਦਲਣ ਅਤੇ ਮੁੜ ਵਿਛਾਉਣ ਲਈ 20.66 ਲੱਖ ਰੁਪਏ ਦੇ ਅਨੁਮਾਨਿਤ ਖਰਚੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੀਟਿੰਗ ਵਿੱਚ ਨਗਰ ਨਿਗਮ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਸਮੇਤ ਕਮੇਟੀ ਦੇ ਮੈਂਬਰ ਕੌਂਸਲਰ ਜਸਵਿੰਦਰ ਕੌਰ, ਮਹੇਸ਼ਇੰਦਰ ਸਿੰਘ ਸਿੱਧੂ, ਲਖਬੀਰ ਸਿੰਘ, ਤਰੁਣਾ ਮਹਿਤਾ ਅਤੇ ਨਗਰ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਠੋਸ ਕੂੜੇ ਦੇ ਪ੍ਰਬੰਧਾਂ ਸਬੰਧੀ ਜਾਗਰੂਕ ਕਰਨ ਲਈ ਪੈਂਫਲੇਟ ਜਾਰੀ
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਨਗਰ ਨਿਗਮ ਨੇ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਸ਼ਹਿਰ ਵਿੱਚ ਠੋਸ ਕੂੜੇ ਦੀ ਬਿਹਤਰ ਅਤੇ ਕੁਸ਼ਲ ਪ੍ਰੋਸੈਸਿੰਗ ਵੱਲ ਇੱਕ ਹੋਰ ਕਦਮ ਚੁੱਕਦੇ ਹੋਏ ਇੱਕ ਜਾਗਰੂਕਤਾ ਪੈਂਫਲੇਟ ਜਾਰੀ ਕੀਤਾ ਹੈ। ਨਗਰ ਨਿਗਮ ਦੇ ਮੁੱਖ ਭਵਨ ਵਿਖੇ ਮੇਅਰ ਕੁਲਦੀਪ ਕੁਮਾਰ ਨੇ ਨਿਗਮ ਦੀ ਜੁਆਇੰਟ ਕਮਿਸ਼ਨਰ ਈਸ਼ਾ ਕੰਬੋਜ ਅਤੇ ਸਵੈ ਸਹਾਇਤਾ ਸਮੂਹਾਂ (ਐਸਐਚਜੀ) ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਐੱਸਬੀਐੱਮ ਅਤੇ ਐਨਯੂਐਲਐਮ ਕਨਵਰਜੈਂਸ ਵਾਲੇ ਸੈਲਫ ਹੈਲਪ ਗਰੁੱਪਾਂ ਵਿੱਚ ਪੈਂਫਲੇਟ ਵੰਡ ਕੇ ਇਕ ਪੈਂਫਲੇਟ ਲਾਂਚ ਕੀਤਾ। ਇਹ ਪੈਂਫਲੇਂਟ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਵੰਡੇ ਜਾਣਗੇ। ਇਸ ਮੌਕੇ ਮੇਅਰ ਨੇ ਕਿਹਾ ਕਿ ਇਸ ਪੈਂਫਲੈਟ ਦਾ ਉਦੇਸ਼ ਚੰਡੀਗੜ੍ਹ ਵਿੱਚ ਸੈਨੇਟਰੀ ਵੇਸਟ ਨੂੰ ਵੱਖ ਕਰਨ ’ਤੇ ਜ਼ੋਰ ਦੇ ਕੇ ਸਰੋਤਾਂ ਨੂੰ ਵੱਖਰਾ ਕਰਨ ਨੂੰ ਉਤਸ਼ਾਹਿਤ ਕਰਕੇ ਨਾਗਰਿਕਾਂ ਨੂੰ ਚੱਲ ਰਹੀ ਸਵੱਛਤਾ ਹੀ ਸੇਵਾ ਮੁਹਿੰਮ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਹੈ। ਨਗਰ ਨਿਗਮ ਦੇ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਨੂੰ ਸਵੱਛ ਸਰਵੇਖਣ 2024 ਵਿੱਚ ਚੋਟੀ ਦਾ ਸ਼ਹਿਰ ਬਣਾਉਣ ਲਈ ਮਾਹਿਰਾਂ ਦੁਆਰਾ ਖੇਤਰ ਦਾ ਨਿਰੀਖਣ ਕੀਤਾ ਗਿਆ ਹੈ ਅਤੇ ਸਵੈ-ਸਹਾਇਤਾ ਸਮੂਹਾਂ ਨੂੰ ਖੇਤਰਾਂ ਵਿੱਚ ਵੰਡਿਆ ਗਿਆ ਹੈ।