ਸਮਾਜ ਦਾ ਕੌੜਾ ਸੱਚ ਬਿਆਨਦੀ ਫਿਲਮ ‘ਵੱਡਾ ਘਰ’
ਮਨਜੀਤ ਕੌਰ ਸੱਪਲ
ਪੰਜਾਬੀ ਸਿਨੇਮਾ ਵਿੱਚ ਅਸਲ ਸਮਾਜਿਕ ਮੁੱਦਿਆਂ ’ਤੇ ਆਧਾਰਿਤ ਫਿਲਮਾਂ ਬਹੁਤ ਘੱਟ ਬਣਦੀਆਂ ਹਨ। ਕੋਈ-ਕੋਈ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਹੀ ਇਹ ਜ਼ਿੰਮਾ ਉਠਾਉਂਦਾ ਹੈ। ਬੀਤੇ ਦਿਨੀਂ ਰਿਲੀਜ਼ ਹੋਈ ਨਿਰਦੇਸ਼ਕ ਕਮਲਜੀਤ ਸਿੰਘ ਅਤੇ ਗੋਲਡੀ ਢਿੱਲੋਂ ਦੀ ਪਰਵਾਸੀ ਜ਼ਿੰਦਗੀ ਨਾਲ ਜੁੜੀ ਫਿਲਮ ‘ਵੱਡਾ ਘਰ’ ਸਾਂਝੇ ਪਰਿਵਾਰਾਂ ਦੀ ਅਹਿਮੀਅਤ, ਅਪਣੱਤ, ਰਿਸ਼ਤਿਆਂ ਦੇ ਨਿੱਘ ਅਤੇ ਸਤਿਕਾਰ ਦੀ ਗੱਲ ਕਰਦੀ ਹੈ। ‘ਵੱਡਾ ਘਰ’ ਉਸ ਵਿੱਚ ਵਸਦੇ ਲੋਕਾਂ ਨਾਲ ਹੀ ਬਣਦਾ ਹੈ, ਨਹੀਂ ਤਾਂ ਖਾਲੀ ਘਰ ਦੀਆਂ ਕੰਧਾਂ ਵੀ ਇੱਕ ਪਲ ਤੋਂ ਬਾਅਦ ਗੱਲਾਂ ਕਰਨੀਆਂ ਬੰਦ ਕਰ ਦਿੰਦੀਆਂ ਹਨ। ਨਿਰਮਾਤਾ ਸੰਦੀਪ ਸਿੰਘ ਧੰਜਲ (ਲਾਡੀ), ਮਨਿੰਦਰ ਸਿੰਘ ਕੰਵਲ (ਰੌਬੀ) ਅਤੇ ਜਸਵੀਰ ਗੁਣਾਚੌਰੀਆ ਵੱਲੋਂ ਇਸੇ ਗੰਭੀਰ ਮੁੱਦੇ ਜ਼ਰੀਏ ਸਾਰਥਿਕ ਸੁਨੇਹਾ ਦੇਣ ਦੀ ਕੋਸ਼ਿਸ ਕੀਤੀ ਗਈ ਹੈ।
ਜਸਵੀਰ ਗੁਣਾਚੌਰੀਆ ਪ੍ਰਸਿੱਧ ਗੀਤਕਾਰ ਹੈ ਜਿਸ ਨੇ ਆਪਣੀ ਕਲਮ ਸਦਕਾ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਚੰਗੀ ਪਛਾਣ ਬਣਾਈ ਹੈ। ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਰਹਿੰਦਿਆਂ ਉਸ ਨੇ ਪਰਵਾਸੀ ਜੀਵਨ ਨੂੰ ਬਹੁਤ ਨੇੜੇ ਹੋ ਕੇ ਸਮਝਿਆ ਹੈ। ਇਸ ਫਿਲਮ ਦੀ ਕਹਾਣੀ, ਸੰਵਾਦ ਅਤੇ ਸਕਰੀਨ ਪਲੇਅ ਜਸਬੀਰ ਗੁਣਾਚੌਰੀਆ ਨੇ ਹੀ ਲਿਖਿਆ ਹੈ।
ਸਮਰੱਥ ਸਿੰਘ (ਸਰਦਾਰ ਸੋਹੀ) ਪਿੰਡ ਦਾ ਕਹਿੰਦਾ-ਕਹਾਉਂਦਾ ਅਤੇ ਇਲਾਕੇ ਵਿੱਚ ਕਬੱਡੀ-ਕੱਪ ਕਰਵਾਉਣ ਦਾ ਸ਼ੌਕੀਨ ਹੈ। ਉਸ ਦੀ ਸਰਦਾਰਨੀ ਸੁਖਵਿੰਦਰ ਕੌਰ (ਅਮਰ ਨੂਰੀ) ਵੀ ਬੜੀ ਨੇਕ ਸੁਭਾਅ ਵਾਲੀ ਸੁਆਣੀ ਹੈ। ਇਨ੍ਹਾਂ ਦੇ ਦੋ ਪੁੱਤਰ ਹਨ, ਜਸਵੀਰ ਤੇ ਦੀਪਾ। ਦੋਵੇਂ ਵੱਖਰੀ ਸੋਚ ਤੇ ਆਜ਼ਾਦ ਸੁਭਾਅ ਦੇ ਮਾਲਕ ਹਨ। ਸਮਰੱਥ ਬੜੇ ਵੱਡੇ ਸੁਪਨਿਆਂ ਨਾਲ ਵੱਡੇ ਪੁੱਤ ਦੀਪੇ ਨੂੰ ਕੈਨੇਡਾ ਭੇਜਦਾ ਹੈ। ਫਿਲਮ ਦੀ ਕਹਾਣੀ ਜਸਵੀਰ (ਜੋਬਨਪ੍ਰੀਤ) ਅਤੇ ਬਾਨੀ (ਮੈਂਡੀ ਤੱਖੜ) ਦੇ ਪਿਆਰ ਵਿਚਲੀ ਚਿੰਤਾ ਨਾਲ ਕੈਨੇਡਾ ਤੋਂ ਹੀ ਸ਼ੁਰੂ ਹੁੰਦੀ ਹੈ। ਜਸਵੀਰ ਪੰਜਾਬ ਨੂੰ ਪਿਆਰ ਕਰਨ ਵਾਲਾ ਨੌਜਵਾਨ ਹੈ। ਉਹ ਪੰਜਾਬ ਬਾਝੋਂ ਰਹਿ ਨਹੀਂ ਸਕਦਾ, ਜਦੋਂਕਿ ਉਸ ਦੀ ਮੁਹੱਬਤ ਬਾਨੀ ਕੈਨੇਡਾ ਵਿੱਚ ਰਹਿ ਕੇ ਜ਼ਿੰਦਗੀ ਜਿਊਣਾ ਚਾਹੁੰਦੀ ਹੈ।
ਜਸਵੀਰ ਦਾ ਦੂਜਾ ਭਰਾ ਦੀਪਾ (ਭਿੰਦਾ ਔਜਲਾ) ਨਸ਼ੇੜੀ ਨੌਜਵਾਨ ਦੀ ਝਲਕ ਦਿਖਾਉਂਦਾ ਹੋਇਆ ਆਪਣੇ ਮਾਪਿਆਂ ਨੂੰ ਕੈਨੇਡਾ ਬੁਲਾ ਕੇ ਉਨ੍ਹਾਂ ਨੂੰ ਉੱਥੋਂ ਦੇ ‘ਸੰਘਰਸ਼’ ਵੀ ਵਿਖਾਉਂਦਾ ਹੈ। ਪੁੱਤ ਦੀਆਂ ਵਿਗੜੀਆਂ ਆਦਤਾਂ ਤੋਂ ਚਿੰਤਤ ਪਿਓ ਜਦ ਪੁੱਤ ਨੂੰ ਵਰਜਦਾ ਹੈ ਤਾਂ ਨਸ਼ੇ ਵਿੱਚ ਗਲਤਾਨ ਦੀਪਾ ਆਪਣੇ ਮਾਂ-ਬਾਪ ਨੂੰ ਘਰੋਂ ਕੱਢ ਦਿੰਦਾ ਹੈ। ਬੇਗਾਨੇ ਮੁਲਕ ਦੀਆਂ ਸੜਕਾਂ ’ਤੇ ਠੇਡੇ ਖਾਂਦੇ ਮਾਪਿਆਂ ਦੇ ਦ੍ਰਿਸ਼ ਵੇਖ ਕੇ ਦਰਸ਼ਕਾਂ ਦੀਆਂ ਅੱਖਾਂ ਭਰ ਆਉਂਦੀਆਂ ਹਨ। ਫਿਲਮ ਦੀ ਕਹਾਣੀ ਵਿੱਚ ਅਨੇਕਾਂ ਮੋੜ ਆਉਂਦੇ ਹਨ ਜੋ ਮਨ ਨੂੰ ਝੰਜੋੜ ਕੇ ਰੱਖ ਦਿੰਦੇ ਹਨ।
ਇਸ ਫਿਲਮ ਵਿੱਚ ਜੋਬਨਪ੍ਰੀਤ, ਮੈਂਡੀ ਤੱਖੜ, ਭਿੰਦਾ ਔਜਲਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਅਮਰ ਨੂਰੀ, ਰਵਿੰਦਰ ਮੰਡ, ਕਵਲੀਨ, ਸਤਵੰਤ ਕੌਰ, ਤਰਸੇਮ ਪੌਲ, ਬਲਵੀਰ ਬੋਪਾਰਾਏ, ਹਰਪ ਨਾਜ਼, ਜੋਤੀ ਅਰੋੜਾ, ਸੁਖਵਿੰਦਰ ਰੋਡੇ ਅਤੇ ਬਾਲ ਕਲਾਕਾਰ ਗੁਰਬਾਜ਼ ਸੰਧੂ ਨੇ ਅਹਿਮ ਕਿਰਦਾਰ ਨਿਭਾਏ ਹਨ। ਸਰਦਾਰ ਸੋਹੀ ਤੇ ਅਮਰ ਨੂਰੀ ਦੇ ਭਾਵਕੁਤਾ ਭਰਪੂਰ ਦ੍ਰਿਸ਼ਾਂ ਵਿਚਲੀ ਅਦਾਕਾਰੀ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਬਾਲ ਕਲਾਕਾਰ ਗੁਰਬਾਜ਼ ਸੰਧੂ ਦੀ ਅਦਾਕਾਰੀ ਵੀ ਕਾਬਲੇ ਤਾਰੀਫ਼ ਹੈ। ਫਿਲਮ ਦੇ ਗੀਤ ਜਸਬੀਰ ਗੁਣਾਚੌਰੀਆ ਨੇ ਲਿਖੇ ਹਨ ਜਿਨ੍ਹਾਂ ਨੂੰ ਨਛੱਤਰ ਗਿੱਲ, ਸੋਨੂ ਕੱਕੜ, ਮਾਸਟਰ ਸਲੀਮ, ਕੰਵਰ ਗਰੇਵਾਲ, ਗੁਰਸ਼ਬਦ, ਸੁਨਿਧੀ ਚੌਹਾਨ, ਜੀ ਖਾਨ ਅਤੇ ਅਫ਼ਸਾਨਾ ਖਾਨ ਨੇ ਗਾਇਆ ਹੈ।