ਫਿਲਮ ‘ਕਿੱਲ’ ਨੇ ਪਹਿਲੇ ਦਿਨ 1.35 ਕਰੋੜ ਰੁਪਏ ਕਮਾਏ
ਮੁੰਬਈ
ਐਕਸ਼ਨ ਫਿਲਮ ‘ਕਿੱਲ’ ਨੇ ਪਹਿਲੇ ਦਿਨ 1.35 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਨਿਖਿਲ ਨਾਗੇਸ਼ ਭੱਟ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦਾ ਨਿਰਮਾਣ ਧਰਮਾ ਪ੍ਰੋਡਕਸ਼ਨਜ਼ ਅਤੇ ਸਿੱਖਿਆ ਐਂਟਰਟੇਨਮੈਂਟ ਨੇ ਕੀਤਾ ਹੈ। ਇਸ ਵਿੱਚ ਲਕਸ਼ੈ, ਤਾਨਿਆ ਮਾਨਿਕਤਲਾ ਅਤੇ ਰਾਘਵ ਜੁਆਲ ਨੇ ਮੁੱਖ ਭੂਮਿਕਾ ਨਿਭਾਈ ਹੈ। ਬੀਤੇ ਦਿਨ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਇਸ ਫਿਲਮ ਨੂੰ ‘ਭਾਰਤ ਵਿੱਚ ਬਣੀ ਸਭ ਤੋਂ ਹਿੰਸਕ ਫਿਲਮ’ ਦੱਸਿਆ ਜਾ ਰਿਹਾ ਹੈ। ਧਰਮਾ ਪ੍ਰੋਡਕਸ਼ਨ ਨੇ ਐਕਸ ’ਤੇ ਪਹਿਲੇ ਦਿਨ ਦੀ ਘਰੇਲੂ ਬਾਕਸ ਆਫਿਸ ਦੀ ਕਮਾਈ ਦਾ ਅੰਕੜਾ ਸਾਂਝਾ ਕੀਤਾ ਹੈ। ਨਿਰਮਾਤਾਵਾਂ ਨੇ ਦੱਸਿਆ ਕਿ ਫਿਲਮ ਨੇ ਪਹਿਲੇ ਦਿਨ 1.35 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਉਨ੍ਹਾਂ ਕਿਹਾ, ‘‘ਆਪੋ-ਆਪਣੀ ਟਿੱਕਟਾਂ ਬੁੱਕ ਕਰਵਾਓ। ‘ਕਿੱਲ’ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ ਲੱਗ ਚੁੱਕੀ ਹੈ। ਚਿਤਾਵਨੀ: ਇਸ ਫਿਲਮ ਵਿੱਚ ਹਿੰਸਕ ਸਮੱਗਰੀ ਸ਼ਾਮਲ ਹੈ ਜੋ ਕੁਝ ਦਰਸ਼ਕਾਂ ਨੂੰ ਪ੍ਰੇਸ਼ਾਨ ਕਰ ਸਕਦੀ ਹੈ।’’ ਫਿਲਮ ਦੀ ਕਹਾਣੀ ਭਾਰਤੀ ਫੌਜ ਦੇ ਕਮਾਂਡੋ ਅੰਮ੍ਰਿਤ (ਲਕਸ਼ੈ) ਦੇ ਜੀਵਨ ’ਤੇ ਆਧਾਰਿਤ ਹੈ ਜੋ ਤੁਲਿਕਾ (ਮਾਨਿਕਤਲਾ) ਨੂੰ ਪਿਆਰ ਕਰਦਾ ਹੈ। ਇਸ ਦੌਰਾਨ ਅੰਮ੍ਰਿਤ ਤੇ ਤੁਲਿਕਾ ਇੱਕ ਰੇਲ ਗੱਡੀ ਵਿੱਚ ਕਿਤੇ ਜਾਂਦੇ ਹਨ ਅਤੇ ਫਾਨੀ (ਜੁਆਲ) ਤੇ ਉਸ ਦੇ ਸਾਥੀ ਉਸ ਗੱਡੀ ’ਤੇ ਹਮਲਾ ਕਰ ਕੇ ਇਸ ਰੇਲ ਵਿਚਲੇ ਯਾਤਰੀਆਂ ਨੂੰ ਬੇਰਹਿਮੀ ਨਾਲ ਮਾਰਨਾ ਸ਼ੁਰੂ ਕਰ ਦਿੰਦੇ ਹਨ। ਜ਼ਿਕਰਯੋਗ ਹੈ ਕਿ 2023 ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਵੀ ਇਹ ਫਿਲਮ ਦਿਖਾਈ ਗਈ ਸੀ। -ਪੀਟੀਆਈ