ਅਤਿਵਾਦ, ਘੁਸਪੈਠ ਤੇ ਧਾਰਮਿਕ ਤਣਾਅ ਖ਼ਿਲਾਫ਼ ਲੜਾਈ ਜਾਰੀ ਰਹੇਗੀ: ਸ਼ਾਹ
ਨਵੀਂ ਦਿੱਲੀ, 21 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਭਾਵੇਂ ਦੇਸ਼ ਨੇ ਜੰਮੂ ਕਸ਼ਮੀਰ, ਪੂਰਬ-ਉੱਤਰ ਅਤੇ ਨਕਸਲ ਪ੍ਰਭਾਵਿਤ ਇਲਾਕਿਆਂ ’ਚ ਮੁਕਾਲਬਨ ਸ਼ਾਂਤੀ ਸਥਾਪਤ ਕਰ ਲਈ ਹੈ ਪਰ ਅਤਿਵਾਦ, ਘੁਸਪੈਠ ਤੇ ਧਾਰਮਿਕ ਤਣਾਅ ਪੈਦਾ ਕਰਨ ਦੀਆਂ ਸਾਜ਼ਿਸ਼ਾਂ ਖ਼ਿਲਾਫ਼ ਲੜਾਈ ਜਾਰੀ ਰਹੇਗੀ।
ਪੁਲੀਸ ਯਾਦਗਾਰੀ ਦਿਵਸ ਮੌਕੇ ਇੱਥੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਸ਼ਹੀਦ ਪੁਲੀਸ ਮੁਲਾਜ਼ਮਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ ਅਤੇ ਦੇਸ਼ ਯਕੀਨੀ ਤੌਰ ’ਤੇ 2047 ਤੱਕ ਪੂਰੀ ਤਰ੍ਹਾਂ ਵਿਕਸਿਤ ਰਾਸ਼ਟਰ ਬਣ ਜਾਵੇਗਾ। ਉਨ੍ਹਾਂ ਕਿਹਾ, ‘ਪਿਛਲੇ 10 ਸਾਲਾਂ ’ਚ ਜੰਮੂ ਕਸ਼ਮੀਰ, ਪੂਰਬ-ਉੱਤਰ ਖੇਤਰ ਅਤੇ ਖੱਬੇਪੱਖੀ ਕੱਟੜਵਾਦ ਤੋਂ ਪ੍ਰਭਾਵਿਤ ਖੇਤਰਾਂ ’ਚ ਪਹਿਲਾਂ ਮੁਕਾਬਲੇ ਸ਼ਾਂਤੀ ਸਥਾਪਤ ਕੀਤੀ ਗਈ ਹੈ। ਹਾਲਾਂਕਿ ਸਾਡੀ ਲੜਾਈ ਖਤਮ ਨਹੀਂ ਹੋਈ ਹੈ। ਅਸੀਂ ਨਸ਼ੀਲੇ ਪਦਾਰਥਾਂ, ਸਾਈਬਰ ਅਪਰਾਧ, ਧਾਰਮਿਕ ਤਣਾਅ ਪੈਦਾ ਕਰਨ ਦੀ ਸਾਜ਼ਿਸ਼, ਘੁਸਪੈਠ ਤੇ ਅਤਿਵਾਦ ਖ਼ਿਲਾਫ਼ ਲੜਦੇ ਰਹਾਂਗੇ ਜੋ ਸਾਡੇ ਸਮਾਜ ਲਈ ਚੁਣੌਤੀਆਂ ਪੈਦਾ ਕਰਦੇ ਰਹੇ ਹਨ।’
ਗ੍ਰਹਿ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਤੋਂ 36,438 ਪੁਲੀਸ ਮੁਲਾਜ਼ਮਾਂ ਨੇ ਦੇਸ਼ ਦੀ ਰਾਖੀ ਕਰਦਿਆਂ ਆਪਣੀ ਜਾਨ ਵਾਰ ਦਿੱਤੀ ਅਤੇ ਇਨ੍ਹਾਂ ’ਚੋਂ 216 ਮੁਲਾਜ਼ਮਾਂ ਨੇ ਪਿਛਲੇ ਸਾਲ ਜਾਨ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਵਿਕਾਸ ਯਾਤਰਾ ’ਚ ਕੁਰਬਾਨੀ ਲਈ ਦੇਸ਼ ਹਮੇਸ਼ਾ ਉਨ੍ਹਾਂ ਦਾ ਕਰਜ਼ਦਾਰ ਰਹੇਗਾ। ਉਨ੍ਹਾਂ ਕਿਹਾ, ‘ਮੈਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਦੀ ਕੁਰਬਾਨੀ ਬੇਕਾਰ ਨਹੀਂ ਜਾਵੇਗੀ। ਦੇਸ਼ ਸੁਰੱਖਿਅਤ ਰਹੇਗਾ। ਕਿਸੇ ਵੀ ਚੁਣੌਤੀ ਦੇ ਬਾਵਜੂਦ ਆਪਣਾ ਟੀਚਾ ਹਾਸਲ ਕਰੇਗਾ ਅਤੇ ਭਾਰਤ 2047 ਤੱਕ ਯਕੀਨੀ ਤੌਰ ’ਤੇ ਇੱਕ ਵਿਕਸਿਤ ਰਾਸ਼ਟਰ ਬਣ ਜਾਵੇਗਾ।’ -ਪੀਟੀਆਈ