ਕਸੂਰ ਡਰੇਨ ਵਿੱਚ ਦੋ ਥਾਵਾਂ ’ਤੇ ਪਾੜ ਪਏ
ਗੁਰਬਖਸ਼ਪੁਰੀ
ਤਰਨ ਤਾਰਨ, 23 ਜੁਲਾਈ
ਇੱਥੋਂ ਨੇੜਲੇ ਪਲਾਸੌਰ ਪਿੰਡ ਵਿੱਚੋਂ ਲੰਘਦੀ ਕਸੂਰ ਡਰੇਨ ਵਿੱਚ ਅੱਜ ਦੋ ਥਾਵਾਂ ’ਤੇ ਪਾੜ ਪੈ ਗਏ। ਪਿੰਡ ਵਾਸੀਆਂ ਨੂੰ ਵੇਲੇ ਸਿਰ ਜਾਣਕਾਰੀ ਮਿਲਣ ਸਦਕਾ ਲੋਕਾਂ ਨੇ ਸਥਿਤੀ ਨੂੰ ਕਾਬੂ ਹੇਠ ਕਰ ਲਿਆ| ਡਰੇਨ ਦੇ ਪਾੜ ਦਾ ਪਾਣੀ ਆਸ-ਪਾਸ ਦੇ 30 ਏਕੜ ਦੇ ਕਰੀਬ ਝੋਨੇ ਵਿੱਚ ਜਾ ਵੜ ਗਿਆ| ਇਸ ਪਾੜ ਨੂੰ ਪੂਰਨ ਲਈ ਪ੍ਰਸ਼ਾਸਨ ਤੋਂ ਪਹਿਲਾਂ ਤਰਨ ਤਾਰਨ ਹਰਿਆਵਲ ਲਹਿਰ ਦੇ ਸਮਾਜ ਸੇਵੀ ਅਤੇ ਪਿੰਡ ਦੇ ਲੋਕ ਪੁੱਜ ਗਏ ਸਨ। ਤਰਨ ਤਾਰਨ ਹਰਿਆਵਲ ਲਹਿਰ ਦੇ ਆਗੂ ਤੇਜਿੰਦਰਪਾਲ ਸਿੰਘ ਦੀ ਅਗਵਾਈ ਵਿੱਚ 25 ਦੇ ਕਰੀਬ ਸਮਾਜ ਸੇਵੀਆਂ ਨੇ ਰੇਤ-ਮਿੱਟੀ ਦੀਆਂ ਬੋਰੀਆਂ ਭਰ ਕੇ ਡਰੇਨ ਦੇ ਪਾਣੀ ਨੂੰ ਰੋਕ ਲਗਾਈ| ਇਸ ਦੇ ਨਾਲ ਦੂਜੇ ਥਾਂ ’ਤੇ ਪਏ ਪਾੜ ਨੂੰ ਪੂਰਨ ਲਈ ਪਿੰਡ ਦੇ ਆਗੂ ਗੁਰਿੰਦਰ ਸਿੰਘ ਦੀ ਅਗਵਾਈ ਵਿੱਚ 200 ਦੇ ਕਰੀਬ ਲੋਕਾਂ ਨੇ ਪ੍ਰਸ਼ਾਸਨ ਵਲੋਂ ਭੇਜੀ ਜੇਸੀਬੀ ਮਸ਼ੀਨ ਆਦਿ ਨਾਲ ਛੇ ਘੰਟੇ ਤੱਕ ਕੀਤੀਆਂ ਕੋਸ਼ਿਸ਼ਾਂ ਨਾਲ ਪਾੜ ਨੂੰ ਪੂਰ ਲਿਆ|
ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਦੱਸਿਆ ਕਿ ਮੌਕੇ ’ਤੇ ਵਧੀਕ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਦੀ ਅਗਵਾਈ ਵਿੱਚ ਡਰੇਨੇਜ਼ ਵਿਭਾਗ ਦੇ ਵਰਕਰਾਂ ਆਦਿ ਨੇ ਪਾੜ ਨੂੰ ਪੂਰ ਦਿੱਤਾ| ਪਿੰਡ ਵਾਸੀ ਗੁਰਿੰਦਰ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਦੀਆਂ ਡਰੇਨ ਦੇ ਨਾਜ਼ੁਕ ਥਾਵਾਂ ’ਤੇ ਰਾਤ-ਦਨਿ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ| ਪਿੰਡ ਵਾਸੀਆਂ ਨੇ ਇਸ ਸਥਿਤੀ ਲਈ ਪ੍ਰਸ਼ਾਸਨ ਅਤੇ ਡਰੇਨੇਜ਼ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ| ਲੋਕਾਂ ਕਿਹਾ ਕਿ ਵਿਭਾਗ ਨੇ ਡਰੇਨ ਵਿੱਚੋਂ ਬੂਟੀ ਨਹੀਂ ਕੱਢੀ ਨਾ ਹੀ ਡਰੇਨ ਦੇ ਕਨਿਾਰਿਆਂ ਦੀ ਮੁਰੰਮਤ ਕੀਤੀ ਜਿਸ ਕਾਰਨ ਇਹ ਹਾਲਾਤ ਬਣੇ ਹਨ।