ਚਰਿੱਤਰ ’ਤੇ ਸ਼ੱਕ ਕਾਰਨ ਪਿਤਾ ਨੇ ਧੀ ਦਾ ਕੀਤਾ ਕਤਲ
ਜੰਡਿਆਲਾ ਗੁਰੂ (ਸਿਮਰਤਪਾਲ ਸਿੰਘ ਬੇਦੀ): ਥਾਣਾ ਤਰਸਿੱਕਾ ਅਧੀਨ ਆਉਂਦੇ ਪਿੰਡ ਮੁੱਛਲ ਵਿੱਚ ਇੱਕ ਵਿਅਕਤੀ ਨੇ ਚਰਿੱਤਰ ’ਤੇ ਸ਼ੱਕ ਹੋਣ ਕਾਰਨ ਆਪਣੀ ਧੀ ਦਾ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਦਲਬੀਰ ਸਿੰਘ ਵਾਸੀ ਪਿੰਡ ਮੁੱਛਲ ਨੂੰ ਆਪਣੀ 16 ਸਾਲਾਂ ਦੀ ਧੀ ਸੁਮਨਦੀਪ ਕੌਰ ਦੇ ਚਰਿੱਤਰ ’ਤੇ ਸ਼ੱਕ ਸੀ ਜਿਸ ਕਾਰਨ ਉਸ ਨੇ ਸੁਮਨਦੀਪ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ। ਕਤਲ ਕਰਨ ਤੋਂ ਬਾਅਦ ਦਲਬੀਰ ਸਿੰਘ ਲੜਕੀ ਦੀ ਲਾਸ਼ ਨੂੰ ਮੋਟਰਸਾਈਕਲ ਨਾਲ ਘੜੀਸਦਾ ਹੋਇਆ ਰੇਲਵੇ ਟਰੈਕ ’ਤੇ ਸੁੱਟ ਕੇ ਫ਼ਰਾਰ ਹੋ ਗਿਆ। ਇਹ ਸਾਰੀ ਘਟਨਾ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲੀਸ ਚੌਕੀ ਟਾਂਗਰਾ ਦੇ ਇੰਚਾਰਜ ਹਰਦੀਪ ਸਿੰਘ, ਐੱਸਐੱਚਓ ਤਰਸਿੱਕਾ ਅਵਤਾਰ ਸਿੰਘ ਅਤੇ ਡੀਐੱਸਪੀ ਜੰਡਿਆਲਾ ਗੁਰੂ ਕੁਲਦੀਪ ਸਿੰਘ ਮੌਕੇ ’ਤੇ ਪਹੁੰਚੇ। ਮੁਲਜ਼ਮ ਦਲਬੀਰ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਕਰੀਬ 2.30 ਵਜੇ ਦਲਬੀਰ ਸਿੰਘ ਆਪਣੀ ਲੜਕੀ ਨੂੰ ਵਾਲਾਂ ਤੋਂ ਫੜ ਕੇ ਘੜੀਸਦਾ ਹੋਇਆ ਸੜਕ ’ਤੇ ਲੈ ਆਇਆ ਅਤੇ ਉਸ ਨੂੰ ਤੇਜ਼ਧਾਰ ਹਥਿਆਰ ਨਾਲ ਵੱਢਣਾ ਸ਼ੁਰੂ ਕਰ ਦਿੱਤਾ। ਉਹ ਬਾਕੀ ਪਰਿਵਾਰ ਨੂੰ ਵੀ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ। ਲੜਕੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਇੱਕ ਦਿਨ ਪਹਿਲਾਂ ਬਿਨਾਂ ਕੁੱਝ ਦੱਸੇ ਘਰੋਂ ਚਲੀ ਗਈ ਸੀ ਅਤੇ ਵਾਪਸ ਆਉਣ ’ਤੇ ਉਸ ਦੇ ਪਤੀ ਨੇ ਧੀ ਦਾ ਕਤਲ ਕਰ ਦਿੱਤਾ।