ਕਿਸਾਨਾਂ ਨੇ ਬਦਿਆਲਾ ’ਚ ਇੰਸਪੈਕਟਰ ਦਾ ਘਿਰਾਓ ਕਰ ਕੇ ਬੋਲੀ ਸ਼ੁਰੂ ਕਰਵਾਈ
ਪੱਤਰ ਪ੍ਰੇਰਕ
ਚਾਉਕੇ, 17 ਨਵੰਬਰ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਝੋਨੇ ਦੀ ਸਰਕਾਰੀ ਖ਼ਰੀਦ ਨਿਰਵਿਘਨ ਨੇਪਰੇ ਚਾੜ੍ਹਨ ਲਈ ਬਲਾਕ ਬਲਾਕ ਰਾਮਪੁਰਾ ਦੀਆਂ ਅਨਾਜ ਮੰਡੀਆਂ ਦੌਰਾ ਕੀਤਾ ਗਿਆ। ਪਿੰਡ ਬਦਿਆਲਾ ਦੀ ਮੰਡੀ ’ਚ ਵੱਡੀ ਪੱਧਰ ’ਤੇ ਝੋਨਾ ਪਿਆ ਸੀ ਜਿਸ ਕਾਰਨ ਇੰਸਪੈਕਟਰ ਦਾ ਘਿਰਾਓ ਕਰਕੇ ਬੋਲੀ ਸ਼ੁਰੂ ਕਰਵਾਈ ਗਈ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਗੁਲਾਬ ਸਿੰਘ, ਬਲਦੇਵ ਸਿੰਘ ਚਾਉਕੇ ਤੇ ਮਾਸਟਰ ਨਛੱਤਰ ਸਿੰਘ ਢੱਡੇ ਨੇ ਕਿਹਾ ਕਿ ਸਰਕਾਰ ਜੋ ਝੋਨੇ ਦੀ 17 ਨਮੀ ਵਾਲੀ ਸ਼ਰਤ ਲਾਈ ਹੈ ਉਹ ਗ਼ਲਤ ਹੈ ਕਿਉਂਕਿ ਹੁਣ ਮੌਸਮ ’ਚ ਨਵੀਂ ਦੀ ਮਾਤਰਾ ਵਧਣ ਕਾਰਨ ਇਹ ਸ਼ਰਤ ਪੂਰੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਖੇਤੀ ਮਾਹਿਰਾਂ ਨੇ ਪਾਣੀ ਦਾ ਮੁੱਦਾ ਬਣਾ ਕੇ ਕਿਸਾਨਾਂ ਨੂੰ ਝੋਨੇ ਦੀ ਪੀਆਰ 126 ਜੋ ਘੱਟ ਪਾਣੀ ਅਤੇ ਘੱਟ ਸਮਾਂ ਲੈਂਦੀ ਹੈ, ਨੂੰ ਲਾਉਣ ਲਈ ਉਤਸ਼ਾਹਿਤ ਕੀਤਾ ਸੀ ਪਰ ਹੁਣ ਸਰਕਾਰ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭੱਜ ਕੇ ਸ਼ੈੱਲਰ ਮਾਲਕਾਂ ਦੇ ਦਬਾਅ ਹੇਠ ਉਨ੍ਹਾਂ ਦਾ ਸਾਥ ਦੇ ਰਹੀ ਹੈ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਖ਼ੁਆਰ ਕੀਤਾ ਜਾ ਰਿਹਾ ਹੈ। ਅਮਨ ਸਿੰਘ ਚਾਉਕੇ, ਨਿੱਕਾ ਸਿੰਘ ਜੇਠੂਕੇ ਨੇ ਕਿਹਾ ਕਿ ਕਿਸਾਨ ਤਾਂ ਪੂਰੀ ਤਰ੍ਹਾਂ ਪੱਕਿਆ ਝੋਨਾ ਹੀ ਵੱਡ ਕੇ ਮੰਡੀਆਂ ਵਿੱਚ ਲਿਆ ਰਹੇ ਹਨ ਪਰ ਫਿਰ ਵੀ ਨਮੀ ਵੱਧ ਰਹਿਣ ਦਾ ਮੂਲ ਕਾਰਨ ਵਾਢੀ ਲੇਟ ਹੋਣ ਕਰ ਕੇ ਠੰਢ ਅਤੇ ਤਰੇਲ ਦਾ ਵਧਣਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਵੀ ਅਧਿਕਾਰੀ ਝੋਨੇ ਨੂੰ ਖ਼ਰੀਦਣ ਤੋਂ ਟਾਲ ਮਟੋਲ ਕਰਦਾ ਹੈ ਤਾਂ ਉਨ੍ਹਾਂ ਦਾ ਮੰਡੀਆਂ ਵਿਚ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਗੁਰਮੇਲ ਸਿੰਘ ਢੱਡੇ, ਨਿਰਮਲ ਸਿੰਘ ਭੂੰਦੜ, ਸ਼ਗਨੀ ਸਿੰਘ ਜਿਉਦ, ਭੂਰਾ ਡਿੱਖ, ਬਿੰਦਰ ਸਿੰਘ ਜੈਦ, ਸੁਖਮੰਦਰ ਸਿੰਘ ਪਿੱਥੋ ਆਦਿ ਨੇ ਵੀ ਸੰਬੋਧਨ ਕੀਤਾ।