ਮਾਲਵੇ ਦੇ ਕਈ ਜ਼ਿਲ੍ਹਿਆਂ ’ਚ ਧੁੰਦ ਸਬੰਧੀ ਯੈਲੋ ਅਲਰਟ ਜਾਰੀ
ਪੱਤਰ ਪ੍ਰੇਰਕ
ਮਾਨਸਾ, 17 ਨਵੰਬਰ
ਮਾਲਵਾ ਖੇਤਰ ਵਿੱਚ ਭਾਵੇਂ ਅਜੇ ਠੰਢ ਦਾ ਪ੍ਰਕੋਪ ਜ਼ਿਆਦਾ ਨਹੀਂ ਵਧਿਆ ਹੈ, ਪਰ ਮੌਸਮ ਵਿਭਾਗ ਵੱਲੋਂ ਅਗਲੇ ਤਿੰਨ ਦਿਨਾਂ ਲਈ ਇਸ ਖਿੱਤੇ ਵਿੱਚ ਧੁੰਦ ਪੈਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਵੱਲੋਂ ਮਾਨਸਾ, ਬਰਨਾਲਾ, ਸੰਗਰੂਰ, ਮੋਗਾ, ਫਰੀਦਕੋਟ, ਬਠਿੰਡਾ, ਫਾਜ਼ਿਲਕਾ, ਲੁਧਿਆਣਾ ਤੇ ਮੋਗਾ ਵਿੱਚ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਧੁੰਦ ਕਾਰਨ ਆਮ ਜਨ-ਜੀਵਨ ’ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਪੰਜਾਬ ਪੁਲੀਸ ਨੇ ਧੁੰਦ ਨੂੰ ਵੇਖਦਿਆਂ ਟਰੈਫ਼ਿਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ, ਜਿਸ ਤਹਿਤ ਵਾਹਨ ਚਾਲਕਾਂ ਨੂੰ ਇਸ ਧੁੰਦ ਵਿੱਚ ਹੈਡ ਲਾਈਟਾਂ ਜਗਾ ਕੇ ਰੱਖਣ ਦੀ ਸਲਾਹ ਦਿੱਤੀ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀਆਂ ਵੱਲੋਂ ਭੇਜੀ ਗਈ ਇੱਕ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਅਗਲੇ 72 ਘੰਟਿਆਂ ਦੌਰਾਨ ਸਵੇਰੇ ਸੰਘਣੀ ਧੁੰਦ ਪਵੇਗੀ, ਜਿਸ ਦੇ ਜਨ-ਜੀਵਨ ’ਤੇ ਅਸਰ ਪੈਣ ਦੀ ਸੰਭਾਵਨਾ ਹੈ।
ਧੁੰਦ ਕਾਰਨ ਵਾਪਰੇ ਹਾਦਸੇ ਵਿੱਚ ਨੌਜਵਾਨ ਗੰਭੀਰ ਜ਼ਖ਼ਮੀ
ਫ਼ਤਹਿਗੜ੍ਹ ਪੰਜਤੂਰ (ਹਰਦੀਪ ਸਿੰਘ): ਇਥੇ ਬੀਤੀ ਦੇਰ ਸ਼ਾਮ ਸੰਘਣੀ ਧੁੰਦ ਕਾਰਨ ਵਾਪਰੇ ਹਾਦਸੇ ’ਚ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸਾ ਨਜ਼ਦੀਕੀ ਪਿੰਡ ਧਰਮ ਸਿੰਘ ਵਾਲਾ ਵਿੱਚ ਮੋਟਰਸਾਈਕਲ ਅਤੇ ਟਰੈਕਟਰ ਟਰਾਲੀ ਦੀ ਆਪਸੀ ਟੱਕਰ ਕਾਰਨ ਵਾਪਰਿਆ ਦੱਸਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਲੰਘੀ ਸ਼ਾਮ 6 ਵਜੇ ਦੇ ਕਰੀਬ ਨੌਜਵਾਨ ਮਨਦੀਪ ਸਿੰਘ ਮਣੀ ਪਿੰਡ ਕਾਦਰ ਵਾਲਾ ਤੋਂ ਫ਼ਤਹਿਗੜ੍ਹ ਪੰਜਤੂਰ ਵਾਪਸ ਆ ਰਿਹਾ ਸੀ ਜਦੋਂ ਉਹ ਪਿੰਡ ਧਰਮ ਸਿੰਘ ਵਾਲਾ ਪਾਸ ਪੁੱਜਾ ਤਾਂ ਕੋਟ ਈਸੇ ਖਾਂ ਵੱਲ ਜਾ ਰਹੀ ਟਰੈਕਟਰ ਟਰਾਲੀ ਨਾਲ ਧੁੰਦ ਕਾਰਨ ਉਸ ਦਾ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ।