ਆੜ੍ਹਤੀਆਂ ਵੱਲੋਂ ਦੋ ਦਿਨ ਮੰਡੀਆਂ ਬੰਦ ਕਰਨ ਦਾ ਐਲਾਨ
ਮਹਿੰਦਰ ਸਿੰਘ ਰੱਤੀਆਂ
ਮੋਗਾ, 19 ਅਕਤੂਬਰ
ਆੜ੍ਹਤੀ ਐਸੋਸੀਏਸ਼ਨ ਵੱਲੋਂ ਭਲਕੇ 20 ਅਕਤੂਬਰ ਤੋਂ ਦੋ ਦਿਨ ਲਈ ਮੰਡੀਆਂ ਬੰਦ ਰੱਖਣ ਦਾ ਫ਼ੈਸਲਾ ਲੈਣ ਨਾਲ ਸੂਬੇ ’ਚ ਝੋਨੇ ਦੀ ਖਰੀਦ ਦਾ ਸੰਕਟ ਹੋਰ ਡੂੰਘਾ ਹੋ ਗਿਆ। ਮੰਡੀਆਂ ’ਚ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀਆਂ ਨੇ ਇਹ ਫ਼ੈਸਲਾ ਲਿਆ। ਇੱਥੇ ਆੜ੍ਹਤੀ ਐਸੋਸੀਏਸ਼ਨ ਦੇ ਆਗੂ ਅਸ਼ੋਕ ਬਾਂਸਲ ਨੇ ਦੱਸਿਆ ਕਿ ਮੰਡੀਆਂ ’ਚੋਂ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਐਸੋਸੀਏਸ਼ਨ ਵੱਲੋਂ ਦੋ ਦਿਨ ਲਈ ਮੰਡੀਆਂ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਅੱਜ ਤੱਕ ਮੰਡੀਆਂ ’ਚ ਲਿਫਟਿੰਗ ਦਾ ਕੰਮ ‘ਜ਼ੀਰੋ’ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਕਰੀਬ ਡੇਢ ਲੱਖ ਬੋਰੀ ਵਿਕੀ ਪਈ ਹੈ ਅਤੇ ਅਣਵਿਕਿਆ ਝੋਨਾ ਮੰਡੀ ’ਚ ਪਿਆ ਹੈ। ਖਰੀਦ ਏਜੰਸੀਆਂ ਦੇ ਅਧਿਕਾਰੀ ਅਤੇ ਇੰਸਪੈਕਟਰ ਵੀ ਆੜ੍ਹਤੀਆਂ ਨੂੰ ਝੋਨਾ ਖਰੀਦ ਕਰਨ ਤੋਂ ਜਵਾਬ ਦੇਣ ਲੱਗੇ ਹਨ। ਦੂਜੇ ਪਾਸੇ ਕਿਸਾਨਾਂ ਨੇ ਟੌਲ ਪਲਾਜ਼ਿਆਂ ਅਤੇ ‘ਆਪ’ ਵਿਧਾਇਕਾਂ ਦੇ ਘਰਾਂ ਅੱਗੇ ਪੱਕੇ ਮੋਰਚਾ ਲਗਾ ਕੇ ਕੇਂਦਰ ਤੇ ਰਾਜ ਸਰਕਾਰ ਨੂੰ ਮਾੜੇ ਖਰੀਦ ਪ੍ਰਬੰਧਾਂ ਕਾਰਨ ਘੇਰਾ ਪਾ ਲਿਆ। ਬੀਕੇਯੂ ਏਕਤਾ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹੀ ਨਹੀਂ, ਸਗੋਂ ਰੋਹ ਵਿਚ ਹਨ, ਜਿਸ ਕਾਰਨ ਜਥੇਬੰਦੀ ਨੇ ‘ਆਪ’ ਵਿਧਾਇਕਾਂ ਤੇ ਜ਼ਿਲ੍ਹੇ ’ਚ ਪਿੰਡ ਦਾਰਾਪੁਰ ਟੌਲ ਪਲਾਜ਼ਾ ’ਤੇ ਪੱਕੇ ਮੋਰਚਾ ਲਗਾ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਤੇ ਰਾਜ ਸਰਕਾਰ ਵੱਲੋਂ ਖੇਤੀ ਖੇਤਰ ਨੂੰ ਤਬਾਹ ਕਰਕੇ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦੀ ਸੋਚੀ ਸਮਝੀ ਸਾਜ਼ਿਸ਼ ਹੈ।