ਕਰਤਾਰਪੁਰ ਵਿੱਚ ਮਾਤਾ ਗੁਜਰ ਕੌਰ ਦੀ 400 ਸਾਲਾ ਜਨਮ ਸ਼ਤਾਬਦੀ ਜਾਹੋ-ਜਲਾਲ ਨਾਲ ਮਨਾਈ
ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 22 ਨਵੰਬਰ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ ਦੇ 400 ਸਾਲਾ ਜਨਮ ਦਿਹਾੜੇ ਦੀ ਸ਼ਤਾਬਦੀ ਦਾ ਸਮਾਗਮ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਕਰਤਾਰਪੁਰ ਵਿਚ ਪੰਥਕ ਰਵਾਇਤਾਂ ਨਾਲ ਕਰਵਾਇਆ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਸਮਾਗਮ ਵਿਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਦਲ ਪੰਥ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਤਰਨਾ ਦਲ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ, ਪਦਮਸ੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਸਮੇਤ ਪ੍ਰਮੁੱਖ ਪੰਥਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਮਾਤਾ ਗੁਜਰ ਕੌਰ ਜੀ ਦੇ ਜੀਵਨ ਅਤੇ ਕੁਰਬਾਨੀ ਦੀ ਸੇਧ ਵਿਚ ਸਿੱਖ ਜਗਤ ਨੂੰ ਆਦਰਸ਼ਕ ਜੀਵਨ ਜਾਚ ਦੇ ਧਾਰਨੀ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਿੱਖ ਮਾਵਾਂ ਨੂੰ ਮਾਤਾ ਗੁਜਰ ਕੌਰ ਜੀ ਦੇ ਅਦੁੱਤੀ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣੇ ਬੱਚਿਆਂ ਦੀ ਸੰਸਾਰੀ ਅਤੇ ਆਤਮਿਕ ਪਰਵਰਿਸ਼ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਮਾਤਾ ਗੁਜਰ ਕੌਰ ਉਹ ਮਹਾਨ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ ਨਿਖਾਰਨ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਬਾਲ ਉਮਰੇ ਆਪਣੇ ਅਕੀਦੇ ਉੱਪਰ ਕਾਇਮ ਰਹਿੰਦਿਆਂ ਵੱਡੀ ਸ਼ਹਾਦਤ ਦੇਣ ਲਈ ਦ੍ਰਿੜ੍ਹ ਕੀਤਾ। ਉਨ੍ਹਾਂ ਕਿਹਾ ਕਿ ਸੰਸਾਰ ਧਰਮ ਨਿਰਪੱਖਤਾ ਤੇ ਜਮਹੂਰੀਅਤ ਦੀ ਗੱਲ ਕਰਦਾ ਹੈ, ਪਰ ਮਾਤਾ ਗੁਜਰੀ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਖਾਲਸੇ ਦੀ ਸਾਜਨਾ ਕਰਕੇ ਵਿਸ਼ਵ ਦਾ ਅਦੁੱਤੀ ਇਨਕਲਾਬ ਲਿਆਂਦਾ ਸੀ ਜਿਸ ਵਿਚ ਮਨੁੱਖੀ ਬਰਾਬਰੀ ਭਰਾਤਰੀ ਭਾਵ ਅਤੇ ਜਮਹੂਰੀਅਤ ਦੀ ਸਿਖ਼ਰ ਦਾ ਪ੍ਰਗਟਾਵਾ ਕੀਤਾ ਗਿਆ। ਐਡਵੋਕੇਟ ਧਾਮੀ ਨੇ ਕਿਹਾ ਕਿ ਅੱਜ ਇਸ ਗੱਲ ਦੀ ਲੋੜ ਹੈ ਕਿ ਸਿੱਖ ਕੌਮ ਮਾਤਾ ਗੁਜਰ ਕੌਰ ਜੀ ਦੇ ਜੀਵਨ ਆਦਰਸ਼ਾਂ ਅਨੁਸਾਰ ਤਰਜੀਹਾਂ ਨਿਰਧਾਰਤ ਕਰੇ। ਉਨ੍ਹਾਂ ਸੋਸ਼ਲ ਮੀਡੀਆ ’ਤੇ ਸਿੱਖ ਵਿਰੋਧੀ ਵਰਤਾਰੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਪੰਥ ਵਿਰੋਧੀਆਂ ਵੱਲੋਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਕੇ ਸਿੱਖ ਕੌਮ ਦੀ ਅੱਡਰੀ ਹੋਂਦ ਹਸਤੀ ਨੂੰ ਰਲਗੱਡ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕੌਮ ਨੂੰ ਅਜਿਹੇ ਹਮਲਿਆਂ ਤੋਂ ਸੁਚੇਤ ਹੋਣ ਲਈ ਕਿਹਾ।
ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਅੰਤਿੰਗ ਮੈਂਬਰ ਅਮਰੀਕ ਸਿੰਘ ਵਿਛੋਆ, ਪਰਮਜੀਤ ਸਿੰਘ ਰਾਏਪੁਰ, ਮੈਂਬਰ ਰਣਜੀਤ ਸਿੰਘ ਕਾਹਲੋਂ, ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ ਮੌਜੂਦ ਸਨ।