For the best experience, open
https://m.punjabitribuneonline.com
on your mobile browser.
Advertisement

ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਗ਼ਰੀਬ ਪਰਿਵਾਰ ਦੇ ਮਕਾਨ ਦੀ ਕੁਰਕੀ ਰੁਕਵਾਈ

07:34 AM Jun 29, 2024 IST
ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਗ਼ਰੀਬ ਪਰਿਵਾਰ ਦੇ ਮਕਾਨ ਦੀ ਕੁਰਕੀ ਰੁਕਵਾਈ
ਮਕਾਨ ਦੀ ਕੁਰਕੀ ਰੁਕਵਾਉਣ ਲਈ ਡਟੇ ਹੋਏ ਮਰਦ ਤੇ ਔਰਤਾਂ।
Advertisement

ਪਰਸ਼ੋਤਮ ਬੱਲੀ
ਬਰਨਾਲਾ, 28 ਜੂਨ
ਸਥਾਨਕ ਪੱਤੀ ਰੋਡ ਸਥਿਤ ਗ਼ਰੀਬ ਪਰਿਵਾਰ ਦੇ ਘਰ ਦੀ ਆਈਡੀਬੀਆਈ ਬੈਂਕ ਵੱਲੋਂ ਪੁਲੀਸ ਪ੍ਰਸ਼ਾਸਨ ਦੀ ਮਦਦ ਨਾਲ ਲਿਆਂਦੀ ਕੁਰਕੀ ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਸਾਂਝਾ ਧਰਨਾ ਲਗਾ ਕੇ ਰੁਕਵਾ ਦਿੱਤੀ।
ਧਰਨੇ ਦੀ ਅਗਵਾਈ ਕਰ ਰਹੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਲਾਭ ਸਿੰਘ ਅਕਲੀਆ, ਬੀਕੇਯੂ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾਂ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰਪਾਲ ਨੇ ਕਿਹਾ ਕਿ ਪੱਤੀ ਰੋਡ ਸਥਿਤ ਗਲੀ ਨੰਬਰ-6 ਵਿੱਚ ਦਲਿਤ ਗ਼ਰੀਬ ਪਰਿਵਾਰ ਨਾਲ ਸਬੰਧਤ ਅਨੁਰਾਧਾ ਪਤਨੀ ਬਸੰਤ ਕੁਮਾਰ ਦੇ ਮਕਾਨ ਦੀ ਕੁਰਕੀ ਕਰਨ ਲਈ ਬੈਂਕ/ਪ੍ਰਸ਼ਾਸਨ ਵੱਲੋਂ ਅੱਜ ਦਾ ਨੋਟਿਸ ਲਾਇਆ ਗਿਆ ਸੀ। ਜਥੇਬੰਦਕ ਕਾਰਕੁਨਾਂ ਨੇ ਭਰਵੀਂ ਸ਼ਮੂਲੀਅਤ ਨਾਲ ਸਵੇਰੇ ਤੋਂ ਹੀ ਧਰਨਾ ਲਗਾ ਕੇ ਬੈਂਕ ਤੇ ਪ੍ਰਸ਼ਾਸਕੀ ਅਧਿਕਾਰੀਆਂ/ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਆਰੰਭ ਦਿੱਤੀ ਸੀ। ਧਰਨੇ ਦੀ ਸ਼ੁਰੂਆਤ ਅਜਮੇਰ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਕੀਤੀ ਗਈ।
ਇਸ ਦੌਰਾਨ ਬੁਲਾਰਿਆਂ ਦੱਸਿਆ ਕਿ ਪੀੜਤ ਪਰਿਵਾਰ ਨੇ ਕਰੀਬ ਦਸ ਸਾਲ ਪਹਿਲਾਂ 6 ਲੱਖ 61 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਵਿੱਚੋਂ ਕਰੀਬ ਦਸ ਲੱਖ ਦਾ ਕਰਜ਼ਾ ਮੋੜਿਆ ਜਾ ਚੁੱਕਿਆ ਹੈ, ਪਰ ਬੈਂਕ ਵੱਲੋਂ ਹੁਣ ਗਿਆਰਾਂ ਲੱਖ ਹੋਰ ਮੰਗਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਕਰੋਨਾ ਦੌਰਾਨ ਪਰਿਵਾਰ ਦੇ ਮੁਖੀ ਬਸੰਤ ਕੁਮਾਰ ਦੀ ਮੌਤ ਹੋ ਗਈ ਸੀ ਤੇ ਪਰਿਵਾਰ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ, ਉਸ ਤੋਂ ਬਾਅਦ ਬੈਂਕ ਦਾ ਪੈਸਾ ਨਹੀਂ ਭਰਿਆ ਜਾ ਸਕਿਆ। ਜਥੇਬੰਦੀਆਂ ਐਲਾਨ ਕੀਤਾ ਕਿ ਕਿਸੇ ਵੀ ਹਾਲਤ ਵਿੱਚ ਇਸ ਪੀੜਤ ਪਰਿਵਾਰ ਦੇ ਮਕਾਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਰਾਜ, ਉਗਰਾਹਾਂ ਦੀ ਔਰਤ ਕਿਸਾਨ ਆਗੂ ਕਮਲਜੀਤ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਾਰਜਕਾਲ ਵਿੱਚ ਵੱਡੇ ਕਾਰਪੋਰੇਟ ਘਰਾਣਿਆਂ ਦਾ ਸਾਢੇ ਸੋਲਾਂ ਲੱਖ ਕਰੋੜ ਦਾ ਕਰਜ਼ਾ ਵੱਟੇ ਖਾਤੇ ਪਾ ਦਿੱਤਾ ਗਿਆ ਹੈ, ਪਰ ਗ਼ਰੀਬ ਤੇ ਬੇਸਹਾਰਾ ਪਰਿਵਾਰ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਜਥੇਬੰਦੀਆਂ ਦੇ ਵਿਰੋਧ ਕਰ ਕੇ ਕੁਰਕੀ ਟੀਮ ਦੇ ਅਧਿਕਾਰੀ ਟਾਲ਼ਾ ਵੱਟ ਗਏ।
ਧਰਨੇ ਨੂੰ ਉਗਰਾਹਾਂ ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਜਰਨੈਲ ਸਿੰਘ ਬਦਰਾ, ਮਜ਼ਦੂਰ ਆਗੂ ਭੋਲਾ ਸਿੰਘ ਕਲਾਲਮਾਜਰਾ, ਇਨਕਲਾਬੀ ਕੇਂਦਰ ਪੰਜਾਬ ਦੇ ਸੁਖਵਿੰਦਰ ਸਿੰਘ ਠੀਕਰੀਵਾਲਾ, ਜੁਗਰਾਜ ਸਿੰਘ ਤਾਜੋ, ਕਿਸਾਨ ਆਗੂ ਨਾਹਰ ਸਿੰਘ ਗੁੰਮਟੀ, ਜਰਨੈਲ ਸਿੰਘ ਜਵੰਦਾ ਪਿੰਡੀ, ਬਿੰਦਰਪਾਲ ਕੌਰ ਭਦੌੜ, ਅਮਰਜੀਤ ਕੌਰ ਬਡਬਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

Advertisement

ਜ਼ਮੀਨ ਦੀ ਕੁਰਕੀ ਖ਼ਿਲਾਫ਼ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਧਰਨਾ

ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਪਿੰਡ ਨੀਲਿਆਂਵਾਲੀ ਵਿੱਚ ਕਿਸਾਨ ਦੀ ਜ਼ਮੀਨ ਕੁਰਕੀ ਲਈ ਅੱਜ ਕੋਈ ਅਧਿਕਾਰੀ ਨਹੀਂ ਪੁੱਜਿਆ। ਪਿੰਡ ਦੇ ਚੌਕੀਦਾਰ ਵੱਲੋਂ ਜ਼ਮੀਨ ਨਿਲਾਮੀ ਦੇ ਸਬੰਧ ਵਿੱਚ ਮੁਨਿਆਦੀ ਕਰਵਾਈ ਗਈ ਸੀ। ਕੁਰਕੀ ਦੇ ਮੱਦੇਨਜ਼ਰ ਬੀਕੇਯੂ (ਏਕਤਾ) ਉਗਰਾਹਾਂ ਬਲਾਕ ਡੱਬਵਾਲੀ ਦੇ ਕਾਰਕੁਨ ਸਵੇਰ ਤੋਂ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਡੱਬਵਾਲੀ ਤੇ ਜ਼ਿਲ੍ਹਾ ਕਮੇਟੀ ਮੈਂਬਰ ਮਨਦੀਪ ਸਿੰਘ ਦੀ ਅਗਵਾਈ ’ਚ ਪਿੰਡ ਦੀ ਧਰਮਸ਼ਾਲਾ ਵਿੱਚ ਇਕੱਠੇ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਘੁਵੀਰ ਸਿੰਘ ਨਕੌੜਾ ਅਤੇ ਧੰਨਾ ਸਿੰਘ ਦਮਦਮਾ ਵਿਸ਼ੇਸ਼ ਤੌਰ ’ਤੇ ਪੁੱਜੇ ਹੋਏ ਸਨ। ਭੁਪਿੰਦਰ ਸਿੰਘ ਡੱਬਵਾਲੀ ਨੇ ਕਿਹਾ ਕਿ ਕਿਸੇ ਵੀ ਆੜ੍ਹਤੀ ਨਾਲ ਕਿਸੇ ਵੀ ਕਿਸਾਨ ਦਾ ਕੋਈ ਲੈਣਾ-ਦੇਣਾ ਹੈ ਤਾਂ ਉਹ ਰੁਪਇਆਂ ਦੇ ਲੈਣ-ਦੇਣ ਹੀ ਨਿਬੇੜਿਆ ਜਾਵੇ। ਯੂਨੀਅਨ ਦੀ ਨੀਤੀ ਮੁਤਾਬਕ ਕਿਸੇ ਵੀ ਕਿਸਾਨ-ਮਜ਼ਦੂਰ ਦੀ ਜ਼ਮੀਨ ਜਾਂ ਘਰ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਜਸਵੰਤ ਸਿੰਘ, ਛਿੰਦਰਪਾਲ ਹੈਬੂਆਣਾ, ਹਰਬੰਸ ਸਿੰਘ ਦੇਸੂ, ਸਤਨਾਮ ਸਿੰਘ ਚੋਰਮਾਰ, ਗੁਰਦੀਪ ਸਿੰਘ, ਨਿਸ਼ਾਨ ਸਿੰਘ, ਜਰਨੈਲ ਸਿੰਘ, ਬੰਸਾ ਸਿੰਘ, ਨਛੱਤਰ ਸਿੰਘ ਡੱਬਵਾਲੀ ਸਮੇਤ ਕਿਸਾਨ-ਮਜ਼ਦੂਰ ਮੌਜੂਦ ਸਨ।

Advertisement
Author Image

sukhwinder singh

View all posts

Advertisement
Advertisement
×