ਅਕਾਲੀ ਦਲ ਦੀ ਪ੍ਰਧਾਨਗੀ ਸਬੰਧੀ ਜੇਕਰ ਪਾਰਟੀ ਪਹੁੰਚ ਕਰਦੀ ਹੈ ਤਾਂ ਵਿਚਾਰ ਕਰ ਸਕਦਾ ਹਾਂ: ਗਿਆਨੀ ਹਰਪ੍ਰੀਤ ਸਿੰਘ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਜੁਲਾਈ
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਸਵਾਲ ਦੇ ਜਵਾਬ ਵਿੱਚ ਆਖਿਆ ਕਿ ਜੇਕਰ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਤੱਕ ਪਾਰਟੀ ਦੀ ਪ੍ਰਧਾਨਗੀ ਵਾਸਤੇ ਪਹੁੰਚ ਕਰਦਾ ਹੈ ਤਾਂ ਉਹ ਇਸ ਵਿਸ਼ੇ ’ਤੇ ਵਿਚਾਰ ਕਰ ਸਕਦੇ ਹਨ। ਉਹ ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਹੋਏ ਸਨ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੁਣ ਤੱਕ ਕਿਸੇ ਵੀ ਅਕਾਲੀ ਧੜੇ ਨੇ ਉਨ੍ਹਾਂ ਤੱਕ ਕੋਈ ਪਹੁੰਚ ਨਹੀਂ ਕੀਤੀ ਹੈ। ਉਹ ਧੜਿਆਂ ਦੀ ਰਾਜਨੀਤੀ ਤੋਂ ਦੂਰ ਰਹਿਣਾ ਚਾਹੁੰਦੇ ਹਨ ਪਰ ਜੇਕਰ ਸਮੁੱਚਾ ਅਕਾਲੀ ਦਲ ਉਨ੍ਹਾਂ ਤੱਕ ਇਸ ਸਬੰਧੀ ਪਹੁੰਚ ਕਰਦਾ ਹੈ ਤਾਂ ਉਹ ਇਸ ਬਾਰੇ ਵਿਚਾਰ ਕਰ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ’ਤੇ ਬਣੇ ਸੰਕਟ ਬਾਰੇ ਉਨ੍ਹਾਂ ਕਿਹਾ ਕਿ ਇਹ ਸਿੱਖਾਂ ਦੀ ਪੁਰਾਤਨ ਸਿਆਸੀ ਜਥੇਬੰਦੀ ਹੈ ਅਤੇ ਇਸ ਵਿੱਚ ਦੋਫਾੜ ਨਹੀਂ ਹੋਣਾ ਚਾਹੀਦਾ। ਜੇਕਰ ਦੋਵਾਂ ਧਿਰਾਂ ਵਿਚਾਲੇ ਕੋਈ ਮਤਭੇਦ ਹਨ ਤਾਂ ਉਹ ਆਪਸ ਵਿੱਚ ਮਿਲ ਬੈਠ ਕੇ ਇਸ ਨੂੰ ਦੂਰ ਕਰ ਲੈਣ। ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਨੂੰ ਇੱਕ ਕਮਰੇ ਵਿੱਚ ਬੈਠ ਕੇ ਅਜਿਹੇ ਮਸਲੇ ਹੱਲ ਕਰ ਲੈਣੇ ਚਾਹੀਦੇ ਹਨ ਪਰ ਪਾਰਟੀ ਦੋਫਾੜ ਨਹੀਂ ਹੋਣੀ ਚਾਹੀਦੀ।
ਹਾਲ ਹੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਆਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਤੋਂ ਪਾਣੀ ਦੀ ਮੰਗ ਕੀਤੇ ਜਾਣ ਸਬੰਧੀ ਸਵਾਲ ਦੇ ਜਵਾਬ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ, ਸਗੋਂ ਪੰਜਾਬ ਨੂੰ ਪਾਣੀ ਬਚਾਉਣ ਵਾਸਤੇ ਅਜਿਹੀਆਂ ਫਸਲਾਂ ਬੀਜਣੀਆਂ ਚਾਹੀਦੀਆਂ ਹਨ ਜੋ ਘੱਟ ਪਾਣੀ ਦੀ ਵਰਤੋਂ ਵਾਲੀਆਂ ਹੋਣ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਸੈਲਾਨੀਆਂ ਲਈ ਸਥਾਨ ਨਹੀਂ ਬਣਾਉਣਾ ਚਾਹੀਦਾ। ਇਹ ਰੂਹਾਨੀ ਧਰਮ ਸਥਾਨ ਹੈ ਅਤੇ ਇੱਥੇ ਧਰਮ ਅਸਥਾਨ ਵਜੋਂ ਹੀ ਨਤਮਸਤਕ ਹੋਣਾ ਚਾਹੀਦਾ ਹੈ। ਇਹ ਗੱਲ ਉਨ੍ਹਾਂ ਹਾਲ ਹੀ ਵਿੱਚ ਇੱਥੇ ਆ ਕੇ ਯੋਗ ਆਸਣ ਕਰਨ ਵਾਲੀ ਅਰਚਨਾ ਮਕਵਾਨਾਂ ਦੇ ਸਬੰਧ ਵਿੱਚ ਆਖੀ ਹੈ।