ਪਰਿਵਾਰ ਵੱਲੋਂ ਸਾਬਕਾ ਪ੍ਰੋਫੈਸਰ ਸਾਈਬਾਬਾ ਦੀ ਦੇਹ ਮੈਡੀਕਲ ਕਾਲਜ ਨੂੰ ਦਾਨ
ਹੈਦਰਾਬਾਦ, 13 ਅਕਤੂਬਰ
ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀਐੱਨ ਸਾਈਬਾਬਾ (54), ਜਿਨ੍ਹਾਂ ਦਾ ਸ਼ਨਿੱਚਰਵਾਰ ਰਾਤ ਇਥੇ ਸਰਕਾਰੀ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ, ਦੇ ਪਰਿਵਾਰ ਨੇ ਮ੍ਰਿਤਕ ਦੇਹ ਸਰਕਾਰੀ ਗਾਂਧੀ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤੀ ਹੈ ਜਦੋਂਕਿ ਅੱਖਾਂ ਪਹਿਲਾਂ ਹੀ ਐੱਲਵੀ ਪ੍ਰਸਾਦ ਆਈ ਹਸਪਤਾਲ ਨੂੰ ਦਾਨ ਕੀਤੀਆਂ ਜਾ ਚੁੱਕੀਆਂ ਹਨ। ਸਾਈਬਾਬਾ ਨੇ ਦੋ ਹਫ਼ਤੇ ਪਹਿਲਾਂ ਪਿੱਤੇ ਵਿਚ ਪੱਥਰੀ ਦਾ ਅਪਰੇਸ਼ਨ ਕਰਵਾਇਆ ਸੀ ਤੇ ਉਹ ਅਪਰੇਸ਼ਨ ਮਗਰੋਂ ਆਈਆਂ ਦਿੱਕਤਾਂ ਨਾਲ ਜੂਝ ਰਹੇ ਸਨ। ਸਾਬਕਾ ਪ੍ਰੋਫੈਸਰ ਨੂੰ ਅਜੇ ਸੱਤ ਮਹੀਨੇ ਪਹਿਲਾਂ ਮਾਓਵਾਦੀਆਂ ਨਾਲ ਸਬੰਧ ਕੇਸ ਵਿਚ ਰਿਹਾਈ ਮਿਲੀ ਸੀ।
ਸਾਈਬਾਬਾ ਨੇ ਰਾਤ 9 ਵਜੇ ਦੇ ਕਰੀਬ ਆਖਰੀ ਸਾਹ ਲਏ। ਉਹ ਪਿਛਲੇ 20 ਦਿਨਾਂ ਤੋਂ ਨਿਜ਼ਾਮ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿਚ ਦਾਖ਼ਲ ਸਨ। ਉਂਝ ਸਾਈਬਾਬਾ ਦੀ ਮ੍ਰਿਤਕ ਦੇਹ ਸਕੇ-ਸਬੰਧੀਆਂ ਤੇ ਦੋਸਤਾਂ ਆਦਿ ਦੇ ਅੰਤਿਮ ਦਰਸ਼ਨਾਂ ਲਈ ਸੋਮਵਾਰ ਨੂੰ ਇਥੇ ਜਵਾਹਰ ਨਗਰ ਵਿਚ ਰੱਖੀ ਜਾਵੇਗੀ। ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਨੇ ਇਸ ਸਾਲ ਮਾਰਚ ਮਹੀਨੇ ਸਾਈਬਾਬਾ ਤੇ ਪੰਜ ਹੋਰਨਾਂ ਨੂੰ ਕਥਿਤ ਮਾਓਵਾਦੀਆਂ ਨਾਲ ਸਬੰਧ ਕੇਸ ਵਿਚ ਇਸ ਬਿਨਾਹ ’ਤੇ ਰਿਹਾਅ ਕਰ ਦਿੱਤਾ ਸੀ ਕਿ ਇਸਤਗਾਸਾ ਧਿਰ ਉਨ੍ਹਾਂ ਖਿਲਾਫ਼ ਦੋਸ਼ ਸਾਬਤ ਕਰਨ ਵਿਚ ਨਾਕਾਮ ਰਹੀ ਸੀ। ਕੋਰਟ ਨੇ ਸਾਈਬਾਬਾ ਦੀ ਉਮਰ ਕੈਦ ਵੀ ਰੱਦ ਕਰ ਦਿੱਤੀ ਸੀ। ਵ੍ਹੀਲਚੇਅਰ ਤੋਂ ਬਗੈਰ ਤੁਰਨ ਫਿਰਨ ਵਿਚ ਅਸਮਰੱਥ ਸਾਈਬਾਬਾ 10 ਸਾਲ ਬਾਅਦ ਨਾਗਪੁਰ ਜੇਲ੍ਹ ’ਚੋਂ ਬਾਹਰ ਆਇਆ ਸੀ। ਸਾਈਬਾਬਾ ਨੇ ਇਸ ਸਾਲ ਅਗਸਤ ਵਿਚ ਦਾਅਵਾ ਕੀਤਾ ਸੀ ਕਿ ਜੇਲ੍ਹ ਵਿਚ ਉਸ ਦਾ ਖੱਬਾ ਪਾਸਾ ਮਾਰਿਆ ਜਾਣ ਦੇ ਬਾਵਜੂਦ ਉਸ ਨੂੰ 9 ਮਹੀਨਿਆਂ ਤੱਕ ਹਸਪਤਾਲ ਨਹੀਂ ਲਿਜਾਇਆ ਗਿਆ। ਅੰਗਰੇਜ਼ੀ ਦੇ ਸਾਬਕਾ ਪ੍ਰੋਫੈਸਰ ਸਾਈਬਾਬਾ ਨੇ ਦਾਅਵਾ ਕੀਤਾ ਸੀ ਕਿ ਉਸ ਦੀ ਆਵਾਜ਼ ਖਾਮੋਸ਼ ਕਰਨ ਲਈ ਪੁਲੀਸ ਨੇ ਉਸ ਨੂੰ ‘ਅਗਵਾ’ ਤੇ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ
ਮਨੁੱਖੀ ਹੱਕਾਂ ਲਈ ਲੜਨ ਵਾਲਿਆਂ ਵਾਸਤੇ ਵੱਡਾ ਘਾਟਾ: ਸਟਾਲਿਨ
ਚੇਨੱਈ/ਹੈਦਰਾਬਾਦ: ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀਐੱਨ ਸਾਈਬਾਬਾ ਦੀ ਮੌਤ ਮਨੁੱਖੀ ਹੱਕਾਂ ਲਈ ਲੜਨ ਵਾਲਿਆਂ ਵਾਸਤੇ ਵੱਡਾ ਘਾਟਾ ਹੈ। ਸਟਾਲਿਨ ਨੇ ਕਿਹਾ, ‘‘ਦੱਬੇ ਕੁਚਲਿਆਂ ਲਈ ਅਣਥੱਕ ਵਕਾਲਤ ਕਰਨ ਵਾਲੇ ਸਾਈਬਾਬਾ ਨੇ ਬੇਖੌਫ਼ ਹੋ ਕੇ ਅਨਿਆਂ ਖਿਲਾਫ਼ ਲੜਾਈ ਲੜੀ, ਉਹ ਵੀ ਉਦੋਂ ਜਦੋਂ ਉਸ ਦੀ ਆਪਣੀ ਆਜ਼ਾਦੀ ਤੇ ਸਿਹਤ ਜੋਖ਼ਮ ਵਿਚ ਸੀ।’’ ਏਆਈਐੱਮਆਈਐੱਮ ਮੁਖੀ ਅਸਦੂਦੀਨ ਓਵਾਇਸੀ ਨੇ ਕਿਹਾ ਕਿ ਸਾਈਬਾਬਾ ਦੀ ਮੌਤ ਕੁਝ ਹੱਦ ਤੱਕ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਦਾ ਨਤੀਜਾ ਹੈ, ਜਿਸ ਤਹਿਤ ਮੁਲਜ਼ਮਾਂ ਨੂੰ ਲੰਮੇ ਸਮੇਂ ਲਈ ਸਲਾਖਾਂ ਪਿੱਛੇ ਰੱਖਿਆ ਜਾ ਸਕਦਾ ਹੈ। -ਪੀਟੀਆਈ