ਪਰਿਵਾਰ ਵੱਲੋਂ ਸਾਬਕਾ ਪ੍ਰੋਫੈਸਰ ਸਾਈਬਾਬਾ ਦੀ ਦੇਹ ਹਸਪਤਾਲ ਨੂੰ ਦਾਨ
ਹੈਦਰਾਬਾਦ, 13 ਅਕਤੂਬਰ
ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀਐੱਨ ਸਾਈਬਾਬਾ (54), ਜਿਨ੍ਹਾਂ ਦਾ ਸ਼ਨਿੱਚਰਵਾਰ ਰਾਤ ਇਥੇ ਸਰਕਾਰੀ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ, ਦੇ ਪਰਿਵਾਰ ਨੇ ਮ੍ਰਿਤਕ ਦੇਹ ਹਸਪਤਾਲ ਨੂੰ ਦਾਨ ਕਰ ਦਿੱਤੀ ਹੈ। ਸਾਈਬਾਬਾ ਨੇ ਦੋ ਹਫ਼ਤੇ ਪਹਿਲਾਂ ਪਿੱਤੇ ਵਿਚ ਪੱਥਰੀ ਦਾ ਅਪਰੇਸ਼ਨ ਕਰਵਾਇਆ ਸੀ ਤੇ ਉਹ ਅਪਰੇਸ਼ਨ ਮਗਰੋਂ ਆਈਆਂ ਦਿੱਕਤਾਂ ਨਾਲ ਜੂਝ ਰਹੇ ਸਨ। ਸਾਬਕਾ ਪ੍ਰੋਫੈਸਰ ਨੂੰ ਅਜੇ ਸੱਤ ਮਹੀਨੇ ਪਹਿਲਾਂ ਮਾਓਵਾਦੀਆਂ ਨਾਲ ਸਬੰਧ ਕੇਸ ਵਿਚ ਰਿਹਾਈ ਮਿਲੀ ਸੀ। ਸਾਈਬਾਬਾ ਨੇ ਰਾਤ 9 ਵਜੇ ਦੇ ਕਰੀਬ ਆਖਰੀ ਸਾਹ ਲਏ। ਉਹ ਪਿਛਲੇ 20 ਦਿਨਾਂ ਤੋਂ ਨਿਜ਼ਾਮ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿਚ ਦਾਖ਼ਲ ਸਨ। ਉਂਝ ਸਾਈਬਾਬਾ ਦੀ ਮ੍ਰਿਤਕ ਦੇਹ ਸਕੇ-ਸਬੰਧੀਆਂ ਤੇ ਦੋਸਤਾਂ ਆਦਿ ਦੇ ਅੰਤਿਮ ਦਰਸ਼ਨਾਂ ਲਈ ਸੋਮਵਾਰ ਨੂੰ ਇਥੇ ਜਵਾਹਰ ਨਗਰ ਵਿਚ ਰੱਖੀ ਜਾਵੇਗੀ। ਉਧਰ, ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਕਿਹਾ ਕਿ ਜੀਐੱਨ ਸਾਈਬਾਬਾ ਦੀ ਮੌਤ ਮਨੁੱਖੀ ਹੱਕਾਂ ਲਈ ਲੜਨ ਵਾਲਿਆਂ ਵਾਸਤੇ ਵੱਡਾ ਘਾਟਾ ਹੈ। ਏਆਈਐੱਮਆਈਐੱਮ ਮੁਖੀ ਅਸਦੂਦੀਨ ਓਵਾਇਸੀ ਨੇ ਕਿਹਾ ਕਿ ਸਾਈਬਾਬਾ ਦੀ ਮੌਤ ਕੁਝ ਹੱਦ ਤੱਕ ਯੂਏਪੀਏ ਦਾ ਨਤੀਜਾ ਹੈ, ਜਿਸ ਤਹਿਤ ਮੁਲਜ਼ਮਾਂ ਨੂੰ ਲੰਮੇ ਸਮੇਂ ਲਈ ਸਲਾਖਾਂ ਪਿੱਛੇ ਰੱਖਿਆ ਜਾ ਸਕਦਾ ਹੈ। ਜੀਐੱਨ ਸਾਈਬਾਬਾ ਦੀ ਪਤਨੀ ਵਸੰਤਾ ਕੁਮਾਰੀ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਦੇ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਉਨ੍ਹਾਂ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਚਰਚਾ ਕਰਨ ਲਈ ਉਨ੍ਹਾਂ ਦੋਵਾਂ ਨੂੰ ਜ਼ਿਆਦਾ ਸਮਾਂ ਨਹੀਂ ਮਿਲਿਆ ਕਿਉਂਕਿ ਇਨ੍ਹਾਂ ਮਹੀਨਿਆਂ ਦੌਰਾਨ ਉਹ ਹਸਪਤਾਲਾਂ ਦੇ ਚੱਕਰ ਲਾਉਂਦੇ ਰਹੇ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਅੰਡਾ ਸੈੱਲ ਵਿੱਚ ਦਸ ਸਾਲ ਤੱਕ ਰਹਿਣ ਕਾਰਨ ਉਨ੍ਹਾਂ ਦਾ ਸਰੀਰ ਕਾਫੀ ਪ੍ਰਭਾਵਿਤ ਹੋਇਆ ਸੀ। ਵਸੰਤਾ ਨੇ ਸਾਈਬਾਬਾ ਦੇ ਸ਼ੁੱਭਚਿੰਤਕਾਂ ਨੂੰ ਉਨ੍ਹਾਂ ਦੀ ਵਿਰਾਸਤ ਅੱਗੇ ਵਧਾਉਣ ਅਤੇ ਮਨੁੱਖੀ ਅਧਿਕਾਰਾਂ ਨੂੰ ਕਾਇਮ ਰੱਖਣ ਲਈ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ। -ਪੀਟੀਆਈ