For the best experience, open
https://m.punjabitribuneonline.com
on your mobile browser.
Advertisement

ਜੱਲਾਦ

11:55 AM Dec 10, 2023 IST
ਜੱਲਾਦ
Advertisement

ਗੋਵਰਧਨ ਗੱਬੀ

Advertisement

ਕਥਾ ਪ੍ਰਵਾਹ

“ਮੁਕਾ ਆਇਐਂ ਆਪਣਾ ਕੰਮ... ਪੈ ਗਈ ਠੰਢ...?”
“ਕੌਣ ਬੋਲਦੈ... ਕੌਣ ਹੈਂ ਤੂੰ...?”
“ਮੈਂ ਕੋਈ ਵੀ ਹੋਵਾਂ, ਤੂੰ ਜੁਆਬ ਦੇ ਜੋ ਸੁਆਲ ਪੁੱਛਿਆ ਹੈ ਤੇਰੇ ਕੋਲੋਂ...।”
“ਹਾਂ, ਮੁਕਾ ਆਇਆਂ... ਕੁਝ ਘੜੀਆਂ ਪਹਿਲਾਂ ਹੀ ਮੁੜਿਆਂ...।”
“ਕਿੱਦਾਂ ਮਹਿਸੂਸ ਹੋ ਰਿਹਾ ਹੈ...?”
“ਦਿਮਾਗ਼ ਖਾਲੀ ਹੋ ਗਿਐ... ਕਮਰੇ ਵਿੱਚ ਇੱਕ ਅਜੀਬ ਕਿਸਮ ਦਾ ਸੰਨਾਟਾ ਪਸਰ ਗਿਆ ਹੈ... ਕੰਮ ਮੁਕੰਮਲ ਹੋਣ ਤੋਂ ਛੇਤੀ ਬਾਅਦ ਮੈਂ ਜੇਲ੍ਹ ਅਧਿਕਾਰੀਆਂ ਨੂੰ ਬੇਨਤੀ ਕਰ ਦਿੱਤੀ ਸੀ ਕਿ ਅਗਲੇ ਦੋ ਘੰਟਿਆਂ ਤੱਕ ਕੋਈ ਮੇਰੇ ਕੋਲ ਨਹੀਂ ਆਵੇਗਾ... ਮੈਂ ਮੀਡੀਆ ਸਮੇਤ ਕਿਸੇ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨਹੀਂ ਕਰਾਂਗਾ। ਫਿਰ ਤੂੰ ਕਿੱਥੋਂ ਅੰਦਰ ਦਾਖਲ ਹੋਇਐਂ... ਲੁਕਿਆ ਕਿਉਂ ਹੈਂ...? ਸਾਹਮਣੇ ਆ ਕੇ ਗੱਲ ਕਰ...।”
“ਮੈਂ ਦੱਸ ਦਿਆਂਗਾ ਮੈਂ ਕੌਣ ਹਾਂ... ਤੂੰ ਦੱਸ ਨਾ ਕਿੰਝ ਲੱਗ ਰਿਹੈ ਹੁਣ...।”
“ਬਸ ਅਜੇ ਤਾਂ ਉਨ੍ਹਾਂ ਚਾਰਾਂ ਦੇ ਕਾਲੇ ਟੋਪਿਆਂ ਵਿੱਚ ਢੱਕੇ ਹੋਏ ਚਿਹਰੇ, ਲੜਖੜਾਉਂਦੇ ਕਦਮ, ਰੱਸਿਆਂ ਉੱਪਰ ਝੂਲਦੇ, ਤੜਫ਼ਦੀਆਂ ਤੇ ਕੰਬਦੀਆਂ ਗਰਮ ਲੋਥਾਂ, ਬਾਹਰ ਨੂੰ ਨਿਕਲੇ ਆਨਿਆਂ ਵਾਲਾ ਉਨ੍ਹਾਂ ਦਾ ਡਰਾਵਣਾ ਰੂਪ... ਸਾਰਾ ਕੁਝ ਮੇਰੇ ਆਲੇ-ਦੁਆਲੇ ਘੁੰਮਦਾ ਵਿਖਾਈ ਦੇ ਰਿਹਾ ਹੈ... ਰੱਬ ਦਾ ਵਾਸਤਾ ਯਾਰ, ਤੂੰ ਜਾ ਇੱਥੋਂ...।”
“ਐਵੇਂ ਇਧਰ ਉਧਰ ਦੀਆਂ ਨਾ ਮਾਰ... ਕਦੇ ਕਸਾਈਆਂ ਤੇ ਜੱਲਾਦਾਂ ਦੇ ਦਿਲ ਵੀ ਪਸੀਜਦੇ ਨੇ ਭਲਾ...?”
“ਤੂੰ ਵੀ ਉਹੀ ਸਮਝਦਾ ਹੋਵੇਂਗਾ ਜੋ ਬਾਕੀ ਸਾਰੇ ਲੋਕ ਸਮਝਦੇ ਨੇ ਕਿ ਮੈਨੂੰ ਕੁਝ ਨਹੀਂ ਹੁੰਦਾ ਕਿਉਂਕਿ ਮੈਂ ਤਾਂ ਜੱਲਾਦ ਹਾਂ!”
“ਨਾ ਹੋਰ ਕੀ ਹੈਂ...? ਜੱਲਾਦ ਹੀ ਤਾਂ ਹੈਂ... ਜੱਲਾਦ ਤੇ ਕਸਾਈ ਵਿੱਚ ਕੀ ਅੰਤਰ ਹੁੰਦਾ ਹੈ ਭਾਈ ਸਾਹਿਬ...।”
ਇਹ ਵੀ ਸੱਚ ਹੈ ਕਿ ਲੋਕਾਂ ਸਾਹਮਣੇ ਮੈਂ ਵੀ ਇਹੀ ਵਿਖਾਵਾ ਕਰਦਾ ਹਾਂ ਬਈ ਜਦੋਂ ਮੈਂ ਕਿਸੇ ਇਨਸਾਨ ਨੂੰ ਫਾਹੇ ਟੰਗ ਕੇ ਆਉਂਦਾ ਹਾਂ ਤਾਂ ਮੈਨੂੰ ਕੁਝ ਨਹੀਂ ਹੁੰਦਾ... ਮੈਂ ਲੋਹੇ ਦੇ ਦਿਲ ਵਾਲਾ ਹਾਂ ਜੋ ਕਦੇ ਵੀ ਧੜਕਦਾ ਨਹੀਂ। ਇਹ ਲੋਕ ਨਹੀਂ ਜਾਣਦੇ ਕਿ ਜੱਲਾਦਪੁਣਾ ਮੇਰਾ ਪੇਸ਼ਾ ਹੈ, ਨੌਕਰੀ ਹੈ... ਮਜਬੂਰੀ ਹੈ, ਕੋਈ ਸ਼ੌਕ ਨਹੀਂ... ਰੋਜ਼ੀ ਰੋਟੀ ਦਾ ਜ਼ਰੀਆ ਹੈ। ਯਾਰ ਅਖੀਰ ਹਾਂ ਤਾਂ ਮੈਂ ਵੀ ਇੱਕ ਇਨਸਾਨ ਹੀ... ਜੋ ਇੱਕ ਪਿਤਾ ਹੈ, ਪੁੱਤਰ, ਭਰਾ ਤੇ ਪਤੀ ਵੀ ਹੈ। ਮੇਰਾ ਦਿਲ ਵੀ ਧੜਕਦਾ ਹੈ ਜਿਵੇਂ ਹੋਰਾਂ ਦਾ ਧੜਕਦਾ ਹੈ...।”
“ਝਾੜਤੀ ਨਾ ਫਿਲਾਸਫ਼ੀ। ਹਰ ਵਾਰ ਤੇਰਾ ਮੰਤਵ ਕੁਝ ਹੋਰ ਹੁੰਦਾ ਹੈ। ਨਹੀਂ ਤਾਂ ਥੋੜ੍ਹੇ ਜਿਹੇ ਪੈਸਿਆਂ ਖ਼ਾਤਰ ਤੂੰ ਮਨੁੱਖ ਨੂੰ ਜਾਨੋਂ ਕਿੱਦਾਂ ਮਾਰ ਸਕਦੈਂ...?”
“ਪਤਾ ਨਹੀਂ ਭਰਾਵਾ ਤੂੰ ਕੌਣ ਹੈਂ। ਘੱਟ ਤੋਂ ਘੱਟ ਪੱਤਰਕਾਰ ਤਾਂ ਨਹੀਂ ਲੱਗਦਾ। ਮਿੱਤਰਾ, ਇਹ ਵੀ ਤਾਂ ਸੱਚ ਹੈ ਕਿ ਜੋ ਇਸ ਦੁਨੀਆ ਉੱਪਰ ਆਇਆ ਹੈ ਉਸ ਨੇ ਅਖੀਰ ਜਾਣਾ ਹੀ ਹੈ, ਜੋ ਜਨਮਿਆ ਹੈ ਉਸ ਨੇ ਫੌਤ ਹੋਣਾ ਹੀ ਹੈ। ਹਰ ਕਿਸੇ ਨੂੰ ਦੇਹ ਤਿਆਗ ਕੇ ਹੀ ਮੁਕਤੀ ਮਿਲਣੀ ਹੈ। ਇਹੀ ਕੁਦਰਤ ਦਾ ਨਿਯਮ ਹੈ। ਮਿੱਤਰਾ... ਕੁਦਰਤ ਨੇ ਇੱਕ ਨਿਯਮ ਚੰਗਾ ਬਣਾਇਆ ਹੋਇਆ ਹੈ ਕਿ ਜਨਮ ਤੋਂ ਬਾਅਦ ਉਹ ਜੀਵ ਨੂੰ ਇਹ ਨਹੀਂ ਦੱਸਦੀ ਕਿ ਉਸ ਨੇ ਕਿਸ ਦਿਨ, ਕਿੰਨੇ ਵਜੇ, ਕਿਵੇਂ ਤੇ ਕਿੱਥੇ ਮਰਨਾ ਹੈ, ਪਰ ਮਨੁੱਖ ਨੇ ਜਿਊਣਾ ਕਿੱਦਾਂ ਹੈ, ਇਹ ਕੁਝ ਨਾ ਕੁਝ ਮਨੁੱਖ ਦੇ ਹੱਥ ਵਿੱਚ ਹੁੰਦਾ ਹੀ ਹੈ ਨਾ। ਭਰਾਵਾ, ਜ਼ਰਾ ਕਿਆਸ ਲਗਾ ਕੇ ਦੇਖ ਕਿ ਜੇਕਰ ਕਿਸੇ ਇਨਸਾਨ ਨੂੰ ਇਹ ਪਤਾ ਲੱਗ ਜਾਏ ਕਿ ਉਹ ਕਿਸ ਦਿਨ ਮਰੇਗਾ? ਕਿੰਨੇ ਵਜੇ ਮਰੇਗਾ? ਕਿਵੇਂ ਮਰੇਗਾ ਤੇ ਕਿੱਥੇ ਮਰੇਗਾ ਤਾਂ ਉਸ ਉਪਰ ਕੀ ਗੁਜ਼ਰੇਗੀ? ਉਸ ਦੀ ਹਾਲਤ ਕੀ ਹੋਵੇਗੀ? ਉਸ ਇਨਸਾਨ ਦੀ ਮਨੋਸਥਿਤੀ ਬਾਰੇ ਵੀ ਅੰਦਾਜ਼ਾ ਲਗਾ ਕੇ ਦੇਖ ਜਿਸ ਨੂੰ ਇਹ ਪਤਾ ਹੋਵੇ ਕਿ ਉਸ ਨੇ ਕਿਸ ਇਨਸਾਨ ਨੂੰ, ਕਿਹੜੇ ਦਿਨ, ਕਿੰਨੇ ਵਜੇ, ਕਿਸ ਤਰ੍ਹਾਂ ਤੇ ਕਿੱਥੇ ਫਾਂਸੀ ਉੱਪਰ ਚੜ੍ਹਾਉਣਾ ਹੈ... ਮਾਰ ਮੁਕਾਉਣਾ ਹੈ... ਉਸ ਨੂੰ ਕਿਵੇਂ ਆਪਣੇ ਜਿਗਰੇ ਨੂੰ ਵੱਡਾ ਕਰਨਾ ਪਵੇਗਾ ਤਾਂ ਕਿ ਐਨ ਮੌਕੇ ਉਪਰ ਪਹੁੰਚ ਕੇ ਉਹ ਕਿਤੇ ਅਸਫ਼ਲ ਨਾ ਹੋ ਜਾਵੇ... ਘਬਰਾ ਨਾ ਜਾਵੇ... ਕਮਜ਼ੋਰ ਨਾ ਪੈ ਜਾਵੇ...।”
“ਓ ਵੱਡੀਆਂ ਵੱਡੀਆਂ ਸ਼ੁਰਲੀਆਂ ਨਾ ਛੱਡ... ਸੁਣਿਐ ਤੂੰ ਬੜਾ ਖ਼ੁਸ਼ ਹੈਂ ਨਵਾਂ ਰਿਕਾਰਡ ਬਣਾ ਕੇ...?”
“ਕਾਹਦਾ ਖ਼ੁਸ਼ ਯਾਰ... ਇਹਦੇ ਵਿੱਚ ਕਿਹੜੀ ਖ਼ੁਸ਼ੀ ਤੇ ਮਾਣ ਵਾਲੀ ਗੱਲ ਹੈ? ਅੱਜ ਵਾਲੇ ਚਾਰਾਂ ਮੁਜ਼ਰਮਾਂ ਨੂੰ ਮਿਲਾ ਕੇ ਮੈਂ ਹੁਣ ਤਕ ਨੌਂ ਬੰਦਿਆਂ ਨੂੰ ਫਾਂਸੀ ਉੱਪਰ ਚੜ੍ਹਾ ਚੁੱਕਾ ਹਾਂ। ਉਹ ਵੱਖਰੀ ਗੱਲ ਹੈ ਕਿ ਚਾਰ ਮੁਜ਼ਰਮਾਂ ਨੂੰ ਇਕੱਠੇ ਤੇ ਇੱਕੋ ਸਮੇਂ ਫਾਂਸੀ ਉਪਰ ਚੜ੍ਹਾਉਣ ਵਾਲਾ ਮੈਂ ਆਜ਼ਾਦ ਭਾਰਤ ਦਾ ਪਹਿਲਾ ਜੱਲਾਦ ਬਣਨ ਦਾ ਇਤਿਹਾਸ ਰਚ ਚੁੱਕਾ ਹਾਂ। ਸੋਚ ਰਿਹਾਂ ਕਿ ਕੀ ਮੈਨੂੰ ਆਪਣੀ ਇਸ ਪ੍ਰਾਪਤੀ ਉਪਰ ਮਾਣ ਮਹਿਸੂਸ ਕਰਨਾ ਚਾਹੀਦਾ ਹੈ? ਗਰਵ ਹੋਣਾ ਚਾਹੀਦਾ ਹੈ...? ਇਹ ਬਹੁਤ ਅਜੀਬ, ਔਖਾ, ਬੇਢੰਗਾ ਤੇ ਬੇਮਤਲਬ ਸਵਾਲ ਹੈ ਜੋ ਮੈਂ ਆਪਣੇ ਆਪ ਨੂੰ ਕਰ ਰਿਹਾ ਹਾਂ। ਮੇਰੇ ਕੋਲ ਫਿਲਹਾਲ ਇਸ ਦਾ ਕੋਈ ਠੋਸ ਜੁਆਬ ਨਹੀਂ ਹੈ...।”
“ਤੂੰ ਝੂਠ ਬੋਲਦਾ ਪਿਐਂ... ਮੈਨੂੰ ਪਤੈ ਅੱਜ ਤੂੰ ਅੰਦਰੋਂ ਬਹੁਤ ਖ਼ੁਸ਼ ਹੈਂ। ਚੱਲ ਇਹ ਦੱਸ ਕਦੋਂ ਤੋਂ ਤਿਆਰੀਆਂ ਕਰ ਰਿਹਾ ਸੀ...?’’
“ਪਿਛਲੇ ਚਾਰ ਦਿਨਾਂ ਤੋਂ ਚਾਰ ਕੈਦੀਆਂ ਨੂੰ ਫਾਂਸੀ ਦੇਣ ਵਾਸਤੇ ਮੈਂ ਜੇਲ੍ਹ ਵਿੱਚ ਹੀ ਸਾਂ। ਮੇਰੇ ਦਿਮਾਗ ਵਿੱਚ ਅਜੀਬ ਕਿਸਮ ਦੇ ਸਵਾਲਾਂ ਤੇ ਜਵਾਬਾਂ ਨੇ ਲਗਾਤਾਰ ਉੱਥਲ ਪੁੱਥਲ ਮਚਾਈ ਹੋਈ ਸੀ। ਇੱਕੋ ਵੇਲੇ ਜੰਮ ਵੀ ਰਹੇ ਸਨ ਤੇ ਮਰ ਵੀ। ਕੁਝ ਸਮਝ ਨਹੀਂ ਆ ਰਿਹਾ ਸੀ ਕਿ ਸਹੀ ਕੀ ਹੈ? ਗ਼ਲਤ ਕੀ ਹੈ? ਪੁੰਨ ਕੀ ਹੈ? ਪਾਪ ਕੀ ਹੈ? ਜ਼ਿੰਦਗੀ ਕੀ ਹੈ...? ਮੌਤ ਕੀ ਹੈ...?”
“ਓ..! ਤੇਰੇ ਮੂੰਹੋਂ ਪਾਪ ਪੁੰਨ ਦੀਆਂ ਗੱਲਾਂ ਸੁਣ ਕੇ ਬੜਾ ਅਜੀਬ ਲੱਗਦਾ ਹੈ... ਚਾਰ ਦਿਨਾਂ ਤੋਂ ਤੂੰ ਕੀ ਸੋਚ ਰਿਹਾ ਸੀ..?”
“ਚੱਲ ਠੀਕ ਹੈ ਭਰਾਵਾ ਜਿਵੇਂ ਤੂੰ ਖ਼ੁਸ਼ ਰਹਿਣਾ ਹੈ ਰਹਿ, ਪਰ ਚਾਰੇ ਦਿਨ ਮੈਂ ਉਨ੍ਹਾਂ ਮੁਜ਼ਰਮਾਂ ਬਾਰੇ ਸੋਚਦਾ ਰਿਹਾ... ਉਨ੍ਹਾਂ ਦੀ ਮਨੋਸਥਿਤੀ ਨੂੰ ਸਮਝਣ ਦੀ ਅਸਫ਼ਲ ਕੋਸ਼ਿਸ਼ ਕਰ ਰਿਹਾ ਸਾਂ। ਆਪ ਵੀ ਅਜੀਬ ਕਿਸਮ ਦੀ ਮਨੋਸਥਿਤੀ ਵਿੱਚੋਂ ਗੁਜ਼ਰ ਰਿਹਾ ਸਾਂ। ਉਨ੍ਹਾਂ ਦੀ ਥਾਂ ਆਪਣੇ ਆਪ ਨੂੰ ਬਿਠਾ ਕੇ ਸੋਚ ਰਿਹਾ ਸਾਂ ਕਿ ਉਨ੍ਹਾਂ ਦੇ ਦਿਲ ਉਪਰ ਕੀ ਗੁਜ਼ਰ ਰਹੀ ਹੋਵੇਗੀ? ਉਨ੍ਹਾਂ ਦੇ ਘਰ ਵਾਲਿਆਂ ਬਾਰੇ ਸੋਚ ਰਿਹਾ ਸਾਂ... ਉਹ ਕੀ ਸੋਚ ਰਹੇ ਹੋਣਗੇ। ਉਹ ਆਪਣੇ ਆਂਢੀਆਂ-ਗੁਆਂਢੀਆਂ ਤੇ ਰਿਸ਼ਤੇਦਾਰਾਂ ਨਾਲ ਨਜ਼ਰਾਂ ਕਿੰਝ ਮਿਲਾਉਂਦੇ ਹੋਣਗੇ...? ਉਨ੍ਹਾਂ ਦੇ ਤਾਅਨੇ ਮਿਹਣੇ ਕਿੰਝ ਸਹਿੰਦੇ ਹੋਣਗੇ?”
“ਅੱਛਾ... ਮੈਨੂੰ ਤਾਂ ਬੜਾ ਕਮੀਨਾ ਲੱਗਦੈਂ ਤੂੰ... ਉਨ੍ਹਾਂ ਬਾਰੇ ਸੋਚ ਰਿਹੈਂ...? ਉਸ ਕੁੜੀ ਦੇ ਮਾਪਿਆਂ ਬਾਰੇ ਨਹੀਂ ਸੋਚਿਆ ਕਦੇ...?’’
“ਨਹੀਂ ਭਰਾਵਾ, ਕਿਉਂ ਨਹੀਂ ਸੋਚਦਾ... ਜਦੋਂ ਉਹ ਚਾਰੇ ਮੇਰੇ ਦਿਮਾਗ਼ ’ਚੋਂ ਜਾਂਦੇ ਨੇ ਤਾਂ ਫਿਰ ਮੇਰੇ ਸਾਹਮਣੇ ਉਨ੍ਹਾਂ ਮਾਪਿਆਂ ਦੇ ਚਿਹਰੇ ਆ ਜਾਂਦੇ ਨੇ ਜਿਨ੍ਹਾਂ ਦੀ ਜਵਾਨ ਧੀ ਨਾਲ ਉਨ੍ਹਾਂ ਚਾਰਾਂ ਨੇ ਦਰਿੰਦਗੀ ਕਰਨ ਦੀ ਕੋਈ ਹੱਦ ਨਹੀਂ ਛੱਡੀ ਸੀ। ਸੱਤ ਸਾਲਾਂ ਤੋਂ ਉਹ ਇਨ੍ਹਾਂ ਚਾਰਾਂ ਨੂੰ ਫਾਹੇ ਲਗਵਾਉਣ ਵਾਸਤੇ ਕਾਨੂੰਨੀ ਲੜਾਈ ਲੜ ਰਹੇ ਸਨ... ਤਰਲੋਮੱਛੀ ਹੋ ਰਹੇ ਸਨ... ਮਕਸਦ ਕੇਵਲ ਇੱਕ ਹੀ ਸੀ ਕਿ ਇਨ੍ਹਾਂ ਚਾਰਾਂ ਦਰਿੰਦਿਆਂ ਨੂੰ ਫੰਦੇ ਉਪਰ ਝੂਲਦੇ ਵੇਖਣਾ ਹੈ। ਕਈ ਵਾਰ ਉਸ ਕੁੜੀ ਦੇ ਮਾਪਿਆਂ ਨੂੰ ਟੀਵੀ ਉੱਪਰ ਬੋਲਦੇ ਹੋਏ, ਜਿੱਤ ਦਾ ਨਿਸ਼ਾਨ ਬਣਾਉਂਦੇ, ਉਨ੍ਹਾਂ ਦੇ ਲਗਾਤਾਰ ਵਗਦੇ ਹੰਝੂ ਦੇਖਦਾ ਹਾਂ... ਅਖੇ- ਅਖੀਰ ਸਾਨੂੰ ਇਨਸਾਫ਼ ਮਿਲੇਗਾ... ਦੁਨੀਆ ਦੀ ਹਰ ਔਰਤ ਨੂੰ ਇਨਸਾਫ਼ ਮਿਲੇਗਾ... ਜਦੋਂ ਇਹ ਦਰਿੰਦੇ ਫੰਦੇ ਉਪਰ ਝੂਲਣਗੇ ਤਦ ਹੀ ਸਾਡੀ ਧੀ ਦੀ ਆਤਮਾ ਨੂੰ ਸ਼ਾਂਤੀ ਤੇ ਖ਼ੁਸ਼ੀ ਮਿਲੇਗੀ... ਉਸ ਨੂੰ ਤਸੱਲੀ ਮਿਲੇਗੀ ਕਿ ਜਿਨ੍ਹਾਂ ਦਰਿੰਦਿਆਂ ਨੇ ਉਸ ਨਾਲ ਘਿਨੌਣਾ ਕੰਮ ਕੀਤਾ ਸੀ ਅੱਜ ਉਨ੍ਹਾਂ ਨੂੰ ਆਪਣੇ ਕੀਤੇ ਦੁਸ਼ਟ ਕਰਮਾਂ ਦੀ ਸਜ਼ਾ ਮਿਲੀ ਹੈ...।
ਇਹ ਦੇਖ ਮੈਂ ਅਕਸਰ ਸੋਚਦਾ ਸਾਂ ਕਿ ਕੀ ਵਾਕਈ ਉਨ੍ਹਾਂ ਚਾਰਾਂ ਦੇ ਫਾਹੇ ਟੰਗੇ ਜਾਣ ਨਾਲ ਉਨ੍ਹਾਂ ਨੂੰ ਖੁਸ਼ੀ ਮਿਲੇਗੀ...? ਉਨ੍ਹਾਂ ਨੂੰ ਜਿੱਤ ਦਾ ਅਹਿਸਾਸ ਹੋਵੇਗਾ...? ਖ਼ੁਸ਼ੀ ਤੇ ਜਿੱਤ ਦੀ ਪਰਿਭਾਸ਼ਾ ਉਨ੍ਹਾਂ ਵਾਸਤੇ ਕੀ ਹੋਵੇਗੀ? ਮੇਰੀ ਸੋਚ ਅਨੁਸਾਰ ਘੱਟ ਤੋਂ ਘੱਟ ਉਹ ਤਾਂ ਨਹੀਂ ਹੋਵੇਗੀ ਜੋ ਆਮ ਲੋਕਾਂ ਵਾਸਤੇ ਹੁੰਦੀ ਹੈ... ਇਹ ਕੈਸੀ ਜਿੱਤ ਹੋਵੇਗੀ? ਇਹ ਕੈਸੀ ਖ਼ੁਸ਼ੀ ਹੋਵੇਗੀ ਜਿਸ ਦੇ ਤੁਸੀਂ ਜਸ਼ਨ ਨਹੀਂ ਮਨਾ ਸਕਦੇ, ਜਿਸ ਨੂੰ ਤੁਸੀਂ ਕਿਸੇ ਨਾਲ ਸਾਂਝੀ ਨਹੀਂ ਕਰ ਸਕਦੇ...।”
“ਯਾਰ, ਕੋਈ ਕੋਈ ਗੱਲ ਸੁਣ ਕੇ ਲੱਗਦੈ ਤੂੰ ਜੱਲਾਦ ਘੱਟ ਹੈਂ ਤੇ ਫਿਲਾਸਫ਼ਰ ਜ਼ਿਆਦਾ...।”
“ਉਹ ਭਰਾਵਾ ਕਾਹਦਾ ਫਿਲਾਸਫ਼ਰ... ਉਹ ਸਾਰੇ ਦਿਮਾਗ਼ ਵਿੱਚੋਂ ਥੋੜ੍ਹੀ ਦੇਰ ਵਾਸਤੇ ਗਾਇਬ ਹੁੰਦੇ ਨੇ ਤਾਂ ਆਪਣੇ ਘਰ ਵਾਲੇ ਆ ਜਾਂਦੇ ਨੇ... ਅਖੇ- ਹਾਂ, ਡੈਡੀ ਦੱਸੋ... ਕੁਝ ਕਰੋਗੇ ਕਿ ਜਾਂ ਫਿਰ ਇਸ ਵਾਰ ਵੀ ਠਣ ਠਣ ਗੋਪਾਲ ਵਾਂਗ ਵਾਪਸ ਆ ਜਾਉਗੇ...? ਬੋਲਦੀ ਹੋਈ ਆਪਣੀ ਵੱਡੀ ਧੀ ਦਾ ਉਹੀ ਮੁਰਝਾਇਆ ਹੋਇਆ ਚਿਹਰਾ ਚੌਵੀ ਘੰਟੇ ਮੇਰੇ ਸਾਹਮਣੇ ਆ ਕੇ ਖੜੋ ਜਾਂਦਾ ਸੀ। ਹਰ ਵਾਰ ਅੱਖਾਂ ਵਿੱਚ ਇਹੀ ਸਵਾਲ ਲੈ ਕੇ ਮੈਨੂੰ ਘੂਰਦਾ ਰਹਿੰਦਾ ਸੀ... ਧੀਏ ਤੂੰ ਫ਼ਿਕਰ ਨਾ ਕਰ... ਇਸ ਵਾਰ ਮੈਂ ਤੇਰੇ ਚਿਹਰੇ ਨੂੰ ਖਿੜਾ ਕੇ ਹੀ ਛੱਡਣਾ ਹੈ... ਮੈਂ ਆਪਮੁਹਾਰੇ ਬੁੜਬੁੜਾਉਂਦਾ ਸਾਂ...।”
“ਹਾਂ ਹੁਣ ਆਇਐਂ ਤੂੰ ਅਸਲੀ ਗੱਲ ਉੱਪਰ... ਜਦੋਂ ਤੂੰ ਘਰ ਸੀ... ਤੈਨੂੰ ਪਤਾ ਸੀ ਕਿ ਇਨ੍ਹਾਂ ਚਾਰਾਂ ਨੂੰ ਫਾਂਸੀ ਤੂੰ ਹੀ ਦੇਣੀ ਹੈ ਤਾਂ ਤੂੰ ਕੀ ਸੋਚਦਾ ਸੀ...?”
“ਭਰਾਵਾ ਕੀ ਦੱਸਾਂ... ਜਦੋਂ ਮੈਂ ਟੀਵੀ ਉਪਰ ਉਨ੍ਹਾਂ ਚਾਰਾਂ ਕੈਦੀਆਂ ਦੇ ਨਾਮ ਸੁਣਦਾ ਤਾਂ ਮੈਨੂੰ ਕੁਝ ਅਜੀਬ ਜਿਹਾ ਵੀ ਲੱਗਦਾ ਸੀ। ਉਨ੍ਹਾਂ ਵਿੱਚ ਇੱਕ ਮੇਰਾ ਨਾਮ ਰਾਸ਼ੀ ਵੀ ਸੀ। ਉਹ ਵੱਖਰੀ ਗੱਲ ਹੈ ਕਿ ਉਹ ਕੈਦੀ ਸੀ ਤੈ ਮੈਂ ਜੱਲਾਦ... ਉਹ ਮਰਨ ਵਾਲਾ ਤੇ ਮੈਂ ਮਾਰਨ ਵਾਲਾ...। ਅਖੀਰ ਅੱਜ ਇੱਕ ਜੱਲਾਦ ਨੇ ਆਪਣੇ ਨਾਮ ਵਾਲੇ ਕੈਦੀ ਨੂੰ ਮਾਰ ਹੀ ਮੁਕਾਇਆ। ਹੈ ਨਾ ਕੁਦਰਤ ਦਾ ਕਮਾਲ...!”
“ਤੂੰ ਜੇਲ੍ਹ ਵਿੱਚ ਉਨ੍ਹਾਂ ਚਾਰਾਂ ਨੂੰ ਮਿਲਿਆ ਸੀ...?”
“ਨਾ, ਮੈਨੂੰ ਉਨ੍ਹਾਂ ਨਾਲ ਕਦੇ ਨਹੀਂ ਮਿਲਾਇਆ ਗਿਆ। ਨਾ ਹੀ ਮੈਂ ਮਿਲਣਾ ਚਾਹੁੰਦਾ ਸਾਂ। ਪਹਿਲਾਂ ਵੀ ਕਦੇ ਨਹੀਂ ਮਿਲਿਆ ਕਿਸੇ ਫਾਂਸੀ ਚੜ੍ਹਨ ਵਾਲੇ ਨੂੰ। ਮੈਨੂੰ ਜ਼ਰੂਰਤ ਵੀ ਨਹੀਂ ਮਹਿਸੂਸ ਹੁੰਦੀ। ਉਨ੍ਹਾਂ ਚਾਰਾਂ ਨੂੰ ਭਾਵੇਂ ਮੈਂ ਮਿਲਿਆ ਨਹੀਂ ਸਾਂ ਪਰ ਕਾਫ਼ੀ ਚਿਰ ਤੋਂ ਟੀਵੀ ਤੇ ਅਖ਼ਬਾਰਾਂ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਦੇਖ ਰਿਹਾਂ ਸਾਂ। ਜਦੋਂ ਦੀ ਸਰਕਾਰ ਨੇ ਮੇਰੀ ਡਿਊਟੀ ਲਗਾਈ ਸੀ ਉਨ੍ਹਾਂ ਨੂੰ ਫਾਸੀਂ ਚੜ੍ਹਾਉਣ ਵਾਸਤੇ ਤਦ ਤੋਂ ਮੈਂ ਹੋਰ ਵੀ ਜ਼ਿਆਦਾ ਗ਼ੌਰ ਨਾਲ ਉਨ੍ਹਾਂ ਦੇ ਚਿਹਰੇ ਪੜ੍ਹਨ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ। ਜੇਕਰ ਪਿਛਲੇ ਤਿੰਨ ਚਾਰ ਦਿਨਾਂ ਤੋਂ ਉਹ ਨਹੀਂ ਸੁੱਤੇ ਸਨ ਤਾਂ ਰਿਹਾ ਮੈਂ ਵੀ ਅਧ-ਉਨੀਂਦਰਾ ਹੀ। ਜਿਸ ਵੇਲੇ ਮੈਂ ਇਹ ਸਾਰਾ ਕੁਝ ਕਰਨ ਜਾ ਰਿਹਾ ਸਾਂ ਉਸ ਵੇਲੇ ਮੇਰਾ ਯਕੀਨ ਹੋਰ ਵੀ ਜ਼ਿਆਦਾ ਪੱਕਾ ਹੋ ਰਿਹਾ ਸੀ ਕਿ ਇਸ ਵਾਰ ਮੈਂ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਵਾਂਗਾ। ਉਨ੍ਹਾਂ ਦਰਿੰਦਿਆਂ, ਉਨ੍ਹਾਂ ਰਾਖਸ਼ਾਂ ਨੂੰ ਉਸ ਥਾਂ ਪਹੁੰਚਾ ਦਿਆਂਗਾ ਜਿੱਥੇ ਉਨ੍ਹਾਂ ਨੂੰ ਪਹਿਲਾਂ ਹੀ ਪਹੁੰਚਾ ਦਿੱਤਾ ਜਾਣਾ ਚਾਹੀਦਾ ਸੀ। ਖ਼ੈਰ! ਦੇਰ ਨਾਲ ਹੀ ਸਹੀ ਪਰ ਅੱਜ ਇਸ ਜੱਲਾਦ ਦੁਆਰਾ ਉਹ ਸਾਰੇ ਉੱਥੇ ਪਹੁੰਚਾ ਦਿੱਤੇ ਗਏ ਜਿੱਥੇ ਉਨ੍ਹਾਂ ਨੂੰ ਪਹੁੰਚਾਉਣਾ ਚਾਹੀਦਾ ਸੀ...।”
“ਬੱਲੇ ਓਏ ਚਲਾਕ ਸੱਜਣਾ... ਤੂੰ ਇਹ ਕਿਉਂ ਨਹੀਂ ਮੰਨਦਾ ਕਿ ਜੇ ਇਸ ਵਾਰ ਵੀ ਉਹ ਫਾਂਸੀ ਨਾ ਚੜ੍ਹਦੇ ਤਾਂ ਤੇਰੇ ਘਰ ਵਾਲਿਆਂ ਤੈਨੂੰ ਫ਼ਾਂਸੀ ਟੰਗ ਦੇਣਾ ਸੀ...।”
“ਓ ਨਹੀਂ ਯਾਰ, ਐਸੀ ਕੋਈ ਗੱਲ ਨਹੀਂ ਸੀ। ਘਰਵਾਲੇ ਵਿਚਾਰਿਆਂ ਨੇ ਕੀ ਕਰਨਾ ਸੀ? ਵੱਧ ਤੋਂ ਵੱਧ ਦੋ ਚਾਰ ਗੱਲਾਂ ਹੋਰ ਸੁਣਾ ਦਿੰਦੇ। ਅਸਲ ਵਿੱਚ ਉਨ੍ਹਾਂ ਚਾਰਾਂ ਨੇ ਕਾਰਾ ਹੀ ਇੰਨਾ ਘਿਨੌਣਾ ਕੀਤਾ ਸੀ ਕਿ ਉਸ ਬਾਰੇ ਸੋਚ ਕੇ ਹੀ ਚੰਗੇ ਭਲੇ ਮਨੁੱਖ ਦਾ ਦਿਲ ਵੀ ਕੁਰਲਾ ਉੱਠੇ। ਮੈਂ ਮਨ ਅੰਦਰ ਪੱਕਾ ਧਾਰ ਲਿਆ ਸੀ ਕਿ ਮੈਂ ਇਨ੍ਹਾਂ ਨੂੰ ਅੰਜਾਮ ਤਕ ਪਹੁੰਚਾ ਕੇ ਹੀ ਦਮ ਲਵਾਂਗਾ। ਇਸ ਤੋਂ ਬਾਅਦ ਕਦੇ ਕੋਈ ਹੋਰ ਦਰਿੰਦਾ ਜੋ ਇਸ ਤਰ੍ਹਾਂ ਦਾ ਕਾਰਾ ਕਰਨ ਬਾਰੇ ਸੋਚੇਗਾ ਵੀ ਤਾਂ ਉਸ ਨੂੰ ਯਾਦ ਰਹੇਗਾ ਕਿ ਉਸ ਦਾ ਇਹੀ ਹਾਲ ਹੋਣਾ ਹੈ ਜੋ ਇਨ੍ਹਾਂ ਦਾ ਹੋਇਆ ਹੈ। ਜੋ ਵੀ ਕੋਈ ਇਸ ਤਰ੍ਹਾਂ ਸੋਚੇਗਾ ਉਸ ਦੇ ਦਿਲ ਤੇ ਦਿਮਾਗ਼ ਵਿੱਚ ਇਹ ਜ਼ਰੂਰ ਆਏਗਾ ਕਿ ਉਸ ਨੇ ਔਰਤ ਦੀ ਇੱਜ਼ਤ ਕਰਨੀ ਹੈ... ਸਨਮਾਨ ਕਰਨਾ ਹੈ ਨਾ ਕਿ ਉਸ ਦੀ ਇੱਜ਼ਤ ਨਾਲ ਖੇਡਣਾ ਹੈ। ਸਮਝ ਨਹੀਂ ਆਉਂਦੀ ਕਿ ਕੋਈ ਵੀ ਅਖੌਤੀ ਪੁਰਸ਼ ਕਿਵੇਂ ਭੇੜੀਏ ਦੀ ਤਰ੍ਹਾਂ ਕਿਸੇ ਔਰਤ ਦੀ ਇੱਜ਼ਤ ਨੂੰ ਲੀਰੋਲੀਰ ਕਰ ਸਕਦਾ ਹੈ... ਉਸ ਦੇ ਸਰੀਰ ਨੂੰ ਨੋਚ ਸਕਦਾ ਹੈ... ਉਸ ਨਾਲ ਜਾਨਵਰਾਂ ਤੋਂ ਵੀ ਬੁਰਾ ਵਰਤਾਉ ਕਰ ਸਕਦਾ ਹੈ। ਉਸ ਦੇ ਨਾਲ ਹੈਵਾਨੀਅਤ ਭਰਿਆ ਖਿਲਵਾੜ ਕਰ ਸਕਦਾ ਹੈ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਹ ਘੱਟੋ-ਘੱਟ ਪੁਰਸ਼ ਤਾਂ ਨਹੀਂ ਹੋ ਸਕਦਾ...।”
“ਅੱਛਾ ਪਰ ਜਿਹੜਾ ਤੇਰੀ ਧੀ ਨਾਲ ਹੋ ਰਿਹਾ ਹੈ ਵਾਰ ਵਾਰ... ਉਸ ਵਾਸਤੇ ਜ਼ਿੰਮੇਵਾਰ ਕੌਣ ਹੈ? ਮੈਨੂੰ ਤਾਂ ਲੱਗਦੈ ਕਿ ਤੂੰ ਅਸਲ ਵਿੱਚ ਇਨ੍ਹਾਂ ਨੂੰ ਫਾਂਸੀ ਚੜ੍ਹਾ ਕੇ ਕਿਤੇ ਨਾ ਕਿਤੇ ਆਪਣੇ ਮਨ ਨੂੰ ਤਸੱਲੀ ਦੇ ਰਿਹਾ ਹੈਂ। ਚੱਲ ਛੱਡ ਤੂੰ ਫਿਰ ਚਿੜ੍ਹ ਜਾਣੈ। ਇਹ ਦੱਸ ਜਦੋਂ ਮੀਡੀਆ ਵਾਲੇ ਤੈਨੂੰ ਜੱਲਾਦ ਬੁਲਾਉਂਦੇ ਹਨ ਤਾਂ ਤੈਨੂੰ ਕਿੰਝ ਲੱਗਦੈ...?”
“ਜੋ ਮਰਜ਼ੀ ਕਹਿ ਲੈ ਭਰਾਵਾ... ਜੋ ਤੂੰ ਠੀਕ ਸਮਝੇਂ ਪਰ ਸੱਚ ਦੱਸਾਂ ਜਦੋਂ ਮੀਡੀਆ ਵਾਲੇ ਮੇਰੀ ਜਾਣ-ਪਛਾਣ ਮੇਰੇ ਨਾਂ ਨਾਲ ‘ਜੱਲਾਦ’ ਸ਼ਬਦ ਲਗਾ ਕੇ ਕਰਵਾਉਂਦੇ ਹਨ ਤਾਂ ਸਮਝ ਨਹੀਂ ਆਉਂਦੀ ਕਿ ਇਸ ਦਾ ਵਿਰੋਧ ਕਰਾਂ ਕਿ ਇਸ ’ਤੇ ਮਾਣ ਮਹਿਸੂਸ ਕਰਾਂ... ਹੁਣ ਜੇਕਰ ਮੈਂ ਜੱਲਾਦਪੁਣਾ ਕਰਦਾ ਹਾਂ ਤਾਂ ਫਿਰ ਕਰਦਾ ਹਾਂ। ਇੱਕ ਗੱਲ ਹੋਰ ਮੈਨੂੰ ਕਈ ਵਾਰ ਕੁਝ ਮੀਡੀਆ ਵਾਲਿਆਂ ’ਤੇ ਵੀ ਬੜਾ ਗੁੱਸਾ ਚੜ੍ਹਦਾ ਹੈ... ਜਦੋਂ ਉਹ ਮੇਰੇ ਨਾਲ ਗੱਲਬਾਤ ਕਰਨ ਆਉਂਦੇ ਹਨ ਤਾਂ ਉਨ੍ਹਾਂ ਦੇ ਸਵਾਲ ਬੜੇ ਅਜੀਬ ਕਿਸਮ ਦੇ ਹੁੰਦੇ ਹਨ... ਅਖੇ- ਤੁਸੀਂ ਰੱਸਾ ਗਲ ਵਿੱਚ ਕਿੱਥੇ ਪਾਉਂਦੇ ਹੋ..? ਜਦੋਂ ਉਨ੍ਹਾਂ ਦੇ ਪੈਰਾਂ ਹੇਠੋਂ ਤਖਤੇ ਖਿਸਕਾ ਦਿੰਦੇ ਹੋ ਤਾਂ ਫਿਰ ਕੀ ਹੁੰਦੈ...? ਜਦੋਂ ਉਹ ਫੰਦੇ ਵੱਲ ਆ ਰਹੇ ਹੁੰਦੇ ਨੇ ਤਾਂ ਉਹ ਕੀ ਕਰ ਰਹੇ ਹੁੰਦੇ ਨੇ...? ਤੁਸੀਂ ਫਾਂਸੀ ਦੇਣ ਵੇਲੇ ਨਸ਼ਾ ਕੀਤਾ ਹੁੰਦੈ...? ਕੱਪੜੇ ਕਿਹੜੇ ਰੰਗ ਦੇ ਪਾਉਂਦੇ ਹੋ...? ਤੁਸੀਂ ਜਦੋਂ ਉਨ੍ਹਾਂ ਨੂੰ ਫਾਂਸੀ ਉਪਰ ਟੰਗ ਦਿੰਦੇ ਹੋ ਤਾਂ ਤੁਹਾਡੇ ਦਿਮਾਗ਼ ਵਿੱਚ ਕੀ ਚਲਦਾ ਹੈ...? ਫਾਂਸੀ ਦੇਣ ਵਾਲੀ ਕੋਠੜੀ ਕਿਸ ਤਰ੍ਹਾਂ ਦੀ ਸੀ...? ਕਈ ਵਾਰੀ ਦਿਲ ਕਰਦਾ ਹੈ ਇਨ੍ਹਾਂ ਨੂੰ ਵੀ ਫੰਦੇ ਉੱਪਰ ਟੰਗ ਦਿਆਂ... ਫਿਰ ਕਹਾਂ- ਆਪੇ ਦੇਖ ਲਉ... ਮਹਿਸੂਸ ਕਰ ਲਉ... ਬੇਸ਼ਰਮ ਕਿਸੇ ਥਾਂ ਦੇ...।”
“ਹਾਹਾਹਾਹਾ... ਪਰ ਮੈਂ ਪੱਤਰਕਾਰ ਨਹੀਂ ਹਾਂ। ਅੱਛਾ ਆਪਣੇ ਬਾਰੇ ਕੁਝ ਦੱਸ... ਕੌਣ ਹੈ ਤੂੰ...?”
“ਤੂੰ ਤਾਂ ਭਰਾਵਾ ਮੈਨੂੰ ਇੰਜ ਪੁੱਛ ਰਿਹੈਂ ਜਿਵੇਂ ਮੈਂ ਕੋਈ ਮਹਾਨ ਹਸਤੀ ਹੋਵਾਂ। ਭਰਾਵਾ, ਮੈਂ ਇੱਕ ਜੱਲਾਦ ਹਾਂ, ਪਰ ਕਸਾਈ ਨਹੀਂ ਹਾਂ। ਆਪਣੇ ਬਾਰੇ ਕੀ ਦੱਸਾਂ? ਪੁਸ਼ਤ ਦਰ ਪੁਸ਼ਤ ਸਾਡਾ ਪਰਿਵਾਰ ਇਹ ਜੱਲਾਦਪੁਣਾ ਕਰਦਾ ਆ ਰਿਹਾ ਹੈ। ਬਹੁਤੇ ਲੋਕ ਸਾਨੂੰ ਅੱਜ ਵੀ ‘ਕਸਾਈਆਂ ਦੇ ਪਰਿਵਾਰ’ ਨਾਮ ਨਾਲ ਜਾਣਦੇ ਹਨ। ਸਾਡੇ ਸ਼ਹਿਰ ਆ ਕੇ ਕਿਸੇ ਕੋਲ ਵੀ ਸਾਡਾ ਨਾਮ ਲੈ ਲਉ ਉਹ ਬਿਨਾਂ ਦੇਰ ਕੀਤਿਆਂ ਸਾਡਾ ਥਹੁ ਟਿਕਾਣਾ ਦੱਸ ਦੇਵੇਗਾ... ਸਾਡੇ ਪੋਤੜੇ ਤੱਕ ਫਰੋਲ ਦੇਵੇਗਾ। ਅਸਲ ਵਿੱਚ ਜੱਲਾਦਪੁਣੇ ਦਾ ਪੇਸ਼ਾ ਮੈਨੂੰ ਵਿਰਾਸਤ ਵਿੱਚ ਮਿਲਿਆ ਹੈ। ਫਾਂਸੀ ਦੇਣ ਵਾਸਤੇ ਰੱਸਾ ਬਣਾਉਣਾ ਤੇ ਕਿਸੇ ਮੁਜ਼ਰਮ ਨੂੰ ਫਾਂਸੀ ਚੜ੍ਹਾਉਣ ਦਾ ਕੰਮ ਮੈਂ ਆਪਣੇ ਦਾਦਾ ਤੇ ਪਿਤਾ ਜੀ ਤੋਂ ਹੀ ਸਿੱਖਿਆ ਹੈ। ਕਹਿੰਦੇ ਨੇ ਕਿ ਜਿਸ ਤਰ੍ਹਾਂ ਦਾ ਮਜ਼ਬੂਤ ਤੇ ਮੁਲਾਇਮ ਰੱਸਾ ਮੇਰੇ ਦਾਦਾ ਜੀ ਬਣਾਉਂਦੇ ਸਨ ਉਸ ਤਰ੍ਹਾਂ ਦਾ ਅਜੇ ਵੀ ਕੋਈ ਨਹੀਂ ਬਣਾ ਪਾਉਂਦਾ। ਅਕਸਰ ਮੇਰੇ ਪਿਤਾ ਜੀ ਮੈਨੂੰ ਕਹਿੰਦੇ ਹੁੰਦੇ ਸਨ- ਪੁੱਤਰਾ, ਫਾਂਸੀ ਦੇਣਾ ਵੀ ਇੱਕ ਕਲਾ ਹੈ ਜੋ ਹਰ ਕਿਸੇ ਦੇ ਵੱਸ ਦਾ ਕੰਮ ਨਹੀਂ ਹੈ। ਸੋ ਤੂੰ ਵੀ ਇਸ ਕਲਾ ਨੂੰ ਸਿੱਖ ਲੈ ਤੇਰੀ ਵੀ ਦਾਲ ਰੋਟੀ ਚਲਦੀ ਰਹੇਗੀ। ਅਸਲ ਵਿੱਚ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸਨ ਕਿ ਅਕਸਰ ਉਨ੍ਹਾਂ ਦੇ ਪਿਤਾ ਜੀ ਵੀ ਇਹ ਬੋਲ ਵਾਰ ਵਾਰ ਦੁਹਰਾਉਂਦੇ ਰਹਿੰਦੇ ਸਨ। ਫਿਰ ਜਦੋਂ ਪੜਦਾਦਾ ਜੀ ਹਮੇਸ਼ਾ ਵਾਸਤੇ ਤੁਰ ਗਏ ਤਾਂ ਇਹੀ ਸ਼ਬਦ ਮੇਰੇ ਦਾਦਾ ਤੋਂ ਹੁੰਦੇ ਹੋਏ ਮੇਰੇ ਪਿਤਾ ਜੀ ਕੋਲ ਪਹੁੰਚੇ। ਅਖੀਰ ਮੇਰੇ ਪਿਤਾ ਜੀ ਤੋਂ ਮੇਰੇ ਤੱਕ ਅਪੜੇ। ਜਦੋਂ ਮੇਰੇ ਦਾਦਾ ਜੀ ਨੇ ਆਪਣਾ ਜੱਦੀ ਕੰਮ ਮੇਰੇ ਪਿਤਾ ਨੂੰ ਸੌਂਪਿਆ ਤਾਂ ਉਸ ਵੇਲੇ ਸਾਡੇ ਘਰ ਵਿੱਚ ਬਹੁਤ ਵੱਡਾ ਝਗੜਾ ਪੈ ਗਿਆ ਸੀ। ਮੇਰਾ ਤਾਇਆ ਕਹਿੰਦਾ ਸੀ ਕਿ ਉਹ ਘਰ ਵਿੱਚ ਵੱਡਾ ਹੈ ਸੋ ਪੁਸ਼ਤੈਨੀ ਜੱਲਾਦੀ ਉਸ ਨੂੰ ਮਿਲਣੀ ਚਾਹੀਦੀ ਹੈ। ਅੱਗੋਂ ਮੇਰੇ ਦਾਦਾ ਜੀ ਬੋਲੇ- ਜੱਲਾਦੀ ਕਰਨਾ ਜ਼ਿੰਮੇਵਾਰੀ ਵਾਲਾ ਕੰਮ ਹੈ ਜੋ ਤੇਰੇ ਵਸ ਵਿੱਚ ਨਹੀਂ ਹੈ। ਤੇਰੇ ਵਰਗੇ ਸ਼ਰਾਬੀ ਕਬਾਬੀ ਬੰਦੇ ਨੂੰ ਮੈਂ ਇਹ ਕੰਮ ਨਹੀਂ ਦੇ ਸਕਦਾ। ਫਿਰ ਮੇਰੇ ਦਾਦਾ ਜੀ ਨੇ ਇਹ ਕੰਮ ਮੇਰੇ ਪਿਤਾ ਜੀ ਨੂੰ ਸੌਂਪ ਦਿੱਤਾ... ਪਰ ਹੁਣ ਜਦੋਂ ਵੀ ਆਪਣੇ ਪੜਦਾਦਾ ਵਾਲੇ ਬੋਲ ਮੈਂ ਆਪਣੇ ਪੁੱਤਰ ਨੂੰ ਪੁੱਜਦਾ ਕਰਦਾ ਹਾਂ ਉਹ ਅੱਗੋਂ ਇਹ ਜੁਆਬ ਦਿੰਦਾ ਹੈ- ਨਹੀਂ ਡੈਡ, ਜੱਲਾਦਪੁਣੇ ਦਾ ਇਹ ਪੁਸ਼ਤੈਨੀ ਕੰਮ ਮੈਂ ਨਹੀਂ ਕਰਨਾ... ਮੈਂ ਕੋਈ ਹੋਰ ਕਸਬ ਸਿੱਖਾਂਗਾ। ਸੋ ਮੈਂ ਵੀ ਉਸ ਉੱਪਰ ਜ਼ਿਆਦਾ ਜ਼ੋਰ ਨਹੀਂ ਪਾਉਂਦਾ। ਕਹਿਣ ਦਾ ਮਤਲਬ ਇਹ ਹੈ ਕਿ ਮੈਂ ਸ਼ਾਇਦ ਆਪਣੇ ਖ਼ਾਨਦਾਨ ਦਾ ਆਖ਼ਰੀ ਜੱਲਾਦ ਸਾਬਿਤ ਹੋਵਾਂਗਾ...।”
“ਅੱਛਾ ਇਹ ਦੱਸ, ਤੂੰ ਆਪਣਾ ਘਰ ਜੱਲਾਦਪੁਣੇ ਨਾਲ ਹੀ ਚਲਾਉਂਦੈਂ...?”
“ਭਰਾਵਾ, ਕਮਾਲ ਦੀਆਂ ਗੱਲਾਂ ਕਰਦੈਂ... ਅੱਜ ਦੇ ਦੌਰ ਵਿੱਚ ਜੱਲਾਦਪੁਣੇ ਦੀ ਕਮਾਈ ਨਾਲ ਘਰ ਚਲਦਾ ਹੈ ਭਲਾ...? ਚਾਰ ਕੁ ਸਾਲ ਪਹਿਲਾਂ ਤੱਕ ਤਾਂ ਮੈਨੂੰ ਤਿੰਨ ਹਜ਼ਾਰ ਰੁਪਏ ਮਹੀਨੇ ਦਾ ਭੱਤਾ ਮਿਲਦਾ ਸੀ। ਅੱਜਕੱਲ੍ਹ ਹਰ ਮਹੀਨੇ ਪੰਜ ਹਜ਼ਾਰ ਰੁਪਏ ਮਿਲਦੇ ਹਨ। ਪਿੱਛੇ ਜਿਹੇ ਇਹੀ ਭੱਤਾ ਰੈਗੂਲਰ ਲੈਣ ਵਾਸਤੇ ਮੈਨੂੰ ਅਦਾਲਤ ਵੀ ਜਾਣਾ ਪਿਆ ਸੀ ਤਾਂ ਕਿਤੇ ਜਾ ਕੇ ਸਭ ਠੀਕ ਹੋਇਆ। ਮੇਰੀਆਂ ਤਿੰਨ ਧੀਆਂ ਤੇ ਦੋ ਪੁੱਤਰ ਨੇ। ਮੈਂ ਕੱਪੜੇ ਵੇਚਣ ਦੀ ਫੇਰੀ ਲਾਉਂਦਾ ਹਾਂ ਤਾਂ ਵੀ ਮੁਸ਼ਕਿਲ ਨਾਲ ਹੀ ਗੁਜ਼ਾਰਾ ਹੁੰਦਾ ਹੈ...।”
“ਇਹ ਤੇਰਾ ਪੁਸ਼ਤੈਨੀ ਕੰਮ ਹੈ...?”
“ਏਦਾਂ ਹੀ ਕਹਿ ਸਕਦੇ ਹੋ... ਮੇਰੇ ਪੜਦਾਦਾ ਅੰਗਰੇਜ਼ਾਂ ਦੇ ਵੇਲੇ ਤੋਂ ਜੱਲਾਦੀ ਦਾ ਕੰਮ ਕਰਦੇ ਆ ਰਹੇ ਸਨ। ਲਾਹੌਰ ਜੇਲ੍ਹ ਵਿੱਚ ਉਸ ਵੇਲੇ ਦੇ ਕਈ ਇਨਕਲਾਬੀਆਂ ਨੂੰ ਫਾਂਸੀ ਦੇਣ ਵਾਲੇ ਮੇਰੇ ਪੜਦਾਦਾ ਹੀ ਸਨ। ਇੱਕ ਨਾਬਾਲਗ ਕੁੜੀ ਨਾਲ ਬਲਾਤਕਾਰ ਤੇ ਉਸ ਦੇ ਨਾਬਾਲਗ ਭਰਾ ਨੂੰ ਕਤਲ ਕਰਨ ਵਾਲੇ ਬਦਨਾਮ ਕੇਸ ਵਿੱਚ ਵੀ ਮੇਰੇ ਦਾਦਾ ਜੀ ਨੇ ਹੀ ਦੋਵਾਂ ਮੁਜ਼ਰਮਾਂ ਨੂੰ ਫਾਂਸੀ ਉੱਪਰ ਟੰਗਿਆ ਸੀ। ਸਾਡੇ ਦੇਸ਼ ਦੇ ਇੱਕ ਸਾਬਕਾ ਪ੍ਰਧਾਨ ਮੰਤਰੀ ਦੇ ਕਤਲ ਵਿੱਚ ਫਾਂਸੀ ਦੀ ਸਜ਼ਾ ਪਾਏ ਦੋ ਕੈਦੀਆਂ ਨੂੰ ਵੀ ਫਾਂਸੀ ਉਪਰ ਮੇਰੇ ਦਾਦਾ ਤੇ ਪਿਤਾ ਜੀ ਨੇ ਹੀ ਚੜ੍ਹਾਇਆ ਸੀ...।
ਮੈਨੂੰ ਯਾਦ ਹੈ ਜਦੋਂ ਇੱਕ ਵਾਰ ਮੇਰੇ ਦਾਦਾ ਜੀ ਆਗਰਾ ਦੀ ਜੇਲ੍ਹ ਵਿੱਚ ਇੱਕ ਇਸੇ ਤਰ੍ਹਾਂ ਦੇ ਸਜ਼ਾਭੋਗੀ ਨੂੰ ਫਾਂਸੀ ਦੇਣ ਗਏ ਸੀ ਤਾਂ ਮੈਂ ਉਨ੍ਹਾਂ ਦੇ ਨਾਲ ਸੀ। ਮੈਂ ਪਹਿਲੀ ਵਾਰ ਜੇਲ੍ਹ ਦੇਖੀ ਸੀ। ਮੈਨੂੰ ਪਹਿਲੀ ਵਾਰ ਪਤਾ ਲੱਗਾ ਸੀ ਕਿ ਮੇਰੇ ਦਾਦਾ ਜੀ ਦਾ ਕੀ ਰੁਤਬਾ ਹੈ ਜੇਲ੍ਹ ਅੰਦਰ... ਸਾਰੇ ਸੰਤਰੀ ਉਸ ਨੂੰ ਸੈਲਿਊਟ ਮਾਰ ਰਹੇ ਸਨ। ਉਸ ਵਾਸਤੇ ਆਪ ਅੱਗੇ ਹੋ ਹੋ ਕੇ ਕੋਠੜੀਆਂ ਦੇ ਦਰਵਾਜ਼ੇ ਖੋਲ੍ਹ ਰਹੇ ਸਨ। ਉਦੋਂ ਮੈਨੂੰ ਮਹਿਸੂਸ ਹੋਇਆ ਸੀ ਕਿ ਭਾਵੇਂ ਜੱਲਾਦ ਨੂੰ ਲੋਕ ਹੋਰ ਨਜ਼ਰ ਨਾਲ ਵੇਖਦੇ ਹਨ ਪਰ ਸਮਾਜ ਵਿੱਚ ਉਸ ਦਾ ਵੀ ਇੱਕ ਖ਼ਾਸ ਰੁਤਬਾ ਹੈ। ਉਸ ਵੇਲੇ ਮੇਰੀ ਉਮਰ ਚੌਵੀ ਪੰਝੀ ਸਾਲ ਦੀ ਸੀ। ਮੈਂ ਸਜ਼ਾਭੋਗੀ ਦੇ ਪੈਰ ਬੰਨ੍ਹੇ ਸਨ ਤੇ ਦਾਦਾ ਜੀ ਨੇ ਲੀਵਰ ਖਿੱਚ ਕੇ ਉਸ ਨੂੰ ਫਾਂਸੀ ਉੱਪਰ ਲਟਕਾਇਆ ਸੀ। ਉਸ ਤੋਂ ਬਾਅਦ ਮੈਂ ਦਾਦਾ ਜੀ ਤੇ ਪਿਤਾ ਜੀ ਦੀ ਸ਼ਾਗਿਰਦੀ ਕੀਤੀ। ਅੱਛੀ ਜੱਲਾਦੀ ਦੇ ਸਾਰੇ ਗੁਰ ਉਨ੍ਹਾਂ ਤੋਂ ਸਿੱਖੇ। ਹੁਣ ਮੈਂ ਕਹਿ ਸਕਦਾ ਹਾਂ ਕਿ ਮੈਂ ਆਪਣੇ ਕੰਮ ਵਿੱਚ ਨਿਪੁੰਨ ਹਾਂ। ਤੈਨੂੰ ਪਤੈ... ਆਜ਼ਾਦ ਦੇਸ਼ ਵਿੱਚ ਹੁਣ ਤੱਕ ਇਨ੍ਹਾਂ ਚਾਰਾਂ ਨੂੰ ਮਿਲਾ ਕੇ ਕੁੱਲ ਅੱਠ ਕੁ ਸੌ ਮੁਜ਼ਰਮਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੈ। ਇਨ੍ਹਾਂ ਸਾਰਿਆਂ ਨੂੰ ਫਾਂਸੀ ਦੇਣ ਵਾਲੇ ਜੱਲਾਦਾਂ ਵਿੱਚ ਇੱਕ ਵੱਡੀ ਸਾਰੀ ਗਿਣਤੀ ਸਾਡੇ ਜੱਲਾਦ ਪਰਿਵਾਰ ਦੀ ਹੈ...।”
“ਬੱਲੇ ਬੱਲੇ ਮੈਨੂੰ ਪਤਾ ਹੀ ਨਹੀਂ ਸੀ ਕਿ ਮੈਂ ਇੱਕ ਖ਼ਾਨਦਾਨੀ ਜੱਲਾਦ ਨਾਲ ਗੱਲ ਕਰ ਰਿਹਾਂ... ਹਾਹਾਹਾਹਾ।”
“ਭਰਾਵਾ, ਮਜ਼ਾਕ ਨਾ ਕਰ... ਅਜੇ ਤੱਕ ਤੂੰ ਦੱਸਿਆ ਨਹੀਂ ਕਿ ਤੂੰ ਕੌਣ ਹੈਂ ਤੇ ਅਵਾ-ਤਵਾ ਬੋਲੀ ਜਾ ਰਿਹੈਂ। ਭਰਾਵਾ, ਜਦੋਂ ਅਸੀਂ ਇਨਸਾਨਾਂ ਨੂੰ ਫਾਂਸੀ ਉੱਪਰ ਚੜ੍ਹਾਉਂਦੇ ਹਾਂ ਤਾਂ ਅਫ਼ਸੋਸ ਬਹੁਤ ਹੁੰਦਾ ਹੈ ਪਰ ਕੀ ਕਰੀਏ ਸ਼ਾਇਦ ਰੱਬ ਨੇ ਸਾਡੇ ਪਰਿਵਾਰ ਨੂੰ ਇਹੀ ਕੰਮ ਕਰਨ ਵਾਸਤੇ ਇਸ ਦੁਨੀਆ ਉੱਪਰ ਭੇਜਿਆ ਹੈ। ਇਸ ਵਾਰ ਵੀ ਜੇਲ੍ਹ ਪ੍ਰਸ਼ਾਸਨ ਵਾਲਿਆਂ ਨੇ ਮੈਨੂੰ ਚਾਰ ਦਿਨ ਪਹਿਲਾਂ ਹੀ ਬੁਲਾ ਲਿਆ ਸੀ। ਉਨ੍ਹਾਂ ਨੂੰ ਵੀ ਪੱਕਾ ਭਰੋਸਾ ਸੀ ਕਿ ਇਸ ਵਾਰ ਫਾਂਸੀ ਨਹੀਂ ਟਲੇਗੀ। ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਪਹਿਲੀ ਵਾਰ ਚਾਰ ਮੁਜ਼ਰਮਾਂ ਨੂੰ ਇਕੱਠੇ ਫਾਂਸੀ ਹੋ ਰਹੀ ਸੀ। ਫਾਂਸੀ ਵਾਲੀ ਕੋਠੜੀ ਵਿੱਚ ਲੱਗੇ ਲੱਕੜੀ ਦੇ ਤਖ਼ਤੇ ਜਿਨ੍ਹਾਂ ਉਪਰ ਸਜ਼ਾ ਭੋਗੀਆਂ ਦੇ ਗਲੇ ਵਿੱਚ ਫੰਦਾ ਪਾ ਕੇ ਖੜ੍ਹਾ ਕਰਦੇ ਹਨ... ਫਿਰ ਤਖ਼ਤੇ ਨੂੰ ਉਨ੍ਹਾਂ ਦੇ ਪੈਰਾਂ ਹੇਠੋਂ ਖਿਸਕਾ ਦਿੱਤਾ ਜਾਂਦਾ ਹੈ, ਮੈਂ ਉਨ੍ਹਾਂ ਤਖ਼ਤਿਆਂ ਤੇ ਰੱਸੀਆਂ ਨੂੰ ਚੰਗੀ ਤਰ੍ਹਾਂ ਪਰਖ ਲੈਣਾ ਚਾਹੁੰਦਾ ਸਾਂ। ਕੋਈ ਕਸਰ ਨਹੀਂ ਛੱਡਣੀ ਚਾਹੁੰਦਾ ਸਾਂ। ਮੈਂ ਚਾਹੁੰਦਾ ਸਾਂ ਕਿ ਜਿਸ ਵੇਲੇ ਮੈਂ ਲੀਵਰ ਖਿੱਚਾਂ ਤਾਂ ਚਾਰੋਂ ਦੇ ਚਾਰੇ ਫਾਹੇ ਲੱਗ ਜਾਣ... ਤਖ਼ਤਿਆਂ ਵਾਲੀ ਲੱਕੜੀ ਤੇ ਰੱਸਿਆਂ ਦੀ ਤਾਕਤ ਨੂੰ ਮੈਂ ਕਈ ਵਾਰ ਪਰਖ ਲਿਆ ਸੀ। ਰੱਸਿਆਂ ਨੂੰ ਘਿਉ, ਕੇਲੇ ਆਦਿ ਨਾਲ ਮੁਲਾਇਮ ਕਰ ਲਿਆ ਸੀ। ਫਾਂਸੀਘਰ ਵੀ ਬਹੁਤ ਵਧੀਆ ਸੀ... ਕੋਈ ਘਾਟ ਨਹੀਂ ਸੀ ਉਸ ਵਿੱਚ। ਉੱਪਰ ਸ਼ੈੱਡ ਬਣਿਆ ਹੋਇਆ ਸੀ। ਮੈਂ ਫਾਂਸੀ ਤੋਂ ਇੱਕ ਦਿਨ ਪਹਿਲਾਂ ਜਾ ਕੇ ਵੀ ਫਾਂਸੀਘਰ ਤੇ ਉਸ ਵੇਲੇ ਵਰਤੇ ਜਾਣ ਵਾਲੇ ਸਾਮਾਨ ਨੂੰ ਚੰਗੀ ਤਰ੍ਹਾਂ ਦੁਬਾਰਾ ਪਰਖ ਲਿਆ ਸੀ। ਉੱਥੇ ਉਨ੍ਹਾਂ ਚਾਰਾਂ ਕੈਦੀਆਂ ਦੇ ਭਾਰ ਦੇ ਬਰਾਬਰ ਬੋਰੀਆਂ ਵਿੱਚ ਰੇਤ ਪਾ ਕੇ ਉਨ੍ਹਾਂ ਨੂੰ ਕੈਦੀ ਸਮਝ ਕੇ ਨਕਲੀ ਫਾਂਸੀ ਦਾ ਅਭਿਆਸ ਲਗਾਤਾਰ ਦੋ ਵਾਰ ਕਰ ਲਿਆ ਸੀ। ਅਜੇ ਕੱਲ੍ਹ ਹੀ ਆਪਣੀ ਤਰਫ਼ੋਂ ਜੇਲ੍ਹ ਪ੍ਰਸ਼ਾਸਨ ਨੂੰ ਸਾਰਾ ਕੁਝ ਮੁਕੰਮਲ ਹੋਣ ਦੀ ਇਤਲਾਹ ਦੇ ਦਿੱਤੀ ਸੀ। ਬਸ ਸ਼ਾਮ ਦਾ ਦਿਮਾਗ਼ ਵਿੱਚ ਇੱਕ ਅਜੀਬ ਕਿਸਮ ਦਾ ਡਰ ਬਣਿਆ ਹੋਇਆ ਸੀ ਕਿ ਕਿਤੇ ਇਸ ਵਾਰ ਫਾਂਸੀ ਫਿਰ ਨਾ ਟਲ ਜਾਏ...?”
“ਯਾਰ... ਮੈਨੂੰ ਤਾਂ ਲੱਗਦਾ ਹੈ ਕਿ ਉਸ ਕੁੜੀ ਦੇ ਮਾਪਿਆਂ ਨਾਲੋਂ ਜ਼ਿਆਦਾ ਤੂੰ ਕਾਹਲਾ ਪਿਆ ਹੋਇਆ ਸੀ ਕਿ ਉਨ੍ਹਾਂ ਨੂੰ ਫਾਂਸੀ ਚੜ੍ਹਾਉਣਾ ਹੀ ਚੜ੍ਹਾਉਣਾ ਹੈ... ਤੈਨੂੰ ਕਿਸ ਗੱਲ ਦੀ ਕਾਹਲ ਸੀ...? ਚੱਕਰ ਕੀ ਹੈ...?”
“ਭਰਾਵਾ, ਹੁਣ ਤੂੰ ਹੱਦ ਤੋਂ ਅੱਗੇ ਵਧ ਰਿਹੈਂ... ਚੱਕਰ ਚੁੱਕਰ ਕੋਈ ਨਹੀਂ ਸੀ ਪਰ ਕੀ ਕਰਾਂ... ਸੱਚਮੁੱਚ ਮੈਂ ਚਾਹੁੰਦਾ ਸਾਂ ਕਿ ਇਸ ਵਾਰ ਫਾਂਸੀ ਨਾ ਟਲੇ। ਜਦੋਂ ਵੀ ਟਾਲੇ ਜਾਣ ਦਾ ਖ਼ਿਆਲ ਆਉਂਦਾ ਤਾਂ ਆਪਣੀ ਧੀ ਦੇ ਓਹੀ ਬੋਲ- ਡੈਡੀ ਦੇਖਣਾ ਇਸ ਵਾਰ ਵੀ ਤੁਸੀਂ... ਤੇ ਉਸ ਦਾ ਉਦਾਸ, ਪਰੇਸ਼ਾਨ ਤੇ ਪ੍ਰਸ਼ਨ ਚਿੰਨ੍ਹਾਂ ਨਾਲ ਭਰਿਆ ਚਿਹਰਾ ਵਾਰ ਵਾਰ ਮੇਰੀਆਂ ਅੱਖਾਂ ਸਾਹਮਣੇ ਘੁੰਮ ਜਾਂਦਾ ਸੀ। ਮੈਂ ਲਗਾਤਾਰ ਰੱਬ ਅੱਗੇ ਅਰਦਾਸ ਕਰ ਰਿਹਾ ਸਾਂ ਕਿ ਇਸ ਵਾਰ ਫਾਂਸੀ ਨਾ ਟਲੇ, ਨਹੀਂ ਤਾਂ ਮੇਰੇ ਵਾਸਤੇ ਜਿਊਣਾ ਮੁਸ਼ਕਿਲ ਹੋ ਜਾਵੇਗਾ। ਮੈਂ ਆਪਣੇ ਸਮਾਜ ਵਿੱਚ ਕਿੰਝ ਆਪਣਾ ਮੂੰਹ ਵਿਖਾਵਾਂਗਾ। ਹੁਣ ਤੂੰ ਭਰਾਵਾ ਬਹੁਤੇ ਸਵਾਲ ਨਾ ਕਰੀਂ... ਮੈਂ ਤੈਨੂੰ ਸਾਰਾ ਕੁਝ ਇੱਕੋ ਸਾਹੇ ਦੱਸਦਾਂ। ਫਾਂਸੀ ਤੋਂ ਇੱਕ ਦਿਨ ਪਹਿਲਾਂ ਮੈਂ ਸਾਰਾ ਦਿਨ ਜੇਲ੍ਹ ਵਿੱਚ ਹੀ ਰਿਹਾ। ਨ੍ਹਾਤਾ, ਧੋਤਾ, ਖਾਣਾ ਖਾਧਾ। ਥੋੜ੍ਹਾ ਆਰਾਮ ਕੀਤਾ। ਫਿਰ ਲੱਗ ਪਿਆ ਤਿਆਰੀ ਕਰਨ... ਸਵੇਰੇ ਸਾਢੇ ਪੰਜ ਵਜੇ ਫਾਂਸੀ ਤਾਂ ਉਨ੍ਹਾਂ ਚਾਰਾਂ ਨੂੰ ਲੱਗਣੀ ਸੀ, ਪਰ ਇਮਤਿਹਾਨ ਮੇਰਾ ਵੀ ਤਾਂ ਹੋਣਾ ਸੀ। ਸਾਰੇ ਮੀਡੀਆ ਵਿੱਚ ਖ਼ਬਰਾਂ ਚੱਲ ਰਹੀਆਂ ਸਨ ਕਿ ਖਾਨਦਾਨੀ ਜੱਲਾਦ ਨੇ ਉਨ੍ਹਾਂ ਚਾਰਾਂ ਨੂੰ ਫਾਂਸੀ ਦੇਣੀ ਹੈ। ਮੇਰੀ ਬੇਚੈਨੀ ਵੀ ਵਧ ਰਹੀ ਸੀ। ਮੈਂ ਲਗਾਤਾਰ ਰੱਬ ਅੱਗੇ ਇਹੀ ਦੁਆ ਕਰ ਰਿਹਾ ਸਾਂ ਕਿ ਇਸ ਵਾਰ ਫਾਂਸੀ ਟਲਣੀ ਨਹੀਂ ਚਾਹੀਦੀ। ਫਾਹੇ ਤਾਂ ਮੈਂ ਉਨ੍ਹਾਂ ਨੂੰ ਚੜ੍ਹਾ ਕੇ ਹੀ ਛੱਡਾਂਗਾ, ਪਰ ਫਿਰ ਵੱਡੀ ਧੀ ਦੇ ਉਹੀ ਬੋਲ- ਪਾਪਾ, ਮੈਨੂੰ ਲੱਗਦੈ ਪਿਛਲੀ ਵਾਰ ਦੀ ਤਰ੍ਹਾਂ ਤੁਸੀਂ ਇਸ ਵਾਰ ਵੀ ਮੂੰਹ ਲਟਕਾ ਕੇ ਪਰਤ ਆਉਗੇ... ਇਸ ਵਾਰ ਵੀ ਇਹੀ ਕਹਿ ਦੇਣੈ ਕਿ ਫਾਂਸੀ ਤੋਂ ਇੱਕ ਦਿਨ ਪਹਿਲਾਂ ਇੱਕ ਕੈਦੀ ਨੇ ਨਵੀਂ ਅਰਜ਼ੀ ਲਗਾ ਦਿੱਤੀ... ਅਦਾਲਤ ਨੇ ਫਿਰ ਫਾਂਸੀ ਉੱਪਰ ਰੋਕ ਲਗਾ ਦਿੱਤੀ ਹੈ...। ਭਰਾਵਾ, ਇਹ ਬੋਲ ਉਸ ਦਿਨ ਘਰ ਤੋਂ ਤੁਰਨ ਲੱਗਿਆਂ ਮੇਰੀ ਵੱਡੀ ਧੀ ਨੇ ਬੁਰਾ ਜਿਹਾ ਮੂੰਹ ਬਣਾਉਂਦਿਆਂ ਕਹੇ ਸਨ। ਨਾਲ ਹੀ ਉਸ ਦੀ ਮਾਂ ਰਲ ਗਈ। ਅਖੇ- ਹੋਰ ਕੀ... ਇਹੀ ਕੁਝ ਹੋਣੈ ਇਸ ਵਾਰ ਵੀ। ਭਰਾਵਾ, ਮੈਂ ਬਿਨਾਂ ਕੋਈ ਪ੍ਰਤੀਕਿਰਿਆ ਦਿੱਤੇ ਹੀ ਘਰੋਂ ਤੁਰ ਪਿਆ ਸਾਂ। ਇੱਥੇ ਆ ਕੇ ਭਾਵੇਂ ਮੈਂ ਫਾਂਸੀ ਟੰਗਣ ਵਾਲੇ ਸਾਰੇ ਕੰਮਾਂ ਵਿੱਚ ਰੁੱਝਿਆ ਰਿਹਾ, ਪਰ ਧੀ ਦਾ ਕਿਹਾ ਮੈਨੂੰ ਵਾਰ ਵਾਰ ਬੇਚੈਨ ਕਰਦਾ ਰਿਹਾ। ਮੈਂ ਪੂਰੀ ਤਰ੍ਹਾਂ ਸੌਂ ਵੀ ਨਹੀਂ ਸਕਿਆ। ਅੱਜ ਸਵੇਰੇ ਤਿੰਨ ਵਜੇ ਆ ਕੇ ਇੱਕ ਪੁਲੀਸ ਵਾਲੇ ਨੇ ਮੈਨੂੰ ਜਗਾ ਦਿੱਤਾ ਸੀ। ਮੈਂ ਉੱਠਿਆ। ਟੀਵੀ ਲਗਾਇਆ। ਫਾਂਸੀ ਨਾਲ ਸਬੰਧਿਤ ਬਰੇਕਿੰਗ ਨਿਊਜ਼ ਲੱਭਣ ਦੀ ਕੋਸ਼ਿਸ਼ ਕੀਤੀ ਕਿ ਕਿਤੇ ਫਾਂਸੀ ਫਿਰ ਤਾਂ ਨਹੀਂ ਟਾਲ ਦਿੱਤੀ ਗਈ। ਸੁਣਨ ਵਿੱਚ ਆ ਰਿਹਾ ਸੀ ਕਿ ਉਨ੍ਹਾਂ ਦੇ ਵਕੀਲ ਨੇ ਚਾਰਾਂ ਨੂੰ ਫਾਂਸੀ ਤੋਂ ਬਚਾਉਣ ਵਾਸਤੇ ਇੱਕ ਹੋਰ ਅਰਜ਼ੀ ਉੱਚ ਅਦਾਲਤ ਵਿੱਚ ਲਗਾਈ ਹੋਈ ਸੀ। ਫਿਰ ਅਚਾਨਕ ਮੇਰੀ ਨਿਗ੍ਹਾ ਪਈ... ਖ਼ਬਰਾਂ ਪੜ੍ਹਨ ਵਾਲਾ ਬੋਲ ਰਿਹਾ ਸੀ- ਸਵੇਰੇ ਤਿੰਨ ਵਜੇ ਅਦਾਲਤ ਦੇ ਜੱਜ ਨੇ ਕੀਤੀ ਫਾਂਸੀ ਟਾਲਣ ਦੀ ਅਰਜ਼ੀ ਖਾਰਜ। ਹੁਣ ਫਾਂਸੀ ਲੱਗਣਾ ਲਗਪਗ ਤੈਅ। ਸਾਢੇ ਕੁ ਤਿੰਨ ਵਜੇ ਬਰੇਕਿੰਗ ਨਿਊਜ਼ ਸੁਣ ਕੇ ਦਿਲ ਨੂੰ ਚੈਨ ਮਿਲਿਆ ਕਿ ਹੁਣ ਫਾਂਸੀ ਨਹੀਂ ਟਲੇਗੀ। ਦਿਮਾਗ ਵਿੱਚ ਟਿਕ ਟਿਕ ਤਦ ਵੀ ਲੱਗੀ ਰਹੀ ਕਿਉਂਕਿ ਕੁਝ ਕੇਸਾਂ ਵਿੱਚ ਫਾਂਸੀ ਲੱਗਣ ਤੋਂ ਠੀਕ ਪੰਜ ਮਿੰਟ ਪਹਿਲਾਂ ਤੱਕ ਵੀ ਫਾਂਸੀ ਟਾਲੀ ਗਈ ਹੈ। ਉਧਰ ਮੇਰੀ ਧੀ ਦਾ ਉਦਾਸ ਚਿਹਰਾ... ਉਸ ਦੇ ਦਿਲ ਚੀਰਵੇਂ ਬੋਲ...। ਚਾਰ ਕੁ ਵਜੇ ਮੈਂ ਫਾਂਸੀ ਵਾਲੀ ਕੋਠੜੀ ਵਿੱਚ ਚਲਾ ਗਿਆ। ਮੇਰੀ ਮਦਦ ਕਰਨ ਵਾਸਤੇ ਪੰਦਰਾਂ ਵੀਹ ਸਿਪਾਹੀ ਤੇ ਜੇਲ੍ਹ ਦੇ ਹੋਰ ਕਰਮਚਾਰੀ ਵੀ ਨਾਲ ਸਨ। ਫਾਂਸੀ ਦੌਰਾਨ ਅਸੀਂ ਇੱਕ ਦੂਸਰੇ ਨਾਲ ਬੋਲਾਂਗੇ ਨਹੀਂ। ਬਸ ਕੇਵਲ ਤੇ ਕੇਵਲ ਇਸ਼ਾਰਿਆਂ ਵਿੱਚ ਹੀ ਗੱਲ ਕਰਾਂਗੇ। ਇਸ ਦਾ ਅਭਿਆਸ ਅਸੀਂ ਇੱਕ ਦਿਨ ਪਹਿਲਾਂ ਕਰ ਲਿਆ ਸੀ। ਬਹੁਤ ਜਲਦੀ ਮੈਂ ਤਖ਼ਤੇ, ਰੱਸੇ ਤੇ ਲੀਵਰ ਨੂੰ ਚੰਗੀ ਤਰ੍ਹਾਂ ਪਰਖ ਲਿਆ। ਸਾਰਾ ਕੁਝ ਤਿਆਰ ਕਰ ਲਿਆ। ਠੀਕ ਪੰਜ ਵਜੇ ਜੇਲ੍ਹ ਮੈਜਿਸਟਰੇਟ ਤੇ ਜੇਲ੍ਹ ਅਧਿਕਾਰੀ ਵੀ ਜੇਲ੍ਹ ਕੋਠੜੀ ਵਿੱਚ ਪਹੁੰਚ ਗਏ।
ਉਸੇ ਵੇਲੇ ਮੇਰਾ ਧਿਆਨ ਫਾਂਸੀ ਦੀ ਸਜ਼ਾ ਪਾ ਚੁੱਕੇ ਕੈਦੀਆਂ ਦੀ ਕੋਠੜੀ ਵੱਲ ਗਿਆ। ਕੁਝ ਪਰਛਾਵੇਂ ਫਾਂਸੀ ਵਾਲੀ ਕੋਠੜੀ ਵੱਲ ਆਉਂਦੇ ਵਿਖਾਈ ਦਿੱਤੇ। ਅਚਾਨਕ ਰੌਸ਼ਨੀ ਵਿੱਚ ਆਉਂਦੇ ਹੀ ਪਰਛਾਵੇਂ ਖ਼ਤਮ ਹੋ ਗਏ। ਦੋ ਦੋ ਪੁਲੀਸ ਵਾਲਿਆਂ ਨੇ ਇੱਕ ਇੱਕ ਕੈਦੀ ਨੂੰ ਸਖ਼ਤੀ ਨਾਲ ਬਾਂਹਾਂ ਤੋਂ ਪਕੜਿਆ ਹੋਇਆ ਸੀ। ਜਿਸ ਵੇਲੇ ਉਹ ਫਾਂਸੀ ਦੇ ਤਖ਼ਤੇ ਵੱਲ ਆ ਰਹੇ ਸਨ ਤਾਂ ਉਸ ਵੇਲੇ ਉਹ ਚਾਰੋਂ ਥਰ ਥਰ ਕੰਬ ਰਹੇ ਸਨ... ਉਨ੍ਹਾਂ ਦੇ ਕਦਮ ਲੜਖੜਾ ਰਹੇ ਸਨ... ਉਨ੍ਹਾਂ ਦੇ ਚਿਹਰਿਆਂ ਉੱਪਰ ਕੋਈ ਹਾਵਭਾਵ ਵਿਖਾਈ ਨਹੀਂ ਦੇ ਰਹੇ ਸਨ... ਯੋਜਨਾ ਅਨੁਸਾਰ ਇੱਕ ਤਖ਼ਤੇ ਉਪਰ ਦੋ ਦੋ ਕੈਦੀਆਂ ਨੂੰ ਖੜ੍ਹੇ ਕਰ ਦਿੱਤਾ ਗਿਆ। ਮੈਂ ਛੇਤੀ ਨਾਲ ਉਨ੍ਹਾਂ ਦੇ ਪੈਰਾਂ ਨੂੰ ਰੱਸੀ ਨਾਲ ਬੰਨ੍ਹਿਆ। ਉਨ੍ਹਾਂ ਨੇ ਇਸ ਪ੍ਰਤੀ ਕੋਈ ਹਰਕਤ ਨਹੀਂ ਕੀਤੀ... ਕੋਈ ਵਿਰੋਧ ਨਹੀਂ ਕੀਤਾ। ਫਿਰ ਉਨ੍ਹਾਂ ਦੇ ਸਿਰ ਮੂੰਹ ਨੂੰ ਕਾਲਿਆਂ ਟੋਪਾਂ ਨਾਲ ਢਕ ਦਿੱਤਾ...।
ਤੈਨੂੰ ਇੱਕ ਖ਼ਾਸ ਗੱਲ ਦੱਸਾਂ ਭਰਾਵਾ...? ਮੇਰੇ ਤਜ਼ਰਬੇ ਅਨੁਸਾਰ ਡਰ ਦੇ ਮਾਰਿਆਂ ਫਾਂਸੀ ਚੜ੍ਹਣ ਵਾਲੇ ਬਹੁਤੇ ਲੋਕਾਂ ਦੇ ਅੱਧੇ ਸਰੀਰ ਤਾਂ ਪਹਿਲਾਂ ਹੀ ਮਰ ਚੁੱਕੇ ਹੁੰਦੇ ਹਨ... ਫਾਂਸੀ ਤਾਂ ਬੱਸ ਇੱਕ ਬਹਾਨਾ ਹੀ ਹੁੰਦਾ ਹੈ, ਪਰ ਕਈ ਵਾਰ ਇੰਝ ਨਹੀਂ ਵੀ ਹੁੰਦਾ। ਮੇਰੇ ਦਾਦਾ ਜੀ ਨੇ ਦੱਸਿਆ ਸੀ ਕਿ ਇੱਕ ਵਾਰ ਫਾਂਸੀ ਵੇਲੇ ਜਦੋਂ ਫਾਂਸੀ ਦੇਣ ਤੋਂ ਅੱਧੇ ਪੌਣੇ ਘੰਟੇ ਬਾਅਦ ਕੈਦੀ ਨੂੰ ਫਾਹੇ ਤੋਂ ਹੇਠਾਂ ਲਾਹਿਆ ਗਿਆ ਤਾਂ ਉਹ ਤਦ ਵੀ ਜਿਊਂਦਾ ਸੀ। ਫੇਰ ਦਾਦਾ ਜੀ ਨੇ ਉਸ ਦੀਆਂ ਲੱਤਾਂ ਤੇ ਗਰਦਨ ਨੂੰ ਹੱਥ ਨਾਲ ਖਿੱਚ ਕੇ ਉਸ ਦਾ ਕੰਮ ਤਮਾਮ ਕੀਤਾ ਸੀ। ਦਾਦਾ ਜੀ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਜੀ ਨੇ ਦੱਸਿਆ ਸੀ ਕਿ ਜਦੋਂ ਉਸ ਨੇ ਇਨਕਲਾਬੀ ਵੀਰਾਂ ਨੂੰ ਫਾਂਸੀ ਉੱਪਰ ਟੰਗਿਆ ਸੀ ਤਦ ਵੀ ਉਨ੍ਹਾਂ ਵਿੱਚੋਂ ਇੱਕ ਇਨਕਲਾਬੀ ਵੀਰ ਨਾਲ ਕੁਝ ਇੰਜ ਦਾ ਹੀ ਵਾਪਰਿਆ ਸੀ...।”
“ਉਸ ਵੇਲੇ ਤੇਰੇ ਦਿਮਾਗ਼ ਵਿੱਚ ਕੀ ਚੱਲ ਰਿਹਾ ਸੀ ਜੱਲਾਦ ਸਾਹਬ...?”
“ਯਾਰ, ਤੂੰ ਮੈਨੂੰ ਤਨਜ਼ਾਂ ਮਾਰਨ ਤੋਂ ਹਟ ਨਹੀਂ ਰਿਹਾ... ਚੁੱਪ ਕਰ ਜਾ। ਫਾਂਸੀ ਦੇਣ ਵਾਲੇ ਸਾਰੇ ਨਿੱਕੇ ਨਿੱਕੇ ਤੇ ਜ਼ਰੂਰੀ ਕੰਮਾਂ ਵਿੱਚ ਰੁੱਝੇ ਹੋਣ ਦੇ ਬਾਵਜੂਦ ਵੀ ਮੈਂ ਵਾਰ ਵਾਰ ਜੇਲਰ ਵੱਲ ਦੇਖਦਾ ਰਿਹਾ। ਡਰ ਇਹੀ ਸੀ ਕਿ ਕਿਤੇ ਲਾਲ ਰੁਮਾਲ ਨੂੰ ਤੇਜ਼ੀ ਨਾਲ ਹੇਠਾਂ ਨੂੰ ਕਰਨ ਦੇ ਇਸ਼ਾਰੇ ਤੋਂ ਪਹਿਲਾਂ ਹੱਥ ਦੇ ਇਸ਼ਾਰੇ ਨਾਲ ਮੈਨੂੰ ਮਨ੍ਹਾਂ ਨਾ ਕਰ ਦੇਵੇ। ਉਧਰ ਜੇਲ੍ਹਰ ਦਾ ਧਿਆਨ ਆਪਣੇ ਦਫ਼ਤਰ ਵੱਲ ਲੱਗਿਆ ਹੋਇਆ ਸੀ ਕਿ ਕਿਤੇ ਕੋਈ ਅਧਿਕਾਰੀ ਫਾਂਸੀ ਨਾਲ ਸਬੰਧਿਤ ਕਿਸੇ ਪ੍ਰਕਾਰ ਦੀ ਹਦਾਇਤ ਲੈ ਕੇ ਦੌੜਦਾ ਨਾ ਆਉਂਦਾ ਹੋਵੇ, ਪਰ ਠੀਕ ਸਾਢੇ ਪੰਜ ਵਜੇ ਜੇਲ੍ਹਰ ਨੇ ਜਿਵੇਂ ਹੀ ਲਾਲ ਰੁਮਾਲ ਨੂੰ ਸੱਜੇ ਹੱਥ ਨਾਲ ਉੱਪਰ ਚੁੱਕ ਕੇ ਤੇਜ਼ੀ ਨਾਲ ਹੇਠਾਂ ਨੂੰ ਸਰਕਾਇਆ... ਮੇਰੇ ਸਰੀਰ ਵਿੱਚ ਅਚਾਨਕ ਜ਼ੋਰਦਾਰ ਫੁਰਤੀ ਆ ਗਈ। ਮੈਂ ਦਸ ਸਕਿੰਟਾਂ ਦੇ ਵਕਫ਼ੇ ਵਿੱਚ ਹੀ ਜ਼ੋਰ ਨਾਲ ਵਾਰੋ ਵਾਰੀ ਦੋਵੇਂ ਲੀਵਰ ਪਿੱਛੇ ਨੂੰ ਖਿੱਚ ਦਿੱਤੇ...ਧੜੰਮ ਦੇਣੇ ਉਹ ਚਾਰੇ ਮੌਤ ਦੇ ਖੂਹ ਵਿੱਚ ਲਟਕ ਗਏ... ਤੜਫਣ ਤੇ ਕੰਬਣ ਲੱਗੇ। ਦਸ ਕੁ ਮਿੰਟਾਂ ਦੇ ਅੰਦਰ ਅੰਦਰ ਚਾਰੇ ਸ਼ਾਂਤ ਹੋ ਗਏ। ਕੁਝ ਦੇਰ ਬਾਅਦ ਚਾਰਾਂ ਨੂੰ ਫਾਹੇ ਤੋਂ ਉਤਾਰਿਆ। ਡਾਕਟਰਾਂ ਨੇ ਉਨ੍ਹਾਂ ਦੇ ਦਿਲ ਦੀ ਧੜਕਣ ਚੈੱਕ ਕੀਤੀ। ਮੌਤ ਦੀ ਲਿਖਤੀ ਪੁਸ਼ਟੀ ਮੈਜਿਸਟਰੇਟ ਨੂੰ ਦਿੱਤੀ। ਉਸ ਵੇਲੇ ਉੱਥੇ ਹਾਜ਼ਰ ਹਰ ਕਿਸੇ ਦੀਆਂ ਨਜ਼ਰਾਂ ਮੈਜਿਸਟਰੇਟ ਉੱਪਰ ਟਿਕੀਆਂ ਸਨ ਜਿਉਂ ਹੀ ਉਸ ਨੇ ‘ਹਾਂ’ ਵਿੱਚ ਸਿਰ ਹਿਲਾਇਆ, ਹੋਰਾਂ ਸਮੇਤ ਮੈਨੂੰ ਬਹੁਤ ਵੱਡੀ ਰਾਹਤ ਮਿਲੀ। ਉਸ ਵੇਲੇ ਮੈਂ ਆਸਮਾਨ ਵੱਲ ਦੇਖਿਆ... ਰੱਬ ਦਾ ਸ਼ੁਕਰੀਆ ਅਦਾ ਕੀਤਾ। ਕਮਰੇ ਵਿੱਚ ਪਹੁੰਚਦੇ ਹੀ ਮੈਂ ਆਪਣੀ ਵੱਡੀ ਧੀ ਨੂੰ ਫ਼ੋਨ ਮਿਲਾ ਦਿੱਤਾ- ‘ਇਸ ਵਾਰ ਨਹੀਂ ਮੈਂ ਆਉਂਦਾ ਖਾਲੀ ਹੱਥ ਧੀਏ... ਪੂਰਾ ਇੱਕ ਲੱਖ ਰੁਪਈਆ ਮਿਲਣਾ ਹੈ... ਆਪਣੀ ਮਾਂ ਨੂੰ ਕਹਿ ਦੇ ਕਿ ਉਹ ਵਿਚੋਲੇ ਨੂੰ ਫ਼ੋਨ ਕਰ ਕੇ ਕਹਿ ਦੇਵੇ ਕਿ ਮੁੰਡੇ ਵਾਲਿਆਂ ਨੂੰ ਕਹਿ ਦੇਵੇ ਆਉਂਦੇ ਐਤਵਾਰ ਨੂੰ ਹੀ ਬਾਰਾਤ ਲੈ ਕੇ ਆ ਜਾਣ। ਇਸ ਵਾਰ ਨਹੀਂ ਟਾਲਦਾ ਮੈਂ ਆਪਣੀ ਧੀ ਦੇ ਵਿਆਹ ਦੀ ਤਾਰੀਖ। ਮੁੰਡੇ ਨੂੰ ਬਾਈਕ ਦੇਣ ਵਾਲੀ ਗੱਲ ਵੀ ਪੱਕੀ ਕਰ ਦਿਉ...।’ ‘ਪੱਕਾ ਡੈਡੀ...?’ ‘ਹਾਂ, ਹਾਂ, ਹਾਂ...।’
ਮੈਂ ਜ਼ੋਰ ਦੀ ਬੋਲਿਆ ਸਾਂ।
“ਹੈਲੋ... ਓ ਭਾਈ ਸਾਹਿਬ... ਹੁਣ ਕਿੱਥੇ ਚਲਾ ਗਿਐਂ ਤੂੰ... ਬੋਲਦਾ ਕਿਉਂ ਨਹੀਂ...?”
“ਕੀ ਹੋਇਆ ਜੱਲਾਦ ਸਾਹਿਬ... ਇਕੱਲੇ ਹੀ ਕਿਸ ਨਾਲ ਗੱਲਾਂ ਮਾਰੀ ਜਾ ਰਹੇ ਸੀ... ਮੈਂ ਅੱਧੇ ਘੰਟੇ ਤੋਂ ਬਾਹਰ ਖੜ੍ਹਾ ਸੁਣ ਰਿਹਾ ਸਾਂ...? ਚਲੋ, ਜੇਲਰ ਸਾਹਿਬ ਨੇ ਬੁਲਾਇਆ ਕਹਿੰਦੇ ਤੁਹਾਡਾ ਹਿਸਾਬ ਕਿਤਾਬ ਕਰਨੈਂ...।”
ਤੁਤਬੁਤ ਹੋਇਆ ਮੈਂ ਸਿਪਾਹੀ ਦੇ ਪਿੱਛੇ ਪਿੱਛੇ ਤੁਰ ਪਿਆ।
ਸੰਪਰਕ: 94171-73700

Advertisement

Advertisement
Author Image

Advertisement