For the best experience, open
https://m.punjabitribuneonline.com
on your mobile browser.
Advertisement

ਲੋਪ ਹੋ ਗਿਆ ਗ੍ਰੀਟਿੰਗ ਕਾਰਡਾਂ ਦਾ ਦੌਰ

04:51 AM Dec 28, 2024 IST
ਲੋਪ ਹੋ ਗਿਆ ਗ੍ਰੀਟਿੰਗ ਕਾਰਡਾਂ ਦਾ ਦੌਰ
Advertisement

ਬਿੰਦਰ ਸਿੰਘ ਖੁੱਡੀ ਕਲਾਂ

Advertisement

14ਵੀਂ ਸਦੀ ਵਿੱਚ ਜਰਮਨ ਲੋਕਾਂ ਵੱਲੋਂ ਲੱਕੜ ’ਤੇ ਲਿਖ ਕੇ ਭੇਜੇ ਵਧਾਈ ਸੁਨੇਹਿਆਂ ਨਾਲ ਗ੍ਰੀਟਿੰਗ ਕਾਰਡਾਂ ਦੀ ਸ਼ੁਰੂਆਤ ਹੋਈ ਮੰਨੀ ਜਾਂਦੀ ਹੈ। ਉਪਰੰਤ ਯੂਰਪ ਵਿੱਚ ਪੰਦਰਵੀਂ ਸਦੀ ਦੇ ਸ਼ੁਰੂ ਵਿੱਚ ਹੱਥ ਨਾਲ ਬਣਾਏ ਗ੍ਰੀਟਿੰਗ ਕਾਰਡਾਂ ਦੀ ਸ਼ੁਰੂਆਤ ਹੋਈ। ਇਨ੍ਹਾਂ ਮੁਲਕਾਂ ਦੇ ਵਾਸੀਆਂ ਵੱਲੋਂ ਕ੍ਰਿਸਮਸ ਅਤੇ ਨਵੇਂ ਵਰ੍ਹੇ ਦੇ ਵਧਾਈ ਸੁਨੇਹੇ ਭੇਜਣ ਦੇ ਨਾਲ ਨਾਲ ਵੈਲੇਨਟਾਈਨ ਡੇ ਮੌਕੇ ਵੀ ਗ੍ਰੀਟਿੰਗ ਕਾਰਡਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ। ਹੌਲੀ ਹੌਲੀ ਮਸ਼ੀਨਾਂ ਨਾਲ ਗ੍ਰੀਟਿੰਗ ਕਾਰਡਾਂ ਦੀ ਛਪਾਈ ਦਾ ਕੰਮ ਸ਼ੁਰੂ ਹੋਇਆ। ਸਮਾਂ ਪਾ ਕੇ ਇਨ੍ਹਾਂ ਦੀ ਛਪਾਈ ਦਾ ਕੰਮ ਧੰਦੇ ਵਜੋਂ ਵਿਕਸਿਤ ਹੋਇਆ ਅਤੇ ਇੰਗਲੈਂਡ ਵਿੱਚ ਗ੍ਰੀਟਿੰਗ ਕਾਰਡ ਐਸੋਸੀਏਸ਼ਨ ਹੋਂਦ ਵਿੱਚ ਆਈ।
ਸਾਡੇ ਸਮਾਜ ਵਿੱਚ ਵੀ ਕਿਸੇ ਸਮੇਂ ਨਵੇਂ ਵਰ੍ਹੇ ਦੀਆਂ ਮੁਬਾਰਕਾਂ ਦੇ ਆਦਾਨ ਪ੍ਰਦਾਨ ਦਾ ਪ੍ਰਮੁੱਖ ਸਾਧਨ ਰਹੇ ਗ੍ਰੀਟਿੰਗ ਕਾਰਡ ਅਜੋਕੇ ਸਮੇਂ ਵਿੱਚ ਪੂਰੀ ਤਰ੍ਹਾਂ ਨਾਲ ਹਾਸ਼ੀਏ ’ਤੇ ਚਲੇ ਗਏ ਹਨ। ਸੰਚਾਰ ਦੇ ਤੇਜ਼ ਨਵੇਂ ਸਾਧਨਾਂ ਨੇ ਇਨ੍ਹਾਂ ਦੀ ਜ਼ਰੂਰਤ ਖ਼ਤਮ ਕਰਕੇ ਰੱਖ ਦਿੱਤੀ ਹੈ। ਅੱਖ ਦੇ ਝਪਕਣ ਸਮਾਨ ਸਮੇਂ ਵਿੱਚ ਸੁਨੇਹਾ ਭੇਜਣ ਦੇ ਅਤਿ ਆਧੁਨਿਕ ਸਾਧਨਾਂ ਸਾਹਮਣੇ ਕਈ ਕਈ ਦਿਨਾਂ ਦਾ ਸਫ਼ਰ ਤੈਅ ਕਰਕੇ ਮੰਜ਼ਿਲ ’ਤੇ ਪਹੁੰਚਣ ਵਾਲੇ ਗ੍ਰੀਟਿੰਗ ਕਾਰਡਾਂ ਦੇ ਦੌਰ ਦਾ ਲੋਪ ਹੋਣਾ ਸੁਭਾਵਿਕ ਸੀ, ਪਰ ਸੁਨੇਹਿਆਂ ਦੇ ਆਦਾਨ ਪ੍ਰਦਾਨ ਦੇ ਅਤਿ ਤੇਜ਼ ਤਰਾਰ ਸਾਧਨਾਂ ਵਿੱਚ ਇਨ੍ਹਾਂ ਜਿਹਾ ਵਾਤਾਵਰਨ ਉਸਾਰਨ ਦੀ ਸਮਰੱਥਾ ਨਹੀਂ ਹੈ। ਗ੍ਰੀਟਿੰਗ ਕਾਰਡਾਂ ਦੇ ਦੌਰ ਦੌਰਾਨ ਦਸੰਬਰ ਮਹੀਨੇ ਵਿੱਚ ਬਾਜ਼ਾਰਾਂ ਦੀ ਰੌਣਕ ਵੇਖਿਆਂ ਹੀ ਬਣਦੀ ਸੀ। ਕਿਤਾਬਾਂ ਦੀਆਂ ਦੁਕਾਨਾਂ ’ਤੇ ਸਜ਼ਾ ਕੇ ਰੱਖੇ ਭਾਂਤ ਸੁਭਾਂਤੇ ਕਾਰਡ ਵੱਖਰਾ ਹੀ ਨਜ਼ਾਰਾ ਪੇਸ਼ ਕਰਦੇ ਸਨ। ਹਰ ਤਰ੍ਹਾਂ ਦੇ ਰਿਸ਼ਤਿਆਂ ਅਤੇ ਹਰ ਉਮਰ ਲਈ ਗ੍ਰੀਟਿੰਗ ਕਾਰਡ ਉਪਲੱਬਧ ਹੁੰਦੇ ਸਨ। ਲੋਕਾਂ ਵਿੱਚ ਸਨੇਹੀਆਂ ਨੂੰ ਗ੍ਰੀਟਿੰਗ ਕਾਰਡਾਂ ਜ਼ਰੀਏ ਸ਼ੁਭਕਾਮਨਾਵਾਂ ਭੇਜਣ ਦਾ ਬੇਹੱਦ ਉਤਸ਼ਾਹ ਹੁੰਦਾ ਸੀ। ਦੁਕਾਨਦਾਰਾਂ ਨੂੰ ਇਨ੍ਹਾਂ ਕਾਰਡਾਂ ਦੀ ਵਿਕਰੀ ਦੇ ਦਿਨਾਂ ਦੀ ਖ਼ਾਸ ਉਡੀਕ ਰਹਿੰਦੀ ਸੀ।
ਲੋਕ ਆਪੋ ਆਪਣੀ ਆਰਥਿਕ ਸਮਰੱਥਾ ਅਨੁਸਾਰ ਗ੍ਰੀਟਿੰਗ ਕਾਰਡਾਂ ਦੀ ਖ਼ਰੀਦ ਕਰਦੇ ਸਨ। ਬਹੁਤ ਸਾਰੇ ਲੋਕ ਘਰਾਂ ਵਿੱਚ ਖ਼ੁਦ ਵੀ ਕਾਰਡ ਤਿਆਰ ਕਰ ਲੈਂਦੇ ਸਨ। ਵਿੱਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੇ ਗ੍ਰੀਟਿੰਗ ਕਾਰਡ ਤਿਆਰ ਕਰਨ ਦੇ ਮੁਕਾਬਲੇ ਕਰਵਾਏ ਜਾਂਦੇ ਸਨ। ਇਨ੍ਹਾਂ ਦੀ ਖ਼ਰੀਦ ਉਪਰੰਤ ਇਸ ਉੱਪਰ ਲਿਖੇ ਜਾਣ ਵਾਲੇ ਸੁਨੇਹੇ ਦੀ ਵਿਸ਼ੇਸ਼ ਮਹੱਤਤਾ ਹੁੰਦੀ ਸੀ। ਇਸ ਸੁਨੇਹੇ ਦੀ ਸ਼ਬਦਾਵਲੀ ਸੁਨੇਹਾ ਭੇਜਣ ਵਾਲੇ ਅਤੇ ਪ੍ਰਾਪਤਕਰਤਾ ਦੇ ਆਪਸੀ ਰਿਸ਼ਤੇ ’ਤੇ ਨਿਰਭਰ ਕਰਦੀ ਹੁੰਦੀ ਸੀ। ਨੌਜਵਾਨ ਉਮਰ ਦੇ ਮੁੰਡੇ-ਕੁੜੀਆਂ ਇੱਕ ਦੂਜੇ ਨੂੰ ਕਾਰਡ ਭੇਜਣ ਸਮੇਂ ਸ਼ਿਅਰੋ ਸ਼ਾਇਰੀ ਦਾ ਇਸਤੇਮਾਲ ਕਰਦੇ ਸਨ, ਜਦੋਂਕਿ ਬਾਕੀ ਲੋਕਾਂ ਵੱਲੋਂ ਸ਼ੁਭਕਾਮਨਾਵਾਂ ਭੇਜ ਕੇ ਦੁਆਵਾਂ ਦਿੱਤੀਆਂ ਜਾਂਦੀਆਂ ਸਨ।
ਇਹ ਕਾਰਡ ਆਮ ਤੌਰ ’ਤੇ ਡਾਕ ਰਾਹੀਂ ਭੇਜੇ ਜਾਂਦੇ ਸਨ। ਕਈ ਲੋਕ ਮਿਲ ਕੇ ਵੀ ਗ੍ਰੀਟਿੰਗ ਕਾਰਡ ਭੇਟ ਕਰਿਆ ਕਰਦੇ ਸਨ। ਗ੍ਰੀਟਿੰਗ ਕਾਰਡਾਂ ਦੇ ਦੌਰ ਦੌਰਾਨ ਡਾਕ ਵਿਭਾਗ ਦਾ ਕੰੰਮ ਕਾਫ਼ੀ ਵਧ ਜਾਂਦਾ ਸੀ। ਇਹ ਕੰੰਮ ਏਨਾ ਜ਼ਿਆਦਾ ਵਧ ਜਾਂਦਾ ਸੀ ਕਿ ਕਈ ਵਾਰ ਸਬੰਧਿਤ ਦਿਨ ਤਿਉਹਾਰ ਦੇ ਲੰਘ ਜਾਣ ਉਪਰੰਤ ਹੀ ਕਾਰਡ ਨਸੀਬ ਹੁੰਦੇ ਸਨ। ਕਈ ਵਾਰ ਤਾਂ ਇਨ੍ਹਾਂ ਕਾਰਡਾਂ ਦੀ ਲੇਟ ਲਤੀਫੀ ਹਫ਼ਤਾ, ਦਸ ਦਿਨ ਜਾਂ ਮਹੀਨੇ ’ਤੇ ਵੀ ਪਹੁੰਚ ਜਾਂਦੀ ਸੀ। ਗ੍ਰੀਟਿੰਗ ਕਾਰਡਾਂ ਦੇ ਦਿਨਾਂ ਵਿੱਚ ਕੰਨ ਡਾਕੀਏ ਦੇ ਸਾਈਕਲ ਦੀ ਘੰਟੀ ਵੱਲ ਲੱਗੇ ਰਹਿੰਦੇ ਸਨ। ਕਈ ਵਾਰ ਖ਼ਾਸ ਸਨੇਹੀ ਦਾ ਕਾਰਡ ਨਾ ਮਿਲਣ ’ਤੇ ਨਿਰਾਸ਼ਾ ਵੀ ਹੁੰਦੀ ਸੀ। ਪ੍ਰਾਪਤ ਗ੍ਰੀਟਿੰਗ ਕਾਰਡਾਂ ਨੂੰ ਬੜੇ ਚਾਵਾਂ ਨਾਲ ਸੰਭਾਲ ਕੇ ਰੱਖਿਆ ਜਾਂਦਾ ਸੀ।
ਬਦਲਦੇ ਸਮੇਂ ਵਿੱਚ ਵਧਾਈ ਸੁਨੇਹਿਆਂ ਦੇ ਆਦਾਨ ਪ੍ਰਦਾਨ ਵਿੱਚ ਵੱਡੀ ਤਬਦੀਲੀ ਆਈ ਹੈ। ਮੋਬਾਈਲ ਦੀ ਆਮਦ ਨੇ ਗ੍ਰੀਟਿੰਗ ਕਾਰਡਾਂ ਦੇ ਦੌਰ ਦੇ ਖਾਤਮੇ ਦਾ ਐਸਾ ਮੁੱਢ ਬੰਨ੍ਹਿਆ ਕਿ ਅੱਜਕੱਲ੍ਹ ਇਨ੍ਹਾਂ ਦੀ ਹੋਂਦ ਹੀ ਖ਼ਤਮ ਹੋ ਗਈ ਹੈ। ਸਮਾਰਟ ਫੋਨ ਦੀ ਆਮਦ ਤੋਂ ਪਹਿਲਾਂ ਮੋਬਾਈਲ ਦੇ ਟੈਕਸਟ ਮੈਸੇਜ ਰਾਹੀਂ ਵਧਾਈ ਸੰਦੇਸ਼ ਭੇਜਣ ਦਾ ਰੁਝਾਨ ਸ਼ੁਰੂ ਹੋਇਆ। ਨੈੱਟਵਰਕ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਵੱਲੋਂ ਇਨ੍ਹਾਂ ਦਿਨਾਂ ਦੌਰਾਨ ਸੁਨੇਹਿਆਂ ਦੇ ਵਿਸ਼ੇਸ਼ ਪੈਕੇਜ ਜਾਰੀ ਕੀਤੇ ਜਾਂਦੇ ਸਨ। ਸਮਾਰਟ ਫੋਨ ਦੀ ਆਮਦ ਨਾਲ ਟੈਕਸਟ ਮੈਸੇਜ ਦਾ ਦੌਰ ਖਾਤਮੇ ਵੱਲ ਵਧਣ ਲੱਗਿਆ। ਸਮਾਰਟ ਫੋਨ ਅਤੇ ਇੰਟਰਨੈੱਟ ਜ਼ਰੀਏ ਵਟਸਐਪ ਅਤੇ ਹੋਰ ਸਾਧਨਾਂ ਨੇ ਸੁਨੇਹਿਆਂ ਦਾ ਆਦਾਨ ਪ੍ਰਦਾਨ ਬੇਹੱਦ ਤੇਜ਼ ਅਤੇ ਸਰਲ ਕਰ ਦਿੱਤਾ ਹੈ। ਸੁਨੇਹਿਆਂ ਦੇ ਆਦਾਨ ਪ੍ਰਦਾਨ ਵਿੱਚ ਆ ਰਹੀ ਤਬਦੀਲੀ ਬੜੀ ਤੇਜ਼ੀ ਨਾਲ ਅੱਗੇ ਵਧਣ ਲੱਗੀ ਹੈ। ਵਟਸਐਪ ਦੇ ਨਾਲ ਨਾਲ ਤਮਾਮ ਹੋਰ ਸਾਧਨਾਂ ਦੀ ਆਮਦ ਨੇ ਸੁਨੇਹਿਆਂ ਦੇ ਆਦਾਨ ਪ੍ਰਦਾਨ ਨੂੰ ਕ੍ਰਾਂਤੀਕਾਰੀ ਢੰਗ ਨਾਲ ਤਬਦੀਲ ਕਰਕੇ ਰੱਖ ਦਿੱਤਾ ਹੈ।
ਆਧੁਨਿਕ ਸਾਧਨਾਂ ਜ਼ਰੀਏ ਸੁਨੇਹੇ ਭੇਜਣ ਲਈ ਸ਼ਬਦਾਵਲੀ ਤਲਾਸ਼ ਕੇ ਖ਼ੁਦ ਸੁਨੇਹੇ ਲਿਖਣ ਦੀ ਜ਼ਰੂਰਤ ਨਹੀਂ ਰਹੀ। ਵੱਖ ਵੱਖ ਤਰ੍ਹਾਂ ਦੀਆਂ ਸ਼ਬਦਾਵਲੀਆਂ ਵਾਲੇ ਲਿਖੇ ਲਿਖਾਏ ਸੁਨੇਹਿਆਂ ਦੀ ਵੱਖ ਵੱਖ ਸਾਈਟਾਂ ’ਤੇ ਭਰਮਾਰ ਹੈ। ਲਿਖੇ ਲਿਖਾਏ ਸੁਨੇਹਿਆਂ ਦੀ ਉਪਲੱਬਧਤਾ ਨੇ ਲਿਖਣ ਸਮਰੱਥਾ ਨੂੰ ਭਾਰੀ ਸੱਟ ਮਾਰੀ ਹੈ। ਅਜੋਕੇ ਸਮੇਂ ਦੇ ਨੌਜਵਾਨ ਸੁਨੇਹੇ ਡਾਊਨਲੋਡ ਤਾਂ ਕਰ ਸਕਦੇ ਹਨ, ਪਰ ਖ਼ੁਦ ਲਿਖਣ ਦੀ ਸਮਰੱਥਾ ਤੋਂ ਪੂਰੀ ਤਰ੍ਹਾਂ ਕੋਰੇ ਹੋ ਗਏ ਹਨ। ਗ੍ਰੀਟਿੰਗ ਕਾਰਡਾਂ ਦੇ ਦੌਰ ਦੌਰਾਨ ਪੁਸਤਕਾਂ ਜਾਂ ਹੋਰ ਸਰੋਤਾਂ ਤੋਂ ਤਲਾਸ਼ ਤਲਾਸ਼ ਕੇ ਸੁਨੇਹੇ ਲਿਖੇ ਜਾਂਦੇ ਸਨ। ਇਨ੍ਹਾਂ ਸੁਨੇਹਿਆਂ ਨੂੰ ਲਿਖਣ ਸਮੇਂ ਲਿਖਾਈ ਦੀ ਸੁੰਦਰਤਾ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਸੀ। ਵੱਖ ਵੱਖ ਤਰਤੀਬਾਂ ਅਤੇ ਰੰਗਾਂ ਦੀਆਂ ਲਿਖਤਾਂ ਨਾਲ ਸ਼ਿੰਗਾਰੇ ਗ੍ਰੀਟਿੰਗ ਕਾਰਡਾਂ ਵੱਲੋਂ ਪ੍ਰਾਪਤਕਰਤਾ ਦੀ ਰੂਹ ਨੂੰ ਦਿੱਤਾ ਜਾਂਦਾ ਸਕੂਨ ਅਜੋਕੇ ਸਾਧਨਾਂ ਜ਼ਰੀਏ ਪ੍ਰਾਪਤ ਸੁਨੇਹਿਆਂ ਨਾਲ ਨਹੀਂ ਮਿਲਦਾ।
ਸਮੇਂ ਦੀ ਤਬਦੀਲੀ ਨੂੰ ਸਿਰ ਮੱਥੇ ਪ੍ਰਵਾਨ ਕਰਦਿਆਂ ਆਪ ਸਭ ਨੂੰ ਨਵੇਂ ਵਰ੍ਹੇ 2025 ਦੀਆਂ ਬਹੁਤ ਬਹੁਤ ਮੁਬਾਰਕਾਂ। ਨਵਾਂ ਵਰ੍ਹਾ ਤੁਹਾਡੇ ਸਭ ਲਈ ਖ਼ੁਸ਼ੀਆਂ ਅਤੇ ਖੇੜਿਆਂ ਦੇ ਪੈਗਾਮ ਲੈ ਕੇ ਆਵੇ। ਨਵਾਂ ਵਰ੍ਹਾ ਸਭ ਦੇ ਖ਼ੁਆਬਾਂ ਦੀ ਪੂਰਤੀ ਦਾ ਸਬੱਬ ਬਣੇ।
ਸੰਪਰਕ: 98786-05965

Advertisement

Advertisement
Author Image

Balwinder Kaur

View all posts

Advertisement