ਆਸ਼ਾ ਭੌਂਸਲੇ ਨੇ ਕਰਵਾਈ ‘ਤੌਬਾ ਤੌਬਾ’
ਮੁੰਬਈ:
ਮਸ਼ਹੂਰ ਗਾਇਕਾ ਆਸ਼ਾ ਭੌਂਸਲੇ ਨੇ ਦੁਬਈ ਵਿੱਚ ਹਾਲ ਹੀ ’ਚ ਹੋਏ ਸੰਗੀਤ ਸਮਾਰੋਹ ਦੌਰਾਨ ਅਜਿਹੀ ਪੇਸ਼ਕਾਰੀ ਦਿੱਤੀ ਜਿਸ ਨੂੰ ਦੇਖ ਕੇ ਦਰਸ਼ਕ ਹੱਕੇ-ਬੱਕੇ ਰਹਿ ਗਏ। ਉਨ੍ਹਾਂ ਕਰਨ ਔਜਲਾ ਦੇ ਹਿੱਟ ਗੀਤ ‘ਤੌਬਾ ਤੌਬਾ’ ਦੇ ਵਾਇਰਲ ਸਟੈਪਸ ਨਾਲ ਆਪਣੇ ਸਦੀਵੀ ਸੁਹਜ ਨੂੰ ਮਿਲਾਇਆ। 91 ਸਾਲਾਂ ਗਾਇਕਾ ਨੇ ਨੈਕਲੈੱਸ ਨਾਲ ਮੇਲ ਖਾਂਦੀ ਸਫੈਦ ਸਾੜੀ ਪਹਿਨੀ ਹੋਈ ਸੀ, ਜਦੋਂ ਉਨ੍ਹਾਂ ਗੀਤ ’ਤੇ ਡਾਂਸ ਕੀਤਾ। ਅਸਲ ਵਿੱਚ ਵਿੱਕੀ ਕੌਸ਼ਲ ਦੀ ਅਦਾਕਾਰੀ ਵਾਲੀ ਫ਼ਿਲਮ ‘ਬੈਡ ਨਿਊਜ਼’ ਵਿੱਚ ਸ਼ਾਮਲ ਇਸ ਗੀਤ ਨੇ ਇਸ ਸਾਲ ਦੇ ਸ਼ੁਰੂ ਵਿੱਚ ਕਾਫੀ ਪ੍ਰਸਿੱਧੀ ਹਾਸਲ ਕੀਤੀ। ਧਰਮਾ ਪ੍ਰੋਡਕਸ਼ਨ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ਨੇ ਇਸ ਪੇਸ਼ਕਾਰੀ ਨੂੰ ਕਾਫ਼ੀ ਸਲਾਹਿਆ ਅਤੇ ਕੰਸਰਟ ਦਾ ਵੀਡੀਓ ਸਾਂਝਾ ਕੀਤਾ ਜੋ ਉਦੋਂ ਤੋਂ ਕਾਫ਼ੀ ਵਾਇਰਲ ਹੋ ਗਿਆ ਹੈ। ਅਦਾਕਾਰ ਵਿੱਕੀ ਕੌਸ਼ਲ, ਜਿਸ ਨੇ ਫਿਲਮ ਵਿੱਚ ਹੁੱਕ ਸਟੈਪ ਕੀਤਾ ਸੀ, ਆਪਣੇ ਉਤਸ਼ਾਹ ਨੂੰ ਰੋਕ ਨਹੀਂ ਸਕਿਆ। ਆਪਣੇ ਇੰਸਟਾਗ੍ਰਾਮ ’ਤੇ ਵੀਡੀਓ ਸ਼ੇਅਰ ਕਰਦਿਆਂ ਉਸ ਨੇ ਲਿਖਿਆ, ‘ਮਹਾਨ... ਆਸ਼ਾ ਜੀ।’ ਗੀਤ ਦੇ ਅਸਲੀ ਗਾਇਕ ਕਰਨ ਔਜਲਾ ਨੇ ਵੀ ਇੰਸਟਾਗ੍ਰਾਮ ’ਤੇ ਧੰਨਵਾਦ ਕਰਦਿਆਂ ਇਸ ਪਲ ਨੂੰ ‘ਸ਼ਾਨਦਾਰ’ ਆਖਿਆ। ਉਸ ਨੇ ਲਿਖਿਆ, ‘ਆਸ਼ਾ ਜੀ ਸੰਗੀਤ ਦੀ ਜੀਵਤ ਦੇਵੀ...ਇਸ ਗੀਤ ਨੂੰ ਬਹੁਤ ਪਿਆਰ ਅਤੇ ਮਾਨਤਾ ਮਿਲੀ ਹੈ, ਪਰ ਇਹ ਪਲ ਸੱਚਮੁੱਚ ਹੀ ਕਾਫ਼ੀ ਸ਼ਾਨਦਾਰ ਹੈ ਜਿਸ ਨੂੰ ਮੈਂ ਕਦੇ ਨਹੀਂ ਭੁੱਲਾਂਗਾ। ਸੱਚਮੁੱਚ ਮੁਬਾਰਕ ਅਤੇ ਧੰਨਵਾਦ।’ ਔਜਲਾ ਨੇ ਕਿਹਾ ਕਿ ਆਸ਼ਾ ਭੌਂਸਲੇ ਵਰਗੀ ਮਹਾਨ ਕਲਾਕਾਰ ਵੱਲੋਂ ਪੇਸ਼ ਕੀਤੇ ਗਏ ਉਸ ਦੇ ਗੀਤ ਜਿਹੀਆਂ ਯਾਦਗਾਰੀ ਧੁਨਾਂ ਨੂੰ ਜਾਰੀ ਰੱਖਣ ਲਈ ਪ੍ਰੇਰਨਾ ਮਿਲੀ। ਸੰਗੀਤ ਸਮਾਰੋਹ ਵਿੱਚ ਸੋਨੂੰ ਨਿਗਮ ਵੱਲੋਂ ਮਨਮੋਹਕ ਪੇਸ਼ਕਾਰੀ ਦਿੱਤੀ ਗਈ ਜਿਸ ਨੇ ਆਸ਼ਾ ਭੌਂਸਲੇ ਨਾਲ ਮੰਚ ਸਾਂਝਾ ਕੀਤਾ। -ਏਐੱਨਆਈ