ਗਿਆਨ, ਸਹਿਜ ਅਤੇ ਸੰਜਮ ਦੀ ਮੂਰਤ
ਡਾ. ਮਨਜਿੰਦਰ ਸਿੰਘ
ਅੱਜ ਭੋਗ ਮੌਕੇ ਵਿਸ਼ੇਸ਼
ਡਾ. ਪਰਮਜੀਤ ਸਿੰਘ ਸਿੱਧੂ ਦਾ ਤਸੱਵਰ ਕਰਦਿਆਂ ਸਹਿਜ, ਸੰਜਮ ਅਤੇ ਸੰਤੋਖ ਦੇ ਧਾਰਨੀ, ਪ੍ਰਬੁੱਧ ਅਤੇ ਪ੍ਰਤੀਬੱਧ ਵਿਦਵਾਨ ਦਾ ਬਿੰਬ ਮਨ-ਮਸਤਕ ਵਿੱਚ ਬਣਦਾ ਹੈ। ਉਹ ਪੰਜਾਬੀ ਵਿੱਚ ਭਾਸ਼ਾ ਵਿਗਿਆਨ ਦੇ ਅਨੁਸ਼ਾਸਨ ਨੂੰ ਸਥਾਪਤ ਕਰਨ ਅਤੇ ਪੰਜਾਬੀ ਭਾਸ਼ਾ ਦੇ ਅਧਿਐਨ ਨੂੰ ਵਿਗਿਆਨਕ ਲੀਹਾਂ ਉੱਤੇ ਤੋਰਨ ਵਾਲੇ ਮੋਢੀ ਵਿਦਵਾਨਾਂ ਵਿੱਚੋਂ ਇੱਕ ਸਨ।
ਪਰਮਜੀਤ ਸਿੰਘ ਸਿੱਧੂ ਦਾ ਜਨਮ ਮਿਤੀ 11 ਜਨਵਰੀ 1952 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਦੌਧਰ ਵਿੱਚ ਪਿਤਾ ਡਾ. ਗੁਰਦੇਵ ਸਿੰਘ ਸਿੱਧੂ ਅਤੇ ਮਾਤਾ ਸ੍ਰੀਮਤੀ ਦਲੀਪ ਕੌਰ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਡਾ. ਗੁਰਦੇਵ ਸਿੰਘ ਸਿੱਧੂ ਸੂਫ਼ੀ ਸਾਹਿਤ ਦੇ ਵਿਦਵਾਨ ਸਨ। ਪਰਮਜੀਤ ਸਿੰਘ ਸਿੱਧੂ ਨੇ ਸਕੂਲੀ ਵਿੱਦਿਆ ਆਰੀਆ ਸਕੂਲ, ਮੋਗਾ ਤੋਂ ਪ੍ਰਾਪਤ ਕੀਤੀ ਅਤੇ ਫਿਰ ਮੈਡੀਕਲ ਸਾਇੰਸ ਵਿੱਚ ਗ੍ਰੈਜੂਏਸ਼ਨ ਮੋਦੀ ਕਾਲਜ, ਪਟਿਆਲਾ ਤੋਂ ਕੀਤੀ। ਇਸ ਉਪਰੰਤ ਉਨ੍ਹਾਂ ਨੇ ਭਾਸ਼ਾ ਵਿਗਿਆਨ ਵਿਸ਼ੇ ਵਿੱਚ ਐੱਮ.ਏ. ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਐਂਥਰੋਪੋਲੋਜੀਕਲ ਲਿੰਗੁਇਸਟਿਕਸ ਵਿਭਾਗ ਤੋਂ ਕੀਤੀ। ਇੱਥੇ ਉਨ੍ਹਾਂ ਦਾ ਮੇਲ ਭਾਰਤ ਵਿਚ ਮਾਨਵ-ਭਾਸ਼ਾ ਵਿਗਿਆਨ ਅਤੇ ਚਿੰਨ੍ਹ ਵਿਗਿਆਨ ਜਿਹੇ ਅਨੁਸ਼ਾਸਨਾਂ ਦਾ ਮੁੱਢ ਬੰਨ੍ਹਣ ਵਾਲੇ ਵਿਦਵਾਨ ਪ੍ਰੋ. ਹਰਜੀਤ ਸਿੰਘ ਗਿੱਲ ਨਾਲ ਹੋਇਆ। ਉਹ ਡਾ. ਗਿੱਲ ਦੇ ਪਹਿਲੇ ਪੀਐੱਚ.ਡੀ. ਦੇ ਵਿਦਿਆਰਥੀ ਸਨ ਅਤੇ ਉਨ੍ਹਾਂ ਨੇ ‘ਸੀਮਿਓਲੌਜੀਕਲ ਪੈਟਰਨਜ਼ ਇਨ ਅਕਾਲ ਉਸਤਤ’ ਵਿਸ਼ੇ ਉੱਤੇ ਖੋਜ-ਕਾਰਜ ਕੀਤਾ। 1978 ਵਿੱਚ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਅਧਿਆਪਕ ਵਜੋਂ ਨਿਯੁਕਤ ਹੋਏ ਅਤੇ ਪ੍ਰੋਫ਼ੈਸਰ ਤੋਂ ਇਲਾਵਾ ਵਿਭਾਗ ਦੇ ਮੁਖੀ ਅਤੇ ਵੱਖ ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾਉਣ ਉਪਰੰਤ 2014 ਵਿੱਚ ਸੇਵਾਮੁਕਤ ਹੋਏ।
ਡਾ. ਸਿੱਧੂ ਮੰਨਦੇ ਸਨ ਕਿ ਯੂਨੀਵਰਸਿਟੀ ਅਧਿਆਪਕ ਦਾ ਅਸਲ ਕੰਮ ਪ੍ਰਮਾਣਿਕ ਖੋਜ ਕਰਨਾ ਅਤੇ ਕਰਵਾਉਣਾ ਹੁੰਦਾ ਹੈ। ਇਸ ਪ੍ਰਸੰਗ ਵਿੱਚ ਉਹ ਪੁੱਜ ਕੇ ਸੁਹਿਰਦ ਅਤੇ ਮਿਹਨਤੀ ਸਨ। ਉਨ੍ਹਾਂ ਦੀ ਤਰਬੀਅਤ ਬਹੁਤ ਸਖ਼ਤ ਸੀ। ਪੂਰਨ ਪ੍ਰਤੀਬੱਧਤਾ ਅਤੇ ਸਹਿਣਸ਼ੀਲਤਾ ਵਾਲਾ ਵਿਦਿਆਰਥੀ ਹੀ ਉਨ੍ਹਾਂ ਦੀ ਨਿਗਰਾਨੀ ਹੇਠ ਕੰਮ ਕਰ ਸਕਦਾ ਸੀ। ਇਸੇ ਕਰਕੇ ਅੱਜ ਉਨ੍ਹਾਂ ਦੇ ਵਿਦਿਆਰਥੀ ਪੰਜਾਬੀ ਚਿੰਤਨ ਜਗਤ ਵਿੱਚ ਅਹਿਮ ਹਸਤਾਖਰਾਂ ਵਜੋਂ ਉੱਭਰੇ ਹਨ। ਉਹ ਕਿਹਾ ਕਰਦੇ ਸਨ ਕਿ ਮਨੁੱਖ ਦੋ ਤਰ੍ਹਾਂ ਨਾਲ ਸੰਤਾਨ ਪੈਦਾ ਕਰਦਾ ਹੈ। ਇੱਕ ਆਪਣੀ ਦੇਹ ਵਿੱਚੋਂ, ਦੂਜਾ ਆਪਣੀ ਚੇਤਨਾ ਵਿੱਚੋਂ। ਵਿਦਿਆਰਥੀ ਅਧਿਆਪਕ ਦੀ ਚੇਤਨਾ ਵਿੱਚੋਂ ਪੈਦਾ ਹੋਈ ਸੰਤਾਨ ਹੁੰਦੇ ਹਨ। ਇਸ ਲਈ ਅਧਿਆਪਕ ਆਪਣੇ ਵਿਦਿਆਰਥੀਆਂ ਵਿੱਚ ਜਿਊਂਦਾ ਹੈ। ਡਾ. ਸਿੱਧੂ ਆਪਣੇ ਵਿਦਿਆਰਥੀਆਂ ਵਿੱਚ ਜਿਊਂਦੇ ਰਹਿਣਗੇ।
ਡਾ. ਪਰਮਜੀਤ ਸਿੰਘ ਸਿੱਧੂ ਦੀ ਜ਼ਿੰਦਗੀ ਦਾ ਇੱਕੋ-ਇੱਕ ਸਰੋਕਾਰ ਪੜ੍ਹਨਾ ਅਤੇ ਪੜ੍ਹਾਉਣਾ ਸੀ। ਇਸ ਤੋਂ ਬਨਿਾਂ ਹਰ ਕਿਸਮ ਦੀ ਰਾਜਨੀਤੀ ਤੋਂ ਉਹ ਕੋਹਾਂ ਦੂਰ ਸਨ। ਉਨ੍ਹਾਂ ਦੀ ਰੁਚੀ ਦੇ ਪ੍ਰਮੁੱਖ ਵਿਸ਼ੇ ਚਿੰਨ੍ਹ ਵਿਗਿਆਨ, ਅਰਥ ਵਿਗਿਆਨ, ਵਿਆਕਰਨ, ਭਾਸ਼ਾ ਦਰਸ਼ਨ ਅਤੇ ਗੁਰਬਾਣੀ ਅਧਿਐਨ ਸਨ। ਆਧੁਨਿਕ ਸਾਹਿਤ ਵਿੱਚ ਉਨ੍ਹਾਂ ਦੀ ਕੋਈ ਵਿਸ਼ੇਸ਼ ਦਿਲਚਸਪੀ ਨਹੀਂ ਸੀ। ਉਹ ਮੱਧਕਾਲੀਨ ਪੰਜਾਬੀ ਸਾਹਿਤ ਨੂੰ ਹੀ ਸ੍ਰੇਸ਼ਟ ਸਾਹਿਤ ਮੰਨਦੇ ਸਨ। ਉਨ੍ਹਾਂ ਦੁਆਰਾ ਕੀਤਾ ਤੇ ਕਰਵਾਇਆ ਖੋਜ-ਕਾਰਜ ਅਤੇ ਲਿਖੀਆਂ ਗਈਆਂ ਪੁਸਤਕਾਂ ਉਪਰੋਕਤ ਵਿਸ਼ਿਆਂ ’ਤੇ ਹੀ ਆਧਾਰਿਤ ਹਨ। ਉਨ੍ਹਾਂ ਦੀ ਪੁਸਤਕ ‘ਮਾਨਵ ਵਿਗਿਆਨਕ ਭਾਸ਼ਾ ਵਿਗਿਆਨ’ ਪੰਜਾਬੀ ਵਿੱਚ ਆਧੁਨਿਕ ਭਾਸ਼ਾ ਵਿਗਿਆਨ ਦੇ ਸਿਧਾਂਤਾਂ ਨੂੰ ਸੂਤਰਬੱਧ ਰੂਪ ਵਿੱਚ ਪੇਸ਼ ਕਰਨ ਵਾਲਾ ਅਹਿਮ ਦਸਤਾਵੇਜ਼ ਹੈ। ਇਸੇ ਤਰ੍ਹਾਂ ਉਨ੍ਹਾਂ ਦੀ ਲਿਖੀ ਪੁਸਤਕ ‘ਕੋਸ਼ਕਾਰੀ ਕਲਾ ਅਤੇ ਪੰਜਾਬੀ ਕੋਸ਼ਕਾਰੀ’ ਪੰਜਾਬੀ ਵਿੱਚ ਕੋਸ਼ ਵਿਗਿਆਨ ਅਤੇ ਕੋਸ਼ਕਾਰੀ ਦੇ ਸਿਧਾਂਤ ਤੇ ਵਿਹਾਰ ਨੂੰ ਬੜੀ ਸਪਸ਼ਟਤਾ ਸਹਿਤ ਪੇਸ਼ ਕਰਨ ਵਾਲੇ ਮੁੱਢਲੇ ਕਾਰਜਾਂ ਵਿੱਚੋਂ ਇੱਕ ਹੈ। ‘ਪੰਜਾਬੀ ਵਾਕੰਸ਼ ਜੁਗਤ’ ਪੁਸਤਕ ਵਿਆਕਰਨ ਦੇ ਖੇਤਰ ਵਿੱਚ ਉਨ੍ਹਾਂ ਦੀ ਪੀਡੀ ਪਕੜ ਦਾ ਪ੍ਰਮਾਣ ਹੈ। ‘ਸੁਖਮਨੀ ਸਾਹਿਬ: ਪਾਠ ਤੇ ਪ੍ਰਵਚਨ’ ਅਤੇ ‘ਗੁਰਮਤਿ ਤੇ ਸੂਫ਼ੀ ਕਾਵਿ’ ਪੁਸਤਕਾਂ ਗੁਰਬਾਣੀ ਅਤੇ ਸੂਫ਼ੀ ਕਾਵਿ ਦੇ ਦਰਸ਼ਨ ਸਬੰਧੀ ਉਨ੍ਹਾਂ ਦੇ ਕੀਤੇ ਮਹੱਤਵਪੂਰਨ ਕਾਰਜ ਹਨ। ਭਾਰਤੀ ਭਾਸ਼ਾ ਚਿੰਤਨ ਪਰੰਪਰਾ ਵਿੱਚ ਉਨ੍ਹਾਂ ਦੀ ਖ਼ਾਸ ਦਿਲਚਸਪੀ ਸੀ। ਵਿਸ਼ੇਸ਼ ਕਰਕੇ ਭਾਸ਼ਾ ਚਿੰਤਕ ਭਰਤ੍ਰਹਰੀ ਉਨ੍ਹਾਂ ਦਾ ਸਭ ਤੋਂ ਪਸੰਦੀਦਾ ਵਿਦਵਾਨ ਸੀ। ਉਨ੍ਹਾਂ ਨੇ ਹੀ ਪੰਜਾਬੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ‘ਵਾਕਯਪਦੀਯਮ’ ਜਿਹੇ ਗ੍ਰੰਥ ਅਤੇ ਸਫੋਟ ਦਰਸ਼ਨ ਜਿਹੇ ਸਿਧਾਂਤਾਂ ਦੇ ਕਰਤਾ ਵਿਆਕਰਨਕਾਰ ਅਤੇ ਦਾਰਸ਼ਨਿਕ ਭਰਤ੍ਰਹਰੀ ਤੋਂ ਜਾਣੂੰ ਕਰਵਾਇਆ।
ਡਾ. ਪਰਮਜੀਤ ਸਿੰਘ ਸਿੱਧੂ ਸੁਹਿਰਦਤਾ ਦਾ ਸਾਕਾਰ ਰੂਪ ਸਨ। ਉਹ ਹਰੇਕ ਰਿਸ਼ਤੇ ਪ੍ਰਤੀ ਪੂਰਨ ਸੁਹਿਰਦ ਸਨ। ਉਹ ਆਪਣੇ ਅਧਿਆਪਨ ਕਾਰਜ ਨੂੰ ਪੂਰੀ ਤਰ੍ਹਾਂ ਸਮਰਪਿਤ ਸਨ, ਪਰ ਉਹ ਆਪਣੇ ਪਰਿਵਾਰ ਨੂੰ ਵੀ ਪੂਰਾ ਸਮਾਂ ਦਿੰਦੇ ਸਨ। ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਮੇਂ ਉਹ ਅਕਸਰ ਆਪਣੇ ਪਰਿਵਾਰ ਵਿੱਚੋਂ ਉਦਾਹਰਨਾਂ ਦਿੰਦੇ ਹੁੰਦੇ ਸਨ। ਉਨ੍ਹਾਂ ਦੀ ਜੀਵਨ-ਜਾਚ ਬਹੁਤ ਸੰਤੁਲਿਤ ਸੀ। ਉਨ੍ਹਾਂ ਦੀ ਇਸ ਸੁਹਿਰਦਤਾ ਅਤੇ ਸੰਤੁਲਨ ਦੇ ਦਰਸ਼ਨ ਉਨ੍ਹਾਂ ਦੇ ਪਰਿਵਾਰ ਵਿੱਚੋਂ ਕੀਤੇ ਜਾ ਸਕਦੇ ਹਨ। ਉਨ੍ਹਾਂ ਦੀ ਧਰਮ ਪਤਨੀ ਡਾ. ਸ਼ਾਰਦਾ ਸਿੱਧੂ ਵੀ ਹਮੇਸ਼ਾ ਉਨ੍ਹਾਂ ਵਾਂਗ ਹੀ ਸ਼ਾਂਤ-ਚਿੱਤ ਨਜ਼ਰ ਆਉਂਦੇ ਹਨ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿਊਮਨ ਜੈਨੇਟਿਕਸ ਵਿਭਾਗ ਵਿੱਚੋਂ ਬਤੌਰ ਪ੍ਰੋਫ਼ੈਸਰ ਤੇ ਮੁਖੀ ਸੇਵਾਮੁਕਤ ਹੋਏ ਹਨ। ਉਨ੍ਹਾਂ ਦਾ ਪੁੱਤਰ ਰਿਸ਼ੀਰਾਜ ਸਿੰਘ ਕੰਪਿਊਟਰ ਵਿਗਿਆਨੀ ਅਤੇ ਬੇਟੀ ਰੂਹੀ ਡਾਕਟਰ ਹੈ।
ਸਹਿਜ ਅਤੇ ਸੰਜਮ ਉਨ੍ਹਾਂ ਦੀ ਸ਼ਖ਼ਸੀਅਤ ਦੇ ਪ੍ਰਮੁੱਖ ਗੁਣ ਸਨ। ਮੈਂ ਉਨ੍ਹਾਂ ਨੂੰ ਬੇਹੱਦ ਔਖੇ ਹਾਲਾਤ ਕਦੇ ਵੀ ਅਸਹਿਜ ਹੁੰਦੇ ਨਹੀਂ ਦੇਖਿਆ। ਜਵਾਨੀ ਦੇ ਦੌਰ ਵਿੱੱਚ ਹੀ ਗੁਰਦਿਆਂ ਦੀ ਬਿਮਾਰੀ ਨੇ ਉਨ੍ਹਾਂ ਨੂੰ ਘੇਰ ਲਿਆ ਸੀ, ਪਰ ਇਹ ਭਿਆਨਕ ਰੋਗ ਵੀ ਉਨ੍ਹਾਂ ਦੇ ਸਹਿਜ ਨੂੰ ਵਿਚਲਿਤ ਨਾ ਕਰ ਸਕਿਆ। ਸਗੋਂ ਉਨ੍ਹਾਂ ਨੇ ਆਪਣੇ ਜੀਵਨ ਨੂੰ ਇਵੇਂ ਅਨੁਸ਼ਾਸਨਬੱਧ ਕਰ ਲਿਆ ਜਿਵੇਂ ਕੋਈ ਜੋਗੀ ਜੋਗ-ਸਾਧਨਾ ਕਰਦਾ ਹੈ। ਇਸੇ ਸਹਿਜ, ਸੰਜਮ ਅਤੇ ਅਨੁਸ਼ਾਸਨ ਸਦਕਾ ਉਨ੍ਹਾਂ ਨੇ ਇਕਹੱਤਰ ਸਾਲ ਦੀ ਉਮਰ ਤਕ ਅਜਿਹੇ ਭਿਆਨਕ ਰੋਗ ਨੂੰ ਸ਼ਿਕਸਤ ਦਿੱਤੀ। ਆਖ਼ਰੀ ਦਨਿਾਂ ਵਿੱਚ ਉਨ੍ਹਾਂ ਦੀ ਸਿਹਤ ਜ਼ਿਆਦਾ ਖ਼ਰਾਬ ਸੀ। ਰੋਗ ਉਨ੍ਹਾਂ ਦੇ ਸਰੀਰ ਨੂੰ ਖ਼ਤਮ ਕਰ ਰਿਹਾ ਸੀ, ਪਰ ਉਨ੍ਹਾਂ ਦਾ ਮਨ ਅਤੇ ਚੇਤਨਾ ਨਿਰੋਗ ਸਨ। ਅੰਤਿਮ ਦਨਿਾਂ ਤਕ ਉਨ੍ਹਾਂ ਦੀ ਆਵਾਜ਼ ਅਤੇ ਉਨ੍ਹਾਂ ਦੇ ਸ਼ਬਦਾਂ ਵਿੱਚ ਉਹੀ ਉਚਾਈ, ਉਹੀ ਸਹਿਜ ਅਤੇ ਉਹੀ ਸੰਜਮ ਬਰਕਰਾਰ ਸੀ।
* ਮੁਖੀ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
ਸੰਪਰਕ: 94630-49230