For the best experience, open
https://m.punjabitribuneonline.com
on your mobile browser.
Advertisement

ਨਹੀਂ ਭੁੱਲਦਾ ਅੰਗਰੇਜ਼

11:28 AM Jun 02, 2024 IST
ਨਹੀਂ ਭੁੱਲਦਾ ਅੰਗਰੇਜ਼
Advertisement

ਬੂਟਾ ਸਿੰਘ ਚੌਹਾਨ

ਕਥਾ ਪ੍ਰਵਾਹ

ਉਹ ਅੰਗਰੇਜ਼ ਔਰਤ ਦੂਜੀ ਮੰਜ਼ਿਲ ਤੋਂ ਪੌੜੀਆਂ ਉਤਰ ਕੇ ਆਈ ਸੀ। ਮੈਂ ਲੌਬੀ ’ਚ ਐੱਸਐੱਸਪੀ ਕੋਲ਼ ਬੈਠਾ ਸੀ। ਮੇਰਾ ਧਿਆਨ ਅਚਨਚੇਤ ਅੰਗਰੇਜ਼ ਔਰਤ ਵੱਲ ਖਿੱਚਿਆ ਗਿਆ।
ਉਹਦਾ ਪੌੜੀਆਂ ਉਤਰਨ ਦਾ ਦ੍ਰਿਸ਼ ਇਉਂ ਲੱਗਦਾ ਸੀ, ਜਿਵੇਂ ਕਿਸੇ ਫ਼ਿਲਮ ਦਾ ਸੀਨ ਹੋਵੇ। ਮੈਨੂੰ ਉਸ ਵਿੱਚੋਂ ਬੌਲੀਵੁੱਡ ਦੀਆਂ ਪ੍ਰਸਿੱਧ ਅਦਾਕਾਰਾਂ ’ਚੋਂ ਕਦੇ ਕੋਈ ਝਲਕਦੀ, ਕਦੇ ਕੋਈ। ਉਹ ਫੁੱਲਾਂ ਵਾਂਗ ਖਿੜੀ ਹੋਈ ਮਸਤੀ ’ਚ ਪੌੜੀਆਂ ਉਤਰ ਰਹੀ ਸੀ। ਲੌਬੀ ’ਚ ਆ ਕੇ ਉਹ ਸਾਡੇ ਕੋਲ ਆਈ। ਦੋਵਾਂ ਨਾਲ ਆ ਕੇ ਹੱਥ ਮਿਲਾਏ।
ਉਹਨੇ ਹੱਥ ਮਿਲਾਉਣ ਵੇਲ਼ੇ ਕਾਹਲ਼ ਨਹੀਂ ਕੀਤੀ। ਨਾ ਝੁਕੀ। ਜਿਸਦਾ ਮਤਲਬ ਸੀ ਅਸੀਂ ਸੋਫ਼ੇ ’ਤੋਂ ਖੜ੍ਹੇ ਹੋਈਏ। ਅਸੀਂ ਉਸ ਦੀ ਚੁੱਪ ਦਾ ਸੰਕੇਤ ਸਮਝਦੇ ਹੋਏ ਖੜ੍ਹੇ ਹੋਏ। ਉਹਨੇ ਹੱਥ ਮਿਲਾਇਆ। ਹੱਥ ਮਿਲਾਉਣ ਵੇਲ਼ੇ ਉਹਦੇ ਚਿਹਰੇ ਦੇ ’ਕੱਲੇ-’ਕੱਲੇ ਨਕਸ਼ ਵਿੱਚੋਂ ਖ਼ੁਸ਼ੀ ਉੱਛਲ਼ ਰਹੀ ਸੀ।
ਫੇਰ ਉਹ ਲੌਬੀ ’ਚ ਪਏ ਫਰਿੱਜ ਵੱਲ ਗਈ। ਉਸ ਵਿੱਚੋਂ ਮਿਲਰਲ ਪਾਣੀ ਦੀ ਲੱਗੀ ਹੋਈ ਬੋਤਲ ਕੱਢੀ ਅਤੇ ਇੱਕ ਕਿਸੇ ਕੰਪਨੀ ਦਾ ਪੈਕਟ ਵੀ ਜਿਸ ਵਿੱਚ ਕੋਈ ਖਾਣ ਵਾਲੀ ਵਸਤੂ ਲੱਗਦੀ ਸੀ।
ਫੇਰ ਉਹ ਉਸੇ ਮਸਤੀ ਵਿੱਚ ਪੌੜੀਆਂ ਚੜ੍ਹਨ ਲੱਗੀ। ਉਸ ਨੇ ਪਹਿਲੀ ਖ਼ੁਸ਼ੀ ਨਾਲ ਦੋ-ਤਿੰਨ ਵਾਰ ਸਾਡੇ ਵੱਲ ਮੁੜ ਕੇ ਵੇਖਿਆ। ਉਸ ਦਾ ਕੱਦ ਲੰਬਾ ਸੀ ਅਤੇ ਸੌਣ ਵਾਲੇ ਕੱਪੜਿਆਂ ਵਿੱਚ ਹੀ ਉਹ ਆਈ ਸੀ।
ਐੱਸਐੱਸਪੀ ਕੁਝ ਦਿਨ ਪਹਿਲਾਂ ਹੀ ਇੱਥੇ ਬਦਲ ਕੇ ਆਇਆ ਸੀ। ਉਸ ਦੀ ਇਹ ਆਰਜ਼ੀ ਰਿਹਾਇਸ਼ ਸੀ। ਪਹਿਲੇ ਐੱਸਐੱਸਪੀ ਨੇ ਸਰਕਾਰੀ ਕੋਠੀ ਵਿਹਲੀ ਨਹੀਂ ਸੀ ਕੀਤੀ। ਇਹ ਕੋਠੀ ਵਿਦੇਸ਼ ਗਏ ਇੱਕ ਡਾਕਟਰ ਦੀ ਸੀ, ਜਿਹੜੀ ਇੱਕ ਫੈਕਟਰੀ ਮਾਲਕ ਨੇ ਕਿਰਾਏ ’ਤੇ ਲਈ ਹੋਈ ਸੀ। ਇਹ ਸਰਕਾਰੀ ਤੰਤਰ ਨੂੰ ‘ਖ਼ੁਸ਼’ ਕਰਨ ਲਈ ਰੱਖੀ ਹੋਈ ਸੀ।
ਐੱਸਐੱਸਪੀ ਨੇ ਸਾਡੇ ਪੱਤਰਕਾਰਾਂ ਨਾਲ ਆ ਕੇ ਪਹਿਲੀ ਕਾਨਫਰੰਸ ਕਰ ਲਈ ਸੀ। ਗੱਲਾਂਬਾਤਾਂ ਦੌਰਾਨ ਮੈਨੂੰ ਉਹ ਸੁਲ਼ਝੇ ਹੋਏ ਲੱਗੇ ਸਨ। ਮੇਰੇ ਮਨ ’ਤੇ ਉਨ੍ਹਾਂ ਦਾ ਵਧੀਆ ਪ੍ਰਭਾਵ ਪਿਆ ਸੀ।
ਐੱਸਐੱਸਪੀ ਨੇ ਦੱਸਿਆ ਕਿ ਕੋਠੀ ਦੀ ਉੱਪਰਲੀ ਮੰਜ਼ਿਲ ’ਤੇ ਇੱਕ ਅੰਗਰੇਜ਼ ਜੋੜਾ ਠਹਿਰਿਆ ਹੋਇਆ ਹੈ। ਜਿਹੜੀ ਔਰਤ ਉੱਪਰੋਂ ਹੇਠਾਂ ਆਈ ਸੀ, ਉਸਦਾ ਘਰਵਾਲ਼ਾ ‘ਵਰਲਡ ਪਲਿਊਸ਼ਨ’ ’ਤੇ ਖੋਜ ਕਰ ਰਿਹਾ ਸੀ। ਉਹ ਇਸ ਖੋਜ ਅਧੀਨ ਹੀ ਪੰਜਾਬ ਆਏ ਹੋਏ ਸੀ।
ਮੈਨੂੰ ਬੜੀ ਹੈਰਾਨੀ ਹੋਈ ਕਿ ਫੈਕਟਰੀ ਮਾਲਕ ਆਪਣਾ ਗੰਦਾ ਪਾਣੀ ਬਰਸਾਤਾਂ ਵਿੱਚ ਹੜ੍ਹਾਂ ਦਾ ਪਾਣੀ ਸਾਂਭਣ ਵਾਲੀ ਡਰੇਨ ਵਿੱਚ ਪਾ ਰਿਹਾ ਹੈ, ਆਲ਼ੇ-ਦੁਆਲ਼ੇ ਦੇ ਪਿੰਡ ਡਰੇਨ ਦੀ ਬਦਬੂ ਤੋਂ ਪੀੜਤ ਹਨ, ਲੋਕਾਂ ਨੂੰ ਖੁਰਕ ਦੀਆਂ ਬਿਮਾਰੀਆਂ ਪਈਆਂ ਹੋਈਆਂ ਹਨ ਅਤੇ ‘ਵਰਲਡ ਪਲਿਊਸ਼ਨ’ ਦੀ ਖੋਜ ਕਰਨ ਵਾਲਾ ਅੰਗਰੇਜ਼ ਉਸੇ ਫੈਕਟਰੀ ਮਾਲਕ ਵੱਲੋਂ ਮੁਹੱਈਆ ਕਰਵਾਈ ਹੋਈ ਕੋਠੀ ਵਿੱਚ ਰਹਿ ਰਿਹਾ ਹੈ। ਮੇਰੇ ਅੰਗਰੇਜ਼ਾਂ ਦੀ ਦਿਆਨਤਦਾਰੀ ਪ੍ਰਤੀ ਬਣੇ ਨਜ਼ਰੀਏ ਨੂੰ ਵੀ ਸੱਟ ਵੱਜੀ ਸੀ।
ਐੱਸਐੱਸਪੀ ਦਾ ਰਸੋਈਆ ਸਾਨੂੰ ਚਾਹ ਦੇ ਗਿਆ ਸੀ। ਨਾਲ ਵਧੀਆ ਬਿਸਕੁਟ ਵੀ। ਚਾਹ ਪੀਂਦਾ ਐੱਸਐੱਸਪੀ ਮੇਰੇ ਨਾਲ ਗੱਲੀਂ ਲੱਗ ਪਿਆ। ਉਸ ਨੇ ਦੱਸਿਆ ਕਿ ਅੰਗਰੇਜ਼ ਜੋੜਾ ਆਪਸ ਵਿੱਚ ਬਹੁਤ ਪਿਆਰ ਕਰਦਾ ਹੈ। ਅੰਗਰੇਜ਼ ਦੀ ਸਭ ਤੋਂ ਵੱਡੀ ਖ਼ੁਸ਼ੀ ਇਹ ਹੈ ਕਿ ਉਸ ਦੀ ਮੇਮ ਕਿਸੇ ਵੇਲ਼ੇ ਉਦਾਸ ਨਾ ਹੋਵੇ। ਹਰ ਵੇਲ਼ੇ ਖ਼ੁਸ਼ ਰਹੇ।
ਉਸ ਨੇ ਦੱਸਿਆ ਕਿ ਇਹ ਆਉਣ ਵੇਲੇ ਦਿੱਲੀ ਤੋਂ ਬੜਾ ਮਹਿੰਗਾ ਕੁੱਕ ਲੈ ਕੇ ਆਏ ਹਨ ਜੋ ਨੇਪਾਲੀ ਹੈ ਅਤੇ ਭਾਰਤ ਦੇ ਸਾਰੇ ਰਾਜਾਂ ਦੇ ਖਾਣੇ ਬਣਾਉਣ ਜਾਣਦਾ ਹੈ। ਦਸ ਕਿਸਮ ਦਾ ਚਿਕਨ ਬਣਾਉਣ ਦਾ ਮਾਹਿਰ ਹੈ। ਪੰਦਰਾਂ-ਵੀਹ ਕਿਸਮ ਦੀ ਮੱਛੀ। ਇਸ ਤੋਂ ਇਲਾਵਾ ਫੈਕਟਰੀ ਮਾਲਕ ਦੀ ਇੱਕ ਗੱਡੀ ਹਰ ਵੇਲ਼ੇ ਕੋਠੀ ਦੇ ਬਾਹਰ ਤਿਆਰ ਰਹਿੰਦੀ ਹੈ। ਅੰਗਰੇਜ਼ ਔਰਤ ਸਾਰਾ ਦਿਨ ਫੋਨ ’ਤੇ ਸਰਚ ਕਰਦੀ ਰਹਿੰਦੀ ਹੈ ਕਿ ਪੰਜਾਬ ਵਿੱਚ ਖਾਣ ਵਾਲੀ ਕਿਹੜੀ ਚੀਜ਼ ਕਿਹੜੇ ਸ਼ਹਿਰ ਵਿੱਚ ਮਿਲਦੀ ਹੈ? ਫੋਨ ’ਤੇ ਹੀ ਆਰਡਰ ਕੀਤਾ ਜਾਂਦਾ ਹੈ ਤੇ ਫੇਰ ਗੱਡੀ ਉਹ ਚੀਜ਼ ਲੈਣ ਲਈ ਕਦੇ ਅੰਮ੍ਰਿਤਸਰ, ਕਦੇ ਲੁਧਿਆਣੇ, ਕਦੇ ਚੰਡੀਗੜ੍ਹ ਜਾਂਦੀ ਹੈ।
ਉਸ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਦੀ ਉਮਰ ਪੈਂਤੀ ਸਾਲ ਤੋਂ ਘੱਟ ਹੈ। ਅੰਗਰੇਜ਼ ਅਮਰੀਕਾ ਦਾ ਬਹੁਤ ਵੱਡਾ ਅਫਸਰ ਹੈ। ਵਿਸ਼ਵ ਵਾਤਾਵਰਣ ਉਸ ਦੀ ਖੋਜ ਦਾ ਆਧਾਰ ਹੈ। ਕਈ ਕਰੋੜ ਰੁਪਏ ਭਾਰਤੀ ਕਰੰਸੀ ਉਸ ਦੀ ਮਹੀਨੇ ਦੀ ਤਨਖ਼ਾਹ ਹੈ। ਹੁਣ ਜਿਸ ਪ੍ਰੋਜੈਕਟ ਤਹਿਤ ਉਹ ਆਇਆ ਹੈ, ਉਸ ਬਦਲੇ ਵੀ ਉਸ ਨੂੰ ਅਰਬਾਂ ਰੁਪਏ ਮਿਲਣੇ ਹਨ।
ਉਸ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਦਾ ਪ੍ਰੇਮ-ਵਿਆਹ ਹੈ। ਅੰਗਰੇਜ਼ ਨੇ ਉਸ ਨੂੰ ਸਾਰੀਆਂ ਗੱਲਾਂ ਦੱਸੀਆਂ ਹੋਈਆਂ ਨੇ। ਉਸ ਨੇ ਦੱਸਿਆ ਕਿ ਇਹ ਦੋਵੇਂ ਇੱਕੋ ਯੂਨੀਵਰਸਿਟੀ ਵਿੱਚ ਪੜ੍ਹੇ ਹੋਏ ਨੇ। ਇਹ ਅੰਗਰੇਜ਼ ਔਰਤ ਦੌੜਾਕ ਹੈ। ਯੂਨੀਵਰਸਿਟੀ ਦੇ ਹੋਸਟਲ ਵਿੱਚ ਹੀ ਰਹਿੰਦੀ ਸੀ ਤੇ ਸਵੇਰੇ-ਸ਼ਾਮ ਭੱਜਣ ਲਈ ਯੂਨੀਵਰਸਿਟੀ ਤੋਂ ਬਾਹਰ ਜਾਂਦੀ ਸੀ।
ਜਦੋਂ ਸਵੇਰੇ-ਸ਼ਾਮ ਇਹ ਭੱਜਣ ਜਾਂਦੀ ਤਾਂ ਅੰਗਰੇਜ਼ ਪਹਿਲਾਂ ਹੀ ਗੇਟ ’ਤੇ ਖੜ੍ਹਾ ਹੁੰਦਾ। ਜਦੋਂ ਤੱਕ ਉਹ ਮੁੜ ਕੇ ਨਾ ਜਾਂਦੀ, ਉਸ ਦੇ ਮੁੜਨ ਦੀ ਉਡੀਕ ਕਰਦਾ।
ਕਦੇ ਇਸ ਨੇ ਆਪਣੇ ਮਨ ਦੀ ਗੱਲ ਉਸ ਨੂੰ ਨਹੀਂ ਸੀ ਦੱਸੀ ਕਿ ਉਹ ਉਸ ਨੂੰ ਚੰਗਾ ਸਮਝਦਾ ਹੈ ਤੇ ਉਸ ਦੇ ਦਿਲ ਵਿੱਚ ਉਸ ਦੀ ਬੜੀ ਵੱਡੀ ਥਾਂ ਹੈ। ਦੋ ਸਾਲ ਲੰਘ ਗਏ। ਉਹ ਉਸੇ ਤਰ੍ਹਾਂ ਸਵੇਰੇ-ਸ਼ਾਮ ਯੂਨੀਵਰਸਿਟੀ ਦੇ ਗੇਟ ’ਤੇ ਉਸ ਦੇ ਬਾਹਰ ਜਾਣ ਦੀ ਉਡੀਕ ਕਰਦਾ ਅਤੇ ਜਦੋਂ ਤੱਕ ਮੁੜ ਕੇ ਨਾ ਆਉਂਦੀ, ਉਸੇ ਥਾਂ ਖੜ੍ਹਾ ਰਹਿੰਦਾ।
ਇੱਕ ਦਿਨ ਮੁੜਨ ਵੇਲ਼ੇ ਅੰਗਰੇਜ਼ ਔਰਤ ਨੇ ਕਿਹਾ ਕਿ ਤੁਹਾਨੂੰ ਇੱਥੇ ਖੜ੍ਹਨ ਤੋਂ ਬਿਨਾਂ ਕੋਈ ਕੰਮ ਨਹੀਂ?
ਅੰਗਰੇਜ਼ ਕਹਿੰਦਾ, ‘‘ਮੇਰੇ ਲਈ ਇੱਥੇ ਖੜ੍ਹਨਾ ਪੜ੍ਹਾਈ ਤੋਂ ਵੀ ਮੁੱਖ ਕੰਮ ਹੈ। ਤੁਹਾਨੂੰ ਵੇਖਣਾ ਮੇਰੀ ਰੂਹ ਦੀ ਖ਼ੁਰਾਕ ਹੈ। ਜੇ ਤੁਹਾਨੂੰ ਨਾ ਵੇਖਾਂ ਤਾਂ ਕਲਾਸ ਵਿੱਚ ਮੇਰਾ ਦਿਲ ਨਹੀਂ ਲੱਗਦਾ। ਪੜ੍ਹਨ ਵਿੱਚ ਦਿਲ ਨਹੀਂ ਲੱਗਦਾ। ਰਾਤ ਨੂੰ ਨੀਂਦ ਵੀ ਨਹੀਂ ਆਉਂਦੀ।’’
ਉਸ ਦੀ ਗੱਲ ਸੁਣ ਕੇ ਅੰਗਰੇਜ਼ ਔਰਤ ਹੱਸੀ ਤੇ ਕਹਿਣ ਲੱਗੀ, ‘‘ਸੱਚਮੁੱਚ ਤੁਸੀਂ ਮੈਨੂੰ ਏਨਾ ਪਿਆਰ ਕਰਦੇ ਹੋ?’’
‘‘ਮੈਂ ਤੁਹਾਨੂੰ ਜਿੰਨਾ ਪਿਆਰ ਕਰਦਾ ਹਾਂ, ਉਹ ਤੁਹਾਡੇ ਸਾਹਮਣੇ ਹੀ ਹੈ। ਲੁਕਿਆ-ਛੁਪਿਆ ਤਾਂ ਨਹੀਂ। ਵੇਖ ਲਵੋ, ਮੈਂ ਕਿੰਨੇ ਚਿਰ ਤੋਂ ਤੁਹਾਨੂੰ ਵੇਖਦਾ ਆ ਰਿਹਾ ਹਾਂ।’’
‘‘ਤੁਸੀਂ ਮੈਨੂੰ ਵੇਖਣਾ ਛੱਡ ਦੇਵੋ।’’
‘‘ਕਿਉਂ ਛੱਡ ਦੇਵਾਂ?’’
‘‘ਮੈਨੂੰ ਚੰਗਾ ਨਹੀਂ ਲੱਗਦਾ।’’
‘‘ਮੈਨੂੰ ਬੁਰਾ ਨਹੀਂ ਲੱਗਦਾ।’’
‘‘ਤੁਸੀਂ ਮੈਨੂੰ ਕਿਉਂ ਵੇਖਦੇ ਹੋ?’’
‘‘ਆਸਮਾਨ ਤੋਂ ਉੱਤਰ ਕੇ ਪਰੀ ਜ਼ਮੀਨ ’ਤੇ ਆਈ ਹੋਵੇ, ਮੈਂ ਉਸ ਨੂੰ ਕਿਵੇਂ ਨਾ ਵੇਖਾਂ?’’
‘‘ਕਦੋਂ ਤੱਕ ਵੇਖੋਗੇ ਮੈਨੂੰ?’’
‘‘ਜਦੋਂ ਤੱਕ ਤੁਸੀਂ ਯੂਨੀਵਰਸਿਟੀ ਵਿੱਚ ਹੋ।’’
‘‘ਫੇਰ ਉਸ ਪਿੱਛੋਂ...?’’
‘‘ਜਿੱਥੇ ਤੁਹਾਡੇ ਜਾਣ ਦਾ ਪਤਾ ਲੱਗਿਆ, ਉੱਥੇ ਤੁਹਾਨੂੰ ਵੇਖਣ ਆਇਆ ਕਰਾਂਗਾ।’’
‘‘ਤੁਸੀਂ ਇਉਂ ਕਿਉਂ ਕਰੋਗੇ?’’
‘‘ਇਉਂ ਕਰਨਾ ਮੇਰੀ ਮਜਬੂਰੀ ਹੋਵੇਗੀ।’’
‘‘ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ।’’
‘‘ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਤੈਨੂੰ ਜਿਉਣਾ ਛੱਡ ਦੇਣਾ ਚਾਹੀਦਾ ਹੈ।’’
‘‘ਮੇਰੇ ਵੇਖਣ ਨਾਲ ਤੁਹਾਡੇ ਜੀਣ ਦਾ ਕੀ ਸੰਬੰਧ ਹੈ?’’
‘‘ਸੰਬੰਧ ਹੈ। ਪੱਕਾ ਸੰਬੰਧ ਹੈ।’’
‘‘ਇੱਕੋ ਚੀਜ਼ ਨੂੰ ਰੋਜ਼-ਰੋਜ਼ ਵੇਖੀ ਜਾਣਾ ਅਕਲਮੰਦੀ ਹੈ?’’
‘‘ਹਾਂ ਅਕਲਮੰਦੀ ਹੈ।’’
‘‘ਅਕਲਮੰਦੀ ਨਹੀਂ, ਬੇਵਕੂਫ਼ੀ ਹੈ।’’
‘‘ਮੈਂ ਇਹ ਬੇਵਕੂਫ਼ੀ ਸਾਰੀ ਉਮਰ ਕਰਦਾ ਰਹਾਂਗਾ।’’
‘‘ਪਰ ਇਹ ਚੰਗੀ ਗੱਲ ਨਹੀਂ।’’
‘‘ਇਹ ਮਾੜੀ ਗੱਲ ਵੀ ਨਹੀਂ....। ਮੈਂ ਤੁਹਾਨੂੰ ਕਦੇ ਕੁਝ ਕਿਹਾ ਹੈ? ਕਦੇ ਤੰਗ ਕੀਤਾ ਹੈ? ਕਦੇ ਤੁਹਾਡੇ ਹੋਸਟਲ ਵੱਲ ਆਇਆ ਹਾਂ?’’
‘‘ਪਰ ਤੁਹਾਨੂੰ ਇਹ ਪਾਗ਼ਲਪਣ ਛੱਡ ਦੇਣਾ ਚਾਹੀਦਾ ਹੈ।’’
‘‘ਤੁਸੀਂ ਮੈਨੂੰ ਇਹ ਕਿਉਂ ਨਹੀਂ ਕਹਿ ਦਿੰਦੇ ਕਿ ਮੈਂ ਮਰ ਜਾਵਾਂ।’’
‘‘ਤੁਹਾਡਾ ਆਖ਼ਰੀ ਫ਼ੈਸਲਾ ਕੀ ਹੈ?’’
‘‘ਤੁਹਾਨੂੰ ਨਿਰੰਤਰ ਵੇਖਣਾ। ਤੁਸੀਂ ਮੇਰੇ ਦਿਲ ਵਿਚ ਵਸ ਗਏ ਹੋ। ਮੈਂ ਤੁਹਾਡੇ ਬਿਨਾਂ ਜ਼ਿੰਦਗੀ ਬਤੀਤ ਨਹੀਂ ਕਰ ਸਕਾਂਗਾ।’’
‘‘ਤੁਹਾਨੂੰ ਆਪਣੀ ਹਿੰਡ ਛੱਡ ਦੇਣੀ ਚਾਹੀਦੀ ਹੈ।’’
‘‘ਮੈਂ ਤੁਹਾਨੂੰ ਵੀ ਕਹਿੰਦਾ ਹਾਂ ਕਿ ਤੁਹਾਨੂੰ ਆਪਣੀ ਹਿੰਡ ਛੱਡ ਦੇਣੀ ਚਾਹੀਦੀ ਹੈ।’’
‘‘ਜੇ ਮੈਂ ਹਿੰਡ ਨਾ ਛੱਡਾਂ?’’
‘‘ਇਹ ਤੁਹਾਡੀ ਮਰਜ਼ੀ।’’
‘‘ਤੁਹਾਡੀ ਮਰਜ਼ੀ ਕੀ ਹੈ?’’
‘‘ਮੈਂ ਤੁਹਾਨੂੰ ਕਿੰਨੇ ਕੁ ਵਾਰ ਦੱਸਾਂ...। ਮੈਂ ਤੁਹਾਨੂੰ ਆਪਣਾ ਮੰਨ ਲਿਆ ਹੈ। ਤੁਸੀਂ ਮੈਨੂੰ ਆਪਣਾ ਮੰਨੋ ਜਾਂ ਨਾ ਮੰਨੋ, ਮੈਨੂੰ ਤੁਹਾਡੇ ’ਤੇ ਕੋਈ ਗ਼ਿਲਾ ਨਹੀਂ।’’
‘‘ਤੁਸੀਂ ਮੈਨੂੰ ਏਨਾ ਪਿਆਰ ਕਰਦੇ ਹੋ?’’
‘‘ਮੈਂ ਕਿਵੇਂ ਤੁਹਾਨੂੰ ਇਹ ਗੱਲ ਦੱਸਾਂ। ਇਹ ਤਾਂ ਸਪੱਸ਼ਟ ਹੈ।’’
‘‘ਤੁਸੀਂ ਮੈਨੂੰ ਪਰੀ ਕਿਹਾ ਸੀ।’’
‘‘ਹਾਂ ਕਿਹਾ ਸੀ।’’
‘‘ਮੈਂ ਪਰੀ ਹਾਂ?’’
‘‘ਪਰੀ ਨੂੰ ਆਪ ਨਹੀਂ ਪਤਾ ਹੁੰਦਾ ਕਿ ਉਹ ਪਰੀ ਹੈ।’’
ਐੱਸਐੱਸਪੀ ਨੇ ਦੱਸਿਆ ਕਿ ਇਸ ਪਿੱਛੋਂ ਫੇਰ ਉਨ੍ਹਾਂ ਦੀ ਕਦੇ ਗੱਲ ਨਹੀਂ ਹੋਈ। ਪਹਿਲਾਂ ਵਾਂਗ ਫੇਰ ਚੱਲ ਪਿਆ। ਔਰਤ ਦਾ ਸਵੇਰੇ-ਸ਼ਾਮ ਭੱਜਣ ਜਾਣਾ। ਅੰਗਰੇਜ਼ ਦਾ ਸਵੇਰੇ-ਸ਼ਾਮ ਗੇਟ ’ਤੇ ਖੜ੍ਹਨਾ।
ਇੱਕ ਸਾਲ ਲੰਘ ਗਿਆ। ਅੰਤ ਔਰਤ ਨੇ ਆਪਣੀ ਹਿੰਡ ਛੱਡ ਦਿੱਤੀ ਅਤੇ ਯੂਨੀਵਰਸਿਟੀ ਦੇ ਗੇਟ ’ਤੇ ਉਸ ਨੂੰ ਜੱਫੀ ਪਾ ਕੇ ਚੁੰਮਣਾ ਸ਼ੁਰੂ ਕਰ ਦਿੱਤਾ।
ਇਸ ਪਿੱਛੋਂ ਵੀ ਉਹ ਬਹੁਤ ਘੱਟ ਮਿਲਦੇ। ਇੱਧਰ-ਉੱਧਰ ਹੋਟਲਾਂ ਵਿੱਚ ਰੋਟੀ ਖਾਣ ਜਾਂਦੇ ਪਰ ਅੰਗਰੇਜ਼ ਨੇ ਕਦੇ ਨਹੀਂ ਕਿਹਾ ਕਿ ਆਪਾਂ ਦੋਵੇਂ ਵਿਆਹ ਕਰਵਾ ਲਈਏ। ਉਨ੍ਹਾਂ ਵਿਚਕਾਰ ਜਿੰਨੀ ਦੂਰੀ ਪਹਿਲਾਂ ਸੀ, ਓਨੀ ਦੂਰੀ ਬਣੀ ਰਹੀ।
ਅੰਤ ਔਰਤ ਨੇ ਇੱਕ ਦਿਨ ਵਿਆਹ ਕਰਵਾਉਣ ਦੀ ਪੇਸ਼ਕਸ਼ ਕਰ ਦਿੱਤੀ। ਅੰਗਰੇਜ਼ ਨੇ ਸਵੀਕਾਰ ਕਰ ਲਈ।
ਅੰਗਰੇਜ਼ ਔਰਤ ਨੇ ਪੁੱਛਿਆ, ‘‘ਤੁਹਾਡੀ ਕੋਈ ਸ਼ਰਤ?’’
ਉਹ ਕਹਿੰਦਾ, ‘‘ਕੋਈ ਸ਼ਰਤ ਨਹੀਂ।’’
‘‘ਤੁਹਾਡੀ ਮਰਜ਼ੀ ਕੀ ਹੋਵੇਗੀ?’’
‘‘ਤੁਹਾਨੂੰ ਹਮੇਸ਼ਾ ਖ਼ੁਸ਼ ਵੇਖਣਾ।’’
ਫੇਰ ਦੋਵਾਂ ਨੇ ਵਿਆਹ ਕਰਵਾ ਲਿਆ। ਇਨ੍ਹਾਂ ਦੇ ਇੱਕ ਬੱਚੀ ਹੈ ਜਿਹੜੀ ਆਪਣੇ ਨਾਨਕੀਂ ਰਹਿੰਦੀ ਹੈ। ਸਵੇਰੇ-ਸ਼ਾਮ ਮੋਬਾਈਲ ’ਤੇ ਇਨ੍ਹਾਂ ਦੋਵਾਂ ਨਾਲ ਗੱਲਾਂ ਕਰਦੀ ਹੈ। ਸਕੂਲ ਵਿੱਚ ਜੋ ਹੁੰਦਾ ਹੈ, ਉਸ ਬਾਰੇ ਜਾਣਕਾਰੀ ਦਿੰਦੀ ਹੈ। ਇਨ੍ਹਾਂ ਦੇ ਖਾਣ-ਪੀਣ ਅਤੇ ਇੱਥੋਂ ਦੇ ਵਾਤਾਵਰਣ ਬਾਰੇ ਪੁੱਛਦੀ ਹੈ। ਇਹ ਦੋਵੇਂ ਬਹੁਤ ਖ਼ੁਸ਼ ਨੇ।
ਐੱਸਐੱਸਪੀ ਕਹਿਣ ਲੱਗਿਆ, ‘‘ਆਪਣੇ ਲੋਕ ਵਿਆਹ ਪਿੱਛੋਂ ਸਿਰਫ਼ ਪੈਸੇ ਨੂੰ ਪਿਆਰ ਕਰਦੇ ਨੇ। ਆਪਣੇ-ਆਪਣੇ ਹੱਥ ਹੇਠ ਪੈਸਾ ਅਤੇ ਜਾਇਦਾਦ ਕਰਨ ਲਈ ਇਹ ਚਾਲਾਂ ਚਲਦੇ ਨੇ। ਇਹ ਦੋਵੇਂ ਨੇ ਕਿ ਇੱਕ-ਦੂਜੇ ਨੂੰ ਖ਼ੁਸ਼ ਵੇਖਣਾ ਚਾਹੁੰਦੇ ਨੇ। ਜ਼ਿੰਦਗੀ ਨੂੰ ਮਾਣਦੇ ਨੇ। ਆਪਣੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਜ਼ਿੰਦਗੀ ਕੀ ਹੈ? ਮਾਣਨੀ ਕਿਵੇਂ ਹੈ? ਆਪਣਾ ਉੱਲੂ ਸਿੱਧਾ ਕਰਨਾ ਹੀ ਆਪਣੇ ਲੋਕਾਂ ਦਾ ਮਨੋਰਥ ਹੈ। ਪਤਾ ਨਹੀਂ ਕਦੋਂ ਅਸੀਂ ਲੋਕ ਇੱਕ-ਦੂਜੇ ਨੂੰ ਖ਼ੁਸ਼ ਵੇਖਣ ਦੇ ਰਾਹ ਪਵਾਂਗੇ। ਆਪਣੀ ਬਜਾਏ ਹੋਰਾਂ ਦੀ ਪਰਵਾਹ ਕਰਨ ਦੀ ਕਦੋਂ ਆਦਤ ਪਾਵਾਂਗੇ।’’ ਐੱਸਐੱਸਪੀ ਦੀ ਆਵਾਜ਼ ਵਿੱਚ ਭਾਰਤ ਦੇ ਲੋਕਾਂ ਦੀ ਜ਼ਹਿਨੀਅਤ ’ਤੇ ਲਗਾਤਾਰ ਪੈਂਦੀ ਫਿਟਕਾਰ ਵੀ ਸੀ।
ਮੈਂ ਐੱਸਐੱਸਪੀ ਕੋਲ ਆਪਣੇ ਮਿੱਤਰ ਦੇ ਕੰਮ ਆਇਆ ਸੀ। ਮੇਰੇ ਮਿੱਤਰ ਦੇ ਮੁੰਡੇ ਨੇ ਵਿਦੇਸ਼ ਜਾਣਾ ਸੀ। ਉਸ ਦੇ ਰਿਸ਼ਤੇ ਦੀ ਗੱਲ ਤੈਅ ਹੋ ਗਈ ਸੀ। ਕੁੜੀ ਇੱਧਰ ਆਈ ਹੋਈ ਸੀ। ਉਸ ਨੇ ਬਹੁਤਾ ਚਿਰ ਨਹੀਂ ਸੀ ਰਹਿਣਾ ਪਰ ਮੁੰਡੇ ਦਾ ਪਾਸਪੋਰਟ ਨਹੀਂ ਸੀ ਬਣਿਆ ਹੋਇਆ। ਹੁਣ ਵਾਂਗ ਤਤਕਾਲ ’ਚ ਪਾਸਪੋਰਟ ਬਣਨ ਦੀ ਉਦੋਂ ਕੋਈ ਵਿਵਸਥਾ ਨਹੀਂ ਸੀ। ਉਦੋਂ ਕਿਸੇ ਜ਼ਿਲ੍ਹੇ ਦਾ ਡੀਸੀ ਜਾਂ ਐੱਸਐੱਸਪੀ ਪਾਸਪੋਰਟ ਬਣਵਾਉਣ ਵਾਲੇ ਦੀ ਸਾਰੀ ਜ਼ਿੰਮੇਵਾਰੀ ਲੈ ਕੇ ਜੇ ਲਿਖ ਕੇ ਦੇ ਦਿੰਦਾ ਸੀ ਕਿ ਉਹ ਸੱਭਿਅਕ ਨਾਗਰਿਕ ਹੈ, ਉਸ ਨੇ ਹੁਣ ਤੱਕ ਕਿਸੇ ਕਿਸਮ ਦਾ ਜੁਰਮ ਨਹੀਂ ਕੀਤਾ ਤਾਂ ਉਸ ਦੇ ਆਧਾਰ ’ਤੇ ਪਾਸਪੋਰਟ ਪੰਜ-ਛੇ ਦਿਨਾਂ ਵਿੱਚ ਬਣ ਜਾਂਦਾ ਸੀ।
ਮੇਰੇ ਦੋਸਤ ਨੇ ਬੜੀ ਆਜਜ਼ੀ ਨਾਲ ਵਾਸਤਾ ਪਾ ਕੇ ਮੈਨੂੰ ਐੱਸਐੱਸਪੀ ਤੋਂ ਪੱਤਰ ਲਿਖਵਾਉਣ ਲਈ ਕਿਹਾ ਸੀ। ਮੈਂ ਹਾਂ ਕਹਿ ਦਿੱਤੀ ਸੀ।
ਐੱਸਐੱਸਪੀ ਨੇ ਆਪਣੇ ਅਪਰੇਟਰ ਨੂੰ ਬੁਲਾ ਕੇ ਪੱਤਰ ਟਾਈਪ ਕਰਕੇ ਲਿਆਉਣ ਲਈ ਕਹਿ ਦਿੱਤਾ। ਉਹ ਦਫ਼ਤਰੋਂ ਆਇਆ ਸੀ ਤੇ ਦਫ਼ਤਰੋਂ ਹੀ ਪੱਤਰ ਟਾਈਪ ਕਰਕੇ ਲਿਆਇਆ ਸੀ। ਨਾਲ ਹੀ ਉਹ ਐੱਸਐੱਸਪੀ ਦੀ ਮੋਹਰ ਅਤੇ ਪੈਡ ਲੈ ਕੇ ਆਇਆ ਸੀ। ਐੱਸਐੱਸਪੀ ਨੇ ਮੋਹਰ ਲਾ ਕੇ ਦਸਤਖ਼ਤ ਕਰਕੇ ਪੱਤਰ ਮੈਨੂੰ ਦੇ ਦਿੱਤਾ ਸੀ।
ਮੈਨੂੰ ਆਏ ਨੂੰ ਕਾਫ਼ੀ ਦੇਰ ਹੋ ਗਈ ਸੀ। ਮੈਂ ਐੱਸਐੱਸਪੀ ਤੋਂ ਆਗਿਆ ਲੈਣੀ ਚਾਹੀ। ਮੈਂ ਉੱਠਣ ਹੀ ਲੱਗਿਆ ਸੀ ਕਿ ਬੜਾ ਸੋਹਣਾ ਬਣਦਾ-ਤਣਦਾ ਅੰਗਰੇਜ਼ ਉੱਪਰਲੀ ਮੰਜ਼ਿਲ ਤੋਂ ਪੌੜੀਆਂ ਉੱਤਰ ਰਿਹਾ ਸੀ। ਉਸ ਨੇ ਵੀ ਫਰਿੱਜ ਵੱਲ ਜਾਣਾ ਚਾਹਿਆ ਸੀ ਪਰ ਐੱਸਐੱਸਪੀ ਦੇ ਕਹਿਣ ’ਤੇ ਉਹ ਸਾਡੇ ਵਾਲੇ ਸੋਫ਼ੇ ਦੇ ਨਾਲ ਵਾਲੇ ਛੋਟੇ ਸੋਫ਼ੇ ’ਤੇ ਸਾਡੇ ਕੋਲ ਆ ਬੈਠਾ। ਉਹ ਹੱਸ ਰਿਹਾ ਸੀ। ਬਿਲਕੁਲ ਅੰਗਰੇਜ਼ ਔਰਤ ਵਾਂਗ। ਮੇਰੇ ਵੱਲ ਵੇਖ ਕੇ ਉਹ ਕਈ ਵਾਰ ਹੱਸਿਆ।
ਐੱਸਐੱਸਪੀ ਨੇ ਦੱਸਿਆ, ‘‘ਇਹ ਪੱਤਰਕਾਰ ਵੀ ਨੇ ਤੇ ਲੇਖਕ ਵੀ। ਮੈਂ ਤੁਹਾਡੀ ਸਾਰੀ ਕਹਾਣੀ ਇਨ੍ਹਾਂ ਨੂੰ ਦੱਸ ਦਿੱਤੀ ਹੈ, ਜੋ ਤੁਸੀਂ ਮੈਨੂੰ ਸੁਣਾਈ ਸੀ। ਇਹ ਹੋ ਸਕਦੈ ਤੁਹਾਡੀ ਕਹਾਣੀ ਲਿਖ ਦੇਣ।’’
ਅੰਗਰੇਜ਼ ਸੁਣ ਕੇ ਹੱਸ ਰਿਹਾ ਸੀ। ਬਿਲਕੁਲ ਅੰਗਰੇਜ਼ ਔਰਤ ਵਾਂਗ। ਲੱਗਦਾ ਸੀ, ਜਿਵੇਂ ਅੰਗਰੇਜ਼ ਅਤੇ ਅੰਗਰੇਜ਼ ਔਰਤ ਨੂੰ ਇੱਕੋ ਥਾਂ ਤੋਂ ਹੱਸਣ ਦਾ ਖ਼ਜ਼ਾਨਾ ਮਿਲਿਆ ਹੋਵੇ ਤੇ ਉਨ੍ਹਾਂ ਨੇ ਅੱਧੋ-ਅੱਧੀ ਵੰਡ ਲਿਆ ਹੋਵੇ।
ਅਚਾਨਕ ਮੈਂ ਅੰਗਰੇਜ਼ ਤੋਂ ਪੁੱਛਿਆ ਕਿ ਵਿਆਹ ਤੋਂ ਬਾਅਦ ਤੁਹਾਡੇ ਪਿਆਰ ਵਿੱਚ ਕੋਈ ਕਮੀ ਆਈ ਹੈ?
‘‘ਨਹੀਂ, ਬਿਲਕੁਲ ਨਹੀਂ।’’
‘‘ਵਿਆਹ ਤੋਂ ਬਾਅਦ ਤੁਸੀਂ ਕੀ ਮਹਿਸੂਸ ਕਰਦੇ ਹੋ?’’
‘‘ਜਿਵੇਂ ਸੂਰਜ ਸਾਡੇ ਲਈ ਚੜ੍ਹਦਾ ਹੋਵੇ। ਹਵਾ ਸਾਡੇ ਲਈ ਵਗਦੀ ਹੋਵੇ। ਧੁੱਪ ਸਾਡੇ ਲਈ ਖਿੜਦੀ ਹੋਵੇ। ਤਾਰੇ ਸਾਡੇ ਲਈ ਚੜ੍ਹਦੇ ਹੋਣ। ਚੰਨ ਸਾਡੇ ਲਈ ਚੜ੍ਹਦਾ ਹੋਵੇ। ਬੱਦਲ ਸਾਡੇ ਲਈ ਮੀਂਹ ਵਰ੍ਹਾਉਂਦੇ ਹੋਣ।’’
ਮੈਂ ਉਸ ਦੀਆਂ ਗੱਲਾਂ ਸੁਣ ਕੇ ਮਿੰਨਾ-ਮਿੰਨਾ ਹੱਸ ਰਿਹਾ ਸੀ। ਅੰਗਰੇਜ਼ ਵੀ ਹੱਸ ਰਿਹਾ ਸੀ। ਉਹ ਭਾਂਪ ਗਿਆ ਸੀ ਕਿ ਉਸ ਦੀਆਂ ਗੱਲਾਂ ਮੈਨੂੰ ਬਹੁਤ ਚੰਗੀਆਂ ਲੱਗ ਰਹੀਆਂ ਹਨ। ਮੇਰੇ ਮਨ ’ਚ ਅਚਾਨਕ ਇੱਕ ਸਵਾਲ ਆਇਆ। ਮਨ ’ਚ ਸੋਚਿਆ ਵੀ ਕਿ ਸਵਾਲ ਕਰਾਂ ਜਾਂ ਨਾ ਕਰਾਂ? ਅੰਤ ਮੈਂ ਉਸ ਦੀ ਜੋ ਖੁੱਲ੍ਹ-ਦਿਲੀ ਹੁਣ ਤੱਕ ਦੇਖੀ ਸੀ, ਉਸ ਤੋਂ ਯਕੀਨ ਹੋ ਗਿਆ ਸੀ ਕਿ ਉਹ ਮੇਰੀ ਗੱਲ ਦਾ ਬੁਰਾ ਨਹੀਂ ਮੰਨੇਗਾ।
ਮੈਂ ਪੁੱਛਿਆ, ‘‘ਬੁਰਾ ਨਾ ਮੰਨਿਉਂ। ਜੇ ਤੁਹਾਨੂੰ ਪਤਾ ਲੱਗੇ ਕਿ ਤੁਹਾਡੀ ਵਾਈਫ ਕਿਸੇ ਹੋਰ ਨੂੰ ਪਿਆਰ ਕਰਦੀ ਹੈ ਤਾਂ ਫੇਰ ਕੀ ਕਰੋਗੇ?’’
ਅੰਗਰੇਜ਼ ਹੱਸਣ ਲੱਗਿਆ। ਉਸ ਦੇ ਚਿਹਰੇ ’ਤੇ ਸ਼ਿਕਵੇ ਨਾਂ ਦਾ ਨਹੁੰ ਭਰ ਰੰਗ ਵੀ ਮੈਨੂੰ ਨਜ਼ਰ ਨਹੀਂ ਆਇਆ। ਉਸ ਨੇ ਹੱਸਦਿਆਂ ਕਿਹਾ, ‘‘ਕਰਨਾ ਕੀ ਹੈ, ਮੈਂ ਉਸ ਆਦਮੀ ਕੋਲ ਜਾਵਾਂਗਾ। ਉਸ ਦਾ ਦਿਲੋਂ ਧੰਨਵਾਦ ਕਰਾਂਗਾ ਅਤੇ ਕਹਾਂਗਾ ਕਿ ਮੈਂ ਤੁਹਾਡਾ ਹਮੇਸ਼ਾ ਰਿਣੀ ਰਹਾਂਗਾ। ਜਿਹੜਾ ਕੰਮ ਮੈਂ ਨਹੀਂ ਕਰ ਸਕਿਆ, ਉਹ ਤੁਸੀਂ ਕਰ ਦਿੱਤਾ ਹੈ।’’
ਐੱਸਐੱਸਪੀ ਦੇ ਰਸੋਈਏ ਨੂੰ ਅੰਗਰੇਜ਼ ਦੇ ਸੁਭਾਅ ਦਾ ਪਤਾ ਹੋਵੇਗਾ ਕਿ ਉਹ ਕਿਸ ਤਰ੍ਹਾਂ ਦੀ ਚਾਹ ਪੀਂਦਾ ਹੈ। ਉਹ ਸਾਡੇ ਲਈ ਵੱਖਰੀ ਚਾਹ ਲੈ ਕੇ ਆਇਆ ਸੀ। ਅੰਗਰੇਜ਼ ਲਈ ਵੱਖਰੀ। ਅੰਗਰੇਜ਼ ਬੜੇ ਚਾਅ ਨਾਲ ਚਾਹ ਦੀਆਂ ਚੁਸਕੀਆਂ ਭਰਦਾ ਰਿਹਾ। ਫੇਰ ਉਸ ਨੇ ਜੋ ਕੁਝ ਫਰਿੱਜ ਵਿੱਚੋਂ ਲੈਣਾ ਸੀ, ਲਿਆ ਤੇ ਉੱਪਰ ਜਾਣ ਲਈ ਪੌੜੀਆਂ ਵੱਲ ਗਿਆ।
ਅੰਗਰੇਜ਼ ਨੇ ਪਹਿਲੀ ਪੌੜੀ ’ਤੇ ਪੈਰ ਧਰਿਆ। ਜਦੋਂ ਦੂਜੀ ਪੌੜੀ ’ਤੇ ਪੈਰ ਧਰਨ ਲੱਗਿਆ ਤਾਂ ਪੌੜੀ ਦੀ ਕੰਧ ਵਾਲੇ ਪਾਸੇ ਲੱਗਿਆ ਭਾਰਤ ਦਾ ਨਕਸ਼ਾ ਅੰਗਰੇਜ਼ ਦੇ ਮੋਢੇ ਤੱਕ ਆ ਗਿਆ ਸੀ।

Advertisement

ਸੰਪਰਕ: 98143-80749

Advertisement

Advertisement
Author Image

sukhwinder singh

View all posts

Advertisement