For the best experience, open
https://m.punjabitribuneonline.com
on your mobile browser.
Advertisement

ਸਿਰੜ ਦਾ ਸਿਰਨਾਵਾਂ

08:01 AM Oct 28, 2024 IST
ਸਿਰੜ ਦਾ ਸਿਰਨਾਵਾਂ
Advertisement

ਰਣਜੀਤ ਲਹਿਰਾ

ਸਾਲ 1968-69 ਦੀ ਗੱਲ ਹੈ। ਸੰਗਰੂਰ ਜਿ਼ਲ੍ਹੇ ਦੀਆਂ ਜਨਤਕ ਥਾਵਾਂ ’ਤੇ ਵੱਡੇ-ਵੱਡੇ ਇਸ਼ਤਿਹਾਰ ਚਿਪਕਾ ਕੇ ਇੱਕ ਨੌਜਵਾਨ ਨੂੰ ਭਗੌੜਾ (ਇਸ਼ਤਿਹਾਰੀ ਮੁਜਰਿਮ) ਕਰਾਰ ਦੇ ਕੇ ਜ਼ਿੰਦਾ ਜਾਂ ਮੁਰਦਾ ਹੋਣ ਦੀ ਇਤਲਾਹ ਦੇਣ ਵਾਲੇ ਨੂੰ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ। ਉਹ ਨੌਜਵਾਨ ਕੋਈ ਚੋਰ, ਲੁਟੇਰਾ, ਡਾਕੂ ਜਾਂ ਖੂਨੀ ਅਪਰਾਧੀ ਨਹੀਂ ਸੀ ਸਗੋਂ ਉਨ੍ਹੀਂ ਦਿਨੀਂ ਪੰਜਾਬ ’ਚ ਪੈਰ ਪਸਾਰ ਰਹੀ ਨਕਸਲਬਾੜੀ ਲਹਿਰ ਦੇ ਮੁੱਖ ਆਗੂਆਂ ਵਿੱਚੋਂ ਇੱਕ ਸੀ; ਉਹਦਾ ਨਾਂ ਸੀ ਜਗਜੀਤ ਸਿੰਘ ਸੋਹਲ ਵਾਸੀ ਸ਼ਾਹਪੁਰ ਜਿ਼ਲ੍ਹਾ ਸੰਗਰੂਰ। ਉਹ ਦਿਨ ਗਏ ਤੇ ਆਹ ਦਿਨ ਆਏ, ਕਾਮਰੇਡ ਸੋਹਲ ਪੁਲੀਸ ਦੇ ਹੱਥ ਨਾ ਆਇਆ ਅਤੇ ਨਾ ਹੀ ਕਿਸੇ ਨੂੰ ਇਨਾਮੀ ਰਾਸ਼ੀ ਪ੍ਰਾਪਤ ਹੋ ਸਕੀ।
1968-69 ਵਿੱਚ ਜਗਜੀਤ ਸਿੰਘ ਸੋਹਲ ਕੋਈ ਨਵੀਂ ਉਮਰ ਦਾ ਮੁੰਡਾ ਨਹੀਂ ਸੀ ਜਿਹੜਾ ਨਕਸਲੀਆਂ ਦੀਆਂ ਤੱਤੀਆਂ ਗੱਲਾਂ ਵਿੱਚ ਆ ਕੇ ਘਰੋਂ ਇਨਕਲਾਬ ਕਰਨ ਨਿੱਕਲ ਤੁਰਿਆ ਹੋਵੇ। ਉਹਨੇ ਅੰਗਰੇਜ਼ਾਂ ਦਾ ਰਾਜ ਆਪਣੇ ਪਿੰਡੇ ’ਤੇ ਹੰਢਾਇਆ ਸੀ, ‘ਲਾੜੀ ਮੌਤ ਵਿਆਹੁਣ’ ਚੱਲੇ ਭਗਤ ਸਿੰਘ ਤੇ ਸਾਥੀਆਂ ਦੀਆਂ ਘੋੜੀਆਂ ਪੰਜਾਬ ਦੀ ਫਿਜ਼ਾ ਵਿੱਚ ਗੂੰਜਦੀਆਂ ਸੁਣੀਆਂ ਸਨ। 1947 ਵਿੱਚ ਉਹਨੇ ਇੱਕੋ ਸਮੇਂ ਹੱਲਿਆਂ ਵਿੱਚ ਕਟਾ-ਵਢੀ ਵਿੱਚ ਮਰਦੇ ਤੇ ਹਿਜਰਤਾਂ ਕਰਦੇ ਲੋਕਾਂ ਨੂੰ ਅਤੇ ਰਾਤ ਦੇ ਹਨੇਰੇ ਵਿੱਚ ਅੰਗਰੇਜ਼ਾਂ ਨਾਲ ਸਮਝੌਤੇ ਕਰ ਕੇ ਗੱਦੀਆਂ ਸੰਭਾਲਦੇ ਲੀਡਰਾਂ ਨੂੰ ਅੱਖੀਂ ਦੇਖਿਆ ਸੀ; ਕਮਿਊਨਿਸਟ ਪਾਰਟੀ ਨੂੰ ਗ਼ੈਰ-ਕਾਨੂੰਨੀ ਹੁੰਦਿਆਂ ਦੇਖਿਆ ਸੀ। ਉਹ ਆਜ਼ਾਦੀ, ਬਰਾਬਰੀ ਤੇ ਭਾਈਚਾਰੇ ਦੇ ਤਿੜਕ ਕੇ ਚੂਰ-ਚੂਰ ਹੋ ਗਏ ਸੁਫਨੇ ਦਾ ਗਵਾਹ ਸੀ ਤੇ ਉਹ ਸੁਫਨਾ ਸਾਕਾਰ ਹੁੰਦਿਆਂ ਦੇਖਣ ਅਤੇ ਮਿਹਨਤਕਸ਼ ਅਵਾਮ ਦੀ ਤਕਦੀਰ ਬਦਲਦੀ ਦੇਖਣ ਦਾ ਤਲਬਗਾਰ ਸੀ।
ਇਸੇ ਲਈ ਉਹ ਗ਼ਦਰੀ ਬਾਬਿਆਂ ਤੇ ਦੇਸ਼ਭਗਤਾਂ ਦਾ ਸੰਗੀ ਸਾਥੀ ਬਣਿਆ ਜਿਹੜੇ ਆਜ਼ਾਦੀ ਤੋਂ ਬਾਅਦ ਵੀ ਘਰਾਂ ਨੂੰ ਨਹੀਂ ਸੀ ਮੁੜੇ ਸਗੋਂ ਸੰਘਰਸ਼ਾਂ ਦੇ ਮੋਹਰੀ ਬਣੇ ਰਹੇ ਸਨ। ਅਠਾਰਾਂ ਸਾਲਾਂ ਦੀ ਉਮਰ ਵਿੱਚ 1946 ਵਿੱਚ ਉਹ ਕਮਿਊਨਿਸਟ ਪਾਰਟੀ ਦਾ ਕਾਰਡ ਹੋਲਡਰ ਬਣ ਗਿਆ ਸੀ। ਉਹ ਹੰਢਿਆ ਵਰਤਿਆ ਕਾਮਰੇਡ ਸੀ ਜਿਹੜਾ ਨਾ ਸਿਰਫ਼ ਪੈਪਸੂ ਦੇ ਮੁਜ਼ਾਰਿਆਂ ਦੀ ‘ਜ਼ਮੀਨ ਹਲਵਾਹਕ ਦੀ’ ਵਾਲੇ ਨਾਅਰੇ ਹੇਠ ਚੱਲੀ ਜਨਤਕ ਖਾੜਕੂ ਲਹਿਰ ਨਾਲ ਨੇੜਿਓਂ ਜੁੜਿਆ ਰਿਹਾ ਸੀ ਸਗੋਂ ਪਹਿਲਾਂ ਲਾਲ ਕਮਿਊਨਿਸਟ ਪਾਰਟੀ, ਫਿਰ ਸਾਂਝੀ ਭਾਰਤੀ ਕਮਿਊਨਿਸਟ ਪਾਰਟੀ ਤੇ ਫਿਰ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) ਤੋਂ ਵਿਚਾਰਧਾਰਕ ਸਿਆਸੀ ਘੋਲ ਲੜਦਾ ਹੋਇਆ ਨਕਸਲਬਾੜੀ ਲਹਿਰ ਤੱਕ ਪਹੁੰਚਿਆ ਸੀ। ਪੰਜਾਬ ਵਿੱਚ ਨਕਸਲਬਾੜੀ ਲਹਿਰ ਦੇ ਮੋਢੀਆਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਚਾਲੀਆਂ ਨੂੰ ਅੱਪੜਿਆ ਕਾਮਰੇਡ ਸੋਹਲ ਕਮਿਊਨਿਸਟ ਲਹਿਰ ਦਾ ਚੰਗਾ ਖਾਸਾ ਵਿਚਾਰਧਾਰਕ ਤੇ ਅਮਲੀ ਤਜਰਬਾ ਗ੍ਰਹਿਣ ਕਰ ਚੁੱਕਿਆ ਸੀ।
1967 ਵਿੱਚ ਪੱਛਮੀ ਬੰਗਾਲ ਦੇ ਦਾਰਜਲਿੰਗ ਜਿ਼ਲ੍ਹੇ ਦੇ ਨਕਸਲਬਾੜੀ ਖੇਤਰ ’ਚ ਉੱਭਰੀ ਬੇਜ਼ਮੀਨੇ ਕਿਸਾਨਾਂ ਮਜ਼ਦੂਰਾਂ ਦੀ ਜਗੀਰਦਾਰਾਂ ਵਿਰੁੱਧ ਹਥਿਆਰਬੰਦ ਬਗਾਵਤ ਨੂੰ ਦੇਸ਼ ਭਰ ਦੇ ਇਨਕਲਾਬੀ ਹਲਕਿਆਂ ਨੇ ‘ਬਸੰਤ ਦੀ ਕੜਕ’ ਕਹਿ ਕੇ ਜੈ-ਜੈਕਾਰ ਕੀਤੀ। ਇਸ ਲਹਿਰ ਦੇ ਮੋਹਰੀ ਆਗੂਆਂ ਨੇ ਨਵੰਬਰ 1967 ਨੂੰ ਆਲ ਇੰਡੀਆ ਕੋਆਰਡੀਨੇਸ਼ਨ ਕਮੇਟੀ ਆਫ ਕਮਿਊਨਿਸਟ ਰੈਵੋਲਿਊਸ਼ਨਰੀ (AICCCR) ਕਾਇਮ ਕੀਤੀ ਜਿਸ ਵਿੱਚ ਪੰਜਾਬ ਸਮੇਤ ਕਈ ਸੂਬਿਆਂ ਦੇ ਨੁਮਾਇੰਦੇ ਸ਼ਾਮਿਲ ਸਨ। ਫਿਰ 22 ਅਪਰੈਲ 1969 ਨੂੰ ਸੀਪੀਆਈ(ਐੱਮਐੱਲ) ਬਣਾਉਣ ਦਾ ਐਲਾਨ ਕਰ ਕੇ ਦੇਸ਼ ਭਰ ਦੇ ਇਨਕਲਾਬੀ ਕਮਿਊਨਿਸਟਾਂ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਪੰਜਾਬ ਵਿੱਚ ਲਹਿਰ ਦਾ ਮੁੱਢ ਬੰਨ੍ਹਣ ਲਈ 1968 ਦੇ ਸ਼ੁਰੂ ਵਿੱਚ ਜਿਹੜੀ ਪਹਿਲੀ ਵੱਡੀ ਮੀਟਿੰਗ ਹੋਈ, ਉਸ ਵਿੱਚ ਹਾਕਮ ਸਮਾਓਂ, ਪ੍ਰੋ. ਹਰਭਜਨ ਸੋਹੀ ਸਮੇਤ ਜਗਜੀਤ ਸੋਹਲ ਵੀ ਸ਼ਾਮਿਲ ਸੀ। ਕਾਮਰੇਡ ਦਿਆ ਸਿੰਘ ਨੂੰ ਪੰਜਾਬ ਕਮੇਟੀ ਦਾ ਸਕੱਤਰ ਬਣਾਇਆ। ਤਿਆਰੀਆਂ ਤੋਂ ਬਾਅਦ 12 ਅਪੈਲ 1968 ਦੀ ਰਾਤ ਨੂੰ ਨਕਸਲਬਾੜੀ ਦਾ ਸੁਨੇਹਾ ਦਿੰਦਾ ਪੋਸਟਰ ਪੰਜਾਬ ਭਰ ਵਿੱਚ ਲਾਇਆ ਗਿਆ। 8 ਦਸੰਬਰ 1968 ਨੂੰ ਪਿੰਡ ਸਮਾਓਂ ਵਿੱਚ ਜ਼ਮੀਨ ’ਤੇ ਕਬਜ਼ੇ ਦੇ ਐਕਸ਼ਨ ’ਚ ਜਗਜੀਤ ਸੋਹਲ ਵੀ ਸ਼ਾਮਿਲ ਸੀ। ਫਿਰ ਉਹ ਹੋਰ ਸਰਗਰਮੀਆਂ ਵਿੱਚ ਸ਼ਾਮਿਲ ਰਿਹਾ। ਪਾਰਟੀ ਦਾ ਪੰਜਾਬ ਦਾ ਸਕੱਤਰ ਵੀ ਰਿਹਾ ਤੇ ਫਿਰ ਲਹਿਰ ਦੇ ਗਰੁੱਪਾਂ ਵਿੱਚ ਵੰਡੇ ਜਾਣ ਤੋਂ ਬਾਅਦ ਕੇਂਦਰੀ ਪੱਧਰ ’ਤੇ ਸੀਓਸੀ, ਪਾਰਟੀ ਯੂਨਿਟੀ ਤੇ ਪੀਪਲਜ਼ ਵਾਰ ਗਰੁੱਪ ਦਾ ਸੀਨੀਅਰ ਆਗੂ ਬਣਿਆ; ਅਖ਼ੀਰ ਉਹ ਸੀਪੀਆਈ (ਮਾਓਵਾਦੀ) ਨਾਲ ਵੀ ਜੁੜਿਆ ਰਿਹਾ। ਇਸ ਲੰਮੇ ਤੇ ਕੰਡਿਆਲੇ ਸਫ਼ਰ ਦੌਰਾਨ ਉਹਦੇ ਨਾਲ ਤੁਰੇ ਤੇ ਪਿੱਛੋਂ ਰਲੇ ਪਤਾ ਨਹੀਂ ਕਿੰਨੇ ਸਾਥੀ ਸ਼ਹੀਦ ਹੋ ਗਏ, ਕਿੰਨੇ ਅਧਵਾਟੇ ਵਿੱਛੜ ਗਏ, ਕਿੰਨੇ ਪਿਛਾਂਹ ਮੁੜ ਗਏ ਤੇ ਕਿੰਨੇ ਹੀ ਨਿੱਘਰ ਕੇ ਵਿਰੋਧੀ ਕੈਂਪ ਵਿੱਚ ਜਾ ਖੜ੍ਹੇ ਪਰ ਉਹਦੇ ਕਦਮ ਭੋਰਾ ਨਾ ਥਿੜਕੇ, ਨਾ ਭਟਕੇ, ਨਾ ਹਾਰੇ; ਆਪਣੇ ਰਾਹਾਂ ’ਤੇ ਅਡੋਲ ਚੱਲਦੇ ਰਹੇ। ਨਾ ਸਿਰਫ਼ ਉਹ ਖੁਦ ਅਡੋਲ ਰਿਹਾ, ਉਹਦੀ ਜੀਵਨ ਸਾਥੀ ਕਾਮਰੇਡ ਕਮਲੇਸ਼ ਨੇ ਵੀ ਦੁਸ਼ਵਾਰੀਆਂ ਦਾ ਖਿੜੇ ਮੱਥੇ ਸਾਹਮਣਾ ਕੀਤਾ।
ਨਕਸਲਬਾੜੀ ਲਹਿਰ ਅਨੇਕ ਟੁੱਟਾਂ ਦਾ ਸ਼ਿਕਾਰ ਹੋਣ ਅਤੇ ਵਿਚਾਰਕ-ਸਿਆਸੀ ਤੇ ਜਥੇਬੰਦਕ ਮਤਭੇਦਾਂ ਦੇ ਬਾਵਜੂਦ ਨਿੱਜੀ ਤੌਰ ’ਤੇ ਕਾਮਰੇਡ ਸੋਹਲ ਦੀ ਸ਼ਖ਼ਸੀਅਤ ਨਿਰਵਿਵਾਦ ਰਹੀ। ਲਹਿਰ ਦੇ ਅੰਦਰੂਨੀ ਤੇ ਪੈਰੀਫੇਰੀ ਵਾਲੇ ਸਰਕਲਾਂ ਵਿੱਚ ਉਹਨੂੰ ਬੇਹੱਦ ਸਾਊ, ਸੰਜੀਦਾ, ਖੁੱਲ੍ਹਦਿਲਾ, ਪ੍ਰਤੀਬੱਧ ਅਤੇ ਵਿਚਾਰਧਾਰਕ ਤੌਰ ’ਤੇ ਪ੍ਰਪੱਕ ਗਿਣਿਆ ਜਾਂਦਾ ਸੀ।
ਇਸ਼ਤਿਹਾਰੀ ਮੁਜਰਮ ਕਰਾਰ ਦੇਣ ਅਤੇ ਘਰ-ਬਾਰ ਉਜਾੜ ਦੇਣ ਦੇ ਬਾਵਜੂਦ ਉਹ ਨਾ ਤਾਂ ਕਿਸੇ ਗੁਫਾ ’ਚ ਲੁਕ ਕੇ ਬੈਠਿਆ ਸੀ, ਨਾ ਹੀ ਕਿੱਧਰੇ ਹਰਨਾਂ ਦੇ ਸਿੰਗੀਂ ਚੜ੍ਹ ਕੇ ਰੋਹੀ ਬੀਆਬਾਨਾਂ ’ਚ ਗਿਆ ਸੀ। ਉਹ ਨਾ ਸਿਰਫ਼ ਪੰਜਾਬ ਦੀ ਨਕਸਲੀ ਲਹਿਰ ਤੇ ਜਨਤਕ ਸੰਘਰਸ਼ਾਂ ਨੂੰ ਅਗਵਾਈ ਦਿੰਦਾ ਰਿਹਾ ਸਗੋਂ ਕੁੱਲ ਹਿੰਦ ਪੱਧਰ ’ਤੇ ਆਗੂ ਰੋਲ ਨਿਭਾਉਂਦਾ ਰਿਹਾ। ਇਹਦੇ ਬਾਵਜੂਦ ਜੇ ਉਹ 55 ਸਾਲਾਂ ਤੱਕ (20 ਅਕਤੂਬਰ 2024 ਨੂੰ ਅੰਤਮ ਸਾਹ ਲੈਣ ਤੱਕ) ਗੁਪਤਵਾਸ ਰਿਹਾ ਤਾਂ ਇਹਦਾ ਸਿਹਰਾ ਉਹਦੇ ਅਨੁਸ਼ਾਸਿਤ ਜੀਵਨ ਅਤੇ ਲੋਕਾਂ ਵਿੱਚ ਰਚ-ਮਿਚ ਕੇ ਰਹਿਣ ਨੂੰ ਜਾਂਦਾ ਹੈ; ਨਹੀਂ ਤਾਂ ਇੰਨਾ ਲੰਮਾ ਸਮਾਂ ਖੁਫੀਆ ਏਜੰਸੀਆਂ ਦੇ ਅੱਖੀਂ ਧੂੜ ਝੋਕਣਾ ਖਾਲਾ ਜੀ ਦਾ ਬਾੜਾ ਨਹੀਂ। ਸ਼ਾਇਰ ਸੰਤ ਰਾਮ ਉਦਾਸੀ ਨੇ ਠੀਕ ਹੀ ਲਿਖਿਆ ਹੈ: ਲੋਕ ਇੰਨੇ ਸੰਘਣੇ ਨੇ ਲੱਖੀ ਦੇ ਜੰਗਲ ਵਾਂਗੂੰ/ਸਿੰਘ ਤੈਥੋਂ ਜਾਣੇ ਨਾ ਫੜੇ...

Advertisement

ਸੰਪਰਕ: 94175-88616

Advertisement

Advertisement
Author Image

sukhwinder singh

View all posts

Advertisement