ਬਾਇਓ ਗੈਸ ਪਲਾਂਟ ਦੇ ਹੱਕ ’ਚ ਹਸਤਾਖਰ ਕਰਾਉਣ ਆਏ ਮੁਲਾਜ਼ਮ ‘ਬੰਦੀ’ ਬਣਾਏ
ਜੈਸਮੀਨ ਭਾਰਦਵਾਜ
ਨਾਭਾ, 3 ਸਤੰਬਰ
ਇਥੋਂ ਦੇ ਕਕਰਾਲਾ ਪਿੰਡ ਵਿਚ ਕੰਪਰੈਸਡ ਬਾਇਓ ਗੈਸ (ਸੀਬੀਜੀ) ਪਲਾਂਟ ਲਗਵਾਉਣ ਲਈ ਅੱਜ ਹਸਤਾਖਰ ਕਰਾਉਣ ਪਹੁੰਚੇ ਪੰਚਾਇਤ ਵਿਭਾਗ ਦੇ ਚਾਰ ਮੁਲਾਜ਼ਮ ਪਿੰਡ ਵਾਸੀਆਂ ਨੇ ਬੰਦੀ ਬਣਾ ਲਏ। ਪਿੰਡ ਵਾਸੀਆਂ ਨੇ ਇਨ੍ਹਾਂ ਨੂੰ ਭੇਜਣ ਵਾਲੇ ਨਾਭਾ ਦੇ ਬੀਡੀਪੀਓ ਅਤੇ ਪਟਿਆਲਾ ਏਡੀਸੀ ਖਿਲਾਫ ਕਾਰਵਾਈ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ 19 ਅਗਸਤ ਨੂੰ ਇਸ ਪਿੰਡ ਵਾਸੀਆਂ ਨੇ ਇਸ ਪਲਾਂਟ ਖਿਲਾਫ ਗ੍ਰਾਮ ਸਭਾ ਦਾ ਮਤਾ ਪਾਇਆ ਸੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਪੰਚਾਇਤ ਵਿਭਾਗ ਤੋਂ ਪਟਵਾਰੀ, ਸਹਾਇਕ ਮਨਰੇਗਾ ਪ੍ਰੋਗਰਾਮ ਅਫ਼ਸਰ, ਇੱਕ ਮਨਰੇਗਾ ਜੀਆਰਐੱਸ ਤੇ ਸੇਵਾਦਾਰ ਪਿੰਡ ਵਿੱਚ ਅਰਜ਼ੀ ਲੈ ਕੇ ਹਸਤਾਖਰ ਕਰਾਉਣ ਪਹੁੰਚੇ। ਵਧੀਕ ਡਿਪਟੀ ਕਮਿਸ਼ਨਰ ਨੂੰ ਸੰਬੋਧਨ ਕਰਦੀ ਇਸ ਅਰਜ਼ੀ ਦੀਆਂ ਕੁਝ ਲਾਈਨਾਂ ਅੰਗਰੇਜ਼ੀ ਵਿਚ ਸੀ ਤੇ ਹੇਠਾਂ ਚਾਰ ਸਤਰਾਂ ਸਨ ਕਿ ਪਿੰਡ ਵਿੱਚ ਬਾਇਓਗੈਸ ਪਲਾਂਟ ਲਗਾਇਆ ਜਾਵੇ। ਪਿੰਡ ਵਾਸੀਆਂ ਵਿੱਚ ਰੋਸ ਸੀ ਕਿ ਇਹ ਅਰਜ਼ੀ ਸਮੂਹ ਪਿੰਡ ਵਾਸੀਆਂ ਵੱਲੋਂ ਲਿਖੀ ਗਈ ਦੱਸੀ ਗਈ ਸੀ, ਜਦੋਂ ਕਿ ਇਸ ਨੂੰ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੇ ਆਪ ਲਿਖਿਆ ਸੀ। ਇਸ ਕਰਕੇ ਮੌਕੇ ’ਤੇ ਪਹੁੰਚੀ ਪੁਲੀਸ ਕੋਲ ਲਿਖਤੀ ਮੰਗ ਰੱਖੀ ਗਈ ਕਿ ਇਨ੍ਹਾਂ ਮੁਲਾਜ਼ਮਾਂ ਖਿਲਾਫ ਧੋਖਾਧੜੀ ਅਤੇ ਗ੍ਰਾਮ ਸਭਾ ਦੀ ਉਲੰਘਣਾ ਕਰਨ ਦਾ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ ਅਤੇ ਬੀਡੀਪੀਓ ਨਾਭਾ ਆ ਕੇ 18 ਕਿੱਲੇ ਦੀ ਬੋਲੀ ਦੀ ਤਰੀਕ ਦੱਸ ਕੇ ਜਾਣ। ਇਸ ਦੇ ਨਾਲ ਹੀ ਇਨ੍ਹਾਂ ਨੂੰ ਪਿੰਡ ਵਿਚ ਭੇਜਣ ਵਾਲੇ ਬੀਡੀਪੀਓ ਅਤੇ ਏਡੀਸੀ ਖਿਲਾਫ਼ ਕੇਸ ਦਰਜ ਕੀਤਾ ਜਾਵੇ। ਇਸ ਮੌਕੇ ਕੁਲਦੀਪ ਸਿੰਘ, ਹਰਮਨ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਗ੍ਰਾਮ ਸਭਾ ਵਿਚ ਆ ਕੇ ਲੋਕਾਂ ਅੱਗੇ ਸਪਸ਼ਟ ਕਰਨ ਦੀ ਥਾਂ ਗੈਰਕਾਨੂੰਨੀ ਤਰੀਕੇ ਗੁੰਮਰਾਹ ਕਰਕੇ ਪਿੰਡ ਵਿੱਚ ਵਿਵਾਦ ਖੜ੍ਹਾ ਕਰਨ ਦੇ ਯਤਨ ਕਰ ਰਿਹਾ ਹੈ।
ਬੀਡੀਪੀਓ ਦੇ ਹੁਕਮ ’ਤੇ ਆਏ ਸਾਂ: ਪਟਵਾਰੀ
ਪਿੰਡ ਵੱਲੋਂ ਬੰਦੀ ਬਣਾਏ ਗਏ ਪਟਵਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਤਾਂ ਨਾਭਾ ਬੀਡੀਪੀਓ ਦੇ ਹੁਕਮ ’ਤੇ ਆਏ ਸਨ। ਨਾਭਾ ਬੀਡੀਪੀਓ ਬਲਜੀਤ ਕੌਰ ਨੇ ਦੱਸਿਆ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਦੇ ਹੁਕਮ ਸਨ। ਖ਼ਬਰ ਲਿਖੇ ਜਾਣ ਤੱਕ ਇਹ ਮੁਲਾਜ਼ਮ ਪਿੰਡ ਵਾਸੀਆਂ ਨੇ ਬੰਦੀ ਬਣਾਏ ਹੋਏ ਸਨ ਤੇ ਪੁਲੀਸ ਨਾਲ ਗੱਲਬਾਤ ਜਾਰੀ ਸੀ ਪਰ ਮਾਮਲੇ ਦਾ ਹਾਲੇ ਤਕ ਹੱਲ ਨਾ ਨਿਕਲਿਆ।