ਪੰਜਾਬ-ਹਰਿਆਣਾ ਦੀਆਂ ਹੱਦਾਂ ਸੀਲ ਹੋਣ ਦਾ ਅਸਰ ਸਨਅਤਾਂ ’ਤੇ ਪੈਣ ਲੱਗਿਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਫਰਵਰੀ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਦਿੱਤੇ ਦਿੱਲੀ ਕੂਚ ਦੇ ਸੱਦੇ ਕਾਰਨ ਹਰਿਆਣਾ ਪੁਲੀਸ ਵੱਲੋਂ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਦੋਵਾਂ ਸੂਬਿਆਂ ਦੀਆਂ ਮੁੱਖ ਸੜਕਾਂ ਬੰਦ ਹੋਣ ਕਰਕੇ ਸੜਕੀ ਆਵਾਜਾਈ ਠੱਪ ਹੋ ਗਈ ਹੈ।
ਇਸੇ ਦੌਰਾਨ ਟਰੱਕਾਂ ਦੀ ਆਵਾਜਾਈ ਵੀ ਪੂਰੀ ਤਰ੍ਹਾਂ ਠੱਪ ਹੋ ਗਈ ਹੈ ਜਿਸ ਦਾ ਸੇਕ ਪੰਜਾਬ ਦੀ ਸਨਅਤ ਨੂੰ ਲੱਗ ਸਕਦਾ ਹੈ। ਸੜਕੀ ਆਵਾਜਾਈ ਠੱਪ ਹੋਣ ਕਰਕੇ ਸਾਮਾਨ ਦੀ ਬਰਾਮਦ ਤੇ ਦਰਾਮਦ ਰੁਕ ਗਈ ਹੈ। ਇੰਡਸਟਰੀ ਐਸੋਸੀਏਸ਼ਨਾਂ ਅਨੁਸਾਰ ਟਰਾਂਸਪੋਰਟਰਾਂ ਨੇ ਵੀ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸਾਮਾਨ ਦੀ ਬੁਕਿੰਗ ਕਰਨੀ ਬੰਦ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੜਕਾਂ ਬੰਦ ਹੋਣ ਕਰਕੇ ਕੱਚੇ ਮਾਲ ਦੀ ਆਮਦ ਵੀ ਠੱਪ ਹੋ ਗਈ ਹੈ। ਇਸੇ ਤਰ੍ਹਾਂ ਸਾਈਕਲ, ਆਟੋ ਪਾਰਟਸ, ਹੈਂਡ ਟੂਲਜ਼, ਕੱਪੜੇ ਸਣੇ ਹੋਰਨਾਂ ਸਨਅਤਾਂ ਵਿੱਚ ਤਿਆਰ ਪਿਆ ਮਾਲ ਵੀ ਪੰਜਾਬ ਤੋਂ ਬਾਹਰ ਸਪਲਾਈ ਨਹੀਂ ਕੀਤਾ ਜਾ ਰਿਹਾ ਹੈ। ਫੈਡਰੇਸ਼ਨ ਆਫ਼ ਪੰਜਾਬ ਸਮਾਲ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੀਆਂ ਸੜਕਾਂ ਬੰਦ ਹੋਣ ਕਰਕੇ ਸਾਮਾਨ ਦੀ ਆਮਦ ਤੇ ਸਪਲਾਈ ਦੋਵੇਂ ਠੱਪ ਹੋ ਗਈਆਂ ਹਨ।
ਭਾਕਿਯੂ ਚੜੂਨੀ ਵੱਲੋਂ ਅੰਦੋਲਨਕਾਰੀ ਕਿਸਾਨਾਂ ਦੇ ਸਮਰਥਨ ਦਾ ਐਲਾਨ
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਭਾਰਤੀ ਕਿਸਾਨ ਯੂਨੀਅਨ ਚੜੂਨੀ ਦੀ ਕੋਰ ਕਮੇਟੀ ਦੀ ਐਮਰਜੈਂਸੀ ਮੀਟਿੰਗ ਕਾਰਜਕਾਰੀ ਪ੍ਰਧਾਨ ਕਰਮ ਸਿੰਘ ਮਥਾਣਾ ਦੇ ਨਿਵਾਸ ’ਤੇ ਹੋਈ। ਇਸ ਵਿਚ ਕਿਸਾਨਾਂ ਵੱਲੋਂ ਦਿੱਲੀ ਕੂਚ ਨੂੰ ਲੈ ਕੇ ਚਲ ਰਹੇ ਅੰਦੋਲਨ ਦੀ ਮੌਜੂਦਾ ਸਥਿਤੀ ’ਤੇ ਵਿਚਾਰਾਂ ਹੋਈਆਂ। ਭਾਕਿਯੂ ਚੜੂਨੀ ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਨੇ ਕਿਹਾ ਕਿ ਭਾਕਿਯੂ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਦੀ ਹੈ ਤੇ ਸਰਕਾਰ ਵੱਲੋਂ ਅੰਦੋਲਨ ਨੂੰ ਕੁਚਲਣ ਲਈ ਅਪਣਾਏ ਜਾ ਰਹੇ ਗ਼ੈਰਕਾਨੂੰਨੀ ਢੰਗਾਂ ਦੀ ਨਿੰਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਆਪਣੇ ਹੀ ਦੇਸ਼ ਵਿਚ ਦੁਸ਼ਮਣ ਦੇਸ਼ ਦੇ ਫੌਜੀਆਂ ਵਰਗਾ ਵਰਤਾਰਾ ਹੋ ਰਿਹਾ ਹੈ। ਸੜਕਾਂ ’ਤੇ ਕਿੱਲਾਂ, ਕੰਧਾਂ ਤੇ ਬੈਰੀਕੇਡ ਲਾ ਕੇ ਸੰਵਿਧਾਨ ਦਾ ਅਧਿਕਾਰ ਕਿਸਾਨਾਂ ਤੋਂ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 15 ਫਰਵਰੀ ਨੂੰ ਭਾਕਿਯੂ ਦੇ ਕੇਂਦਰੀ ਦਫ਼ਤਰ ਚੜੂਨੀ ਵਿਚ ਸੰਗਠਨ ਦੇ ਅਹੁਦੇਦਾਰਾਂ ਦੀ ਹੰਗਾਮੀ ਮੀਟਿੰਗ ਸੱਦੀ ਗਈ ਹੈ। ਇਸ ਵਿੱਚ ਅੰਦੋਲਨ ਦੀ ਮੌਜੂਦਾ ਸਥਿਤੀ ’ਤੇ ਵਿਚਾਰ ਹੋਵੇਗੀ ਅਤੇ ਆਗਾਮੀ ਰਣਨੀਤੀ ਉਲੀਕੀ ਜਾਏਗੀ। ਅੱਜ ਦੀ ਮੀਟਿੰਗ ਵਿੱਚ ਭਾਕਿਯੂ ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ, ਕਾਰਜਕਾਰੀ ਪ੍ਰਧਾਨ ਕਰਮ ਸਿੰਘ ਮਥਾਣਾ ਮੌਜੂਦ ਸਨ।