ਸਬੂਤਾਂ ਨਾਲ ਛੇੜ-ਛਾੜ ਸਬੰਧੀ ਡੀਟੀਐੱਫ ਦਾ ਵਫ਼ਦ ਐੱਸਐੱਸਪੀ ਨੂੰ ਮਿਲਿਆ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 13 ਜੂਨ
ਪਿਛਲੇ ਸਾਲ ਨਵੰਬਰ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਵਿਦਿਅਕ ਟੂਰਾਂ ਦੀ ਪ੍ਰਵਾਨਗੀ ਦੇ ਮਸਲੇ ‘ਤੇ ਤਤਕਾਲੀ ਡਿਪਟੀ ਡੀਈਓ ਵੱਲੋਂ ਡੀਟੀਐੱਫ ਸੰਗਰੂਰ ਦੇ ਪੰਜ ਜ਼ਿਲ੍ਹਾ ਆਗੂਆਂ ਖ਼ਿਲਾਫ਼ ਦਰਜ ਕਰਵਾਈ ਐੱਫਆਈਆਰ ਦੀ ਚੱਲਦੀ ਇਨਕੁਆਇਰੀ ਦੌਰਾਨ ਸਬੂਤਾਂ ਨਾਲ ਛੇੜ-ਛਾੜ ਵਿਰੁੱਧ ਮਾਮਲਾ ਦਰਜ ਕਰਾਉਣ ਲਈ ਡੀਟੀਐੱਫ ਦਾ ਵਫ਼ਦ ਅੱਜ ਐੱਸਐੱਸਪੀ ਨੂੰ ਮਿਲਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਨੇ ਕਿਹਾ ਕਿ ਜਥੇਬੰਦੀ ਵੱਲੋਂ ਸ਼ੁਰੂ ਤੋਂ ਤੱਥਾਂ ਸਹਿਤ ਪੁਲੀਸ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ ਕਿ ਐੱਫਆਈਆਰ ਝੂਠ ਦਾ ਪੁਲੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇਸ ਮਾਮਲੇ ਦੀ ਇਨਕੁਆਇਰੀ ਪੁਲੀਸ ਪੱਧਰ ‘ਤੇ ਅਤੇ ਵਿਭਾਗੀ ਪੱਧਰ ‘ਤੇ ਚੱਲ ਰਹੀ ਹੈ ਤਾਂ ਮਾਮਲੇ ਦੇ ਸਬੂਤਾਂ ਨਾਲ ਛੇੜ-ਛਾੜ ਕਰਨਾ ਅਪਰਾਧ ਹੈ।
ਉਨ੍ਹਾਂ ਕਿਹਾ ਕਿ ਐੱਸਐੱਸਪੀ ਨੇ ਲਿਖਤੀ ਦਰਖਾਸਤ ਅਗਲੇਰੀ ਕਾਰਵਾਈ ਲਈ ਡੀਐੱਸਪੀ ਸਬ-ਡਵੀਜ਼ਨ ਸੰਗਰੂਰ ਨੂੰ ਭੇਜ ਦਿੱਤੀ। ਵਫਦ ਨੇ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਪੰਜਾਬ ਦੇ ਨਾਂ ਦਰਖਾਸਤ ਡੀਈਓ ਸੈਕੰਡਰੀ ਦੇ ਦਫ਼ਤਰ ਵਿੱਚ ਵੀ ਦੇ ਕੇ ਇਸ ਸਬੰਧੀ ਵਿਭਾਗੀ ਕਰਵਾਈ ਕਰਨ ਦੀ ਮੰਗ ਵੀ ਕੀਤੀ ਹੈ।
ਵਫ਼ਦ ਵਿੱਚ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਡੀਟੀਐੱਫ ਦੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ, ਜ਼ਿਲ੍ਹਾ ਆਗੂ ਸਕੱਤਰ ਹਰਭਗਵਾਨ ਗੁਰਨੇ, ਸੁਖਜਿੰਦਰ ਸੰਗਰੂਰ, ਪਰਵਿੰਦਰ ਉਭਾਵਾਲ, ਯਾਦਵਿੰਦਰ ਪਾਲ ਧੂਰੀ, ਪਵਨ ਕੁਮਾਰ, ਜਸਬੀਰ ਨਮੋਲ, ਗਗਨਦੀਪ ਧੂਰੀ, ਸੰਜੀਵ ਭੀਖੀ,ਜ ਮਹੂਰੀ ਅਧਿਕਾਰ ਸਭਾ ਪੰਜਾਬ ਦੇ ਆਗੂ ਕੁਲਦੀਪ ਸਿੰਘ, ਪੀਐੱਸਯੂ ਰੰਧਾਵਾ ਦੇ ਆਗੂ ਰਮਨ ਕਾਲਾਝਾੜ, ਪੀਐੱਸਯੂ ਲਲਕਾਰ ਦੇ ਆਗੂ ਬਬਲੂ ਸ਼ਾਮਲ ਸਨ।